ਡੇਟਨ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਪੁਰਬ ਮਨਾਇਆ-ਵਲੋਂ: ਸਮੀਪ ਸਿੰਘ ਗੁਮਟਾਲਾ
ਡੇਟਨ, ਓਹਾਇਓ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਅਤੇ ਉਨ੍ਹਾਂ ਦੇ
ਨਾਲ ਸ਼ਹਾਦਤ ਦੇਣ ਵਾਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਯਾਦ ਨੂੰ ਸਮਰਪਿਤ
ਸਮਾਗਮ ਸਿੱਖ ਸੋਸਾਇਟੀ ਆਫ਼ ਡੇਟਨ ਗੁਰਦੁਆਰਾ ਸਾਹਿਬ ਵਿਖੇ ਅਥਾਹ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਜੀ ਨਾਲ ਹੋਈ। ਇਸ ਪ੍ਰੋਗਰਾਮ ਦਾ ਮੁੱਖ ਕੇਂਦਰ ਸਥਾਨਕ ਨੌਜਵਾਨ
ਪੀੜ੍ਹੀ ਦੀ ਸ਼ਮੂਲੀਅਤ ਰਹੀ। ਇਹ ਯਕੀਨੀ ਬਣਾਉਣ ਲਈ ਕਿ ਨੌਜਵਾਨ ਨੌਵੇਂ ਪਾਤਸ਼ਾਹ ਜੀ ਦੇ ਸੰਦੇਸ਼ ਨਾਲ ਨਿੱਜੀ ਤੌਰ
'ਤੇ ਜੁੜ ਸਕਣ, ਗੁਰਦੁਆਰਾ ਸਾਹਿਬ ਦੇ ਕੁੱਝ ਸੇਵਾਦਾਰਾਂ ਨੇ ਸਮਾਗਮ ਤੋਂ ਪਹਿਲਾਂ ਹਫ਼ਤਾਵਾਰੀ ਵਿਸ਼ੇਸ਼ ਕਲਾਸਾਂ ਦਾ
ਆਯੋਜਨ ਕੀਤਾ। ਇਨ੍ਹਾਂ ਕਲਾਸਾਂ ਦਾ ਮਕਸਦ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਦਰਜ 'ਸਲੋਕ ਮਹਲਾ ੯' ਦਾ ਸਹੀ ਉਚਾਰਨ ਅਤੇ ਪਾਠ ਸਿਖਾਉਣਾ ਸੀ।
ਸੇਵਾਦਾਰਾਂ ਅਤੇ ਬੱਚਿਆਂ ਦੀ ਸਖ਼ਤ ਮਿਹਨਤ ਦਾ ਫਲ ਭੋਗ ਸਮੇਂ ਪ੍ਰਤੱਖ ਹੋਇਆ। ਬੱਚਿਆਂ ਨੇ ਸੰਗਤੀ ਰੂਪ ਵਿੱਚ ਮਿਲ ਕੇ
ਇਹ ਸਲੋਕ ਪੜ੍ਹੇ, ਜੋ ਮਾਪਿਆਂ ਅਤੇ ਸਮੁੱਚੀ ਸੰਗਤ ਲਈ ਮਾਣ ਵਾਲਾ ਪਲ ਸੀ।
ਇਸ ਤੋਂ ਬਾਅਦ ਹੋਏ ਕੀਰਤਨ ਦੀਵਾਨ ਵਿੱਚ ਇਹਨਾਂ ਬੱਚਿਆਂ ਵੱਲੋਂ 'ਸਲੋਕ ਮਹਲਾ ੯' ਦਾ ਕੀਰਤਨ ਗਾਇਨ ਕੀਤਾ
ਗਿਆ। ਇਸ ਵਿੱਚ ਤਿੰਨ ਬੱਚਿਆਂ ਨੇ ਤਬਲਾ ਵਜਾਇਆ ਅਤੇ ਬਾਕੀਆਂ ਨੇ ਹਾਰਮੋਨੀਅਮ ਨਾਲ ਗਾਇਨ ਕੀਤਾ।
ਗੁਰਦੁਆਰਾ ਸਾਹਿਬ ਵਿਖੇ ਆਯੋਜਤ ਇੱਕ ਹੋਰ ਵਿਸ਼ੇਸ਼ ਪੌ੍ਰਗਰਾਮ ਵਿੱਚ ਤਕਰੀਬਨ 30 ਬੱਚਿਆਂ ਨੇ ਗੁਰੂ ਸਾਹਿਬ ਦੇ
ਜੀਵਨ ਅਤੇ ਸ਼ਹਾਦਤ 'ਤੇ ਭਾਸ਼ਣ ਦਿੱਤੇ, ਮੂਲ ਮੰਤਰ ਦਾ ਪਾਠ ਕੀਤਾ, ਅਤੇ ਸਲੋਕਾਂ ਨੂੰ ਜ਼ਬਾਨੀ ਯਾਦ ਕਰਕੇ ਸੁਣਾਇਆ।
ਇਸ ਪ੍ਰੋਗਰਾਮ ਨੂੰ ਸੰਗਤ ਅਤੇ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਸੇਵਾਦਾਰ ਕਮੇਟੀ ਨੇ
ਨੌਜਵਾਨਾਂ ਦੇ ਅਧਿਆਤਮਕ ਵਿਕਾਸ ਵਿੱਚ ਸਮਾਂ ਲਗਾਉਣ ਲਈ ਸਾਰੇ ਸੇਵਾਦਾਰਾਂ ਅਤੇ ਮਾਪਿਆਂ ਦੇ ਯਤਨਾਂ ਦੀ ਪ੍ਰਸ਼ੰਸਾ
ਕੀਤੀ। ਉਨ੍ਹਾਂ ਸਮਰਪਿਤ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਸਦਕਾ ਬੱਚਿਆਂ ਨੂੰ ਸਿੱਖਿਅਤ
ਕਰਨਾ ਸੰਭਵ ਹੋਇਆ। ਇਸ ਉਤਸ਼ਾਹ ਨੂੰ ਵਧਾਉਣ ਲਈ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਵੀ ਵੰਡੇ ਗਏ।
