ਅਰਵਿੰਦ ਕੇਜਰੀਵਾਲ ਦਾ ਅਸਤੀਫਾ ਦੇਣਾ ਤਿਆਗ ਅਤੇ ਇਮਾਨਦਾਰੀ ਦਾ ਸਬੂਤ – ਹਰਚੰਦ ਸਿੰਘ ਬਰਸਟ
ਚੰਡੀਗੜ੍ਹ – ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇ ਕੇ ਇਮਾਨਦਾਰੀ ਅਤੇ ਤਿਆਗ ਦਾ ਸਬੂਤ ਦਿੱਤਾ ਹੈ। ਸ੍ਰੀ ਅਰਵਿੰਦ ਕੇਜਰੀਵਾਲ ਦੇ ਇਸ ਕਾਰਜ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਨਾਲ ਕੋਈ ਮੋਹ ਨਹੀਂ ਹੈ, ਉਹਨਾਂ ਨੂੰ ਸਿਰਫ਼ ਤੇ ਸਿਰਫ਼ ਲੋਕਾਂ ਦੀ ਸੇਵਾ ਕਰਨਾ ਹੀ ਪਸੰਦ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਹਰਚੰਦ ਸਿੰਘ ਬਰਸਟ, ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ, ਪੰਜਾਬ ਅਤੇ ਚੇਅਰਮੈਨ, ਪੰਜਾਬ ਮੰਡੀ ਬੋਰਡ ਵੱਲੋਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਉਹ ਮੁੱਖ ਮੰਤਰੀ ਉਦੋਂ ਹੀ ਬਣਨਗੇ, ਜਦੋਂ ਲੋਕਾਂ ਵੱਲੋਂ ਦੁਬਾਰਾ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਅਜਿਹਾ ਕਰਕੇ ਜਿੱਥੇ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਕੀਤੀ ਗਈ ਹੈ, ਉੱਥੇ ਹੀ ਪਰਿਵਾਰਵਾਦ ਦੀ ਰਾਜਨੀਤੀ ਨੂੰ ਖਤਮ ਕਰਦਿਆਂ ਹੋਇਆ ਪਾਰਟੀ ਦੇ ਇੱਕ ਜੁਝਾਰੂ ਨੇਤਾ ਨੂੰ ਮੁੱਖ ਮੰਤਰੀ ਦਾ ਅਹੁੱਦਾ ਦੇਣਾ ਇਹ ਸਾਬਤ ਕਰਦਾ ਹੈ ਕਿ ਆਪ ਵੱਲੋਂ ਲੋਕਾਂ ਅਤੇ ਸਮਾਜ ਦੇ ਭਲੇ ਬਾਰੇ ਸੋਚਣ ਵਾਲੇ ਨੇਤਾਵਾਂ ਨੂੰ ਸਦਾ ਹੀ ਅੱਗੇ ਰੱਖਿਆ ਜਾਂਦਾ ਹੈ। ਉਨ੍ਹਾਂ ਦੇ ਇਸ ਕਾਰਜ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਿੱਚ ਜੋਸ਼ ਭਰ ਦਿੱਤਾ ਹੈ। ਦਿੱਲੀ ਅਤੇ ਦੇਸ਼ ਦੇ ਲੋਕ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਨਾਲ ਖੜੇ ਹਨ।
ਸ. ਬਰਸਟ ਨੇ ਕਿਹਾ ਕਿ ਕੋਈ ਵੀ ਨੇਤਾ ਆਪਣੀ ਕੁਰਸੀ ਨਹੀਂ ਛੱਡਣਾ ਚਾਹੁੰਦਾ ਹੈ, ਜਦਕਿ ਸ੍ਰੀ ਅਰਵਿੰਦ ਕੇਜਰੀਵਾਲ ਨੇ ਅਜਿਹਾ ਕਰਕੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ ਹੈ ਅਤੇ ਇਹ ਬੜਾ ਹੀ ਦਲੇਰੀ ਭਰਿਆ ਫੈਸਲਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਜੇਲ ਭੇਜ ਕੇ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨ ਦੀ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹ ਇਹ ਭੁੱਲ ਗਏ ਕਿ ਆਮ ਆਦਮੀ ਪਾਰਟੀ ਅੰਦੋਲਨਾਂ ਵਿੱਚੋਂ ਨਿਕਲੀ ਹੋਈ ਪਾਰਟੀ ਹੈ, ਜੋ ਹਮੇਸ਼ਾ ਸੱਚ ਦੇ ਰਾਹ ਤੇ ਹੀ ਚਲਦੀ ਆਈ ਹੈ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਹਮੇਸ਼ਾ ਤੋਂ ਹੀ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਦੌਰਾਨ ਲੋਕਾਂ ਵੱਲੋਂ ਭਾਜਪਾ ਖਿਲਾਫ਼ ਵੋਟਾਂ ਪਾ ਕੇ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਭਾਰੀ ਬਹੁਮਤ ਨਾਲ ਜਿੱਤਾਇਆ ਜਾਵੇਗਾ।