ਟਾਪਭਾਰਤ

ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੂਰਨ ਪੰਜਾਬ ਬੰਦ ਦਾ ਸੱਦਾ

ਚੰਡੀਗੜ੍ਹ ( ਰਣਜੀਤ ਧਾਲੀਵਾਲ ) : ਕਿਸਾਨਾਂ ਨੇ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਬੰਦ ਦੌਰਾਨ ਸਾਰੀਆਂ ਰੇਲ ਗੱਡੀਆਂ, ਬੱਸਾਂ ਅਤੇ ਸਰਕਾਰੀ ਅਤੇ ਨਿੱਜੀ ਅਦਾਰੇ ਬੰਦ ਰਹਿਣਗੇ। ਬੰਦ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਹੋਵੇਗਾ। ਵੱਖ ਵੱਖ ਜਥੇਬੰਦੀਆਂ ਵੱਲੋਂ ਮੋਰਚੇ ਨੂੰ ਸਮਰਥਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ, ਅਸੀਂ ਪੂਰੀ ਰਣਨੀਤੀ ਤਿਆਰ ਕਰ ਲਈ ਹੈ ਅਤੇ ਸਾਨੂੰ ਬਹੁਤ ਸਾਰੀਆਂ ਜਥੇਬੰਦੀਆਂ ਦਾ ਸਮਰਥਨ ਮਿਲਿਆ ਹੈ। ਉਨ੍ਹਾਂ ਬੰਦ ਦੇ ਸੱਦੇ ਨੂੰ ਸਫਲ ਕਰਨ ਲਈ ਆਸ਼ਾ ਵਰਕਰ, ਵਿਦਿਆਰਥੀ ਯੂਨੀਅਨ, ਅਧਿਆਪਕ ਯੂਨੀਅਨ, ਵਪਾਰ ਮੰਡਲ, ਡੇਅਰੀ ਯੂਨੀਅਨ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਵੱਲੋਂ 30 ਨੂੰ ਬੰਦ ਪੂਰੀ ਮਦਦ ਕਰਨ ਦਾ ਐਲਾਨ ਕੀਤਾ। 30 ਦਸੰਬਰ ਨੂੰ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਬੰਦ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਭਲਕੇ ਸਾਰੇ ਜ਼ਿਲ੍ਹਿਆਂ ਵਿੱਚ ਸਾਂਝੀ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਅਤੇ ਆਮ ਜਨਤਾ ਨੂੰ ਬੰਦ ਨੂੰ ਸ਼ਾਂਤਮਈ ਢੰਗ ਨਾਲ ਕਾਮਯਾਬ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਬੰਦ ਕਿਸਾਨਾਂ ਦੇ ਹੱਕਾਂ ਅਤੇ ਉਨ੍ਹਾਂ ਦੇ ਭਵਿੱਖ ਦੀ ਲੜਾਈ ਹੈ।ਉਨ੍ਹਾਂ ਕਿਹਾ ਕਿ ਬੰਦ ਦੌਰਾਨ ਆਮ ਲੋਕਾਂ ਦੀਆਂ ਸਹੂਲਤਾਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਪਹਿਲ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਨੇ ਕਿਹਾ ਕਿ ਬੰਦ ਦੌਰਾਨ ਡਾਕਟਰੀ ਸੇਵਾਵਾਂ ਅਤੇ ਹੋਰ ਐਮਰਜੈਂਸੀ ਸਹੂਲਤਾਂ ਆਮ ਵਾਂਗ ਜਾਰੀ ਰਹਿਣਗੀਆਂ। ਹਵਾਈ ਅੱਡੇ ‘ਤੇ ਯਾਤਰੀਆਂ ਅਤੇ ਵਿਆਹ ਸਮਾਗਮਾਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਨਹੀਂ ਰੋਕਿਆ ਜਾਵੇਗਾ। ਟੋਲ ਪਲਾਜ਼ਿਆਂ ‘ਤੇ ਲੋਕਾਂ ਨੂੰ ਪੰਜਾਬ ਬੰਦ ਬਾਰੇ ਜਾਣਕਾਰੀ ਦੇਣ ਵਾਲੇ ਬੈਨਰ ਲਗਾਏ ਜਾਣਗੇ ਅਤੇ ਬੱਸ ਕੰਡਕਟਰ ਟਿਕਟਾਂ ਜਾਰੀ ਕਰਨ ਤੋਂ ਪਹਿਲਾਂ ਯਾਤਰੀਆਂ ਨੂੰ ਬੰਦ ਬਾਰੇ ਸੂਚਿਤ ਕਰਨਗੇ। ਪਿੰਡਾਂ ਦੇ ਗੁਰਦੁਆਰੇ ਵੀ ਬੰਦ ਦਾ ਸਮਰਥਨ ਕਰਨ ਲਈ ਲੋਕਾਂ ਨੂੰ ਅਪੀਲ ਕਰਦੇ ਰਹਿਣਗੇ, ਇਸੇ ਦੌਰਾਨ ਫਸਲਾਂ ਅਤੇ ਹੋਰ ਮੁੱਦਿਆਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਖਨੌਰੀ ਸਰਹੱਦ ‘ਤੇ 31 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਦੀ ਸਿਹਤ ਇਸ ਹੱਦ ਤੱਕ ਵਿਗੜ ਗਈ ਹੈ ਕਿ ਉਹ ਹੁਣ ਬੋਲਣ ਦੇ ਯੋਗ ਨਹੀਂ ਹੈ ਅਤੇ ਸਿਰਫ਼ ਇਸ਼ਾਰਿਆਂ ਰਾਹੀਂ ਹੀ ਗੱਲਬਾਤ ਕਰ ਰਿਹਾ ਹੈ। ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 31ਵੇਂ ਦਿਨ ਵਿੱਚ ਹੈ। ਪੰਜਾਬ ਸਰਕਾਰ ਦੇ ਕੱਲ੍ਹ ਮੰਤਰੀ ਮਿਲੇ ਸਨ ਉਨ੍ਹਾਂ ਵੱਲੋਂ ਇਕ ਹੀ ਅਪੀਲ ਕੀਤੀ ਗਈ ਕਿ ਥੋੜ੍ਹਾ ਬਹੁਤ ਟਰੀਟਮੈਂਟ ਲਵੋ। ਡੱਲੇਵਾਲ ਨੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਜੋ ਮੁੱਖ ਮੰਤਰੀ ਦਾ ਫਰਜ਼ ਸੀ ਉਸਨੇ ਕੀ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਕੇਜਰੀਵਾਲ ਨਾਲ ਕੁਝ ਗੱਲਬਾਤ ਹੋਈ ਸੀ ਤਾਂ ਸਾਰੇ ਮੰਤਰੀ ਬੈਠ ਗਏ ਸੀ, ਪਰ ਕੀ ਹੁਣ ਤੁਸੀਂ ਨਹੀਂ ਬੈਠ ਸਕਦੇ। ਪੰਜਾਬ ਸਰਕਾਰ ਵੱਲੋਂ ਅਮਲ ਵਜੋਂ ਕੁਝ ਦਿਖਾਈ ਨਹੀਂ ਦੇ ਰਿਹਾ। ਸਰਕਾਰ ਵੱਲੋਂ ਕੱਲ੍ਹ ਦੀ ਮਿਲਣੀ ਸਿਆਸੀ ਤੌਰ ਉਤੇ ਹੀ ਸੀਮਤ ਰਿਹਾ। ਉਨ੍ਹਾਂ ਕਿਹਾ ਕਿ ਡੱਲੇਵਾਲ ਮਾਨਿਕਸ ਤੌਰ ਉਤੇ ਪੂਰੀ ਤਰ੍ਹਾਂ ਕਾਇਮ ਹਨ, ਭਾਵੇਂ ਸਰੀਰਕ ਤੌਰ ਉਤੇ ਕਮਜ਼ੋਰ ਹੋ ਰਹੇ ਹਨ।

Leave a Reply

Your email address will not be published. Required fields are marked *