ਟਾਪਪੰਜਾਬ

ਹਾਈ ਕੋਰਟ ਨੇ ਡੀ.ਜੀ.ਪੀ. ਨੂੰ ਪੁੱਛਿਆ, ਪੁਲਿਸ ਅਧਿਕਾਰੀਆਂ ਨੂੰ ਸਭ ਪਤਾ ਹੈ ਪਰ ਛੋਟੇ ਮੁਲਾਜ਼ਮਾਂ ‘ਤੇ ਹੀ ਕਾਰਵਾਈ ਹੁੰਦੀ ਹੈ-ਉੱਚ ਅਦਾਲਤ

ਚੰਡੀਗੜ੍ਹ-ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਵਿਚ ਨਹੀਂ ਹੋਣ ਦੇ ਬਿਆਨ ‘ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਡੀ.ਜੀ.ਪੀ. ਨੂੰ ਫਟਕਾਰ ਲਗਾਉਂਦਿਆਂ ਪੁੱਛਿਆ ਕਿ ਉਨ੍ਹਾਂ ਨੇ ਇਹ ਬਿਆਨ ਕਿਸ ਦੇ ਕਹਿਣ ‘ਤੇ ਦਿੱਤਾ ਸੀ | ਇਸ ਦੇ ਨਾਲ ਹੀ ਖਰੜ ਵਿਚ ਹੋਈ ਇੰਟਰਵਿਊ ਲਈ ਸੁਪਰਵਾਈਜ਼ਰ ਅਧਿਕਾਰੀ ਖ਼ਿਲਾਫ਼ ਕਾਰਵਾਈ ਨਾ ਹੋਣ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ | ਗ੍ਰਹਿ ਸਕੱਤਰ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਦੀ ਪਛਾਣ ਕਰਕੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ | ਅੱਜ ਵੀਰਵਾਰ ਨੂੰ ਸਵੇਰੇ 10 ਵਜੇ ਹਾਈ ਕੋਰਟ ਦੇ ਹੁਕਮਾਂ ‘ਤੇ ਰਾਜਸਥਾਨ ਦੇ ਐਡਵੋਕੇਟ ਜਨਰਲ ਰਾਜੇਂਦਰ ਪ੍ਰਸਾਦ ਵੀਡੀਓ ਕਾਨਫ਼ਰੰਸ ਰਾਹੀਂ ਸੁਣਵਾਈ ‘ਚ ਸ਼ਾਮਿਲ ਹੋਏ | ਏ.ਜੀ. ਨੂੰ ਦੱਸਿਆ ਗਿਆ ਕਿ ਲਾਰੇਂਸ ਬਿਸ਼ਨੋਈ ਦਾ ਦੂਜਾ ਇੰਟਰਵਿਊ ਰਾਜਸਥਾਨ ਦੀ ਇਕ ਜੇਲ੍ਹ ਵਿਚ ਹੋਇਆ ਸੀ | ਹਾਈ ਕੋਰਟ ਨੇ ਦੂਜੀ ਐਫ. ਆਈ. ਆਰ. ਦਾ ਰਿਕਾਰਡ ਐਸ.ਆਈ.ਟੀ. ਨੂੰ ਰਾਜਸਥਾਨ ਦੇ ਡੀ.ਜੀ.ਪੀ. ਨੂੰ ਭੇਜਣ ਦੇ ਹੁਕਮ ਦਿੱਤੇ ਹਨ | ਰਾਜਸਥਾਨ ਦੇ ਏ.ਜੀ. ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਐਫ.ਆਈ.ਆਰ. ਦੀ ਕਾਪੀ ਮਿਲਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ | ਇਸ ਤੋਂ ਬਾਅਦ ਸੁਣਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰਦੇ ਹੋਏ ਹਾਈਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਅਤੇ ਡੀ.ਜੀ.ਪੀ. ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ | ਦੁਪਹਿਰ 2 ਵਜੇ ਜਦੋਂ ਦੁਬਾਰਾ ਸੁਣਵਾਈ ਸ਼ੁਰੂ ਹੋਈ ਤਾਂ ਹਾਈਕੋਰਟ ਨੇ ਕਿਹਾ ਕਿ ਮੀਡੀਆ ਵਿਚ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਲਾਰੈਂਸ ਅਜੇ ਵੀ ਜੇਲ੍ਹ ‘ਚੋਂ ਉਗਰਾਹੀ ਕਰ ਰਿਹਾ ਹੈ, ਅਜਿਹੇ ਵਿਚ ਲੱਗਦਾ ਹੈ ਕਿ ਤੁਹਾਡੀਆਂ ਜੇਲ੍ਹਾਂ ਵਿਚ ਅਜੇ ਤੱਕ ਕੋਈ ਸੁਧਾਰ ਨਹੀਂ ਹੋਇਆ ਹੈ | ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਬੁਲੇਟ ਪਰੂਫ਼ ਗੱਡੀਆਂ ਦਾ ਕਾਫ਼ਲਾ ਚੱਲਦਾ ਹੈ, ਫਿਰ ਕਿਵੇਂ ਇਹ ਇੰਟਰਵਿਊ ਸੰਭਵ ਹੋਈ | ਪੁਲਿਸ ਅਧਿਕਾਰੀਆਂ ਨੂੰ ਸਭ ਪਤਾ ਹੈ, ਪਰ ਛੋਟੇ ਮੁਲਾਜ਼ਮਾਂ ‘ਤੇ ਹੀ ਕਾਰਵਾਈ ਹੁੰਦੀ ਹੈ, ਐਸ.ਐਸ.ਪੀ. ਪੱਧਰ ਦੇ ਅਧਿਕਾਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਮੁਹਾਲੀ ਦੇ ਐਸ.ਐਸ.ਪੀ. ਸੁਪਰਵਾਈਜ਼ਰ ਸਨ, ਇੰਟਰਵਿਊ ਹੋਈ, ਇਸ ਦਾ ਮਤਲਬ ਕਿ ਉਹ ਆਪਣੇ ਕੰਮ ਵਿਚ ਅਸਫਲ ਰਹੇ | ਇੰਟਰਵਿਊ ਸਮੇਂ ਖਰੜ ‘ਚ ਡਿਊਟੀ ‘ਤੇ ਤਾਇਨਾਤ ਅਧਿਕਾਰੀ, ਸੁਰੱਖਿਆ ਸਟਾਫ਼ ਅਤੇ ਮੁਹਾਲੀ ਦੇ ਐੱਸ.ਐੱਸ.ਪੀ. ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ | ਪੰਜਾਬ ਦੇ ਏ.ਜੀ. ਨੇ ਭਰੋਸਾ ਦਿੱਤਾ ਕਿ ਜਲਦੀ ਹੀ ਸਾਰੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਵੇਗੀ | ਡੀ.ਜੀ.ਪੀ. ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਦਸੰਬਰ ਤੱਕ ਉਹ ਪੰਜਾਬ ਭਰ ਦੀਆਂ ਜੇਲ੍ਹਾਂ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਪੁਖ਼ਤਾ ਕਰ ਦੇਣਗੇ |

Leave a Reply

Your email address will not be published. Required fields are marked *