ਸਿੱਖ ਇਤਿਹਾਸ ਦਾ ਮਹਾਂ ਨਾਇਕ: ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ – ਪ੍ਰੋ. ਸਰਚਾਂਦ ਸਿੰਘ ਖਿਆਲਾ
ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸਿੱਖ ਇਤਿਹਾਸ, ਭਾਰਤੀ ਇਤਿਹਾਸ ਅਤੇ ਮਨੁੱਖੀ ਮੁਕਤੀ ਦੇ ਸੰਘਰਸ਼ ਵਿੱਚ ਅਦੁੱਤੀ ਸਨਮਾਨ ਨਾਲ ਲਿਆ ਜਾਂਦਾ ਹੈ। ਉਹ ਕੇਵਲ ਇੱਕ ਮਹਾਨ ਯੋਧੇ ਹੀ ਨਹੀਂ ਸਨ, ਸਗੋਂ ਅਜਿਹੇ ਇਨਕਲਾਬੀ ਆਗੂ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਜ਼ੁਲਮ, ਜਾਗੀਰਦਾਰੀ ਅਤੇ ਸਮਾਜਿਕ ਅਸਮਾਨਤਾ ਨੂੰ ਸਿੱਧੀ ਚੁਣੌਤੀ ਦਿੱਤੀ। ਉਨ੍ਹਾਂ ਨੇ ਜਾਤ-ਪਾਤ ਅਤੇ ਉੱਚ-ਨੀਚ ਦੇ ਭੇਦਭਾਵ ਨੂੰ ਰੱਦ ਕਰਦਿਆਂ ਸਮਾਜ ਦੇ ਹੇਠਲੇ ਸਮਝੇ ਜਾਂਦੇ ਵਰਗਾਂ ਨੂੰ ਵੀ ਇੱਜ਼ਤ, ਅਧਿਕਾਰ ਅਤੇ ਸੱਤਾ ਵਿੱਚ ਹਿੱਸੇਦਾਰੀ ਦਿੱਤੀ।
ਉਨ੍ਹਾਂ ਦੀ ਸਭ ਤੋਂ ਵੱਡੀ ਦੇਣ ਸਮਾਜਿਕ ਕ੍ਰਾਂਤੀ ਸੀ। ਉਨ੍ਹਾਂ ਨੇ ਜਾਗੀਰਦਾਰੀ ਪ੍ਰਣਾਲੀ ਨੂੰ ਚੁਣੌਤੀ ਦਿੰਦਿਆਂ ਜ਼ਮੀਨਾਂ ਦਾ ਮਾਲਕਾਨਾ ਹੱਕ ਉਨ੍ਹਾਂ ਕਿਸਾਨਾਂ ਨੂੰ ਦਿਵਾਇਆ, ਜੋ ਪੀੜ੍ਹੀਆਂ ਤੋਂ ਉਨ੍ਹਾਂ ਜ਼ਮੀਨਾਂ ’ਤੇ ਮਿਹਨਤ ਕਰਦੇ ਅਤੇ ਹਲ ਵਾਹੁੰਦੇ ਆ ਰਹੇ ਸਨ। ਇਹ ਭਾਰਤੀ ਉਪ-ਮਹਾਂਦੀਪ ਦੇ ਇਤਿਹਾਸ ਵਿੱਚ ਪੱਛਮ ਤੋਂ ਵੀ ਪਹਿਲਾਂ ਦਾ ਇੱਕ ਵਿਲੱਖਣ ਅਤੇ ਕ੍ਰਾਂਤੀਕਾਰੀ ਕਦਮ ਸੀ।
ਉਹ ਅਜਿਹੇ ਮਹਾਨ ਆਗੂ ਵਜੋਂ ਉੱਭਰੇ, ਜਿਨ੍ਹਾਂ ਨੇ ਮੁਗ਼ਲ ਸਾਮਰਾਜ ਵਿਰੁੱਧ ਖ਼ਾਲਸਾ ਫ਼ੌਜ ਦੀ ਅਗਵਾਈ ਕਰਦਿਆਂ ਉਸ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਅਤੇ ਕੁਝ ਹੀ ਸਾਲਾਂ ਵਿੱਚ ਪੰਜਾਬ ਦੇ ਆਮ ਲੋਕਾਂ ਦਾ ਪਹਿਲਾ ਖ਼ਾਲਸਾਈ ਰਾਜ ਸਥਾਪਿਤ ਕੀਤਾ। ਇਹ ਪੰਜਾਬ ਦੀ ਧਰਤੀ ’ਤੇ ਸਮਾਜਿਕ ਨਿਆਂ, ਲੋਕ-ਕਲਿਆਣ ਅਤੇ ਬਰਾਬਰੀ ਦੇ ਸਿਧਾਂਤਾਂ ’ਤੇ ਆਧਾਰਿਤ ਪਹਿਲੇ ਖ਼ਾਲਸਾ ਰਾਜ ਦੀ ਸਥਾਪਨਾ ਸੀ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਆਪਣੇ ਨਾਮ ਦੀ ਬਜਾਏ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਸਿੱਕੇ ਚਲਾਏ ਜਾਣਾ ਇਹ ਸਪੱਸ਼ਟ ਕਰਦਾ ਹੈ ਕਿ ਉਹ ਆਪਣੇ ਆਪ ਨੂੰ ਕਿਸੇ ਰਾਜਵੰਸ਼ ਦਾ ਸੰਸਥਾਪਕ ਨਹੀਂ, ਸਗੋਂ ਗੁਰੂ ਸਾਹਿਬਾਨ ਦੇ ਮਿਸ਼ਨ ਦਾ ਸੇਵਕ ਮੰਨਦੇ ਸਨ।
ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ 1670 ਨੂੰ ਰਾਜੌਰੀ, ਮੌਜੂਦਾ ਜੰਮੂ-ਕਸ਼ਮੀਰ, ਵਿਖੇ ਇੱਕ ਰਾਜਪੂਤ ਕਿਸਾਨ ਪਰਿਵਾਰ ਵਿੱਚ ਹੋਇਆ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਮੁੱਢਲਾ ਨਾਮ ਲਛਮਣ ਦਾਸ ਸੀ। ਸ਼ਿਕਾਰ ਦੌਰਾਨ ਵਾਪਰੀ ਇੱਕ ਘਟਨਾ ਨੇ ਉਨ੍ਹਾਂ ਦੇ ਮਨ ’ਤੇ ਡੂੰਘਾ ਪ੍ਰਭਾਵ ਪਾਇਆ ਅਤੇ ਉਹ ਸੰਸਾਰਕ ਜੀਵਨ ਤੋਂ ਵਿਰਕਤ ਹੋ ਗਏ। ਬਾਅਦ ਵਿੱਚ ਉਨ੍ਹਾਂ ਨੇ ਤਿਆਗੀ ਜੀਵਨ ਅਪਣਾਇਆ ਅਤੇ ਮਾਧੋ ਦਾਸ ਵਜੋਂ ਜਾਣੇ ਜਾਣ ਲੱਗੇ। ਉਹ ਦੱਖਣ ਦੇ ਨਾਸਿਕ ਵਿਖੇ ਇੱਕ ਜੋਗੀ ਦੇ ਚੇਲੇ ਬਣੇ ਅਤੇ ਗੋਦਾਵਰੀ ਨਦੀ ਦੇ ਕੰਢੇ, ਨਾਂਦੇੜ ਵਿਖੇ, ਆਪਣਾ ਡੇਰਾ ਸਥਾਪਿਤ ਕੀਤਾ।
ਸੰਨ 1708 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਉਨ੍ਹਾਂ ਦਾ ਮਿਲਾਪ ਕੇਵਲ ਦੋ ਵਿਅਕਤੀਆਂ ਦੀ ਮੁਲਾਕਾਤ ਨਹੀਂ ਸੀ, ਸਗੋਂ ਇਤਿਹਾਸ ਦੀ ਦਿਸ਼ਾ ਬਦਲਣ ਵਾਲਾ ਮਹੱਤਵਪੂਰਨ ਪਲ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤ ਛਕਿਆ ਅਤੇ ਗੁਰਬਖ਼ਸ਼ ਸਿੰਘ ਨਾਮ ਧਾਰਨ ਕੀਤਾ। ਪਰ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋਏ।
ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਗ਼ਲ ਸ਼ਾਸਨ ਦੇ ਅੱਤਿਆਚਾਰਾਂ ਵਿਰੁੱਧ ਸੰਘਰਸ਼ ਕਰਨ ਅਤੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਪੰਜਾਬ ਭੇਜਿਆ। ਇਸ ਮਿਸ਼ਨ ਲਈ ਉਨ੍ਹਾਂ ਨੂੰ ਪੰਜ ਤੀਰ, ਨਿਸ਼ਾਨ ਸਾਹਿਬ, ਨਗਾਰਾ ਅਤੇ ਸਿੱਖ ਸੰਗਤਾਂ ਨੂੰ ਉਨ੍ਹਾਂ ਦੀ ਅਗਵਾਈ ਹੇਠ ਇਕੱਠੇ ਹੋਣ ਦਾ ਸੰਦੇਸ਼ ਦੇਣ ਵਾਲੇ ਹੁਕਮਨਾਮੇ ਸੌਂਪੇ ਗਏ।
ਬਾਬਾ ਬੰਦਾ ਸਿੰਘ ਬਹਾਦਰ ਦੀ ਮੁਗ਼ਲ ਸ਼ਾਸਨ ਵਿਰੁੱਧ ਲੜਾਈ ਅੱਜ ਦੇ ਪੰਜਾਬ, ਹਰਿਆਣਾ ਅਤੇ ਨੇੜਲੇ ਖੇਤਰਾਂ ਵਿੱਚ ਕੇਂਦਰਿਤ ਸੀ। ਉਨ੍ਹਾਂ ਨੇ ਸਮਾਣਾ, ਸਢੌਰਾ, ਕਪੂਰੀ, ਥਾਨੇਸਰ, ਕੁਰੂਕਸ਼ੇਤਰ ਅਤੇ ਸੋਨੀਪਤ ਵਰਗੇ ਖੇਤਰਾਂ ਨੂੰ ਮੁਗ਼ਲਾਂ ਤੋਂ ਆਜ਼ਾਦ ਕਰਵਾਇਆ। ਇਹੀ ਕਾਰਨ ਹੈ ਕਿ ਹਰਿਆਣਾ ਸਰਕਾਰ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੀ ਧਾਰਮਿਕ ਪਛਾਣ ਤੋਂ ਉੱਪਰ ਇੱਕ ਲੋਕ ਨਾਇਕ, ਸੰਯੁਕਤ ਸਭਿਆਚਾਰਕ ਪ੍ਰਤੀਕ ਅਤੇ ਰਾਸ਼ਟਰੀ ਨੇਤਾ ਵਜੋਂ ਦੇਖਦੀ ਹੈ। ਉਨ੍ਹਾਂ ਦੀਆਂ ਜਿੱਤਾਂ ਨੇ ਆਮ ਲੋਕਾਂ ਵਿੱਚ ਜ਼ੁਲਮ ਵਿਰੁੱਧ ਲੜਨ ਦਾ ਹੌਸਲਾ ਪੈਦਾ ਕੀਤਾ। ਇਸੇ ਲਈ ਉਹ ਵਿਆਪਕ ਭਾਰਤੀ ਇਤਿਹਾਸ ਵਿੱਚ ਵੀ ਜ਼ੁਲਮ ਵਿਰੁੱਧ ਸੰਘਰਸ਼ ਦੇ ਪ੍ਰਤੀਕ ਵਜੋਂ ਯਾਦ ਕੀਤੇ ਜਾਂਦੇ ਹਨ।
ਸੰਨ 1710 ਵਿੱਚ ਉਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੂੰ ਸ਼ਹੀਦ ਕਰਵਾਉਣ ਵਾਲੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਹਰਾ ਕੇ ਸਿੱਖ ਇਤਿਹਾਸ ਦਾ ਇੱਕ ਨਵਾਂ ਅਧਿਆਇ ਲਿਖਿਆ। ਸਰਹਿੰਦ ਦੀ ਜਿੱਤ ਕੇਵਲ ਇੱਕ ਸੈਨਿਕ ਜਿੱਤ ਨਹੀਂ ਸੀ, ਸਗੋਂ ਨਿਆਂ ਦੀ ਜਿੱਤ ਸੀ। ਬਾਅਦ ਵਿੱਚ ਉਹ ਜਲਾਲਾਬਾਦ, ਜਲੰਧਰ ਅਤੇ ਹੁਸ਼ਿਆਰਪੁਰ ਹੀ ਨਹੀਂ, ਸਗੋਂ ਖ਼ਾਲਸਾਈ ਝੰਡਾ ਲਾਹੌਰ ਦੀਆਂ ਦੀਵਾਰਾਂ ਤੱਕ ਲਿਜਾਣ ਵਿੱਚ ਵੀ ਸਫਲ ਹੋਏ।
ਉਨ੍ਹਾਂ ਦੀ ਅਗਵਾਈ ਹੇਠ ਖ਼ਾਲਸਾਈ ਤਾਕਤ ਨੇ ਦੁਆਬੇ ਅਤੇ ਚੰਬੇ ਤੱਕ ਦੇ ਪਹਾੜੀ ਖੇਤਰਾਂ ਵਿੱਚ ਆਪਣਾ ਪ੍ਰਭਾਵ ਵਧਾਇਆ। ਬਾਬਾ ਜੀ ਨੂੰ ਰਾਜ ਕਰਨ ਲਈ ਬਹੁਤਾ ਸਮਾਂ ਨਹੀਂ ਮਿਲਿਆ, ਪਰ ਆਪਣੇ ਸੱਤ-ਅੱਠ ਸਾਲਾਂ ਦੇ ਸੰਘਰਸ਼ ਦੌਰਾਨ ਉਨ੍ਹਾਂ ਨੇ ਤੂਫ਼ਾਨ ਵਾਂਗ ਮੁਗ਼ਲ ਹਕੂਮਤ ਨੂੰ ਗੰਭੀਰ ਚੁਣੌਤੀ ਦਿੱਤੀ। ਉਨ੍ਹਾਂ ਦੀ ਫ਼ੌਜ ਵਿੱਚ ਆਮ ਲੋਕਾਂ ਦੀ ਵੱਡੀ ਭੂਮਿਕਾ ਸੀ। ਉਨ੍ਹਾਂ ਨੇ ਸੀਮਤ ਸਾਧਨਾਂ ਦੇ ਬਾਵਜੂਦ ਸਿਖਲਾਈ ਪ੍ਰਾਪਤ ਫ਼ੌਜਾਂ ’ਤੇ ਜਿੱਤਾਂ ਹਾਸਲ ਕੀਤੀਆਂ ਅਤੇ ਜ਼ੁਲਮ ਦਾ ਸਾਹਮਣਾ ਕਰਨ ਵਾਲਿਆਂ ਨੂੰ ਨਵੀਂ ਉਮੀਦ ਦਿੱਤੀ।
ਲੰਮੇ ਸੰਘਰਸ਼ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀ ਗੁਰਦਾਸ ਨੰਗਲ ਦੀ ਗੜ੍ਹੀ (ਜ਼ਿਲ੍ਹਾ ਗੁਰਦਾਸਪੁਰ) ਵਿੱਚ ਸ਼ਾਹੀ ਫ਼ੌਜਾਂ ਵੱਲੋਂ ਘੇਰ ਲਏ ਗਏ। ਲੰਮੀ ਘੇਰਾਬੰਦੀ ਅਤੇ ਭਾਰੀ ਮੁਸ਼ਕਲਾਂ ਤੋਂ ਬਾਅਦ, ਇੱਕ ਸਾਜ਼ਿਸ਼ ਤਹਿਤ ਬਾਬਾ ਜੀ ਨੂੰ ਗੜ੍ਹੀ ਵਿੱਚੋਂ ਬਾਹਰ ਕੱਢਿਆ ਗਿਆ। ਇਸ ਘਟਨਾ ਦੀ ਤੁਲਨਾ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ’ਤੇ ਹੋਏ ਹਮਲਿਆਂ ਨਾਲ ਕੀਤੀ ਜਾਂਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸੈਂਕੜੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਜਾਇਆ ਗਿਆ। ਇਸ ਕਾਫ਼ਲੇ ਵਿੱਚ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤੇ ਹੋਰ ਸਿੱਖ ਵੀ ਸ਼ਾਮਲ ਸਨ।
ਸੰਨ 1716 ਵਿੱਚ ਦਿੱਲੀ ਦੀ ਧਰਤੀ ’ਤੇ ਸਿੱਖਾਂ ਦੀ ਸ਼ਹਾਦਤ ਦਾ ਇੱਕ ਅਜਿਹਾ ਖ਼ੂਨੀ ਅਧਿਆਇ ਲਿਖਿਆ ਗਿਆ, ਜਿਸ ਦੀ ਕਲਪਨਾ ਮਾਤਰ ਨਾਲ ਹਿਰਦਾ ਕੰਬ ਉੱਠਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਪੁਰਾਣੀ ਦਿੱਲੀ ਵਿਚ ਕੋਤਵਾਲੀ ਚੌਕ ਅਤੇ ਮਹਿਰੌਲੀ ਖੇਤਰ ਨਾਲ ਜੁੜੀਆਂ ਥਾਵਾਂ ’ਤੇ ਉਨ੍ਹਾਂ ਦੇ ਗ੍ਰਿਫ਼ਤਾਰ ਸਾਥੀ ਸਿੰਘਾਂ ਵਿੱਚੋਂ ਰੋਜ਼ਾਨਾ ਸੌ-ਸੌ ਸਿੰਘਾਂ ਨੂੰ ਕਈ ਦਿਨਾਂ ਤੱਕ ਜਨਤਕ ਤੌਰ ’ਤੇ ਕਤਲ ਕੀਤਾ ਗਿਆ। ਫਿਰ ਉਨ੍ਹਾਂ ਦੇ ਸਿਰ ਕੱਟ ਕੇ ਸੜਕਾਂ ਦੇ ਮੋੜਾਂ ’ਤੇ ਟੰਗੇ ਗਏ। ਮੁਗ਼ਲ ਹਕੂਮਤ ਦਾ ਮਕਸਦ ਦਹਿਸ਼ਤ ਫੈਲਾਉਣਾ ਅਤੇ ਲੋਕਾਂ ਨੂੰ ਇਹ ਚੇਤਾਵਨੀ ਦੇਣਾ ਸੀ ਕਿ ਸਾਮਰਾਜ ਵਿਰੁੱਧ ਖੜ੍ਹੇ ਹੋਣ ਵਾਲਿਆਂ ਦਾ ਅੰਜਾਮ ਕੀ ਹੋਵੇਗਾ। ਪਰ ਇਹ ਦਹਿਸ਼ਤ ਸਿੱਖਾਂ ਦੇ ਸਿਦਕ ਨੂੰ ਨਾ ਡੁਲਾ ਸਕੀ। ਇੱਕ-ਇੱਕ ਕਰਕੇ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਗਏ, ਪਰ ਕਿਸੇ ਨੇ ਈਨ ਨਾ ਮੰਨੀ। ਨਾ ਜ਼ੁਲਮ ਉਨ੍ਹਾਂ ਦੇ ਵਿਸ਼ਵਾਸ ਨੂੰ ਖ਼ਰੀਦ ਸਕਿਆ ਅਤੇ ਨਾ ਹੀ ਮੌਤ ਦਾ ਡਰ ਉਨ੍ਹਾਂ ਨੂੰ ਝੁਕਾ ਸਕਿਆ।
ਇਸ ਦਰਦਨਾਕ ਗਾਥਾ ਦਾ ਸਭ ਤੋਂ ਵੱਧ ਹਿਰਦੇ-ਵੇਧਕ ਅਤੇ ਵੈਰਾਗਮਈ ਪੱਖ ਬਾਬਾ ਬੰਦਾ ਸਿੰਘ ਬਹਾਦਰ ਦੇ ਮਾਸੂਮ ਪੁੱਤਰ, ਬਾਬਾ ਅਜੈ ਸਿੰਘ ਦੀ ਕੁਰਬਾਨੀ ਹੈ। ਮੁਗ਼ਲ ਹਾਕਮਾਂ ਨੇ ਬਾਬਾ ਜੀ ਦੇ ਅਡੋਲ ਸਿਦਕ ਨੂੰ ਤੋੜਨ ਲਈ ਉਨ੍ਹਾਂ ਦੇ ਮਾਸੂਮ ਪੁੱਤਰ ਨੂੰ ਪਿਤਾ ਦੇ ਸਾਹਮਣੇ ਸ਼ਹੀਦ ਕਰ ਦਿੱਤਾ। ਉਪਰੰਤ ਬਾਲਕ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਗਿਆ। ਇਹ ਬੇਰਹਿਮੀ ਮਨੁੱਖਤਾ ਦੇ ਇਤਿਹਾਸ ਦਾ ਅਤਿ ਦਰਦਨਾਕ ਅਧਿਆਇ ਹੈ।
ਇੱਕ ਪਿਤਾ ਦੇ ਸਾਹਮਣੇ ਉਸ ਦੇ ਨਿੱਕੇ ਜਿਹੇ ਲਾਡਲੇ ਪੁੱਤਰ ਨੂੰ ਕਤਲ ਕਰ ਦੇਣਾ ਅਤੇ ਉਸ ਦਾ ਦਿਲ ਕੱਢ ਕੇ ਮੂੰਹ ਵਿੱਚ ਪਾ ਦੇਣਾ—ਇਸ ਤੋਂ ਵੱਡੀ ਮਾਨਸਿਕ ਪੀੜ ਦੀ ਕਲਪਨਾ ਕਰਨੀ ਵੀ ਔਖੀ ਹੈ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪੁੱਤਰ ਦੀ ਸ਼ਹਾਦਤ ਅਤੇ ਅੰਤਾਂ ਦੇ ਤਸੀਹਿਆਂ ਦੇ ਬਾਵਜੂਦ ਸਿਦਕ ਨਹੀਂ ਛੱਡਿਆ। ਉਨ੍ਹਾਂ ਦੀ ਚੁੱਪ ਵਿੱਚ ਇੱਕ ਪਿਤਾ ਦਾ ਅਥਾਹ ਦਰਦ ਵੀ ਸੀ ਅਤੇ ਗੁਰੂ-ਭਾਣੇ ਵਿੱਚ ਅਟੱਲ ਭਰੋਸਾ ਵੀ। ਉਨ੍ਹਾਂ ਦੀ ਅਡੋਲਤਾ ਨੇ ਜ਼ਾਲਮਾਂ ਦੀ ਤਾਕਤ ਨੂੰ ਨੈਤਿਕ ਤੌਰ ’ਤੇ ਬੌਣਾ ਕਰ ਦਿੱਤਾ। ਉਹ ਆਪਣੇ ਸਰੀਰ ’ਤੇ ਹੋ ਰਹੇ ਜ਼ੁਲਮ ਨੂੰ ਸਹਿੰਦੇ ਰਹੇ, ਪਰ ਆਪਣੇ ਵਿਸ਼ਵਾਸ ਅਤੇ ਅਸੂਲਾਂ ਤੋਂ ਇੱਕ ਕਦਮ ਵੀ ਪਿੱਛੇ ਨਾ ਹਟੇ। ਅੰਤ ਵਿੱਚ, ਜੂਨ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਅੰਤਾਂ ਦੇ ਤਸੀਹੇ ਸਹਿੰਦਿਆਂ ਅਦੁੱਤੀ ਸ਼ਹਾਦਤ ਪ੍ਰਾਪਤ ਕੀਤੀ ਅਤੇ ਸਿੱਖ ਇਤਿਹਾਸ ਵਿੱਚ ਸਿਦਕ, ਸੂਰਮਗਤੀ ਤੇ ਕੁਰਬਾਨੀ ਦਾ ਅਮਿੱਟ ਅਧਿਆਇ ਲਿਖ ਦਿੱਤਾ।
ਸਿੱਖ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਮੁੱਢਲੇ ਜੀਵਨ ਬਾਰੇ ਸਮਕਾਲੀ ਅਤੇ ਵਿਸਤ੍ਰਿਤ ਜਾਣਕਾਰੀ ਦੇਣ ਵਾਲੀਆਂ ਲਿਖਤਾਂ ਬਹੁਤ ਘੱਟ ਮਿਲਦੀਆਂ ਹਨ। ਉਨ੍ਹਾਂ ਦੇ ਜੀਵਨ ਬਾਰੇ ਵਧੇਰੇ ਜਾਣਕਾਰੀ 1708 ਵਿੱਚ ਨਾਂਦੇੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਬਿਤਾਏ ਲਗਭਗ ਸੱਤ-ਅੱਠ ਸਾਲਾਂ ਨਾਲ ਸਬੰਧਤ ਹੈ। ਉਨਾਂ ਬਾਰੇ ਇਤਿਹਾਸਕ ਖੋਜ ਲਈ ਫ਼ਾਰਸੀ ਸਰੋਤਾਂ ਵਿੱਚ ‘ਅਖ਼ਬਾਰ-ਏ-ਦਰਬਾਰ-ਏ-ਮੁਅੱਲਾ’, ਮੁਹੰਮਦ ਕਾਸਿਮ ਦਾ ‘ਇਬਰਤਨਾਮਾ’, ਮਿਰਜ਼ਾ ਮੁਹੰਮਦ ਦਾ ‘ਇਬਰਤਨਾਮਾ’, ਹਾਜੀ ਕਾਮਵਰ ਖ਼ਾਨ ਦੀ ‘ਤਜ਼ਕਿਰਾਤ-ਉਲ-ਸਲਾਤੀਨ ਚੁਗ਼ਤਾ’ ਅਤੇ ਖ਼ਾਫ਼ੀ ਖ਼ਾਨ ਦੀ ‘ਮੁਨਤਖ਼ਬ-ਉਲ-ਲੁਬਾਬ’ ਵਰਗੀਆਂ ਰਚਨਾਵਾਂ ਹਨ। ਜਿਨਾਂ ਵਿੱਚ ਦਰਜ ਬਾਬਾ ਜੀ ਦੇ ਸੰਘਰਸ਼, ਗ੍ਰਿਫ਼ਤਾਰੀ ਅਤੇ ਸ਼ਹਾਦਤ ਨਾਲ ਸਬੰਧਤ ਵੇਰਵਿਆਂ ਨੂੰ ਲੇਖਕਾਂ ਦੇ ਸਮੇਂ, ਰਾਜਨੀਤਿਕ ਮਾਹੌਲ ਅਤੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖ ਕੇ ਵਾਚਣ ਦੀ ਲੋੜ ਹੈ।
ਪੰਜਾਬੀ ਇਤਿਹਾਸਕ ਲਿਖਤਾਂ ਵਿੱਚ ਕੇਸਰ ਸਿੰਘ ਛਿੱਬਰ ਦੀ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿਸ਼ੇਸ਼ ਮਹੱਤਵ ਰੱਖਦੀ ਹੈ, ਜੋ ਲਗਭਗ 1769 ਵਿੱਚ ਲਿਖੀ ਗਈ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਢਾਡੀ ਨੱਥ ਮੱਲ ਦਾ ਫ਼ਾਰਸੀ ‘ਅਮਰਨਾਮਾ’ ਵੀ ਇੱਕ ਮਹੱਤਵਪੂਰਨ ਸਰੋਤ ਹੈ। ਕੋਇਰ ਸਿੰਘ ਦੀ ‘ਗੁਰ ਬਿਲਾਸ ਪਾਤਸ਼ਾਹੀ ਦਸਵੀਂ’, ਸਰੂਪ ਸਿੰਘ ਕੌਸ਼ਿਸ਼ ਦੀ ‘ਗੁਰੂ ਕੀਆਂ ਸਾਖੀਆਂ’, ਰਤਨ ਸਿੰਘ ਭੰਗੂ ਦੀ ‘ਪ੍ਰਾਚੀਨ ਪੰਥ ਪ੍ਰਕਾਸ਼’, ਕਵੀ ਸੰਤੋਖ ਸਿੰਘ ਦੀ ‘ਸੂਰਜ ਪ੍ਰਕਾਸ਼ ਗ੍ਰੰਥ’, ਗਿਆਨੀ ਗਿਆਨ ਸਿੰਘ ਦੀ ‘ਸ੍ਰੀ ਗੁਰ ਪੰਥ ਪ੍ਰਕਾਸ਼’ ਅਤੇ ਸਰੂਪ ਦਾਸ ਭੱਲਾ ਦੀ ‘ਮਹਿਮਾ ਪ੍ਰਕਾਸ਼’ ਵੀ ਸਿੱਖ ਇਤਿਹਾਸ ਦੀਆਂ ਚਰਚਾਵਾਂ ਵਿੱਚ ਹਵਾਲਿਆਂ ਵਜੋਂ ਵਰਤੀਆਂ ਜਾਂਦੀਆਂ ਹਨ। ਹਾਲਾਂਕਿ, ਇਨ੍ਹਾਂ ਰਚਨਾਵਾਂ ਦੇ ਲਿਖੇ ਜਾਣ ਦੇ ਸਮੇਂ, ਉਦੇਸ਼ ਅਤੇ ਆਪਸੀ ਸਰੋਤ-ਸਬੰਧਾਂ ਦੀ ਜਾਂਚ ਕਰਨੀ ਜ਼ਰੂਰੀ ਹੈ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਬਾਰੇ ਪੁਰਾਣੀਆਂ ਲਿਖਤਾਂ ਅਤੇ ਬਾਅਦ ਦੇ ਬਿਰਤਾਂਤਾਂ ਵਿੱਚ ਵੱਖ-ਵੱਖ ਧਾਰਨਾਵਾਂ ਮਿਲਦੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਨਾਲ ਉਨ੍ਹਾਂ ਦੇ ਸਬੰਧਾਂ, ਰਹਿਤ-ਮਰਿਆਦਾ ਅਤੇ ਜੀਵਨ ਦੀਆਂ ਕੁਝ ਘਟਨਾਵਾਂ ਬਾਰੇ ਵੀ ਮਤਭੇਦ ਹਨ। ਕੁਝ ਲਿਖਤਾਂ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਹੁਕਮਾਂ ਤੋਂ ਵੱਖ ਹੋਇਆ ਦਰਸਾਉਂਦੀਆਂ ਹਨ, ਜਦਕਿ ਹੋਰ ਬਿਰਤਾਂਤ ਉਨ੍ਹਾਂ ਦੀ ਗੁਰੂ-ਨਿਸ਼ਠਾ ਅਤੇ ਕੁਰਬਾਨੀ ਨੂੰ ਉਭਾਰਦੇ ਹਨ।
ਇਨ੍ਹਾਂ ਮਤਭੇਦਾਂ ਦੇ ਨਿਰਪੱਖ ਮੁਲਾਂਕਣ ਲਈ ਡਾ. ਸੁਖਦਿਆਲ ਸਿੰਘ ਦੀ ਪੁਸਤਕ ‘ਬੰਦਾ ਸਿੰਘ ਬਹਾਦਰ: ਇਤਿਹਾਸਕ ਅਧਿਐਨ’ ਵੀ ਜ਼ਿਕਰਯੋਗ ਹੈ, ਜੋ ਬਾਬਾ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਬਾਰੇ ਪ੍ਰਚਲਿਤ ਇਤਿਹਾਸਕ ਧਾਰਨਾਵਾਂ ਨੂੰ ਸਮਝਣ ਲਈ ਖੋਜ-ਆਧਾਰਿਤ ਦ੍ਰਿਸ਼ਟੀ ਪ੍ਰਦਾਨ ਕਰਦੀ ਹੈ।
ਅੰਗਰੇਜ਼ ਇਤਿਹਾਸਕਾਰ ਵਿਲੀਅਮ ਇਰਵਨ ਨੇ ਆਪਣੀ ਪੁਸਤਕ ‘ਲੇਟਰ ਮੁਗਲਜ਼’ ਵਿੱਚ ਇਸ ਸਮਾਜਿਕ ਤਬਦੀਲੀ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਦੇ ਵਰਣਨ ਅਨੁਸਾਰ, ਬਾਬਾ ਜੀ ਦੀ ਫ਼ੌਜ ਵਿੱਚ ਸ਼ਾਮਲ ਹੋਣ ਵਾਲੇ ਹੇਠਲੇ ਸਮਝੇ ਜਾਂਦੇ ਵਰਗਾਂ ਦੇ ਲੋਕ ਆਪਣੇ ਘਰਾਂ ਨੂੰ ਹਾਕਮ ਬਣ ਕੇ ਮੁੜਦੇ ਸਨ ਅਤੇ ਸਮਾਜ ਦੇ ਧਨਾਢ ਲੋਕ ਵੀ ਉਨ੍ਹਾਂ ਦਾ ਸਵਾਗਤ ਕਰਦੇ ਸਨ। ਇਹ ਵੇਰਵਾ ਉਸ ਸਮਾਜਿਕ ਤਬਦੀਲੀ ਵੱਲ ਸੰਕੇਤ ਕਰਦਾ ਹੈ, ਜਿਸ ਰਾਹੀਂ ਬਾਬਾ ਜੀ ਨੇ ਆਮ ਲੋਕਾਂ ਵਿੱਚ ਸਵੈਮਾਣ ਅਤੇ ਅਧਿਕਾਰਾਂ ਦੀ ਭਾਵਨਾ ਜਗਾਈ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਆਦਰਸ਼ ਦੀ ਪੂਰਤੀ ਸੀ, ਜਿਸ ਵਿੱਚ ਗਰੀਬ ਅਤੇ ਨਿਮਾਣੇ ਸਿੱਖਾਂ ਨੂੰ ਪਾਤਸ਼ਾਹੀ ਦੇਣ ਦੀ ਕਲਪਨਾ ਕੀਤੀ ਗਈ ਸੀ।
ਬਾਬਾ ਬੰਦਾ ਬਹਾਦਰ ਸਿੱਖ ਕੌਮ ਦੇ ਮਹਾਨ ਨਾਇਕ ਹਨ, ਪਰ ਨਿਆਂ, ਬਰਾਬਰੀ ਅਤੇ ਮਨੁੱਖੀ ਮਰਿਆਦਾ ਲਈ ਉਨ੍ਹਾਂ ਦਾ ਸੰਘਰਸ਼ ਵਿਆਪਕ ਮਨੁੱਖੀ ਮਹੱਤਤਾ ਵੀ ਰੱਖਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੀ ਬਹਾਦਰੀ ਅਤੇ ਬਲੀਦਾਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੇਸ਼ ਲਈ ਪ੍ਰੇਰਣਾ ਦਾ ਸਰੋਤ ਦੱਸਿਆ ਹੈ। ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ, ਅਟੱਲ ਸਿਦਕ ਅਤੇ ਮਨੁੱਖੀ ਮਰਿਆਦਾ ਲਈ ਕੀਤੇ ਸੰਘਰਸ਼ ਨੂੰ ਲੱਖ-ਲੱਖ ਵਾਰ ਸਿੱਜਦਾ ਕਰਦਾ ਹਾਂ।
ਪ੍ਰੋ. ਸਰਚਾਂਦ ਸਿੰਘ ਖਿਆਲਾ
