ਕਾਹਦੀ ਏ ਦੀਵਾਲੀ-ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਕਾਹਦੀ ਏ ਦੀਵਾਲੀ ਸਾਡੀ, ਕਾਹਦੇ ਚਾਅ ਮਲ੍ਹਾਰ ਨੇ,
ਸਾਡੇ ਤਾਂ ਜੀ ਬੱਸ ਹੁਣ, ਚੱਲ ਗਏ ਅਨਾਰ ਨੇ।
ਕਦੇ ਸੀ ਦੀਵਾਲੀ ਬੜੇ, ਚਾਅ ਨਾਲ ਮਨਾਂਵਦੇ,
ਪੈਸਾ ਪੈਸਾ ਜੋੜ ਕੇ, ਪਟਾਕੇ ਸੀ ਲਿਆਂਵਦੇ,
ਸਾਂਭ ਸਾਂਭ ਰੱਖ, ਇੱਕ ਦੂਜੇ ਤੋਂ ਛੁਪਾਂਵਦੇ,
ਚਲਾਂਵਦੇ ਸੀ ਉਦੋਂ, ਜਦੋਂ ਸਾਰੇ ਸੌਂ ਜਾਂਵਦੇ,
ਹੁਣ ਗਿੱਟੇ ਗੋਡੇ ਸਾਡੇ, ਹੀ ਪਟਾਕੇਦਾਰ ਨੇ,
ਸਾਡੇ ਤਾਂ ਜੀ ਬੱਸ ਹੁਣ, ਚੱਲ ਗਏ ਅਨਾਰ ਨੇ।
ਲੱਡੂ ਤੇ ਜਲੇਬੀਆਂ ਦਾ, ਚਾਅ ਬੜਾ ਹੁੰਦਾ ਸੀ,
ਖੋਏ ਅਤੇ ਪੇੜੇ ਦਾ, ਦੀਦਾਰ ਕਦੀ ਹੁੰਦਾ ਸੀ,
ਲਲਚਾਈਆਂ ਨਜ਼ਰਾਂ ਨੂੰ, ਸਾਂਭ ਨਹੀਂਓਂ ਹੁੰਦਾ ਸੀ,
ਖੱਟਾ ਮਿੱਠਾ ਖਾਧਾ ਸਾਰਾ, ਹਜ਼ਮ ਝੱਟ ਹੁੰਦਾ ਸੀ,
ਸਾਡੇ ਖਾਣ ਵਾਲੇ ਹੁਣ, ਖੁੰਢੇ ਹਥਿਆਰ ਨੇ,
ਸਾਡੇ ਤਾਂ ਜੀ ਬੱਸ ਹੁਣ, ਚੱਲ ਗਏ ਅਨਾਰ ਨੇ।
ਕੋਈ ਵੀ ਨਹੀਂ ਚੀਜ਼ ਹੁਣ, ਸਾਨੂੰ ਲੋਕੋ ਪਚਦੀ,
ਪਾਣੀ ਮੂੰਹ ਚ ਆਉਂਦਾ ਅਤੇ, ਜੀਭ ਬੜੀ ਨੱਚਦੀ ਮਠਿਆਈ ਦੇਖ ਯਾਰੋ, ਨਜ਼ਰ ਨਹੀਂ ਰੱਜਦੀ,
ਬੰਨ੍ਹੋ ਚਾਹੇ ਧੀਰ ਜਿੰਨੀ, ਧੀਰ ਨਹੀਂਓਂ ਬੱਝਦੀ।
ਖਾਣੋਂ ਰੋਕਣ ਵਾਲੇ ਸਾਨੂੰ, ਕਈ ਡਾਕਦਾਰ ਨੇ,
ਸਾਡੇ ਤਾਂ ਜੀ ਬੱਸ ਹੁਣ, ਚੱਲ ਗਏ ਅਨਾਰ ਨੇ।
ਸ਼ੂਗਰ ਵਾਲਾ ਦੈਂਤ ਸਾਡੇ, ਸਿਰ ਤੇ ਖਲੋਤਾ ਏ,
ਮਿਹਦੇ ਵਾਲਾ ਹਾਲ ਸਾਡਾ, ਬੜਾ ਹੀ ਅਨੋਖਾ ਏ,
ਗੜਬੜੀ ਪੇਟ ਦਾ, ਘਸਮਾਣ ਬੜਾ ਚੋਖਾ ਏ,
ਹਰ ਇੱਕ ਅੰਗ ਦੇਂਦਾ, ਜਾਂਦਾ ਸਾਨੂੰ ਧੋਖਾ ਏ।
ਸਾਡੇ ਵਾਂਗੂੰ ਹੋਰ ਕਈ, ਬੜੇ ਅਵਾਜ਼ਾਰ ਨੇ,
ਸਾਡੇ ਤਾਂ ਜੀ ਬੱਸ ਹੁਣ, ਚੱਲ ਗਏ ਅਨਾਰ ਨੇ।
ਕਾਹਦੀ ਏ ਦੀਵਾਲੀ ਸਾਡੀ, ਕਾਹਦੇ ਚਾਅ ਮਲ੍ਹਾਰ ਨੇ,
ਸਾਡੇ ਤਾਂ ਜੀ ਬੱਸ ਹੁਣ, ਚੱਲ ਗਏ ਅਨਾਰ ਨੇ।
ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ ਯੂ ਕੇ