ਹਿੰਡਨਬਰਗ: ਪੰਜਾਬ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਚੰਡੀਗੜ੍ਹ-ਅਮਰੀਕੀ ਸ਼ਾਰਟ ਸੈੱਲਰ ਹਿੰਡਨਬਰਗ ਦੀ ਰਿਪੋਰਟ ਦੇ ਹਵਾਲੇ ਨਾਲ ‘ਸੇਬੀ’ ਮੁਖੀ ਮਾਧਵੀ ਪੁਰੀ ਬੁੱਚ ਦੇ ਅਸਤੀਫ਼ੇ ਤੇੇ ‘ਅਡਾਨੀ ਘੁਟਾਲੇ’ ਦੀ ‘ਜੇਪੀਸੀ’ ਜਾਂਚ ਦੀ ਮੰਗ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਅੱਜ ਇਥੇ ਸੈਕਟਰ-15 ਵਿਚ ਪੰਜਾਬ ਕਾਂਗਰਸ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸੀਆਂ ਨੇ ਪ੍ਰਦਰਸ਼ਨ ਕਰਦਿਆਂ ਪੰਜਾਬ ਰਾਜ ਭਵਨ ਵੱਲ ਪੈਦਲ ਮਾਰਚ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲੀਸ ਨੇ ਕੁਝ ਦੂਰੀ ’ਤੇ ਹੀ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਦੋਵਾਂ ਧਿਰਾਂ ’ਚ ਖਿੱਚ-ਧੂਹ ਹੋਈ ਤੇ ਪੁਲੀਸ ਨੇ ਰਾਜਾ ਵੜਿੰਗ ਸਣੇ ਸੈਂਕੜੇ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ ਇਨ੍ਹਾਂ ਨੂੰ ਸ਼ਾਮ ਸਮੇਂ ਛੱਡ ਦਿੱਤਾ ਗਿਆ। ਖਿੱਚ-ਧੂਹ ਦੌਰਾਨ ਕੁਝ ਕਾਂਗਰਸੀ ਆਗੂਆਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ।ਰਾਜਾ ਵੜਿੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਅਸੰਵੇਦਨਸ਼ੀਲ ਦਿਖਾਈ ਦੇ ਰਹੇ ਹਨ। ਕੇਂਦਰ ਸਰਕਾਰ ਵੱਲੋਂ ਹਿੰਡਨਬਰਗ ਦੀ ਰਿਪੋਰਟ ਵਿੱਚ ‘ਸੇਬੀ’ ਚੇਅਰਪਰਸਨ ਵੱਲੋਂ ਅਡਾਨੀ ਸਮੂਹ ਨੂੰ ਆਰਥਿਕ ਲਾਭ ਪਹੁੰਚਾਉਣ ਬਾਰੇ ਵੱਡਾ ਘੁਟਾਲਾ ਜਨਤਕ ਹੋਣ ਦੇ ਬਾਵਜੂਦ ਜੇਪੀਸੀ ਜਾਂਚ ਤੋਂ ਹੱਥ ਪਿੱਛੇ ਖਿੱਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਵਿੱਚ ਵੱਡੀ ਅਸਫਲਤਾ ਤੋਂ ਬਾਅਦ ਸ਼ੇਅਰ ਮਾਰਕੀਟ ਦੇ ਨਿਵੇਸ਼ਕਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਚੋਣਾਂ ਦੇ ਐਗਜ਼ਿਟ ਪੋਲ ਸਾਹਮਣੇ ਆਉਣ ਦੇ ਬਾਵਜੂਦ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਿੰਡਨਬਰਗ ਰਿਸਰਚ ਨੇ ਮੌਰੀਸ਼ਸ ਵਿੱਚ ਵਿਨੋਦ ਅਡਾਨੀ ਦੀ ਮਲਕੀਅਤ ਵਾਲੀਆਂ 38 ਅਜਿਹੀਆਂ ਕੰਪਨੀਆਂ ਨੂੰ ਜਨਤਕ ਕੀਤਾ ਹੈ, ਜੋ ਕਿ ਯੂਏਈ, ਸਿੰਗਾਪੁਰ ਅਤੇ ਸਾਈਪ੍ਰਸ ਵਿੱਚ ਹੋਰਨਾਂ ਦੇ ਨਾਲ ਹਨ। ਇਨ੍ਹਾਂ ਕੰਪਨੀਆਂ ਦੀ ਵਰਤੋਂ ਭਾਰਤੀ ਬਾਜ਼ਾਰ ਵਿੱਚ ਵਿਕਾਸ ਦਰ ਨੂੰ ਗ਼ਲਤ ਢੰਗ ਨਾਲ ਪ੍ਰਾਜੈਕਟ ਕਰਨ ਅਤੇ ਦੇਸ਼ ਦੇ ਲੋਕਾਂ ਤੋਂ ਨਿਵੇਸ਼ ਆਕਰਸ਼ਿਤ ਕਰਕੇ ਸ਼ੇਅਰ ਬਾਜ਼ਾਰ ’ਚ ਹੇਰਾਫੇਰੀ ਕਰਨ ਲਈ ਕੀਤੀ ਜਾਂਦੀ ਹੈ। ਇਸ ਮੌਕੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਰਾਣਾ ਗੁਰਜੀਤ, ਮੁਹੰਮਦ ਸਦੀਕ, ਸੁਖਪਾਲ ਸਿੰਘ ਖਹਿਰਾ, ਹਰਦੇਵ ਸਿੰਘ ਲਾਡੀ, ਜਸਬੀਰ ਸਿੰਘ ਗਿੱਲ, ਸਿਮਰਜੀਤ ਸਿੰਘ ਬੈਂਸ, ਹਰਮਿੰਦਰ ਸਿੰਘ ਗਿੱਲ, ਬਲਬੀਰ ਸਿੰਘ ਸਿੱਧੂ, ਕੁਲਜੀਤ ਸਿੰਘ ਨਾਗਰਾ, ਗੁਰਕੀਰਤ ਸਿੰਘ ਕੋਟਲੀ, ਰਾਣਾ ਕੇਪੀ, ਹਰਪ੍ਰਤਾਪ ਸਿੰਘ ਅਜਨਾਲਾ, ਲਖਵੀਰ ਸਿੰਘ ਲੱਖਾ, ਕੁਲਦੀਪ ਸਿੰਘ ਵੈਦ, ਗੁਰਸ਼ਰਨ ਕੌਰ ਰੰਧਾਵਾ, ਮੋਹਿਤ ਮਹਿੰਦਰਾ ਅਤੇ ਈਸ਼ਰਪ੍ਰੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ।