ਟਾਪਦੇਸ਼-ਵਿਦੇਸ਼

ਪੰਜਾਬ ਦੇ ਗੌਰਵਮਈ ਵਿਰਸੇ ਦੀ ਝਲਕ ਹੈ – ਜੰਨਤ ਏ ਜਰਖੜ -ਪੇਸ਼ਕਸ਼ – ਕੁਲਦੀਪ ਸਿੰਘ ਦੁੱਗਲ  ਲੁਧਿਆਣਾ

 ਕਹਿੰਦੇ ਨੇ ਜੀਹਨੇ ਲਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ ਅਤੇ ਹੁਣ ਇਹ ਵੀ ਕਹਿਣਾ ਅਤਿ ਕਥਨੀ ਨਹੀਂ ਹੋਵੇਗਾ ਕਿ ਜੀਹਨੇ ਜੰਨਤ ਏ ਜਰਖੜ ਨਹੀਂ ਦੇਖਿਆ ਉਸ ਨੇ ਵੀ ਕੁਝ ਨਹੀਂ ਦੇਖਿਆ । ਮਹਾਂ ਨਗਰ ਲੁਧਿਆਣਾ ਤੋਂ ਕਰੀਬ ਦਸ ਗਿਆਰਾਂ ਕਿਲੋਮੀਟਰ ਦੀ ਦੂਰੀ ‘ਤੇ ਮਲੇਰਕੋਟਲਾ ਸੜਕ ‘ਤੇ ਸਥਿਤ ਮਸ਼ਹੂਰ ਪਿੰਡ ਜਰਖੜ ਵਿਖ਼ੇ ਕੁਦਰਤ ਦੀ ਗੋਦ ਵਰਗੀ ਇਹ ਹਰੀ ਭਰੀ ਤੇ ਰਮਣੀਕ ਜਗ੍ਹਾ ਪੰਜਾਬੀ ਸਭਿਆਚਾਰ ਤੇ ਇਸਦੇ ਗੌਰਵਮਈ ਵਿਰਸੇ ਦੀ ਵਿਲੱਖਣ ਝਲਕ ਪੇਸ਼ ਕਰਦੀ ਹੈ । ਉੱਘੇ ਅੰਤਰ ਰਾਸ਼ਟਰੀ ਖੇਡ ਪ੍ਰਮੋਟਰ ਤੇ ਸੀਨੀਅਰ ਪੱਤਰਕਾਰ ਸ ਜਗਰੂਪ ਸਿੰਘ ਜਰਖੜ ਜੰਨਤ ਏ ਜਰਖੜ ਦੇ ਨਿਰਮਾਤਾ ਹਨ।
        ਜੰਨਤ ਏ ਜਰਖੜ ਵਿੱਚ ਪ੍ਰਵੇਸ਼ ਕਰਦਿਆਂ ਹੀ ਸਾਹਮਣੇ ਲਾਹੌਰ ਦੇ ਦਾ ਦਿਲਕਸ਼ ਨਜ਼ਾਰਾ, ਸਦਰ ਥਾਣਾ, ਸੈਂਟਰਲ ਜੇਲ੍ਹ ਤੇ ਨਿੱਕੀ ਨਿੱਕੀ ਇੱਟ ਨਾਲ ਉਸਾਰੇ ਵਿਸ਼ਾਲ ਕਿਲ੍ਹੇ ਆਦਮੀ ਨੂੰ ਕਰੀਬ ਅੱਠ ਦਹਾਕੇ ਪਹਿਲਾਂ ਦੇ ਪੰਜਾਬ ਵਿੱਚ ਲਿਆ ਖੜ੍ਹਾ ਕਰਦੇ ਹਨ । ਖੱਬੇ ਹੱਥ ਬਣੀ ਹਵੇਲੀ , ਪੁਰਾਣੀ ਅਦਾਲਤ ਤੇ ਉਸ ਵਿੱਚ ਰੱਖਿਆ ਪੁਰਾਣਾ ਸਾਜੋ ਸਮਾਨ ਚਿੱਤ ਨੂੰ ਅਜੀਬ ਜਿਹਾ ਸਕੂਨ ਦਿੰਦਾ ਹੈ । ਜੰਨਤ ਏ ਜਰਖੜ ਦੇ ਵਿਹੜੇ ਵਿੱਚ ਉਸਰਿਆ ਦਿੱਲੀ ਦਾ ਵਿਸ਼ਾਲ ਲਾਲ ਕਿਲ੍ਹਾ ਦਰਸ਼ਕਾਂ ਲਈ ਖਿੱਚ ਦਾ ਵਿਸ਼ੇਸ਼ ਕੇਂਦਰ ਬਣਿਆ ਹੋਇਆ ਹੈ।
ਠੰਡੇ ਪ੍ਰਦੇਸ਼ ਵਜੋਂ ਜਾਣੇ ਜਾਂਦੇ ਹਿਮਾਚਲ ਪ੍ਰਦੇਸ਼ ਦੀਆਂ ਖੂਬਸੂਰਤ ਵਾਦੀਆਂ ਦਾ ਦ੍ਰਿਸ਼ , ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਬਾਰਡਰ , ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ , ਪਿੰਡ ਦਾ ਕੱਚਾ ਦਰਵਾਜ਼ਾ , ਮਿਲਖਾ ਹਾਊਸ ਆਦਿ ਪੰਜਾਬ ਦੇ ਪੁਰਾਤਨ ਤੇ ਵਿਲੱਖਣ ਯੁੱਗ ਦੀਆਂ ਮੂੰਹੋ ਬੋਲਦੀਆਂ ਤਸਵੀਰਾਂ ਪੇਸ਼ ਕਰਦੇ ਹਨ । ਪਾਣੀ ਦੇ ਪੁਰਾਤਨ ਸ੍ਰੋਤ ਟਿੰਡਾਂ ਵਾਲਾ ਖੂਹ, ਬਲਦਾਂ ਜਾਂ ਹੋਰ ਜਾਨਵਰਾਂ ਨਾਲ ਗੇੜੀ ਜਾਣ ਵਾਲੀ ਹਰਟੀ , ਚੁੱਲ੍ਹਾ ਚੌਂਕਾ , ਮਧਾਣੀਆਂ , ਸੰਦੂਕ , ਵਿਆਹ ਵਾਲੀ ਡੋਲੀ ਆਦਿ ਵਸਤਾਂ ਵੇਖਕੇ ਵੀ ਮਨ ਨੂੰ ਅਜੀਬ ਜਿਹੇ ਸਕੂਨ ਦੀ ਪ੍ਰਾਪਤੀ ਹੁੰਦੀ ਹੈ । ਇੱਥੋਂ ਦੀ ਖੂਬਸੂਰਤੀ ਮਾਨਣ ਲਈ ਆਮ ਦਰਸ਼ਕਾਂ ਦੇ ਨਾਲ ਨਾਲ ਜਿੱਥੇ ਪੰਜਾਬ ਦੇ ਕਈ ਸਕੂਲਾਂ ਦੇ ਵਿਦਿਆਰਥੀ ਆਉਂਦੇ ਰਹਿੰਦੇ ਹਨ ਉੱਥੇ ਇਹ ਰਮਣੀਕ ਸਥਾਨ ਕਈ ਫ਼ਿਲਮਕਾਰਾਂ ਤੇ ਗਾਇਕ ਕਲਾਕਾਰਾਂ ਦੀ ਵੀ ਪਹਿਲੀ ਪਸੰਦ ਬਣਿਆ ਹੋਇਆ ਹੈ । ਬਹੁਤੇ ਲੋਕ ਇਸ ਜਗ੍ਹਾ ‘ਤੇ ਤੀਆਂ ਜਿਹੇ ਤਿਉਹਾਰ, ਪ੍ਰੀ ਵੈਡਿੰਗ, ਜਾਗੋ, ਕਿੱਟੀ ਪਾਰਟੀਜ਼ , ਹੈਪੀ ਬਰਥ ਡੇਅ ਤੇ ਹੋਰ ਰੰਗਾ ਰੰਗ ਸੇਲੀਬ੍ਰੇਸ਼ਨਜ਼ ਮਨਾਉਣ ਲਈ ਢੁੱਕਵੀਂ ਜਗ੍ਹਾ ਵਜੋਂ ਵੇਖਦੇ ਹਨ। ਪੰਜਾਬ ਦੀ ਗੌਰਵਮਈ ਗਾਥਾ ਦਾ ਚਿੱਤਰਣ ਕਰਦੀ ਜੱਨਤ ਏ ਜਰਖੜ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਸ਼ਾਨਾਮੱਤੇ ਵਿਰਸੇ ਨਾਲ ਜੋੜਣ ਲਈ ਅਹਿਮ ਭੂਮਿਕਾ ਨਿਭਾ  ਰਹੀ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਨਿਭਾਉਂਦੀ ਰਹੇਗੀ । ਇਸਦੇ ਨਿਰਮਾਣ ਲਈ ਸ ਜਗਰੂਪ ਸਿੰਘ ਜਰਖੜ ਵਧਾਈ ਦੇ ਪਾਤਰ ਹਨ ।

Leave a Reply

Your email address will not be published. Required fields are marked *

Share via
Copy link