ਲਿੰਗ ਅਨੁਪਾਤ,ਸਮਾਜ ਅਤੇ ਸਰਕਾਰੀ ਉਪਰਾਲੇ-ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ

ਭਾਰਤ ਵਿੱਚ ਲਿੰਗ ਅਨੁਪਾਤ 929:1000 ਹੈ।ਭਾਰਤ ਦੇ ਪਿੰਡਾਂ ਵਿੱਚ ਲਿੰਗ ਅਨੁਪਾਤ 950:1000 ਹੈ ਜਦ ਕਿ ਸ਼ਹਿਰਾਂ ਵਿੱਚ 918:1000 ਹੈ ਇਸ ਪਿੱਛੇ ਸ਼ੰਕਾਵਾਂ ਹਨ ਕਿ ਸ਼ਹਿਰਾਂ ਦੇ ਲੋਕ ਜ਼ਿਆਦਾ ਪਹੁੰਚ ਰੱਖਦੇ ਹਨ ਇਸ ਲਈ ਅੱਜ ਵੀ ਦਾਂਇਓ-ਬਾਂਇਓ ਹੀਲਾ ਕਰ ਲੈਂਦੇ ਹਨ।ਇਸ ਵਿੱਚ ਪਿੰਡਾਂ ਸ਼ਹਿਰਾਂ ਵਿੱਚ ਆਮ ਪਾੜਾ ਦਿੱਖਦਾ ਹੈ।ਮਾਨਵ ਵਿਗਿਆਨ ਦੀ ਦ੍ਰਿਸ਼ਟੀ ਤੋਂ ਵੀ ਆਲਮੀ ਪੱਧਰ ਤੇ ਲਿੰਗ ਅਨੁਪਾਤ 1:1 ਹੋਣਾ ਚਾਹੀਦਾ ਹੈ। ਪੰਜਾਬ ਵਿੱਚ 2016-17ਵਿੱਚ 888 ਕੁੜੀਆਂ ਪਿੱਛੇ 1000 ਮਰਦ ਹਨ।ਇਹ ਅੰਕੜਾ 2020 -21 ਵਿੱਚ 919:1000 ਹੋ ਗਿਆ ਸੀ।ਇਹ ਵਾਧਾ ਸਰਕਾਰ ਦੇ ਉਪਰਾਲਿਆਂ ਦਾ ਨਤੀਜਾ ਹੈ।ਭਾਰਤ ਵਿੱਚ 1951 ਤੋਂ 2011 ਤੱਕ ਮਾਦਾ ਭਰੂਣ ਨੀਵੇਂ ਪੱਧਰ ਤੇ ਹੀ ਰਿਹਾ ਪਰ 2011ਦੀ ਜਨ ਗਣਨਾ ਅਨੁਸਾਰ ਵੀ ਇਹ ਡਾਟਾ 100:111 ਰਿਹਾ ਹੈ।ਇਸ ਵਿੱਚ ਕੁੱਝ ਤਰੁਟੀਆਂ ਵੀ ਹੋ ਸਕਦੀਆਂ ਹਨ।1980 ਤੋਂ 2010 ਤੱਕ ਇੱਕ ਕਰੋੜ ਭਰੂਣ ਹਤਿਆਵਾਂ ਹੋਈਆਂ।ਇਸ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਫੁਰਮਾਨ ਆਪ ਮੁਹਾਰੇ ਮੂੰਹੋਂ ਨਿਕਲ ਆਉਂਦੇ ਹਨ:-
“ਏਤੀ ਮਾਰ ਪਈ ਕਰਲਾਣੈ, ਤੈ ਕੀ ਦਰਦ ਨ ਆਇਆ”
ਅਬਾਦੀ ਦਾ ਲਿੰਗ ਅਨੁਪਾਤ ਕੁਦਰਤੀ ਕਾਰਕਾ, ਹਾਲਾਤਾਂ, ਦਵਾਈਆਂ, ਜੰਗ ਦੇ ਪ੍ਰਭਾਵ, ਗਰਭਪਾਤ ਅਤੇ ਰਜਿਸਟਰ ਦੀਆਂ ਤਰੁੱਟੀਆਂ ਕਰਕੇ ਵੀ ਪ੍ਰਭਾਵਿਤ ਹੁੰਦਾ ਹੈ। ਪੰਜਾਬ ਚ ਲਿੰਗ ਅਨੁਪਾਤ 918 ਦਰਜ ਕੀਤਾ ਗਿਆ ਹੈ ਜਦੋਂ ਕਿ ਜ਼ਿਲ੍ਹਾ ਕਪੂਰਥਲਾ ਸਭ ਤੋਂ ਉੱਪਰ 987 ਨਾਲ ਰਿਹਾ ਜਦਕਿ ਇਸ ਹੀ ਜ਼ਿਲ੍ਹੇ ਦੀ ਦਰ 2023 ਵਿੱਚ 992 ਸੀ। ਚਲੋ ਖੈਰ। ਮੁਸਲਿਮ ਭਾਈਚਾਰੇ ਵਾਲਾ ਮਲੇਰਕੋਟਲਾ ਵੀ961 ਦੀ ਦਰ ਨਾਲ ਉੱਚਾ ਰਿਹਾ। ਇਹਨਾਂ ਜ਼ਿਲਿਆਂ ਦੀ ਪ੍ਰਫਾਰਮੈਂਸ ਸ਼ਾਨਦਾਰ ਰਹੀ। ਪਠਾਨਕੋਟ ਦੀ ਦਰ ਸਭ ਤੋਂ ਘੱਟ 864 ਰਹੀ।ਇਹ ਜ਼ਰੂਰੀ ਚਿੰਤਾ ਦਾ ਵਿਸ਼ਾ ਹੈ। ਅੰਕੜੇ ਦੇਣੇ ਜ਼ਰੂਰੀ ਹੁੰਦਾ ਹੈ ਇਸ ਨਾਲ ਮੁਕਾਬਲੇਬਾਜ਼ੀ ਹੋਣ ਕਰਕੇ ਵੀ ਅਗਲੇ ਵਰ੍ਹੇ ਲਈ ਲੋਕ ਅਤੇ ਪ੍ਰਸ਼ਾਸਨ ਹਰਕਤ ਵਿੱਚ ਆਉਂਦੇ ਹਨ। ਸਮੇਂ ਦੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਅਤੇ ਮੌਜੂਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਵੀ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਦੀ ਪ੍ਰਸੰਸਾ ਲਿੰਗ ਅਨੁਪਾਤ ਵਧਾਉਣ ਲਈ ਪਾਰਲੀਮੈਂਟ ਵਿੱਚ ਕੀਤੀ ਸੀ। ਉਹਨਾਂ ਵਲੋਂ ਲਿੰਗ ਅਨੁਪਾਤ ਤੇ ਚਿੰਤਾ ਜ਼ਾਹਰ ਕੀਤੀ ਸੀ। ਭਰੂਣ ਹਤਿਆਵਾਂ ਤੇ ਚਿੰਤਾ ਲਈ ਉਹਨਾਂ ਨੇ ਪਾਰਲੀਮੈਂਟ ਵਿੱਚ ਕਿਹਾ ਸੀ:-
” ਆ ਜਾ ਮਾਂਏਂ ਗੱਲਾਂ ਕਰੀਏ ਕੰਮ ਦੀਆਂ,
ਰਾਜਗੁਰੂ, ਸੁਖਦੇਵ,ਭਗਤ ਸਿੰਘ ਮਾਂਵਾਂ ਹੀ ਨੇ ਜੰਮਦੀਆਂ,
ਕੀ ਪਤਾ ਮੈਂ ਜੰਮਦਿਆਂ ਅਗੰਮੜਾ ਮਰਦ ਨੀ ਮਾਂਏ,
ਪੇਟ ਵਿੱਚ ਨਾ ਕਤਲ ਕਰਾਈਂ,ਏਹੀ ਮੇਰੀ ਅਰਜ਼ ਨੀ ਮਾਂਏ”
ਜਦੋਂ ਲਿੰਗ ਅਨੁਪਾਤ ਨਾਲ ਛੇੜਛਾੜ ਦੇ ਨਤੀਜੇ ਆਉਂਣ ਲੱਗੇ ਤਾਂ ਅਫ਼ਰਾ ਤਫਰੀ ਮਚੀ ਸੀ।ਜਿਸ ਤਰ੍ਹਾਂ ਸਮਾਜ ਨੂੰ ਚਲਾਉਣ ਲਈ ਨਿਯਮਾਂਵਲੀ ਹੁੰਦੀ ਹੈ ਉਸ ਤਹਿਤ ਹੀ 1994 ਵਿੱਚ ਭਰੂਣ ਦੀ ਜਾਂਚ ਨੂੰ ਗੈਰਕਨੂੰਨੀ ਵਾਲਾ ਪੀ.ਸੀ.ਪੀ.ਐਨ.ਡੀ.ਟੀ ਕਨੂੰਨ ਬਣਿਆ ਉਸ ਸਮੇਂ ਹੀ ਪਹਿਲੀ ਵਾਰ ਭਰੂਣ ਦੀ ਪ੍ਰੀਭਾਸ਼ਾ ਨਿਰਧਾਰਤ ਹੋਈ ਸੀ।ਇਸ ਤੋਂ ਪਹਿਲਾਂ 1870 ਵਿੱਚ ਬਸਤੀਵਾਦੀ ਸਾਮਰਾਜ ਵਿੱਚ ਵੀ ਭਰੂਣ ਹਤਿਆਵਾਂ ਰੋਕਣ ਦਾ ਕਨੂੰਨ ਬਣਿਆ ਸੀ।ਸਾਡੀ ਸੰਸਕ੍ਰਿਤੀ ਬਰਾਬਰ ਕੋਈ ਨਹੀਂ ਹੈ।ਇੱਥੇ ਕੰਨਿਆ ਨੂੰ ਦੇਵੀ ਵਾਂਗ ਪੂਜਿਆ ਜਾਂਦਾ ਹੈ ਵਿਆਹ ਨੂੰ ਕੰਨਿਆਂ ਦਾਨ ਕਿਹਾ ਜਾਂਦਾ ਹੈ। ਸਿੱਖ ਧਰਮ ਵਿੱਚ ਕੁੜੀਮਾਰ ਨਾਲ ਰਾਬਤਾ ਨਾ ਰੱਖਣ ਦਾ ਹੁਕਮ ਹੈ। ਗੁਰੂ ਨਾਨਕ ਦੇਵ ਜੀ ਨੇ ਬਹੁਤ ਸਮਾਂ ਪਹਿਲਾਂ ਹੀ ਜਾਗਰੂਕ ਕੀਤਾ ਸੀ:-
” ਸੋ ਕਿਓ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ”
2017 ਵਿੱਚ ਯੂ ਐਨ ਓ ਨੇ ਵਿਕਾਸ ਟਿਕਾਊ ਟੀਚਿਆਂ ਵਿੱਚ ਲਿੰਗ ਅਨੁਪਾਤ ਨੂੰ ਦਰਜ਼ ਕੀਤਾ ਸੀ।ਭਾਰਤ ਵਿੱਚ ਭਰੂਣ ਹਤਿਆਵਾਂ 1970 ਤੋਂ 1994 ਤੱਕ ਬੇਰੋਕ ਬੇਟੋਕ ਚੱਲਦੀਆਂ ਰਹੀਆਂ। ਲੱਖਾਂ ਮਾਦਾ ਭਰੂਣ ਮਾਰੇ ਗਏ ਸਨ।
2015 ਵਿੱਚ ਭਾਰਤ ਸਰਕਾਰ ਨੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਪ੍ਰੋਗਰਾਮ ਪਾਣੀਪਤ ਤੋਂ ਚਲਾਇਆ ਇਸ ਲਈ 644 ਕਰੋੜ ਜਾਰੀ ਕੀਤੇ। ਪਹਿਲੇ 161ਜਿਲਿਆਂ ਵਿੱਚ ਚਲਾਇਆ ਇਸ ਪ੍ਰੋਗਰਾਮ ਨੇ ਬਣਦਾ ਹਿੱਸਾ ਪਾਇਆ । ਸਾਰਥਿਕ ਸਾਬਿਤ ਹੋਇਆ। ਭਲਵਾਨਾਂ ਵਾਲੇ ਅੰਦੋਲਨ ਨੇ ਇਸ ਦੀ ਫੂਕ ਜ਼ਰੂਰ ਕੱਢੀ ਸੀ। ਸਰਕਾਰ ਨਾਲ ਲੋਕਾਂ ਦੀ ਸ਼ਮੂਲੀਅਤ ਵੀ ਰਹੀ। ਪੰਜਾਬ ਵਿੱਚ ਭਰੂਣ ਹਤਿਆਵਾਂ ਦੇ ਦੋਸ਼ੀ ਫੜਨ ਨਾਲ ਪ੍ਰਸ਼ਨ ਚਿੰਨ੍ਹ ਜ਼ਰੂਰ ਲਗਦਾ ਹੈ। ਪਿਛਲੇ ਸਾਲਾਂ ਚ ਸੱਠ ਦੋਸ਼ੀ ਗਿਰਫ਼ਤਾਰ ਕੀਤੇ, ਚੋਦਾਂ ਅਲਟਰਾਸਾਊਂਡ ਸੀਲ ਕੀਤੇ। ਫੜਾਉਣ ਵਾਲੇ ਨੂੰ ਪੰਜਾਹ ਹਜ਼ਾਰ ਦਿੱਤਾ ਜਾਂਦਾ ਹੈ।ਸੁਧਰੀ ਸਥਿੱਤੀ ਵਿੱਚ ਚਾਲ ਢਾਲ ਨਰਮ ਪੈ ਜਾਂਦੀ ਹੈ।ਹੁਣ ਦਲੀਲਾਂ ਹਨ ਕਿ ਹਰ ਗਰਭਵਤੀ ਮਹਿਲਾ ਦੀ ਜਾਣਕਾਰੀ ਰੱਖੀ ਜਾਵੇ। ਇੱਕ ਸਰਵੇਖਣ ਅਨੁਸਾਰ ਪੰਜਾਬ ਵਿੱਚ 2015-16 ਵਿੱਚ 12.1ਫੀਸਦੀ ਔਰਤਾਂ ਦੇ ਕੁੜੀਆਂ ਦੇ ਮੁਕਾਬਲੇ ਮੁੰਡੇ ਦੀ ਇੱਛਾ ਰੱਖਦੀਆਂ ਹਨ।ਇਹੀ ਅੰਕੜਾ ਹਰਿਆਣਾ ਵਿੱਚ 15.41ਹੈ।2019-20 ਇਹ ਅੰਕੜਾ ਪੰਜਾਬ ਵਿੱਚ 8.3 ਫੀਸਦੀ ਹਰਿਆਣਾ ਵਿੱਚ 10.41 ਸੀ।15-16 ਵਿੱਚ ਕੁੜੀਆਂ ਦੀ ਇੱਛਾ ਸ਼ਕਤੀ ਦੀ ਦਰ ਪੰਜਾਬ ਵਿੱਚ 1.9 ਫੀਸਦੀ ਸੀ 20-21 ਵਿੱਚ ਇਹ ਦਰ 6.9 ਸੀ। ਪੰਜਾਬ ਵਿੱਚ ਔਰਤ ਕੇਵਲ 13.25 ਫ਼ੀਸਦ ਮਰਦ 55.5 ਕੰਮ ਕਾਜ ਕਰਦੇ ਹਨ।ਜੋ ਘਰ ਚ ਆਰਥਿਕ ਯੋਗਦਾਨ ਪਾਉਂਦੀਆਂ ਹਨ ਉਹਨਾਂ ਦਾ ਰੁੱਤਬਾ ਵੱਧ ਹੁੰਦਾ ਹੈ।ਇਸ ਲਈ ਵੀ ਲਿੰਗ ਅਨੁਪਾਤ ਨੂੰ ਗ੍ਰਹਿਣ ਲੱਗਿਆ ਹੈ।
ਔਰਤ ਅਤੇ ਮਰਦ ਇੱਕ ਦੂਜੇ ਦੇ ਪੂਰਕ ਹੁੰਦੇ ਹਨ।ਇਸ ਲਈ ਇਹੀ ਸੋਚ ਪਾੜੇ ਠੀਕ ਕਰ ਸਕਦੀ ਹੈ। ਰੂੜੀਵਾਦੀ ਵਿਚਾਰਾਂ ਨੂੰ ਹਟਾਉਣਾ ਚਾਹੀਦਾ ਹੈ। ਵੰਸ਼ ਵਾਦ ਦਾ ਫੰਡਾ ਵੀ ਹਟਣਾ ਚਾਹੀਦਾ ਹੈ। ਧੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਹੈ।ਇਸ ਲਈ ਲਿੰਗ ਅਨੁਪਾਤ ਸੋਚ ਤੇ ਅਧਾਰਿਤ ਹੋਣ ਕਰਕੇ ਸੋਚ ਬਦਲਣ ਨਾਲ ਹੀ ਲਿੰਗ ਅਨੁਪਾਤ ਸਹੀ ਬਣਿਆ ਰਹਿ ਸਕਦਾ ਹੈ।ਆਓ ਭਰੂਣ ਹਤਿਆਵਾਂ ਰੋਕਣ ਨੂੰ ਸੋਚ ਚ ਵਸਾਈਏ ਤਾਂ ਜੋ ਲਿੰਗ ਅਨੁਪਾਤ ਆਪਣੇ ਆਪ ਬਰਾਬਰ ਬਣ ਜਾਵੇ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445