ਟਾਪਪੰਜਾਬ

ਸਿਆਸੀ ਮੁਕੱਦਰ ਜਿਨ੍ਹਾਂ ਨੂੰ ਹਾਰ ਭੁਲਾਇਆਂ ਨਹੀਂ ਭੁੱਲਦੀ..! ਚਰਨਜੀਤ ਭੁੱਲਰ

ਚੰਡੀਗੜ੍ਹ : ਚੋਣ ਅਖਾੜੇ ’ਚ ਅਜਿਹੇ ਅਨੇਕਾਂ ਸਿਆਸੀ ਭਲਵਾਨ ਉੱਤਰੇ ਜਿਹੜੇ ਚੋਣਾਂ ਵਿੱਚ ਚਿੱਤ ਹੋਣ ਤੋਂ ਮਸਾਂ ਮਸਾਂ ਹੀ ਬਚੇ। ਵੋਟਾਂ ਦੇ ਛੋਟੇ-ਛੋਟੇ ਫਰਕ ਨਾਲ ਜਿੱਤੇ ਇਹ ਸਿਆਸੀ ਨੇਤਾ ਸੰਸਦ ’ਚ ਵੀ ਪੁੱਜੇ ਅਤੇ ਪੰਜਾਬ ਵਿਧਾਨ ਸਭਾ ਵਿੱਚ ਵੀ। ਜਿਨ੍ਹਾਂ ਨੂੰ ਮਾਮੂਲੀ ਵੋਟਾਂ ਨਾਲ ਹਾਰ ਮਿਲੀ, ਉਨ੍ਹਾਂ ਨੂੰ ਅੱਜ ਵੀ ਹਾਰ ਭੁਲਾਇਆਂ ਨਹੀਂ ਭੁੱਲਦੀ। ਚੋਣ ਨਤੀਜੇ ਜਦੋਂ ਵੀ ਆਏ ਤਾਂ ਦਰਜਨਾਂ ਉਮੀਦਵਾਰਾਂ ਦੀ ਝੋਲੀ ਵਿੱਚੋਂ ਜਿੱਤ ਡਿੱਗਦੀ ਡਿੱਗਦੀ ਹੀ ਬਚਦੀ ਰਹੀ ਹੈ। ਹੁਣ ਜਦੋਂ ਲੋਕ ਸਭਾ ਚੋਣਾਂ ਲਈ ਸਟੇਜ ਸਜੀ ਹੋਈ ਤਾਂ ਛੋਟੀਆਂ ਜਿੱਤਾਂ ਵਾਲਿਆਂ ਅੱਗੇ ਚੁਣੌਤੀ ਵੱਡੀ ਹੈ। ਜਦੋਂ ਗੱਲ ਲੋਕ ਸਭਾ ਚੋਣਾਂ ਦੇ ਰਾਜਸੀ ਇਤਿਹਾਸ ਦੀ ਕਰਦੇ ਹਾਂ ਤਾਂ ਪੰਜਾਬ ਵਿੱਚ 1952 ਤੋਂ ਲੈ ਕੇ ਹੁਣ ਤੱਕ ਸਭ ਤੋਂ ਘੱਟ ਫ਼ਰਕ ਨਾਲ ਜਿੱਤਣ ਵਾਲਾ ਅਕਾਲੀ ਉਮੀਦਵਾਰ ਮੇਵਾ ਸਿੰਘ ਗਿੱਲ ਸੀ। 1984 ਲੋਕ ਸਭਾ ਚੋਣਾਂ ਵਿਚ ਹਲਕਾ ਲੁਧਿਆਣਾ ਤੋਂ ਅਕਾਲੀ ਉਮੀਦਵਾਰ ਮੇਵਾ ਸਿੰਘ ਗਿੱਲ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਜੋਗਿੰਦਰ ਪਾਲ ਪਾਂਡੇ ਨੂੰ ਸਿਰਫ 140 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਮੇਵਾ ਸਿੰਘ ਗਿੱਲ ਨੂੰ 2,73,352 ਵੋਟਾਂ, ਜਦੋਂਕਿ ਪਾਂਡੇ ਨੂੰ 2,73,212 ਵੋਟਾਂ ਹਾਸਲ ਹੋਈਆਂ ਸਨ। ਸਿਰਫ ਇੱਕ ਫ਼ੀਸਦੀ ਦਾ ਫਰਕ ਰਿਹਾ ਸੀ। ਉਸ ਤੋਂ ਅੱਗੇ ਸੰਗਰੂਰ ਹਲਕੇ ਤੋਂ ਸੀਪੀਆਈ ਉਮੀਦਵਾਰ ਤੇਜਾ ਸਿੰਘ ਸੁਤੰਤਰ ਨੇ 1971 ਵਿੱਚ ਕੇਵਲ 210 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ। ਉਨ੍ਹਾਂ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਬਲਦੇਵ ਸਿੰਘ ਨੂੰ ਹਰਾਇਆ ਸੀ। ਹਲਕਾ ਹੁਸ਼ਿਆਰਪੁਰ ਤੋਂ 2009 ਦੀ ਲੋਕ ਸਭਾ ਚੋਣ ਵੇਲੇ ਕਾਂਗਰਸੀ ਉਮੀਦਵਾਰ ਸੰਤੋਸ਼ ਚੌਧਰੀ ਨੇ ਸੋਮ ਪ੍ਰਕਾਸ਼ ਨੂੰ 366 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਲੋਕ ਸਭਾ ਚੋਣਾਂ 1991 ਦੌਰਾਨ ਹਲਕਾ ਫਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਮੋਹਨ ਸਿੰਘ ਫਲੀਆਂ ਵਾਲਾ ਨੇ ਕਾਂਗਰਸੀ ਉਮੀਦਵਾਰ ਸੰਤੋਸ਼ ਸਿੰਘ ਨੂੰ 1296 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਲੋਕ ਰਾਜ ਦੀ ਇਹੋ ਖੂਬੀ ਹੈ ਕਿ ਇਸ ਵਿੱਚ ਹਾਰ ਜਿੱਤ ਵਿਚਲਾ ਅੰਕੜਾ ਕੋਈ ਮਾਅਨੇ ਨਹੀਂ ਰੱਖਦਾ। ਇਵੇਂ 1999 ਦੀਆਂ ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਵਿਨੋਦ ਖੰਨਾ ਨੇ ਕਾਂਗਰਸੀ ਉਮੀਦਵਾਰ ਸੁਖਬੰਸ ਕੌਰ ਭਿੰਡਰ ਨੂੰ ਸਿਰਫ਼ 1,399 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਹਾਲਾਂਕਿ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਦੀ ਗਿਣਤੀ ਹੁਣ 14-15 ਲੱਖ ਦੇ ਕਰੀਬ ਹੁੰਦੀ ਹੈ। 1967 ਲੋਕ ਸਭਾ ਚੋਣਾਂ ਵਿੱਚ ਹੁਸ਼ਿਆਰਪੁਰ ਤੋਂ ਆਰ. ਕਿਸ਼ਨ ਨੇ ਕਾਂਗਰਸ ਦੀ ਟਿਕਟ ਤੋਂ ਚੋਣ 1511 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਇਸੇ ਤਰ੍ਹਾਂ ਹੀ 1962 ਦੀਆਂ ਲੋਕ ਸਭਾ ਚੋੋਣਾਂ ਵਿਚ ਲੁਧਿਆਣਾ ਤੋਂ ਅਕਾਲੀ ਦਲ ਦੇ ਕਪੂਰ ਸਿੰਘ ਨੇ ਮੰਗਲ ਸਿੰਘ ਨੂੰ 1,870 ਵੋਟਾਂ ਨਾਲ ਚਿੱਤ ਕੀਤਾ ਸੀ। ਸਾਂਝੇ ਪੰਜਾਬ ਸਮੇਂ 1952 ਦੀਆਂ ਚੋਣਾਂ ਵਿੱਚ ਸਭ ਤੋਂ ਘੱਟ ਫਰਕ ਝੱਜਰ ਰਿਵਾੜੀ ਹਲਕੇ ਦਾ ਰਿਹਾ ਜਿਥੇ ਕਾਂਗਰਸੀ ਉਮੀਦਵਾਰ ਘਮੰਡੀ ਲਾਲ ਦੀ 3,932 ਵੋਟਾਂ ਦੇ ਫਰਕ ਨਾਲ ਜਿੱਤ ਹੋਈ ਸੀ।ਪੰਜਾਬ ’ਚ ਅਸੈਂਬਲੀ ਚੋਣਾਂ ਵਿਚ ਜਿੱਤ ਹਾਰ ਦਾ ਫਰਕ ਬਹੁਤ ਦਿਲਚਸਪ ਰਿਹਾ ਹੈ। 2012 ਵਿਧਾਨ ਸਭਾ ਚੋਣਾਂ ਵਿੱਚ ਫਿਲੌਰ ਤੋਂ ਅਕਾਲੀ ਉਮੀਦਵਾਰ ਅਵਿਨਾਸ਼ ਚੰਦਰ, ਸੰਤੋਖ ਚੌਧਰੀ ਤੋਂ 31 ਵੋਟਾਂ ਦੇ ਫਰਕ ਨਾਲ ਜਿੱਤੇ ਜਦੋਂਕਿ ਮਾਨਸਾ ਤੋਂ ਆਜ਼ਾਦ ਉਮੀਦਵਾਰ ਸ਼ੇਰ ਸਿੰਘ ਨੇ 2002 ਦੀਆਂ ਚੋਣਾਂ ਵਿਚ ਅਕਾਲੀ ਉਮੀਦਵਾਰ ਸੁਖਵਿੰਦਰ ਸਿੰਘ ਤੋਂ 44 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ।
2012 ’ਚ ਆਦੇਸ਼ ਪ੍ਰਤਾਪ ਕੈਰੋਂ 59 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਦਸੂਹਾ ਹਲਕੇ ਤੋਂ 1997 ਦੀਆਂ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਰਮੇਸ਼ ਚੰਦਰ ਨੇ ਭਾਜਪਾ ਉਮੀਦਵਾਰ ਮਹੰਤ ਰਾਮ ਪ੍ਰਕਾਸ਼ ਨੂੰ 53 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਵਿਧਾਨ ਸਭਾ 2007 ਦੀਆਂ ਚੋਣਾਂ ਵਿੱਚ ਬਟਾਲਾ ਤੋਂ ਭਾਜਪਾ ਦੇ ਜਗਦੀਸ਼ ਸ਼ਾਹਨੀ 86 ਵੋਟਾਂ ਨਾਲ, 2017 ਵਿੱਚ ਫਾਜ਼ਿਲਕਾ ਤੋਂ ਕਾਂਗਰਸੀ ਉਮੀਦਵਾਰ ਦਵਿੰਦਰ ਸਿੰਘ ਘੁਬਾਇਆ 265 ਵੋਟਾਂ ਨਾਲ, ਜਲੰਧਰ ਕੇਂਦਰੀ ਤੋਂ 2022 ਵਿਚ ‘ਆਪ’ ਉਮੀਦਵਾਰ ਰਮਨ ਅਰੋੜਾ 247 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਸਾਲ 2022 ਦੀਆਂ ਚੋਣਾਂ ਵਿਚ ਹੀ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ 466 ਵੋਟਾਂ ਨਾਲ ਅਤੇ ਦੀਨਾ ਨਗਰ ਤੋਂ ਕਾਂਗਰਸੀ ਉਮੀਦਵਾਰ ਅਰੁਣਾ ਚੌਧਰੀ 1137 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ।
ਪੁੱਤ ਦੀ ਜਿੱਤ, ਪਿਤਾ ਦੀ ਹਾਰ
1992 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜ਼ਿਲ੍ਹਾ ਮੋਗਾ ਦੇ ਹਲਕਾ ਬਾਘਾਪੁਰਾਣਾ ਤੋਂ ਜਨਤਾ ਦਲ ਉਮੀਦਵਾਰ ਵਿਜੇ ਸਾਥੀ ਅੱਠ ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਸਨ ਜਦੋਂਕਿ ਉਨ੍ਹਾਂ ਦੇ ਪਿਤਾ ਸਾਥੀ ਰੂਪ ਲਾਲ ਹਲਕਾ ਮੋਗਾ ਤੋਂ 7 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਵਿਜੇ ਸਾਥੀ ਦਾ ਕਹਿਣਾ ਹੈ ਕਿ ਜਿੱਤ ਤਾਂ ਜਿੱਤ ਹੀ ਹੁੰਦੀ ਹੈ। ਹਾਲਾਂਕਿ ਸਾਥੀ ਰੂਪ ਲਾਲ 1967 ਅਤੇ 1977 ਵਿਚ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ।

Leave a Reply

Your email address will not be published. Required fields are marked *