ਮਨ ਕੀ ਬਾਤ’ ਮੇਰੇ ਲਈ ਮੰਦਰ ਜਾ ਕੇ ਭਗਵਾਨ ਦੇ ਦਰਸ਼ਨ ਕਰਨ ਵਰਗੀ: ਮੋਦੀ
ਨਵੀਂ ਦਿੱਲੀ (ਯੂ.ਐਨ.ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਰੋਤਿਆਂ ਨੂੰ ‘ਮਨ ਕੀ ਬਾਤ‘ ਪ੍ਰੋਗਰਾਮ ਦਾ ਅਸਲੀ ਸੂਤਰਧਾਰ ਦੱਸਿਆ। ਉਨ੍ਹਾਂ ਕਿਹਾ ਕਿ ਇਸ ਰੇਡੀਓ ਪ੍ਰੋਗਰਾਮ ਨੇ ਸਾਬਤ ਕੀਤਾ ਹੈ ਕਿ ਦੇਸ਼ ਦੇ ਲੋਕਾਂ ‘ਚ ਸਕਾਰਾਤਮਕ ਜਾਣਕਾਰੀ ਦੀ ਕਿੰਨੀ ਭੁੱਖ ਹੈ। ਆਲ ਇੰਡੀਆ ਰੇਡੀਓ ਦੇ ਇਸ ਮਹੀਨੇਵਾਰ ਪ੍ਰੋਗਰਾਮ ਦੇ 114ਵੇਂ ਐਪੀਸੋਡ ਨੂੰ ਸੰਬੋਧਿਤ ਕਰਿਦਆਂ ਪ੍ਰਧਾਨ ਮੰਤਰੀ ਮੋਦੀ ਨੇ ਪਾਣੀ ਦੀ ਸੰਭਾਲ, ਵਾਤਾਵਰਣ ਦੀ ਸੁਰੱਖਿਆ ਅਤੇ ਸਫ਼ਾਈ ਮੁਹਿੰਮ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਲੋਕਾਂ ਨੂੰ ਇਸ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਮਨ ਕੀ ਬਾਤ‘ ਦੀ ਇਹ ਪੂਰੀ ਪ੍ਰਕਿਰਿਆ ਮੇਰੇ ਲਈ ਮੰਦਰ ਜਾ ਕੇ ਭਗਵਾਨ ਦੇ ਦਰਸ਼ਨ ਕਰਨ ਵਰਗੀ ਹੈ। ਇਸ ਐਪੀਸੋਡ ਦੇ ਨਾਲ ‘ਮਨ ਕੀ ਬਾਤ‘ ਦੇ 10 ਸਾਲ ਪੂਰੇ ਹੋਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਲੰਬੇ ਸਫਰ ‘ਚ ਕਈ ਅਜਿਹੇ ਪੜਾਅ ਆਏ, ਜਿਨ੍ਹਾਂ ਨੂੰ ਉਹ ਕਦੇ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ ਸਾਡੇ ਸਫ਼ਰ ‘ਚ ਕਈ ਸਾਥੀ ਹਨ ਜਿਨ੍ਹਾਂ ਤੋਂ ਸਾਨੂੰ ਲਗਾਤਾਰ ਸਹਿਯੋਗ ਮਿਲਦਾ ਰਿਹਾ ਹੈ। ਉਨ੍ਹਾਂ ਨੇ ਦੇਸ਼ ਦੇ ਹਰ ਕੋਨੇ ਤੋਂ ਜਾਣਕਾਰੀ ਉਪਲੱਬਧ ਕਰਵਾਈ। ‘ਮਨ ਕੀ ਬਾਤ‘ ਦੇ ਸਰੋਤੇ ਹੀ ਇਸ ਪ੍ਰੋਗਰਾਮ ਦੇ ਅਸਲ ਸੂਤਰਧਾਰ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਮ ਤੌਰ ‘ਤੇ ਇਹ ਧਾਰਨਾ ਬਣਾਈ ਗਈ ਹੈ ਕਿ ਜਦੋਂ ਤੱਕ ਮਸਾਲੇਦਾਰ ਅਤੇ ਨਕਾਰਾਤਮਕ ਗੱਲਬਾਤ ਨਹੀਂ ਹੁੰਦੀ, ਕਿਸੇ ਪ੍ਰੋਗਰਾਮ ਨੂੰ ਜ਼ਿਆਦਾ ਤਵੱਜੋਂ ਨਹੀਂ ਮਿਲਦੀ। ਉਨ੍ਹਾਂ ਕਿਹਾ ਪਰ ‘ਮਨ ਕੀ ਬਾਤ‘ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੇ ਲੋਕ ਸਕਾਰਾਤਮਕ ਜਾਣਕਾਰੀ ਦੇ ਕਿੰਨੇ ਭੁੱਖੇ ਹਨ। ਲੋਕ ਸਕਾਰਾਤਮਕ ਸ਼ਬਦਾਂ ਅਤੇ ਪ੍ਰੇਰਨਾਦਾਇਕ ਉਦਾਹਰਣਾਂ ਨੂੰ ਬਹੁਤ ਪਸੰਦ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ ਪ੍ਰੋਗਰਾਮ ਨਾਲ ਸਬੰਧਤ ਚਿੱਠੀਆਂ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਅਤੇ ਪਤਾ ਲੱਗਦਾ ਹੈ ਕਿ ਦੇਸ਼ ਵਿਚ ਕਿੰਨੇ ਪ੍ਰਤਿਭਾਸ਼ਾਲੀ ਲੋਕ ਹਨ ਅਤੇ ਉਨ੍ਹਾਂ ਵਿਚ ਦੇਸ਼ ਦੀ ਸੇਵਾ ਕਰਨ ਦੀ ਕਿੰਨੀ ਇੱਛਾ ਹੈ ਅਤੇ ਸਮਾਜ ਦੀ ਸੇਵਾ ਕਰਨ ਦਾ ਕਿੰਨਾ ਜਨੂੰਨ ਹੈ।