ਬਰਤਾਨਵੀ ਸੰਸਦ ਮੈਂਬਰ ਤਨਮੰਜੀਤ ਸਿੰਘ ਢੇਸੀ ਵੱਲੋਂ ਸਲੋਹ ਕਮਿਊਨਿਟੀ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ
ਸਲੋਹ-ਬਰਤਾਨਵੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮੰਜੀਤ ਸਿੰਘ ਢੇਸੀ ਵੱਲੋਂ ਸਲੋਹ ਕਮਿਊਨਿਟੀ ਡਾਇਗਨੌਸਟਿਕ ਸੈਂਟਰ ਦੇ ਸਰਕਾਰੀ ਉਦਘਾਟਨ ਨਾਲ ਸਲਾਊ ਲਈ ਇੱਕ ਇਤਿਹਾਸਕ ਦਿਨ ਦਰਜ ਹੋ ਗਿਆ ਹੈ। ਇਹ ਨਵਾਂ ਸੈਂਟਰ ਸਥਾਨਕ ਹੈਲਥ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਇਸ ਪ੍ਰੋਜੈਕਟ ਲਈ £25 ਮਿਲੀਅਨ ਦੀ ਵੱਡੀ ਰਕਮ ਨਿਵੇਸ਼ ਕੀਤੀ ਗਈ ਹੈ, ਜਿਸ ਦਾ ਮਕਸਦ ਨਾਗਰਿਕਾਂ ਨੂੰ ਜ਼ਰੂਰੀ ਮੈਡੀਕਲ ਟੈਸਟ ਅਤੇ ਡਾਇਗਨੋਸਟਿਕ ਸੇਵਾਵਾਂ ਸਲਾਊ ਵਿੱਚ ਹੀ ਉਪਲਬਧ ਕਰਵਾਉਣਾ ਹੈ। ਇਸ ਨਾਲ ਹਸਪਤਾਲਾਂ ’ਤੇ ਬੋਝ ਘਟੇਗਾ ਅਤੇ ਮਰੀਜ਼ਾਂ ਦੀ ਉਡੀਕ ਸਮੇਂ ਵਿੱਚ ਵੀ ਵੱਡੀ ਕਟੌਤੀ ਆਉਣ ਦੀ ਉਮੀਦ ਹੈ।
ਉਦਘਾਟਨ ਦੌਰਾਨ ਤਨਮੰਜੀਤ ਸਿੰਘ ਢੇਸੀ, ਨੇ ਬਰਤਾਨਵੀ ਸਰਕਾਰ ਅਤੇ ਫ੍ਰੀਮਲੀ ਹੈਲਥ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਹ ਮਹੱਤਵਪੂਰਨ ਸਿਹਤ ਸੂਵਿਧਾ Slough ਵਿੱਚ ਸਥਾਪਿਤ ਕਰਨ ਲਈ ਮਨਜ਼ੂਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਸਲਾਊ ਦੀ ਵੱਧਦੀ ਜਨਸੰਖਿਆ ਅਤੇ ਸਿਹਤ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।
ਢੇਸੀ ਨੇ ਇਸ ਪਲ ਨੂੰ “ਸਾਡੇ ਟਾਊਨ ਲਈ ਮਾਨ ਦਾ ਸਮਾਂ” ਕਰਾਰ ਦਿੱਤਾ ਅਤੇ ਕਿਹਾ ਕਿ ਇਸ ਸੈਂਟਰ ਨਾਲ ਸਥਾਨਕ ਰਹਿਣ ਵਾਲੇ ਲੋਕਾਂ ਨੂੰ ਘਰ ਦੇ ਨੇੜੇ ਹੀ ਵਧੀਆ ਸਿਹਤ ਸੇਵਾਵਾਂ ਮਿਲਣਗੀਆਂ। ਨਵੇਂ ਸੈਂਟਰ ਵਿੱਚ ਸਕੈਨ, ਟੈਸਟ ਅਤੇ ਸ਼ੁਰੂਆਤੀ ਬਿਮਾਰੀਆਂ ਦੀ ਪਛਾਣ ਲਈ ਉੱਚ ਪੱਧਰੀ ਸੂਵਿਧਾਵਾਂ ਉਪਲਬਧ ਹੋਣਗੀਆਂ ਜਿਸ ਨਾਲ ਹਜ਼ਾਰਾਂ ਮਰੀਜ਼ਾਂ ਨੂੰ ਲਾਭ ਹੋਵੇਗਾ।
ਇਹ ਉਦਘਾਟਨ ਸਲਾਊ ਵਾਸੀਆਂ ਲਈ ਬਿਹਤਰ ਅਤੇ ਸਿਹਤਮੰਦ ਭਵਿੱਖ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।
