ਟਾਪਭਾਰਤ

ਸ਼੍ਰੋਮਣੀ ਕਮੇਟੀ ਚੋਣਾਂ ਲਈ 48 ਲੱਖ ਦੇ ਕਰੀਬ ਭਰੇ ਗਏ ਵੋਟਰ ਫ਼ਾਰਮ: ਜਸਟਿਸ ਸਾਰੋਂ

 ਸਵਾ 3 ਸਾਲ ਪਹਿਲਾਂ ਬਤੌਰ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਦਾ ਮਹੱਤਵਪੂਰਨ ਅਹੁਦਾ ਸੰਭਾਲਣ ਮਗਰੋਂ ਸੇਵਾ ਮੁਕਤ ਜੱਜ, ਜਸਟਿਸ ਐਸ.ਐਸ. ਸਾਰੋਂ ਦੀ ਦੇਖ ਰੇਖ ਵਿਚ ਪੰਜਾਬ ਦੀਆਂ 110 ਸੀਟਾਂ ਸਮੇਤ ਚੰਡੀਗੜ੍ਹ ਯੂ.ਟੀ. ਅਤੇ ਹਿਮਾਚਲ ਪ੍ਰਦੇਸ਼ ਦੀ ਇਕ ਇਕ ਸੀਟ ਤੋਂ ਕੁਲ 159 ਮੈਂਬਰ ਚੁਣਨ ਵਾਸਤੇ ਹੁਣ ਤਕ ਸਿੱਖ ਵੋਟਰ ਫ਼ਾਰਮ 48 ਲੱਖ ਦੇ ਕਰੀਬ ਭਰੇ ਜਾ ਚੁੱਕੇ ਹਨ। ਇਨ੍ਹਾਂ ਚੋਣਾਂ ਨਾਲ ਸਬੰਧਤ ਦਫ਼ਤਰ ਦੇ ਇਕ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਪੰਜਾਬ ਦੇ ਕੁਲ 23 ਜ਼ਿਲ੍ਹਿਆਂ ਵਿਚ ਪੈਂਦੀਆਂ 110 ਸੀਟਾਂ ਤੋਂ ਮਿਲੇ ਹੁਣ ਤਕ ਦੇ ਵੇਰਵੇ ਮੁਤਾਬਕ 47,64,696 ਸਿੱਖ ਵੋਟਰ ਫ਼ਾਰਮ ਭਰੇ ਗਏ ਸਨ ਜਿਨ੍ਹਾਂ ਵਿਚ ਮਰਦ ਵੋਟਰ 20,06,374 ਅਤੇ ਸਿੱਖ ਬੀਬੀਆਂ ਦੇ 27,58,322 ਵੋਟਰ ਫ਼ਾਰਮ ਹਨ।

ਸਿੱਖ ਬੀਬੀਆਂ ਦੇ ਵੋਟਰ ਫ਼ਾਰਮ, ਮਰਦਾਂ ਨਾਲੋਂ 7,51,948 ਯਾਨੀ ਸਾਢੇ 7 ਲੱਖ ਫ਼ਾਰਮ ਵੱਧ ਸਨ। ਇਨ੍ਹਾਂ ਕੁਲ 48 ਲੱਖ ਵੋਟਰ ਫ਼ਾਰਮਾਂ ਵਿਚ 11,42,269 ਫ਼ਾਰਮ ਅਨੁਸੂਚਿਤ ਜਾਤੀ ਦੀਆਂ ਬੀਬੀਆਂ ਤੇ ਮਰਦਾਂ ਦੇ ਹਨ। ਅਧਿਕਾਰੀ ਨੇ ਇਹ ਵੀ ਕਿਹਾ ਕਿ ਵੋਟਰ ਫ਼ਾਰਮ ਭਰਨ ਦੀ ਆਖ਼ਰੀ ਤਰੀਕ 16 ਸਤੰਬਰ ਹੈ ਅਤੇ ਹੋਰ ਅੱਗੇ ਤਰੀਕ ਵਧਾਉਣ ਦੀ ਸੰਭਾਵਨਾ ਨਹੀਂ ਹੈ।

ਸ਼੍ਰੋਮਣੀ ਕਮੇਟੀ ਚੋਣਾਂ ਨਾਲ ਜੁੜੇ ਇਕ ਹੋਰ ਅਧਿਕਾਰੀ ਨੇ ਦਸਿਆ ਕਿ ਹਰਿਆਣਾ ਦੀ ਵਖਰੀ ਗੁਰਦਵਾਰਾ ਕਮੇਟੀ ਬਣਨ ਨਾਲ 8 ਸੀਟਾਂ ਕੱਟੀਆਂ ਗਈਆਂ ਜਿਨ੍ਹਾਂ ਤੋਂ 11 ਮੈਂਬਰ ਚੁਣੇ ਜਾਂਦੇ ਸਨ ਅਤੇ ਹੁਣ ਕੇਵਲ 110 ਸੀਟਾਂ ਪੰਜਾਬ ਦੀਆਂ ਅਤੇ ਇਕ ਇਕ ਚੰਡੀਗੜ੍ਹ-ਹਿਮਾਚਲ ਦੀਆਂ ਮਿਲਾ ਕੇ 112 ਸੀਟਾਂ ਤੋਂ ਕੁਲ 159 ਮੈਂਬਰਾਂ ਦੀ ਚੋਣ ਪ੍ਰਕਿਰਿਆ ਦਸੰਬਰ ਜਨਵਰੀ ਵਿਚ ਸਿਰੇ ਚੜ੍ਹਨ ਦੀ ਪੱਕੀ ਆਸ ਹੈ।

ਜ਼ਿਕਰਯੋਗ ਹੈ ਕਿ 13 ਸਾਲ ਪਹਿਲਾਂ ਸਤੰਬਰ 2011 ਵਿਚ ਹੋਈਆਂ ਸ਼੍ਰੋਮਣੀ ਕਮੇਟੀ ਚੋਣਾਂ, ਸਹਿਜਧਾਰੀ ਸਿੱਖ ਵੋਟਰਾਂ ਨੂੰ ਲਾਂਭੇ ਕਰਨ ਕਰ ਕੇ ਲੰਬੇ ਅਦਾਲਤੀ ਉਲਝਣਾਂ ਵਿਚ ਪਈਆਂ ਰਹੀਆਂ। ਚੋਣਾਂ ਨਾ ਹੋਣ ਦੀ ਸੂਰਤ ਵਿਚ ਪੁਰਾਣਾ ਹਾਊਸ ਹੀ ਕੰਮ ਕਰਦਾ ਹੈ ਜਦੋਂ ਕਿ ਹਰ ਸਾਲ ਪ੍ਰਧਾਨ ਸਮੇਤ ਕਾਰਜਕਾਰਨੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਹਨ। ਇਹ ਕਮੇਟੀ ਨਵੰਬਰ 30 ਤੋਂ ਪਹਿਲਾਂ ਚੁਣ ਲਈ ਜਾਂਦੀ ਹੈ।

Leave a Reply

Your email address will not be published. Required fields are marked *