ਦੋਵੇਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ : ਸਰਬਜੀਤ ਝਿੰਜ
ਚੰਡੀਗੜ੍ਹ-ਯੂਥ ਅਕਾਲੀ ਦਲ ਨੇ ਅੱਜ ਆਪਣੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ, ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ, ਜਿਸ ਕਾਰਨ ਪੰਜਾਬ ਦੇ ਅੰਨਦਾਤੇ ਨੂੰ ਇਸ ਦੀਵਾਲੀ ਨੂੰ ਕਾਲੀ ਦੀਵਾਲੀ ਵਜੋਂ ਮਨਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਵਿਰੁੱਧ ਪੰਜਾਬ ਦੇ ਹਰ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਸੂਬਾ ਪੱਧਰੀ ਰੋਸ ਮੁਜ਼ਾਹਰੇ ਕੀਤੇ।
ਕਾਲੀਆਂ ਪੱਟੀਆਂ ਬੰਨ੍ਹ ਕੇ ਯੂਥ ਅਕਾਲੀ ਦਲ ਦੇ ਮੈਂਬਰਾਂ ਨੇ ‘ਸਾਡੀ ਕਾਹਦੀ ਦੀਵਾਲੀ, ਕਿਸਾਨਾਂ ਦੀ ਕਾਲੀ ਦੀਵਾਲੀ’ ਵਾਲੇ ਬੈਨਰ ਫੜ ਕੇ ਪੰਜਾਬ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਰੋਸ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਦੋਵਾਂ ਸਰਕਾਰਾਂ ’ਤੇ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਲਿਆਂਦੇ ਜਾ ਰਹੇ ਝੋਨੇ ਦੀ ਲਿਫਟਿੰਗ ਜਾਣਬੁੱਝ ਕੇ ਨਾ ਕਰਨ ਦੇ ਦੋਸ਼ ਲਾਏ।
ਪਟਿਆਲਾ ਅਨਾਜ ਮੰਡੀ ਵਿਖੇ ਦਿੱਤੇ ਧਰਨੇ ਵਿੱਚ ਸ਼ਾਮਲ ਹੋਏ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ, “ਕੇਂਦਰ ਅਤੇ ਪੰਜਾਬ ਦੋਵੇਂ ਸਰਕਾਰਾਂ ਫੇਲ੍ਹ ਸਾਬਿਤ ਹੋ ਚੁੱਕੀਆਂ ਹਨ, ਸਾਡੇ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ ਕਿਉਂਕਿ ਸਰਕਾਰ ਝੋਨੇ ਦੀ ਫ਼ਸਲ ਨਹੀਂ ਖਰੀਦ ਰਹੀ। ਸਰਕਾਰੀ ਤੌਰ ‘ਤੇ ਖਰੀਦ ਸ਼ੁਰੂ ਹੋਣ ਦੇ ਇੱਕ ਮਹੀਨੇ ਬਾਅਦ ਵੀ ਫਸਲਾਂ ਦੇ ਢੇਰ ਮੰਡੀਆਂ ਵਿੱਚ ਪਏ ਹਨ। ਜਿਸ ਕਾਰਨ ਸਾਡੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਆਪਣੀ ਰੇਟਾਂ ਉੱਤੇ ਆਪਣੀ ਫ਼ਸਲ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ।”
ਝਿੰਝਰ ਨੇ ਸਰਕਾਰ ‘ਤੇ ਵਰ੍ਹਦਿਆਂ ਕਿਹਾ, ‘ਮੌਜੂਦਾ ਹਾਲਾਤ ਇੰਨੇ ਮਾੜੇ ਹਨ ਕਿ ਜਿੱਥੇ ਸਾਡੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਬਣਦਾ ਪੈਸਾ ਨਹੀਂ ਮਿਲ ਰਿਹਾ, ਅਤੇ ਦੂਜੇ ਪਾਸੇ ਉਨ੍ਹਾਂ ਨੂੰ ਡੀਏਪੀ ਵੀ ਮਹਿੰਗੇ ਭਾਅ ‘ਤੇ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਇਹ ਦੋ ਨੰਬਰ ਵਿੱਚ ਵੇਚੀ ਜਾ ਰਹੀ ਹੈ। ਕ
ਤੁਸੀਂ ਵਿਡੰਬਨਾ ਵੇਖੋ – ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਤੋਂ ਘੱਟ ਪੈਸੇ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਮਾਰਕੀਟ ਰੇਟ ਤੋਂ ਵੱਧ ਤੇ ਡੀਏਪੀ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਕਿਸਾਨਾਂ ਨੂੰ ਬਾਰਦਾਨਾਂ ਤਕ ਨਹੀਂ ਮਿਲ ਰਿਹਾ ਅਤੇ ਫਿਰ ਵੀ, ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੋਵੇਂ ਦੋਸ਼ਾਂ ਦੀ ਖੇਡ ਖੇਡ ਰਹੀਆਂ ਹਨ ਅਤੇ ਦਾਅਵਾ ਕਰ ਰਹੀਆਂ ਹਨ ਕਿ ਉਨ੍ਹਾਂ ਨੇ ਆਪਣੀ ਭੂਮਿਕਾ ਸਹੀ ਢੰਗ ਨਾਲ ਨਿਭਾਈ ਹੈ।”
YAD ਪ੍ਰਧਾਨ ਨੇ ਅੱਗੇ ਕਿਹਾ, “ਇਹ ਪੂਰੇ ਤੌਰ ‘ਤੇ ਸਪੱਸ਼ਟ ਹੈ ਕਿ ਇਹ ਦੋਵੇਂ ਸਰਕਾਰਾਂ ਸਾਡੇ ਕਿਸਾਨਾਂ ਨੂੰ ਨਿੱਜੀ ਕੰਪਨੀਆਂ ਦੀ ਚੋਣ ਕਰਨ ਲਈ ਮਜਬੂਰ ਕਰਨ ਲਈ ਇਹ ਸਭ ਕੁਝ ਜਾਣਬੁੱਝ ਕੇ ਕਰ ਰਹੀਆਂ ਹਨ। ਇਹ ਚੋਣ ਫੰਡਾਂ ਵਾਸਤੇ, ਆਪਣੇ ਕਾਰਪੋਰੇਟ ਦੋਸਤਾਂ ਦੀ ਮਦਦ ਕਰ ਰਹੀਆਂ ਹਨ। ਇਕ ਪਾਸੇ ਸਾਡੇ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਵੱਡੇ ਪੱਧਰ ਤੇ ਦੀਵਾਲੀ ਦਾ ਤਿਉਹਾਰ ਮਨਾ ਰਹੇ ਹਨ, ਜਦਕਿ ਸਾਡੇ ਕਿਸਾਨਾਂ ਨੂੰ ਇਹ ਤਿਉਹਾਰਾਂ ਦੇ ਦਿਨ ਵੀ ਮੰਡੀਆਂ ਵਿਚ ਆਪਣੀ ਉਪਜ ਦੀ ਸੰਭਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਸਰਕਾਰ ਇਸ ਦੀ ਖਰੀਦ ਨਹੀਂ ਕਰ ਰਹੀ ਹੈ।”
ਝਿੰਝਰ ਨੇ ਅੱਗੇ ਦੱਸਿਆ ਕਿ, “ਅੱਜ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਸ.ਬਲਵਿੰਦਰ ਸਿੰਘ ਭੂੰਦੜ ਜੀ ਦੀ ਅਗਵਾਈ ਹੇਠ ਪੰਜਾਬ ਦੇ ਹਰ ਜਿਲੇ ਦੀਆਂ ਮੰਡੀਆਂ ਵਿੱਚ ਇਹ ਧਰਨੇ ਲਗਾ ਕੇ ਸੁੱਤੀ ਪਈ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਧਰਨੇ ਲਗਾ ਰਿਹਾ ਹੈ। ਮੈਂ ਨਿੱਜੀ ਤੌਰ ‘ਤੇ ਪਹਿਲਾਂ ਇਕ ਕਿਸਾਨ ਹੋਣ ਦੇ ਨਾਤੇ, ਇਨ੍ਹਾਂ ਕਿਸਮਾਂ ਦਾ ਦਰਦ ਵੀ ਮਹਿਸੂਸ ਕਰਦਾ ਹਾਂ, ਕਿਉਂਕਿ ਮੇਰੀ ਫਸਲ ਵੀ ਪਿਛਲੇ 10 ਦਿਨਾਂ ਤੋਂ ਮੰਡੀ ਵਿੱਚ ਪਈ ਹੈ।”
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰਦਿਆਂ YAD ਪ੍ਰਧਾਨ ਨੇ ਕਿਹਾ ਕਿ, “ਸ: ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ, ਅਕਾਲੀ ਰਾਜ ਦੌਰਾਨ ਸਾਡੇ ਕਿਸਾਨਾਂ ਨੂੰ ਕਦੇ ਵੀ ਮੰਡੀਆਂ ਵਿੱਚ ਖੱਜਲ-ਖੁਆਰ ਨਹੀਂ ਹੋਣਾ ਪਿਆ ਕਿਉਂਕਿ ਉਨ੍ਹਾਂ ਦੀਆਂ ਫਸਲਾਂ ਦੀ ਖਰੀਦ 24 ਘੰਟਿਆਂ ਦੇ ਅੰਦਰ-ਅੰਦਰ ਹੋ ਜਾਂਦੀ ਸੀ। ਬਾਦਲ ਸਾਬ ਖੁਦ ਕਿਸਾਨ ਹੋਣ ਦੇ ਨਾਤੇ ਕਿਸਾਨੀ ਦੇ ਸੰਘਰਸ਼ਾਂ ਨੂੰ ਜਾਣਦੇ ਸਨ ਅਤੇ ਹਮੇਸ਼ਾ ਕਿਸਾਨ ਪੱਖੀ ਫੈਸਲੇ ਲੈਂਦੇ ਸਨ।”
ਪਟਿਆਲਾ ਧਰਨੇ ਦਾ ਆਯੋਜਨ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਲੰਗ ਅਤੇ ਕਰਨਬੀਰ ਸਿੰਘ ਸਾਹਨੀ ਵੱਲੋਂ ਕੀਤਾ ਗਿਆ, ਜਿਸ ਵਿੱਚ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰਨੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ, ਮਨਪ੍ਰੀਤ ਸਿੰਘ ਮਾਜਰੀ, ਕਰਨਬੀਰ ਸਿੰਘ ਸਾਹਨੀ ਪ੍ਰਧਾਨ ਯੂਥ ਸ਼ਹਿਰੀ, ਮਲਕੀਤ ਸਿੰਘ ਚੀਮਾ, ਬਲਜਿੰਦਰ ਸਿੰਘ ਬੱਲੀ ਸਮਾਣਾ, ਦਵਿੰਦਰ ਸਿੱਧੂ, ਪ੍ਰਿੰਸ ਤੁੰਗ, ਗੁਰਤੇਜ ਕੌਲ,ਦਰਸ਼ਨ ਬਾਰਨ, ਗੁਰਪ੍ਰੀਤ ਖਰੌਡ, ਗਗਨ ਸੰਧੂ, ਵਿਕਰਮਜੀਤ ਗੁਰਨਾ,ਹਰਜੋਤ ਮਾਜਰੀ, ਰਮਨਜੋਤ ਲੰਗ, ਹਸ਼ਨ ਰੋਹਟਾ, ਅਮਨਦੀਪ ਘੱਗਾ, ਪਰਮਜੀਤ ਥੂਹੀ, ਗੁਰੀ ਨਾਲੀਨਾ, ਵਿਕਰਮਜੀਤ ਸਿੰਘ ਸਰਪੰਚ ਝਿੰਜਰਾ, ਦੀਦਾਰ ਸਿੰਘ ਸਰਪੰਚ ਰਿਠ ਖੇੜੀ ਅਤੇ ਯੂਥ ਅਕਾਲੀ ਦਲ ਦੇ ਸੂਬਾ ਪੱਧਰੀ ਸੀਨੀਅਰ ਅਹੁਦੇਦਾਰ ਵੀ ਹਾਜ਼ਰ ਸਨ।