ਲਹੌਰ ਵਿਚ ਮੈਂ ਗਰਦਵਾਰੇ ਸਿੰਘ ਸਿੰਘਣੀਆਂ ਜੋ ਰੇਲਵੇ ਸਟੇਸ਼ਨ ਲਹੌਰ ਦੇ ਬਿਲਕੁਲ ਹੀ ਕਰੀਬ ਸੀ ਉਥੇ ਠਹਿਰਿਆ
ਜਦ ਮੈਂ ਪਾਕਿਸਤਾਨ ਜਾਣਾ ਸੀ ਤਾਂ ਦਿਲੀ ਤੋਂ ਬਬੀਤਾ ਨੇ ਫੋਨ ਕੀਤਾ ਕਿ ਮੈਂ, ਸ੍ਰੀ ਮਤੀ ਸ਼ਕੀਲਾਂ ਜੋ ਮੈਬਰ ਪਾਰਲੀਮੈਂਟ ਹਨ ਅਤੇ ਹਿੰਦ ਪਾਕ ਦੋਸਤੀ ਮੰਚ ਨਾਲ ਸਬੰਧਿਤ ਹਨ ਨੂੰ ਜਰੂਰ ਮਿਲ ਕੇ ਆਵਾਂ। ਲਹੌਰ ਵਿਚ ਮੈਂ ਗਰਦਵਾਰੇ ਸਿੰਘ ਸਿੰਘਣੀਆਂ ਜੋ ਰੇਲਵੇ ਸਟੇਸ਼ਨ ਲਹੌਰ ਦੇ ਬਿਲਕੁਲ ਹੀ ਕਰੀਬ ਸੀ ਉਥੇ ਠਹਿਰਿਆ ਹੋਇਆ ਸਾਂ। ਦੋ ਦਿਨਾਂ ਬਾਦ ਮੈਂ ਡਾ. ਮਕਬੂਲ ਜੋ ਇਕ ਸਰਕਾਰੀ ਡਾਕਟਰ ਸੀ ਅਤੇ ਸ੍ਰੀ ਮਤੀ ਸ਼ੁਕੀਲਾ ਜੀ ਦਾ ਭਨੇਵਾਂ ਸੀ ਉਸਨੂੰ ਫੋਨ ਕੀਤਾ ਤਾਂ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਗੁਰਦੁਵਾਰੇ ਹੀ ਠਹਿਰੋ ਮੈ ਤੁਹਾਨੂੰ ਆ ਕੇ ਲੈ ਜਾਂਦਾ ਹਾਂ ਅਤੇ ਤੁਹਾਨੂੰ ਸ਼ੁਕੀਲਾਂ ਜੀ ਅਤੇ ਹੋਰ ਲੋਕਾਂ ਨੂੰ ਮਿਲਾ ਦਿਆਂਗਾ । ਜਦੋ ਅਸੀਂ ਡਾਕਟਰ ਮਕਬੂਲ ਦੇ ਘਰ ਜਾ ਰਹੇ ਸਾਂ ਤਾਂ ਡਾਕਟਰ ਸਾਹਿਬ ਰਸਤੇ ਵਿਚ ਆ ਰਹੀਆਂ ਇਮਾਰਤਾਂ ਬਾਰੇ ਮੈਨੂੰ ਦਸ ਰਹੇ ਸਨ ਇਹ ਸਕਤਰੇਤ ਹੈ, ਇਹ ਹਾਈ ਕੋਰਟ, ਇਹ ਪੰਜਾਬ ਯੂਨੀਵਰਸਟੀ, ਪੰਜਾਬ ਯੂਨੀਵਰਸਟੀ ਦਾ ਆਰਕੀਟੈਕਟ ਮੈਨੂੰ ਥੋੜਾ ਜਿਹਾ ਖਾਲਸਾ ਕਾਲਜ ਅੰਮ੍ਰਿਤਸਰ ਨਾਲ ਮਿਲਦਾ ਲਗਿਆ। ਪੁਰਾਣੇ ਪੰਜਾਬ ਦੀ ਇਹੋ ਇਕ ਯੂਨੀਵਰਸਟੀ ਹੁੰਦੀ ਸੀ ਜਿਸ ਦਾ ਘੇਰਾ ਜੰਮੂ ਕਸ਼ਮੀਰ ਅਤੇ ਦਿਲੀ ਤੋਂ ਚਲ ਕੇ ਪਿਸ਼ਾਵਰ ਅਤੇ ਸਿੰਧ ਦੀ ਹਦ ਤਕ ਲਗਦਾ ਸੀ ਅਤੇ ਪੁਰਾਣੇਂ ਨੇਤਾਵਾਂ ਅਤੇ ਅਫਸਰਾਂ ਵਿਚੋਂ ਜਿਆਦਾ ਤਰ ਨੇ ਇਸ ਹੀ ਯੂਨੀਵਰਸਟੀ ਤੋਂ ਆਪਣੀਆਂ ਡਿਗਰੀਆਂ ਲਈਆਂ ਸਨ। ਫਿਰ ਚੀਫਸ ਕਾਲਜ ਜਿਸ ਵਿਚ ਉਸ ਵਕਤ ਦੇ ਮਹਾਰਾਜਿਆਂ, ਨਵਾਬਾਂ ਅਤੇ ਰਾਇਸਾਂ ਦੇ ਲੜਕੇ ਪੜਦੇ ਹੁੰਦੇ ਸਨ। ਇਸ ਕਾਲਜ ਦਾ ਆਲਾ ਦੁਆਲਾ ਬਹੁਤ ਉਚੇ-ਉਚੇ ਦਰਖਤਾਂ ਨਾਲ ਘਿਰਿਆ ਹੋਇਆ ਸੀ। ਜਿਸ ਵਿਚ ਇਕ ਬਹੁਤ ਖੂਬਸੂਰਤ ਪਰ ਪੁਰਾਣੀ ਇਮਾਰਤ ਵਾਲਾ ਹੋਸਟਲ ਸੀ। ਮੈਂ ਉਸ ਵੇਲੇ ਉਸ ਸਾਂਝੇ ਪੰਜਾਬ ਦੀ ਕਲਪਨਾ ਕਰ ਰਿਹਾ ਸਾਂ, ਜਿਸ ਵਕਤ ਉਸ ਵਕਤ ਦੇ ਮਹਾਂਰਾਜਿਆਂ ਦੀ ਔਲਾਦ, ਕਸ਼ਮੀਰ, ਪੰਜਾਬ, ਸਿੰਧ, ਪਿਸ਼ਾਵਰ ਅਤੇ ਹਿਮਾਚਲ ਪ੍ਰਦੇਸ਼ ਦੇ ਖੇਤਰਾਂ ਤੋਂ ਇਥੇ ਆ ਕੇ ਪੜ੍ਹਦੀ ਹੁੰਦੀ ਸੀ ਅਤੇ ਉਹਨਾਂ ਦੀ ਦੂਰ ਅੰਦੇਸ਼ੀ ਵਿਚ ਵੀ ਇਸ ਤਰ੍ਹਾਂ ਦੀ ਵਾਹਗੇ ਵਾਲੀ ਲਕੀਰ ਦਾ ਕਦੀ ਖਿਆਲ ਵੀ ਨਹੀਂ ਆਇਆ ਹੋਵੇਗਾ।
ਡਾਕਟਰ ਮਕਬੂਲ ਮੈਨੂੰ ਖਾਸ ਤੌਰ ਤੇ ਦਿਆਲ ਸਿੰਘ ਕਾਲਜ ਲੈ ਗਿਆ, ਜਿਸ ਦਾ ਨਾ ਅਜੇ ਵੀ ਦਿਆਲ ਸਿੰਘ ਕਾਲਜ ਸੀ ਅਤੇ ਉਸਦੇ ਨਾਲ ਹੀ ਦਿਆਲ ਸਿੰਘ ਲਾਇਬਰੇਰੀ ਸੀ ਅਤੇ ਇਸ ਦਾ ਨਾ ਵੀ ਨਹੀਂ ਸੀ ਬਦਲਿਆ ਗਿਆ| ਮੈਂ ਦਿਆਲ ਸਿੰਘ ਕਾਲਜ ਬਾਰੇ ਸੁਣਿਆ ਤਾਂ ਬਹੁਤ ਸੀ ਅਤੇ ਮਹਿਸੂਸ ਕਰਦਾ ਸਾਂ ਕਿ ਸ਼ਾਇਦ ਇਹ ਕਾਲਜ ਵੀ ਖਾਲਸਾ ਕਾਲਜ ਅੰਮ੍ਰਿਤਸਰ ਵਾਂਗ ਇਕ ਵਿਸ਼ਾਲ ਕਾਲਜ ਹੋਵੇਗਾ ਪਰ ਇਹ ਇਸ ਤਰ੍ਹਾਂ ਨਹੀਂ ਸੀ । ਇਹ ਇਕ ਛੋਟਾ ਕਾਲਜ ਸੀ ਭਾਵੇ ਕਿ ਖਾਲਸਾ ਕਾਲਜ ਅੰਮ੍ਰਿਤਸਰ ਨਾਲ ਜੁੜੀ ਹੋਈ ਇਸ ਕਾਲਜ ਦੀ ਇਕ ਇਤਹਾਸਿਕ ਸਾਂਝ ਸੀ। ਕਹਿੰਦੇ ਹਨ ਕਿ ਜਦੋਂ ਖਾਲਸਾ ਕਾਲਜ ਅੰਮ੍ਰਿਤਸਰ ਬਨਾਉਣ ਦਾ ਫੈਸਲਾ ਹੋ ਗਿਆ। ਤਾਂ ਸ. ਦਿਆਲ ਸਿੰਘ ਮਜੀਠੀਆਂ ਜਿਸ ਦੀ ਔਲਾਦ ਨਹੀਂ ਸੀ ਅਤੇ ਜਿਸ ਨੇ ਲਹੌਰ ਵਿਚ ਟਰੀਬਿਊਨ ਅਖਬਾਰ ਕਢੀ ਸੀ ਅਤੇ ਪੰਜਾਬ ਨੈਸ਼ਨਲ ਬੈਂਕ ਸਥਾਪਿਤ ਕੀਤਾ ਸੀ ਉਸ ਦੇ ਖਾਲਸਾ ਕਾਲਜ ਸਥਾਪਿਤ ਕਰਣ ਵਾਲੀ ਕਮੇਟੀ ਦੇ ਸਾਹਮਣੇ ਆ ਕੇ ਇਹ ਪੇਸ਼ਕਸ਼ ਕੀਤੀ ਜੇ ਤੁਸੀ ਤਜਵੀਜ ਕੀਤੇ ਕਾਲਜ ਦਾ ਨਾਂ ਦਿਆਲ ਸਿੰਘ ਕਾਲਜ ਰੱਖ ਦਿਉ ਤਾਂ ਇਸ ਲਈ ਕੀਤਾ ਜਾਣ ਵਾਲਾ ਸਾਰੇ ਦਾ ਸਾਰਾ ਖਰਚ ਉਹ ਕਰੇਗਾ । ਪਰ ਕਮੇਟੀ ਨੇ ਕੁਝ ਸੋਚਣ ਦਾ ਸਮਾਂ ਲੈ ਲਿਆ ਅਤੇ ਬਾਦ ਵਿਚ ਇਹ ਪੇਸ਼ਕਸ਼ ਠੁਕਰਾ ਦਿਤੀ ਕਿਉ ਜੋ ਉਸ ਤਜਵੀਜ ਕੀਤੇ ਕਾਲਜ ਵਿਚ ਕਿਸੇ ਦਾ ਵੀ ਨਾਂ ਨਹੀਂ ਹੋਵੇਗਾ ਅਤੇ ਇਸ ਦਾ ਨਾਂ ਸਿਰਫ “ਖਾਲਸਾ ਕਾਲਜ” ਹੀ ਹੋਵੇਗਾ ਅਤੇ ਬਾਦ ਵਿਚ ਦਿਆਲ ਸਿੰਘ ਮਜੀਠੀਆਂ ਨੇ ਲਹੌਰ ਵਿਚ ਦਿਆਲ ਸਿੰਘ ਕਾਲਿਜ ਸਥਾਪਿਤ ਕੀਤਾ। ਇਹ ਗੱਲ ਡਾਕਟਰ ਮਕਬੂਲ ਲਈ ਨਵੀਂ ਸੀ ਅਤੇ ਉਹ ਦੱਸਣ ਲੱਗਾ ਕਿ ਇਸ ਕਾਲਜ ਬਾਰੇ ਮੈ ਇੰਨਾਂ ਹੀ ਜਾਣਦਾ ਹਾਂ ਕਿ ਇਹ ਕਾਲਜ ਕਿਸੇ ਸਿੱਖ ਰਾਈਸ ਨੇ ਬਣਵਾਇਆ ਸੀ ਅਤੇ ਇਸ ਕਾਲਜ ਦਾ ਨਾਂ ਵੰਡ ਤੋਂ ਬਾਦ ਵੀ ਨਹੀਂ ਬਦਲਿਆ ਗਿਆ ਕਿਉ ਜੋ ਇਸ ਕਾਲਜ ਦਾ ਇਕ ਲੰਮਾ ਇਤਿਹਾਸ ਸੀ।
ਥੋੜਾ ਹੀ ਚਿਰ ਬਾਦ ਅਸੀ ਡਾਕਟਰ ਮਕਬੂਲ ਦੇ ਘਰ ਦੇ ਬਾਹਰ ਖੜੇ ਸਾਂ । ਪਰ ਘਰ ਦੇ ਬਾਹਰ ਜੰਦਰਾ ਲਗਾ ਹੋਇਆ ਸੀ, ਡਾਕਟਰ ਮਕਬੂਲ ਉਤਰਿਆ ਅਤੇ ਮੈਂ ਸੋਚਿਆ ਕਿ ਸ਼ਾਇਦ ਉਹ ਗਵਾਂਢ ਤੋਂ ਚਾਬੀ ਲੈਣ ਗਿਆ ਹੈ ਪਰ ਉਹ ਕੁਝ ਚਿਰ ਬਾਦ ਦੂਸਰੀ ਤਰਫ ਤੋਂ ਚਾਬੀ ਲੈ ਕੇ ਆ ਰਿਹਾ ਸੀ ਘਰ ਵਿਚ ਜਾ ਕੇ ਮੈਂ ਵੇਖਿਆ ਉਸਦੀ ਪਤਨੀ ਅਤੇ ਬੱਚੇ ਸਾਨੂੰ ਉਡੀਕ ਰਹੇ ਸਨ। ਸਾਰਾ ਪ੍ਰੀਵਾਰ ਘਰ, ਅਤੇ ਬਾਹਰ ਤੋਂ ਜਿੰਦਰਾ, ਮੈਂ ਇਸ ਬਾਰੇ ਹੈਰਾਨ ਸਾਂ ਪਰ ਡਾ. ਮਕਬੂਲ ਆਪ ਹੀ ਦਸਣ ਲੱਗ ਪਿਆ ਕਿ ਉਸ ਦੀ ਪਤਨੀ ਵੀ ਲੇਡੀ ਡਾਕਟਰ ਹੈ। ਪਾਕਿਸਤਾਨ ਵਿਚ ਲੇਡੀ ਡਾਕਟਰਾਂ ਦੀ ਕਮੀ ਹੈ। ਪਾਕਿਸਤਾਨ ਦੇ ਸਮਾਜਿਕ ਢਾਂਚੇ ਅਨੁਸਾਰ ਔਰਤਾਂ ਨੂੰ ਔਰਤ ਡਾਕਟਰ ਹੀ ਵੇਖਦੀਆਂ ਹਨ ਜਿਸ ਕਰਕੇ ਉਸ ਦੀ ਪਤਨੀ ਕੰਮ ਵਿਚ ਇੰਨੀ ਰੁਝੀ ਰਹਿੰਦੀ ਹੈ ਕਿ ਕਈ ਵਾਰ ਤਾਂ ਉਹ ਦੋ ਦੋ ਰਾਤਾਂ ਵੀ ਨਹੀਂ ਸੋ ਸਕਦੀ। ਇਸ ਲਈ ਮਜਬੂਰ ਹੋ ਕੇ ਅਸੀਂ ਇਕ ਇਹ ਢੰਗ ਵੀ ਅਪਨਾਇਆ ਹੋਇਆ ਹੈ ਅਤੇ ਪ੍ਰਭਾਵ ਦਿੰਦੇ ਹਾਂ ਕਿ ਘਰ ਵਿਚ ਹੀ ਕੋਈ ਨਹੀਂ।
ਡਾ. ਸਾਹਿਬ ਦੇ ਬਚੇ ਮੇਰੇ ਕੋਲ ਬੈਠ ਗਏ ਅਤੇ ਡਾ. ਸਾਹਿਬ ਦੀ ਪਤਨੀ ਮੇਰੇ ਲਈ ਚਾਹ ਬਣਾ ਲਿਆਈ। ਡਾ. ਮਕਬੂਲ ਜਿਸ ਤਰ੍ਹਾਂ ਅੰਮ੍ਰਿਤਸਰ, ਜਲੰਧਰ ਦਿੱਲੀ ਆਦਿ ਬਾਰੇ ਪੁਛ ਰਿਹਾ ਸੀ ਉਸ ਤੋਂ ਲੱਗਦਾ ਸੀ ਕਿ ਉਸਨੂੰ ਚੜਦੇ ਪੰਜਾਬ ਬਾਰੇ ਜਾਨਣ ਦੀ ਬਹੁਤ ਵੱਡੀ ਖਾਹਿਸ਼ ਸੀ। ਦਰਿਆ ਬਿਆਸ, ਸਤਲੁਜ ਕਿਥੋਂ ਨਿਕਲਦੇ ਹਨ, ਪੰਜਾਬ ਵਿਚ ਕੁਝ ਖੇਤਰ ਪਹਾੜੀ ਵੀ ਹੋਵੇਗਾ ਬਾਰਸ਼ਾਂ ਦੇ ਦਿਨਾਂ ਵਿਚ ਇਹ ਦਰਿਆ ਬਹੁਤ ਭਰ ਜਾਂਦੇ ਹੋਣਗੇ, ਹੜ੍ਹ ਵੀ ਆਉਂਦੇ ਹੋਣਗੇ, ਪਿੰਡਾਂ ਵਿਚ ਵਿਦਿਆ ਦੀ ਕੀ ਸਥਿਤੀ ਹੈ, ਅਤੇ ਉਹ ਅਨੇਕਾਂ ਹੀ ਸੁਆਲ ਪੁਛ ਰਿਹਾ ਸੀ ਪਰ ਸ਼ੁਕੀਲਾ ਜੀ ਦਾ ਫੋਨ ਆਇਆ ਕਿ ਉਹ ਤਾਂ ਕਦੋਂ ਦੇ ਉਡੀਕ ਰਹੇ ਹਨ।
ਸ਼ੁਕੀਲਾ ਜੀ ਦਾ ਘਰ ਇਕ ਬਹੁਤ ਹੀ ਖੂਬਸੂਰਤ ਕੋਠੀ ਸੀ ਜਿਸ ਦੇ ਬਾਹਰ ਬੜੇ ਖੂਬਸੂਰਤ ਫਲਾਂ ਅਤੇ ਫੁਲਾਂ ਦੇ ਪੌਦੇ ਸਨ । ਉਹਨਾਂ ਦੇ ਡਰਾਇੰਗ ਰੂਮ ਵਿਚ ਇਕ ਵਡੇ ਸਾਈਜ ਦੀ ਉਹਨਾਂ ਦੇ ਪਤੀ ਦੀ ਫੋਟੋ ਲੱਗੀ ਹੋਈ ਸੀ ਜੋ ਸ੍ਰੀ ਭੁਟੋ ਦੇ ਸਮੇ ਕੇਂਦਰੀ ਮੰਤਰੀ ਰਹੇ ਸਨ ਅਤੇ ਸਮਾਜਵਾਦੀ ਵਿਚਾਰਧਾਰਾ ਦੇ ਸਨ।
“ਫਿਰੋਜਪੁਰ ਵੀ ਜਾਂਦੇ ਹੋਵੋਗੇ” ਸ਼ੁਕੀਲਾਂ ਜੀ ਨੇ ਮੈਨੂੰ ਪੁਛਿਆ, “ਹਾਂ, ਅਨੇਕਾਂ-ਵਾਰ ਗਿਆ ਹਾਂ” ਮੈ ਜੁਆਬ ਦਿਤਾ “ਮੈ ਫਿਰੋਜਪੁਰ ਨੂੰ ਨਹੀਂ ਭੁੱਲ ਸਕਦੀ, ਮੇਰਾ ਜਨਮ ਉਥੋਂ ਦਾ ਹੈ, ਦਿਲੀ ਦਰਵਾਜੇ ਵਾਲੀ ਗਲੀ, ਗਲੀ ਦੇ ਵਿਚ ਜਿਆਦਾ ਘਰ ਮੁਸਲਮਾਨਾ ਦੇ ਸਨ ਪਰ ਕੁਝ ਕੁ ਹਿੰਦੂ, ਸਿੱਖਾਂ ਦੇ ਸਨ। ਚਾਚਾ ਚਾਨਣ ਸਿੰਘ ਮੇਰੇ ਅੱਬਾ ਦਾ ਪੱਗ-ਵੱਟ ਭਰਾ ਸੀ। ਸਾਨੂੰ ਉਹ ਕਾਫਲੇ ਨਾਲ ਮਿਲਾ ਕੇ ਗਿਆ ਸੀ । ਉਸ ਵਕਤ ਬਹੁਤ ਸਾਰੇ ਮੁਸਲਮਾਨ ਮਾਰੇ ਗਏ ਸਨ। ਪਰ ਚਾਚਾ ਚਾਨਣ ਸਿੰਘ ਅਤੇ ਉਸ ਦੇ ਵੱਡੇ ਭਰਾ ਨੇ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਸਾਨੂੰ ਕਾਫਲੇ ਨਾਲ ਮਿਲਾਇਆ ਸੀ। ਰਸਤੇ ਵਿਚ ਹਿੰਦੂ ਸਿਖਾਂ ਦੇ ਕੁਝ ਟੋਲਿਆਂ ਨੇ ਉਹਨਾਂ ਨੂੰ ਲਲਕਾਰਿਆ ਸੀ। ਮੈਂ ਛੋਟੀ ਜਹੀ ਸਾਂ, ਚਾਚੇ ਚਾਨਣ ਸਿੰਘ ਨੇ ਮੈਨੂੰ ਚੁਕਿਆ ਹੋਇਆ ਸੀ। ਮੈ ਚਾਚੇ ਚਾਨਣ ਸਿੰਘ ਨੂੰ ਨਹੀਂ ਭੁਲ ਸਕੀ ਉਹ ਮੈਨੂੰ ਚੁਕ ਕੇ ਮੇਲੇ ਵਿਚ ਲੈ ਜਾਂਦਾ ਹੁੰਦਾ ਸੀ, ਜਲੇਬੀਆਂ, ਆਈਸ ਕਰੀਮ ਖਵਾਉਣੀ ਅਤੇ ਵਾਪਸੀ ਤੇ ਛੋਟੇ-ਛੋਟੇ ਖਿਡੌਣੇ ਲੈ ਕੇ ਦੇਣੇਂ, ਪਰ ਮੈਂ ਜਿਦ ਕਰਕੇ ਉਹ ਖਿਡੌਣੇ ਲੈਂਦੀ ਸਾਂ ਜਿਹੜੇ ਮੈਨੂੰ ਪਸੰਦ ਹੁੰਦੇ ਸਨ” ਅਤੇ ਉਹ ਦਸਦੀ ਜਾ ਰਹੀ ਸੀ ਅਤੇ ਮੈਂ ਵੇਖ ਰਿਹਾ ਸਾਂ ਉਸ ਦੀਆਂ ਅੱਖਾਂ ਵਿਚੋਂ ਅਥਰੂ ਵਗ ਰਹੇ ਸਨ। 59 ਸਾਲਾਂ ਬਾਦ ਵੀ ਅੱਖਾਂ ਵਿਚੋਂ ਅਥਰੂ, ਇਹ ਕਿਸ ਤਰ੍ਹਾਂ ਦੀਆਂ ਡੂੰਘੀਆ ਸਾਂਝਾਂ ਸਨ?
“ਬਾਦ ਵਿਚ ਤੁਸੀਂ ਕਦੀ ਫਿਰੋਜਪੁਰ ਗਏ ਨਹੀਂ” ਮੈਂ ਪੁਛਿਆ, “ਸਿਰਫ ਇਕ ਵਾਰ, ਕੋਈ ਦੋ ਸਾਲ ਪਹਿਲਾਂ । ਪਰ ਉਥੇ ਤਾਂ ਹੁਣ ਕੋਈ ਇਹ ਵੀ ਨਹੀਂ ਸੀ ਜਾਣਦਾ ਕਿ ਅਸੀ ਉਥੇ ਰਹਿੰਦੇ ਰਹੇ ਸਾਂ, ਉਹ ਟੂਟੀ ਜਿਸ ਤੋਂ ਪਾਣੀ ਪੀਂਦੇ ਹੁੰਦੇ ਸਾਂ। ਉਹ ਤਾਂ ਅਜੇ ਵੀ ਹੈ ਅਤੇ ਮੈਂ ਵੇਖ ਆਈ ਹਾਂ ਪਰ ਉਸ ਟੂਟੀ ਦੇ ਇਰਦ ਗਿਰਦ ਜਿਹੜੇ ਮਰਦ ਔਰਤਾਂ ਉਦੋਂ ਹੁੰਦੇ ਸਨ ਉਹਨਾਂ ਵਿਚੋਂ ਤਾਂ ਇਕ ਵੀ ਨਹੀ ਮਿਲਿਆ। ਚਾਨਣ ਸਿੰਘ ਦੇ ਪ੍ਰੀਵਾਰ ਵਿਚੋਂ ਉਹਨਾਂ ਦੇ ਪੋਤਰੇ ਮਿਲੇ ਤਾਂ ਸਨ ਪਰ ਮੇਰੀਆਂ ਕਈ ਗੱਲਾਂ ਜਿਹੜੀਆਂ ਉਸ ਪ੍ਰੀਵਾਰ ਬਾਰੇ ਮੈਂ ਜਾਣਦੀ ਸਾਂ, ਉਹ ਤਾਂ ਉਹ ਵੀ ਨਹੀਂ ਸਨ ਜਾਣਦੇ। ਪਰ ਫਿਰ ਵੀ ਉਹਨਾਂ ਬਚਿਆਂ ਵਿਚੋਂ ਉਹਨਾ ਦੇ ਦਾਦੇ, ਦਾਦੀ ਦੇ ਦਰਸ਼ਨ ਕੀਤੇ ਮੈਨੂੰ ਸਕੂਨ ਮਿਲਿਆ| ਮੈਂ ਉਸ ਧਰਤੀ ਨੂੰ ਸਲਾਮ ਕੀਤੀ, ਉਸ ਧਰਤੀ ਅਤੇ ਉਹਨਾਂ ਲੋਕਾਂ ਦੀ ਸੁਖ ਸਾਂਦ ਮੰਗੀ। ਆਪਣੇ ਬਾਪ ਵਲੋ ਮਰਣ ਤਕ ਫਿਰੋਜਪੁਰ ਨੂੰ ਯਾਦ ਕਰਣ ਅਤੇ ਲਗਾਤਾਰ ਇਸ ਤਰਾਂ ਕਹਿਣਾਂ ਕਿ ਸੁਪਨੇ ਵਿਚ ਮੈਂ ਅਤੇ ਚਾਨਣ ਸਿੰਘ ਸਾਈਕਲਾਂ ਤੇ ਮਲ੍ਹਾਂਵਾਲੇ ਨੂੰ ਜਾਂਦੇ ਰਹੇ ਹਾਂ। ਅਸੀ ਸੁਪਨੇ ਵਿਚ ਫਿਰੋਜਪੁਰ ਤੋਂ ਸੋਡਾ ਪੀਂਦੇ ਰਹੇ ਹਾਂ। ਪਰ ਇਹ ਵੀ ਅਜੀਬ ਵੰਡ ਸੀ। ਜਿੰਨਾਂ ਲੋਕਾਂ ਨੇ ਜਾਨਾ ਹੀਲ ਕੇ ਉਧਰੋਂ ਲੋਕਾਂ ਨੂੰ ਇਧਰ ਭੇਜਿਆ, ਜਿਹੜੇ ਰਿਸ਼ਤੇਦਾਰਾਂ ਤੋਂ ਕਿਤੇ ਉੱਤੇ ਸਨ ਉਹ ਤਾਂ ਰਿਸ਼ਤੇਦਾਰ ਗਿਣੇ ਨਾ ਗਏ, ਉਹਨਾਂ ਦੇ ਸੱਦੇ ਤੇ ਤਾਂ ਸਾਨੂੰ ਵੀਜਾਂ ਨਹੀ ਮਿਲ ਸਕਦਾ ਪਰ ਜੋ ਜਿੰਦਗੀ ਵਿਚ ਇਕ ਵਾਰ ਵੀ ਨਹੀਂ ਮਿਲੇ, ਜੇ ਉਹ ਰਿਸ਼ਤੇਦਾਰ ਹਨ ਤਾਂ ਉਹਨਾਂ ਦੇ ਨਾ ਤੇ ਵੀਜਾ ਮਿਲ ਸਕਦਾ ਹੈ। ਇਹ ਕਿਹੋ ਜਿਹਾ ਕਨੂੰਨ ਹੈ। ਮੈਂ ਪਾਰਲੀਮੈਂਟ ਦੀ ਮੈਬਰ ਹੋਣ ਕਰਕੇ ਫੀਰੋਜਪੁਰ ਤਾਂ ਵੇਖ ਆਈ ਹਾਂ ਪਰ ਲੱਖਾਂ ਉਹ ਲੋਕ ਜਿਹੜੇ ਆਪਣੇ ਪੁਰਾਣੇ ਘਰਾਂ ਅਤੇ ਸਾਥੀਆਂ ਨੂੰ ਵੇਖਣ ਲਈ ਤਰਸਦੇ ਰਹੇ ਅਤੇ ਪੁਰਾਣੇ ਸਾਥੀਆਂ ਨੂੰ ਮਿਲਣ ਦੀ ਖਾਹਿਸ਼ ਨਾਲ ਹੀ ਲੈ ਕੇ ਇਸ ਦੁਨੀਆਂ ਤੋਂ ਚਲੇ ਗਏ।
ਮੈਂ ਸ਼ੁਕੀਲਾ ਜੀ ਨੂੰ ਬਹੁਤ ਕੁਝ ਪੁਛਣਾਂ ਚਾਹੁੰਦਾ ਸਾਂ ਪਰ ਉਹ ਤਾਂ ਮੌਕਾ ਹੀ ਨਹੀਂ ਸਨ ਦੇ ਰਹੇ, ਪਰ ਉਸ ਵਕਤ ਮੈਂ ਇਹ ਕਲਪਨਾਂ ਜਰੂਰ ਕਰ ਸਕਦਾ ਸਾਂ ਕਿ ਭਾਪਾ ਜੀ ਵੀ ਤਾਂ ਇਸ ਤਰ੍ਹਾਂ ਹੀ ਕਹਿੰਦੇ ਹੁੰਦੇ ਹਨ ਕਿ ਸੁਪਨੇ ਵਿਚ ਅਜ ਮੈਂ ਸਾਰੀ ਰਾਤ ਆਪਣੀ ਪੈਲੀ ਨੂੰ ਪਾਣੀ ਲਾਉਂਦਾ ਰਿਹਾ ਹਾਂ। ਅਜ ਮੈਂ ਬਾਗ ਦੇ ਦੁਆਲੇ ਘੁੰਮਦਾ ਰਿਹਾ ਹਾਂ, ਅਜ ਮੈਂ ਸਰਗੋਧੇ ਸ਼ਹਿਰ ਵਿਚ ਸਾਈਕਲ ਚਲਾਉਂਦਾ ਰਿਹਾ ਹਾਂ। ਉਹਨਾਂ ਨੂੰ ਆਪਣਾ ਪਿਛਲਾ ਪਿੰਡ ਵੇਖਣ ਦੀ ਕਿੰਨੀ ਖਾਹਿਸ਼ ਸੀ, ਹੁਣ ਤਾਂ ਮਹੌਲ ਠੀਕ ਹੈ, ਉਹਨਾ ਨੂੰ ਉਹਨਾ ਦਾ ਪਿੰਡ ਜ਼ਰੂਰ ਵਿਖਾਵਾਂਗੇ।
ਸਮਾਂ ਕਾਫੀ ਹੋ ਗਿਆ ਸੀ, ਡਾ. ਮਕਬੂਲ ਨੇ ਆਪਣੇ ਦੋਸਤ ਮਿਸਟਰ ਇਕਬਾਲ ਜੋ ਲਹੌਰ ਦੇ ਮਾਡਲ ਟਾਊਨ ਵਿਚ ਰਹਿੰਦੇ ਸਨ ਅਤੇ ਇਕ ਵੱਡੇ ਉਦਯੋਗਪਤੀ ਹਨ, ਅਤੇ ਜੋ ਪਿਛੋਂ ਜਲੰਧਰ ਤੋਂ ਗਏ ਹੋਏ ਸਨ, ਨਾਲ 4 ਵਜੇ ਮਿਲਣ ਦਾ ਪ੍ਰੋਗਰਾਮ ਤਹਿ ਕੀਤਾ ਹੋਇਆ ਸੀ। ਅਸੀਂ ਉਠਣ ਲਗੇ ਤਾਂ ਸ਼ੁਕੀਲਾਂ ਜੀ ਨੇ ਕਿਹਾ ” 5 ਮਿੰਟ ਹੋਰ ਬੈਠ ਜਾਉ ਮੈਂ ਤਾਂ ਤੁਹਾਡੇ ਬਾਰੇ ਕੁਝ ਵੀ ਨਹੀਂ ਪੁਛਿਆ। ਹਾਂ ਮੈ ਹੁਣ ਫਿਰ ਭਾਰਤ ਆਉਂਣਾ ਹੈ, ਮੇਰੇ ਨਾਲ ਫਿਰੋਜਪੁਰ ਚਲਿਉ। ਮੈਂ ਫਿਰੋਜਪੁਰ ਆਪਣਾ ਘਰ ਇਕ ਵਾਰ ਫਿਰ ਵੇਖਣਾ ਚਾਹੁੰਦੀ ਹਾਂ, ਉਥੇ ਜਾ ਕੇ ਮੈਨੂੰ ਅਜੀਬ ਸਕੂਨ ਮਿਲਿਆ ਸੀ, ਜਦੋਂ ਵਾਪਿਸ ਆ ਕੇ ਆਪਣੀ ਮਾਂ ਅਤੇ ਭੂਆ ਨੂੰ ਉਥੇ ਜਾਣ ਬਾਰੇ ਦਸਿਆ ਸੀ ਤਾਂ ਉਹ ਕਿੰਨਾ ਚਿਰ ਮੈਨੂੰ ਇਕ-ਇਕ ਗੱਲ ਦੁਹਰਾ ਕੇ ਪੁਛਦੀਆਂ ਰਹੀਆਂ ਸਨ, ਉਹ ਤਾਂ ਆਪਣਾ ਘਰ ਵੇਖਣ ਲਈ ਤਰਸਦੀਆਂ ਹੀ ਰਹੀਆਂ ਸਨ।” ਮੈ ਵੇਖਿਆ ਡਾ. ਮਕਬੂਲ ਉਠ ਖੜ੍ਹਾ ਹੋਇਆ ਸੀ ਅਤੇ ਮੈਂ ਸਮਝ ਗਿਆ ਕਿ ਉਹ ਲੇਟ ਹੋ ਰਿਹਾ ਹੈ। ਜਦ ਅਸੀਂ ਬਾਹਰ ਆ ਰਹੇ ਸਾਂ, ਤਾਂ ਮੈਂ ਸੋਚਿਆ ਕਿ ਸ਼ੁਕੀਲਾਂ ਜੀ ਨੂੰ ਉਸ ਮਿੱਟੀ ਨਾਲ ਕਿੰਨਾ ਮੋਹ ਹੈ, ਉਹਨਾਂ ਕਿਹਾ ਸੀ ਕਿ ਮੈ ਤਾਂ ਤੁਹਾਡੇ ਬਾਰੇ ਕੁਝ ਵੀ ਨਹੀ ਪੁਛਿਆ, ਪਰ ਗਲ ਉਹਨਾਂ ਫਿਰ ਆਪਣੀ ਹੀ ਸ਼ੁਰੂ ਕਰ ਦਿਤੀ ਮੇਰੇ ਕੋਲੋਂ ਤਾਂ ਉਹਨਾਂ ਕੁਝ ਵੀ ਨਹੀ ਪੁਛਿਆ। ਭਾਵੇਂ ਉਹਨਾਂ ਦੇ ਪਤੀ, ਕੇਂਦਰੀ ਸਰਕਾਰ ਦੇ ਮੰਤਰੀ ਰਹੇ ਹਨ। ਉਹ ਪਾਰਲੀਮੈਂਟ ਦੇ ਮੈਬਰ ਹਨ ਅਤੇ ਵਿਦੇਸ਼ਾਂ ਵਿਚ ਘੁੰਮਦੇ ਹਨ ਪਰ ਫਿਰੋਜ਼ਪੁਰ ਦੀ ਉਸ ਗਲੀ ਨੂੰ ਉਹ ਕਿਸ ਸ਼ਿਦਤ ਨਾਲ ਯਾਦ ਕਰਦੇ ਹਨ।
ਅਸੀਂ ਕੋਈ 4.30 ਵਜੇ ਮਿਸਟਰ ਇਕਬਾਲ ਦੇ ਘਰ ਪਹੁੰਚ ਗਏ, ਉਹ ਅਤੇ ਉਸਦਾ ਦੋਸਤ ਸਾਨੂੰ ਕਾਫੀ ਸਮੇਂ ਤੋਂ ਉਡੀਕ ਰਹੇ ਸਨ । ਜਦ ਅਸੀਂ ਉਹਨਾਂ ਦੇ ਡਰਾਇੰਗ ਰੂਮ ਵਿਚ ਬੈਠੇ, ਤਾਂ ਉਸ ਦੇ ਦੋ ਲੜਕੇ ਵੀ ਉਥੇ ਆ ਗਏ ਅਤੇ ਸਾਡੇ ਕੋਲ ਬੈਠ ਗਏ। “ਡਾ. ਮਕਬੂਲ ਨੇ ਮੇਰੀ ਵਾਕਵੀ ਕਰਾਉਦਿਆਂ ਦਸਿਆ ਕਿ ਡਾ. ਛੀਨਾਂ ਭਾਰਤ ਦੇ ਇਕ ਨਾਮਵਾਰ ਕਾਲਜ, ਖਾਲਸਾ ਕਾਲਜ ਅੰਮ੍ਰਿਤਸਰ ਵਿਚ ਇਕਨੋਮਿਕਸ ਪੜਾਉਂਦੇ ਰਹੇ ਹਨ, ਅਤੇ ਮੇਰੇ ਮਾਸੀ ਜੀ ਸ੍ਰੀ ਮਤੀ ਸ਼ਕੀਲਾਂ ਦੇ ਜਾਣਕਾਰਾਂ ਦੇ ਵਾਕਿਫ ਹਨ। ਪਰ ਮਿਸਟਰ ਇਕਬਾਲ ਨੂੰ ਜਿਵੇਂ ਬਹੁਤ ਕੁਝ ਪੁਛਣ ਦੀ ਕਾਹਲ ਸੀ, “ਸਰਦਾਰ ਜੀ ਤੁਸੀ ਜਲੰਧਰ ਤਾਂ ਕਈ ਵਾਰ ਜਾਂਦੇ ਹੋਵੇਗੇ। ਜਲੰਧਰ ਦੀ ਬਸਤੀ ਸ਼ੇਖ ਵਿਚ ਸਾਡਾ ਘਰ ਸੀ, ਮੇਰਾ ਜਨਮ ਵੀ ਉਥੇ ਹੀ ਹੋਇਆ ਸੀ। ਮੇਰੇ ਅੱਬਾ ਜੀ ਦੀ ਉਥੇ ਛੋਟੀ ਜਹੀ ਫੌਂਡਰੀ ਸੀ, ਭਾਵੇਂ ਮੈਂ ਉਦੋਂ 4 ਸਾਲ ਦਾ ਸਾ ਜਦੋਂ ਪਾਕਿਸਤਾਨ ਬਣਿਆ ਸੀ ਪਰ ਮੈਨੂੰ ਅਜ ਤਕ ਵੀ ਜਲੰਧਰ ਵਾਲਾ ਆਪਣਾ ਘਰ ਯਾਦ ਹੈ। ਮੇਰੇ ਅੱਬਾ ਤਾਂ ਆਪਣੇ ਜਲੰਧਰ ਨੂੰ ਯਾਦ ਕਰਦੇ ਕਰਦੇ ਫੌਤ ਹੋ ਗਏ, ਉਹਨਾਂ ਨੇ ਕਈ ਵਾਰ ਵੀਜਾ ਲੈਣ ਦੀ ਕੋਸ਼ਿਸ਼ ਵੀ ਕੀਤੀ, ਕਦੀ ਮੈਚ ਵੇਖਣ ਲਈ, ਕਦੀ ਧਾਰਮਿਕ ਜਗਾਹ ਤੇ ਜਾਣ ਲਈ ਪਰ ਇੰਨਾਂ ਦੋਵਾਂ ਦੇਸ਼ਾਂ ਦਾ ਅਜੀਬ ਦਸਤੂਰ ਹੈ, ਉਹਨਾਂ ਨੂੰ ਸਾਰੀ ਜਿੰਦਗੀ ਵੀਜਾ ਹੀ ਨਹੀਂ ਸੀ ਮਿਲ ਸਕਿਆ। ਭਾਵੇਂ ਕਿ ਜਿੰਦਗੀ ਭਰ ਉਹਨਾ ਨੂੰ ਜਲੰਧਰ ਦੀਆਂ ਵੱਖ ਵੱਖ ਜਗਾਹ ਅਤੇ ਜਲੰਧਰ ਵਾਲੇ ਸਾਥੀਆਂ ਦੇ ਸੁਪਨੇ ਆਉਂਦੇ ਰਹੇ। ਉਹ ਬਾਵਾ ਸਿੰਘ ਦੇ ਪ੍ਰੀਵਾਰ ਨੂੰ ਤਾਂ ਮਰਣ ਤਕ ਯਾਦ ਕਰਦੇ ਰਹੇ, ਅਸਲ ਵਿਚ ਬਾਵਾ ਸਿੰਘ ਦੇ ਅੱਬਾ ਨਾਲ ਭਰਾਵਾਂ ਤੋਂ ਵੀ ਵੱਧ ਸਬੰਧ ਸਨ, ਇਥੋਂ ਤਕ ਕਿ ਮੇਰੀਆਂ ਭੂਆਂ ਦੇ ਵਿਆਹ ਵੀ ਬਾਵਾ ਸਿੰਘ ਦੀ ਸਲਾਹ ਨਾਲ ਕੀਤੇ ਸਨ। ਬਾਵਾ ਸਿੰਘ ਦੇ ਭਰਾ ਅਤੇ ਲੜਕੇ ਸਾਨੂੰ ਕਰਤਾਰ ਪੁਰ ਤਕ ਛਡ ਕੇ ਗਏ ਸਨ ਅਤੇ ਜਦੋਂ ਅਖੀਰ ਕਰਤਾਰਪੁਰ ਕੈਂਪ ਵਿਚ ਛਡ ਕੇ ਵਾਪਿਸ ਜਾਣ ਲੱਗੇ ਸਨ ਤਾਂ ਭੂਬਾਂ ਮਾਰ ਕੇ ਰੋਏ ਸਨ ਅਤੇ ਉਹਨਾਂ ਇਕ ਗੱਲ ਹੀ ਕਹੀ ਸੀ ਛੇਤੀ ਖਤ ਲਿਖ ਕੇ ਆਪਣੀ ਸੁਖਸਾਂਦ ਦਸਿਉ। ਇਧਰ ਆ ਕੇ ਬਹੁਤ ਚਿਰ ਤਕ ਤਾਂ ਕੋਈ ਪੱਕਾ ਘਰ ਹੀ ਨਹੀਂ ਸੀ ਮਿਲਿਆ, ਕੋਈ 5 ਸਾਲ, ਕਦੀ ਕਿਸੇ ਜਗਾਹ ਕਦੀ ਕਿਸੇ ਜਗਾਹ ਅਤੇ ਅਖੀਰ ਜਦੋਂ 1952-53 ਵਿਚ ਇਕ ਪੱਕੇ ਘਰ ਵਿਚ ਟਿਕੇ ਤਾਂ ਅੱਬਾ ਨੇ ਬਾਵਾ ਸਿੰਘ ਨੂੰ ਚਿਠੀ ਲਿਖੀ। ਕੁਝ ਦਿਨਾਂ ਬਾਦ ਹੀ ਬਾਵਾ ਸਿੰਘ ਦੀ ਕੋਈ 6 ਸਫਿਆ ਦੀ ਬੜੀ ਲੰਮੀ ਚਿਠੀ ਆਈ ਜਿਸ ਵਿਚ ਉਸ ਨੇ ਬਾਰ-ਬਾਰ ਤਕੀਦ ਕੀਤੀ ਕਿ ਉਹ ਉਸ ਕੋਲ ਮਿਲਣ ਲਈ ਆਉਣ। ਫਿਰ ਛੇ ਕੁ ਮਹੀਨੇ ਬਾਦ ਬਾਵਾ ਨੇ ਇਕ ਹੋਰ ਚਿਠੀ ਲਿਖੀ, ਪਰ ਉਧਰੋਂ ਉਸ ਦੇ ਲੜਕੇ ਦਾ ਜਵਾਬ ਆਇਆ ਕਿ ਬਾਵਾ ਸਿੰਘ ਫੌਤ ਹੋ ਗਿਆ ਹੈ। ਫਿਰ ਇਕ ਦੋ ਚਿੱਠੀਆਂ ਹੋਰ ਲਿਖੀਆਂ ਵੀ ਅਤੇ ਆਈਆਂ ਵੀ ਪਰ ਉਸ ਤੋਂ ਬਾਦ ਇਹ ਸਿਲਸਲਾ ਬੰਦ ਹੋ ਗਿਆ । ਅੱਬਾ ਤਾਂ ਅਖੀਰ ਤਕ ਕਹਿੰਦੇ ਰਹੇ, ਰਾਤੀ ਸੁਪਨੇ ਵਿਚ ਮੈਂ ਤੇ ਬਾਵਾ ਸਿੰਘ ਸਾਈਕਲਾਂ ਤੇ ਨਕੋਦਰ ਜਾ ਰਹੇ ਸਾਂ ਅੱਜ ਅਸੀਂ ਇੱਕ ਦੁਕਾਨ ਵਿਚ ਪਕੌੜੇ ਖਾ ਰਹੇ ਸਾਂ।” ਮੈਂ ਵੇਖਿਆ ਉਹਨਾਂ ਦੇ ਲੜਕੇ ਇਹ ਗੱਲਾਂ ਬੜੀ ਦਿਲਚਸਪੀ ਨਾਲ ਸੁਣ ਰਹੇ ਸਨ ਜਿਵੇਂ ਕੋਈ ਕਹਾਣੀ ਸੁਣ ਰਹੇ ਹੋਣ, ਮਿਸਟਰ ਇਕਬਾਲ ਕਹਿਣ ਲਗੇ. “ਬੱਚੇ ਭਾਵੇਂ ਇਹ ਗੱਲਾਂ ਬੜੀ ਦਿਲਚਸਪੀ ਨਾਲ ਸੁਣਦੇ ਹਨ ਪਰ ਇੰਨਾਂ ਗੱਲਾਂ ਨੂੰ ਅਜੀਬ ਜਿਹਾ ਸਮਝਦੇ ਹਨ ਕਿਉਂ ਜੋ ਉਹਨਾਂ ਨੇ ਨਾਂ ਤਾਂ ਉਹ ਜਗਾਹ ਵੇਖੀਆਂ ਹਨ ਅਤੇ ਨਾ ਹੀ ਉਹਨਾਂ ਹਾਲਤਾਂ ਵਿਚੋਂ ਗੁਜਰੇ ਹਨ, ਨਾਂ ਉਹ ਲੋਕ ਵੇਖੇ ਹਨ ।“
ਲੰਮਾ ਸਮਾਂ ਗੱਲਾਂ ਕਰਣ ਤੋਂ ਬਾਦ ਜਦੋਂ ਮੈਂ ਮਿਸਟਰ ਇਕਬਾਲ ਕੋਲੋਂ ਛੁਟੀ ਮੰਗੀ ਤਾਂ ਉਹ ਕਹਿਣ ਲੱਗਾ “ਸਰਦਾਰ ਜੀ ਮੈ ਤੁਹਾਡੇ ਬਾਰੇ ਤਾਂ ਕੁਝ ਪੁਛਿਆ ਹੀ ਨਹੀ, ਆਪਣੇ ਬਾਰੇ ਹੀ ਦੱਸਦਾ ਰਿਹਾ ਹਾਂ ” ਅਸੀਂ ਫਿਰ ਬੈਠੇ ਤਾਂ ਕਾਫੀ ਚਿਰ ਰਹੇ ਪਰ ਉਹ ਆਪਣੀਆਂ ਹੀ ਗੱਲਾ ਦਸ ਰਿਹਾ ਸੀ ਅਤੇ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਹਰ ਕੋਈ ਬੜੀ ਹੀ ਸ਼ਿੱਦਤ ਨਾਲ ਆਪਣੇ ਪਿਛੋਕੜ ਨੂੰ ਯਾਦ ਕਰਦਾ ਹੈ ਅਤੇ ਇਸ ਪਿਛੋਕੜ ਸਬੰਧੀ ਹਰ ਕੋਈ ਇਹੋ ਜਹੇ ਜਜਬਾਤ ਰਖਦਾ ਹੈ। ਅੰਮ੍ਰਿਤਸਰ ਆ ਕੇ ਕੋਈ 4 ਕੁ ਮਹੀਨੇ ਬਾਦ ਬਬੀਤਾ ਜੀ ਦਾ ਮੈਨੂੰ ਫੋਨ ਆਇਆ ਕਿ ਸ਼ੁਕੀਲਾ ਜੀ ਨੇ ਭਾਰਤ ਆਉਣਾ ਹੈ ਅਤੇ ਇਸ ਵਾਰ ਉਹ ਫਿਰੋਜਪੁਰ ਆਪਣਾ ਘਰ ਵੇਖਣਾ ਚਾਹੁੰਦੇ ਹਨ, ਜੇ ਹੋ ਸਕਿਆ ਤਾਂ ਤੁਸੀ ਉਹਨਾਂ ਦੇ ਨਾਲ ਜਾਇਉ। ਮੈ ਸ਼ਕੀਲਾ ਜੀ ਨੂੰ ਲੈਣ ਵਾਹਗੇ ਬਾਰਡਰ ਚਲਾ ਗਿਆ ਅਤੇ ਤਕਰੀਬਨ ਅਧੇ ਘੰਟੇ ਬਾਦ ਹੀ ਸ੍ਰੀ ਮਤੀ ਸ਼ਕੀਲਾਂ ਅਤੇ ਇਕ ਹੋਰ ਅੋਰਤ ਕਸਟਮ ਦੀ ਇਮਾਰਤ ਤੋਂ ਬਾਹਰ ਆ ਰਹੀਆਂ ਸਨ। ਅਸੀਂ 2 ਕੁ ਵਜੇ ਅੰਮ੍ਰਿਤਸਰ ਪਹੁੰਚ ਕੇ ਖਾਣਾ ਖਾਧਾ ਅਤੇ ਮੈਂ ਉਹਨਾਂ ਨੂੰ ਫੀਰੋਜਪੁਰ ਜਾਣ ਬਾਰੇ ਪੁਛਿਆ, ਪਰ ਉਹਨਾਂ ਜਵਾਬ ਦਿਤਾ ਕਿ ਉਹ ਦਿਲੀ ਤੋਂ ਚਾਰ ਕੁ ਦਿਨਾਂ ਬਾਦ ਜਦ ਵਾਪਿਸ ਆਉਣਗੇ ਤਾਂ ਫਿਰ ਫਿਰੋਜਪੁਰ ਚਲਾਂਗੇ। ਪਰ ਜਦ 4 ਦਿਨਾਂ ਬਾਦ ਉਹ ਦਿਲੀ ਤੋਂ ਵਾਪਿਸ ਆਈ ਤਾਂ ਮੈਂ ਉਹਨਾਂ ਨੂੰ ਫਿਰ ਫਿਰੋਜਪੁਰ ਜਾਣ ਬਾਰੇ ਪੁਛਿਆ ਤਾਂ ਉਹ ਚੁੱਪ ਹੋ ਗਈ ਅਤੇ ਫਿਰ ਕਹਿਣ ਲੱਗੀ “ਅੱਗੇ ਜਦੋਂ ਮੈਂ ਵਾਪਿਸ ਲਹੌਰ ਜਾਂਦੀ ਹੁੰਦੀ ਸਾਂ ਤਾਂ ਮੇਰੀ ਅੰਮਾਂ ਅਤੇ ਭੂਆ ਮੈਨੂੰ ਉਡੀਕਦੀਆਂ ਰਹਿੰਦੀਆਂ ਸਨ ਉਹ ਮੈਨੂੰ ਭਾਰਤ ਫੇਰੀ ਬਾਰੇ ਸੈਂਕੜੇ ਸੁਆਲ ਕਰਦੀਆਂ ਸਨ, ਔਰਤਾਂ ਦੇ ਪਹਿਰਾਵੇ ਤੋਂ ਲੈ ਕੇ ਬੋਲੀ, ਸ਼ਹਿਰਾਂ ਦੀਆਂ ਸੜਕਾਂ, ਇਮਾਰਤਾਂ, ਆਦਿ ਬਾਰੇ ਕਈ-ਕਈ ਸੁਆਲ ਪੁਛਦੀਆਂ ਸਨ, ਫੀਰੋਜਪੁਰ ਨੂੰ ਬੇਹਦ ਯਾਦ ਕਰਦੀਆਂ ਸਨ, ਪਰ ਹੁਣ ਉਹ ਦੋਵੇ ਹੀ ਨਹੀਂ ਰਹੀਆ। ਫਿਰੋਜਪੁਰ ਜਿਹੜੇ ਲੋਕ ਮੈਨੂੰ ਮਾੜਾ ਮੋਟਾ ਪਹਿਚਾਣਦੇ ਸਨ ਉਹ ਵੀ ਨਹੀਂ ਰਹੇ ਹੁਣ ਮੈਂ ਸੋਚਦੀ ਹਾਂ ਕਿ ਜਦ ਮੈਂ ਲਹੌਰ ਵਾਪਿਸ ਜਾਂਦੀ ਹਾਂ ਤਾਂ ਮੈਨੂੰ ਭਾਰਤ ਬਾਰੇ ਕੋਈ ਵੀ ਨਹੀਂ ਪੁਛਦਾ। ਕਈ ਵਾਰ ਜੇ ਮੈਂ ਆਪ ਹੀ ਦਸਣ ਲਗਦੀ ਹਾਂ ਤਾ ਸੁਨਣ ਵਾਲਿਆਂ ਨੂੰ ਕੋਈ ਦਿਲਚਸਪੀ ਨਹੀਂ ਹੁੰਦੀ। ਪਰ ਫਿਰ ਵੀ ਅਗਲੀ ਵਾਰ ਫੀਰੋਜਪੁਰ ਚਲਾਂਗੀ।”
ਕੁਝ ਚਿਰ ਬਾਦ ਮੈਨੂੰ ਫਿਰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਸ਼ਕੀਲਾਂ ਜੀ ਨੂੰ ਕਿਹਾ ਕਿ ਇਸ ਵਾਰ ਮੈਂ ਫਿਰ ਆਪਣਾ ਪਿੰਡ ਵੇਖਣਾਂ ਚਾਹੁੰਦਾ ਹਾਂ। ਸ਼ਕੀਲਾਂ ਜੀ ਨੇ ਕਿਹਾ ਕਿ “ਮੈਂ ਸਰਗੋਧੇ ਤੁਹਾਡੇ ਪਿੰਡ ਜਾਣ ਦਾ ਪ੍ਰੋਗਰਾਮ ਵੀ ਬਣਾਂ ਦਿਆਂਗੀ ਅਤੇ ਮੈਂ ਵੀ ਤੁਹਾਡੇ ਨਾਲ ਚਲਾਂਗੀ।”
ਰਾਤ ਨੂੰ ਮੈਂ ਪਿਛਲੀ ਵਾਰ ਸਰਗੋਧੇ ਦੀ ਫੇਰੀ ਨੂੰ ਯਾਦ ਕਰਦਾ ਰਿਹਾ, ਜਿੰਨਾ ਲੋਕਾਂ ਦੇ ਭਾਪਾ ਜੀ ਨੇ ਨਾਂ ਲਿਖ ਕੇ ਦਿਤੇ ਸਨ ਉਹਨਾਂ ਵਿਚੋਂ ਤਾਂ ਕੋਈ ਵੀ ਨਹੀਂ ਸੀ ਮਿਲਿਆ, ਜਿਸ ਬਾਰੇ ਵੀ ਮੈਂ ਪੁਛਦਾ ਸਾ, ਜਵਾਬ ਮਿਲਦਾ ਸੀ, ਦੋ ਸਾਲ ਹੋਏ ਫੌਤ ਹੋ ਗਿਆ, 10 ਸਾਲ ਹੋਏ ਫੋਤ ਹੋ ਗਿਆ ਇਹ ਤਾਂ ਅਜੇ 6 ਮਹੀਨੇ ਪਹਿਲਾਂ ਫੋਤ ਹੋਇਆ। ਪਰ ਫਿਰ ਵੀ ਜਦ ਮੈਂ ਵਾਪਿਸ ਅੰਮ੍ਰਿਤਸਰ ਗਿਆ ਸਾਂ ਤਾਂ ਭਾਪਾ ਜੀ ਨੇ ਫੋਨ ਤੇ ਕਿਹਾ ਸੀ, ਉਡ ਕੇ ਆ ਜਾ ਅਤੇ ਮੇਰੇ ਕੋਲੋਂ ਪਿੰਡ ਦੀਆਂ ਗੱਲਾਂ ਦੁਹਰਾ-ਦੁਹਰਾ ਕੇ ਸੁਣਦੇ ਰਹੇ ਸਨ ਜਦੋਂ ਮੈਂ ਉਹਨਾਂ ਵੱਲੋਂ ਦੱਸੇ ਹੋਏ ਲੋਕਾਂ ਬਾਰੇ ਦਸਿਆ ਸੀ ਕਿ ਉਹ ਸਵਰਗਵਾਸ ਹੋ ਗਏ ਸਨ ਤਾਂ ਉਹ ਚੁੱਪ ਹੋ ਜਾਂਦੇ ਸਨ ਅਤੇ ਪੁਛਦੇ ਸਨ, ਕੀ ਹੋਇਆ ਸੀ ਉਸਨੂੰ ਜਿਵੇਂ ਉਹ ਮੇਰੀਆਂ ਗੱਲਾਂ ਨਾਲ ਹੀ ਪਿੰਡ ਬਾਰੇ ਸਭ ਕੁਝ ਜਾਣ ਲੈਣਾਂ ਚਾਹੁੰਦੇ ਸਨ, ਬਾਦ ਵਿਚ ਉਹਨਾਂ ਨੇ ਕਦੀ ਆਦਮੀਆਂ ਨੂੰ ਉਹਨਾਂ ਦੇ ਪੁਛਣ ਦੇ ਬਗੈਰ ਵੀ ਦਸਿਆ। “ਸਰਬਜੀਤ ਆਪਣੇ ਪਿੰਡ ਹੋ ਕੇ ਆਇਆ ਹੈ,” ਫਿਰ ਮੇਰਾ ਧਿਆਨ ਮੇਰੀ ਕੈਨੇਡਾ ਫੇਰੀ ਤੇ ਗਿਆ।
ਜਿਥੇ ਮੈਂ ਵੇਖਦਾ ਹੁੰਦਾ ਸਾਂ, ਕਿ ਚਾਚਾ ਜੀ ਅਤੇ ਮੇਰੇ ਕਜਨ ਬੜਾ ਚਿਰ ਆਪਣੇ ਪੁਰਾਣੇ ਪਿੰਡ ਨੂੰ ਯਾਦ ਕਰਦੇ ਹੁੰਦੇ ਸਨ, ਪਰ ਉਹਨਾਂ ਦੇ ਲੜਕਿਆਂ ਦੀ ਉਹਨਾਂ ਗੱਲਾਂ ਵਿਚ ਕੋਈ ਵੀ ਦਿਲਚਸਪੀ ਨਹੀਂ ਸੀ ਹੁੰਦੀ, ਮੈਂ ਇਹ ਸਾਰਾ ਕੁਝ ਸੋਚਦਿਆਂ ਰਾਤ ਲੰਘਾ ਦਿਤੀ, ਮੈਂ ਹੁਣ ਜਾ ਕੇ ਫਿਰ ਉਹਨਾਂ ਲੋਕਾਂ ਨੂੰ ਹੀ ਮਿਲਾਂਗਾ ਅਤੇ ਫਿਰ ਉਹਨਾਂ ਵਿਚੋਂ ਸਾਡੇ ਪ੍ਰੀਵਾਰ ਬਾਰੇ ਪੁਛਣ ਵਾਲੇ ਲੋਕ ਥੋੜੇ ਜਹੇ ਹੀ ਹੋਣਗੇ, ਫਿਰ ਜਦ ਵਾਪਿਸ ਜਾਵਾਂਗਾਂ ਤਾਂ ਭਾਪਾ ਜੀ ਵੀ ਹੁਣ ਨਹੀਂ ਰਹੇ, ਚਾਚੇ, ਤਾਏ ਵੀ ਨਹੀਂ ਜਿੰਨ੍ਹਾਂ ਨੂੰ ਆਪਣੇ ਪਿੰਡ ਦੇ ਸੁਪਨੇ ਆਉਂਦੇ ਹੁੰਦੇ ਸਨ, ਮੈਨੂੰ ਲਗਾ ਜਿਵੇ ਇਹ ਗੱਲਾਂ ਸੁਨਣ ਵਾਲੇ ਅਤੇ ਇਹ ਗੱਲਾਂ ਸੁਨਾਉਣ ਵਾਲੇ ਘਟਦੇ ਜਾ ਰਹੇ ਹਨ, ਮੇਰੇ ਅਤੇ ਸ਼ਕੀਲਾਂ ਜੀ ਵਰਗੇ ਲੋਕਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਰਿਸ਼ਤੇ ਟੁੱਟ ਜਾਣਗੇ। ਮੈਨੂੰ ਰਾਤ ਵਿਚ ਹੀ ਇਕ ਯੁਗ ਬੀਤ ਗਿਆ ਜਾਪਿਆ ਅਤੇ ਮੈਂ ਸੋਚਿਆਂ ਕਿ ਮੈਂ ਆਪਣੇ ਪਿੰਡ ਨਹੀਂ ਜਾਣਾ। ਸਵੇਰੇ ਕੋਈ 11 ਕੁ ਵਜੇ ਸ਼ਕੀਲਾਂ ਜੀ ਦਾ ਫੋਨ ਆਇਆ, “ਮੈ ਤੁਹਾਡਾ ਪਿੰਡ ਵੇਖਣ ਦਾ ਇੰਤਜਾਮ ਵੀ ਕਰ ਦਿੱਤਾ ਹੈ ਅਤੇ ਮੈ ਵੀ ਤੁਹਾਡੇ ਨਾਲ ਜਾਵਾਂਗੀ” ਪਰ ਮੈਂ ਦੁਚਿਤੀ ਵਿਚ ਸਾਂ ਪਰ ਫਿਰ ਮੈਂ ਕਹਿ ਹੀ ਦਿਤਾ। “ਸ਼ਕੀਲਾਂ ਜੀ, ਮੈਂ ਪਿੰਡ ਵੇਖਣ ਜਾਣ ਦਾ ਪ੍ਰੋਗਰਾਮ ਹਟਾ ਦਿੱਤਾ ਹੈ,”
“ਪਰ ਕਿਉ।” ਸ਼ਕੀਲਾਂ ਜੀ ਨੇ ਪੁਛਿਆ “ਸ਼ਕੀਲਾਂ ਜੀ, ਹੁਣ ਕਿੰਨੂ ਜਾ ਕੇ ਮਿਲਾਗਾਂ ਅਤੇ ਵਾਪਿਸ ਜਾਂ ਕੇ ਉਹ ਗੱਲਾਂ ਕਿੰਨੂੰ ਦਸਾਂਗਾ।”
