ਹੁਣ ਸਾਡੀ ਵਾਰੀ ਐ ?ਬੁੱਧ ਚਿੰਤਨ/ ਬੁੱਧ ਸਿੰਘ ਨੀਲੋਂ
ਪੰਜਾਬ ਦੇ ਲੋਕਾਂ ਦਾ ਸੁਭਾਅ ਮਿੱਟੀ ਵਰਗਾ ਹੈ। ਜਿਵੇਂ ਮਿੱਟੀ ਕੁੱਟਿਆਂ ਉਪਜਾਊ ਸ਼ਕਤੀ ਵਧਾਉਂਦੀ ਹੈ। ਇਹੋ ਹਾਲ ਪੰਜਾਬ ਦੇ ਲੋਕਾਂ ਦਾ ਹੈ। ਇਹਨਾਂ ਨੂੰ ਪਹਿਲਾਂ ਬਾਹਰ ਤੋਂ ਹਮਲਾਵਰ ਆਕੇ ਲੁੱਟ ਤੇ ਕੁੱਟ ਦੇ ਸਨ। ਇਹ ਲੁੱਟੇ ਵੀ ਜਾਂਦੇ ਤੇ ਇਹ ਉਨ੍ਹਾਂ ਨੂੰ ਲੁੱਟ ਤੇ ਕੁੱਟ ਵੀ ਲੈਂਦੇ ਸਨ। ਜਦੋਂ ਦੇ ਦੇਸ਼ ਦੀ ਆਜ਼ਾਦੀ ਲਈ ਜੰਗ ਸ਼ੁਰੂ ਹੋਈ ਤਾਂ ਪੰਜਾਬ ਨੇ ਅੰਗਰੇਜ਼ਾਂ ਦੇ ਨਾਸਾਂ ਵਿਚੋਂ ਸੀਡੀ ਕੱਢ ਦਿੱਤਾ। ਹੁਣ ਦੇਸੀ ਅੰਗਰੇਜ਼ਾਂ ਵਲੋਂ ਪੰਜਾਬ ਨੂੰ ਲੁੱਟਣ ਤੇ ਕੁੱਟਣ ਦਾ ਕੋਈ ਮੌਕਾ ਨਹੀਂ ਜਾਣ ਦੇਂਦੇ। ਜੇ ਹਕੂਮਤ ਨਾ ਕੁੱਟੇ ਤਾਂ ਇਹ ਕੁੱਟ ਖਾਣ ਦਾ ਪ੍ਰਬੰਧ ਕਰ ਲੈਂਦੇ ਹਨ। ਇਹਨਾਂ ਨੂੰ ਹਕੂਮਤ ਨੇ ਖਾਲਿਸਤਾਨ ਦਾ ਵੰਝ ਫੜਾਇਆ ਹੋਇਆ ਹੈ। ਇਹ ਉਹਦੇ ਲਈ ਲੜੀ ਤੇ ਮਰੀ ਜਾਂਦੇ ਹਨ। ਨਾ ਨੌਂ ਮਣ ਤੇਲ ਹੋਏ ਤੇ ਨਾ ਰਾਧਾ ਨੱਚੇ। ਪਰ ਬਹੁਤੇ ਪੰਜਾਬੀ ਰਾਧਾ ਦੇ ਸੁਆਮੀ, ਈਸਾਈ ਤੇ ਸਰਸੇ ਵਾਲੇ ਦੇ ਚੇਲੇ ਬਣ ਗਏ ਹਨ। ਬਾਕੀ ਕਿਸੇ ਪਿਤਾ ਜੀ ਦੇ ਪੁੱਤਰ ਬਣ ਗਏ ਹਨ। ਆਪਣੇ ਬਾਪੂ ਕਦੇ ਇਹਨਾਂ ਪਿਤਾ ਜੀ ਨਹੀਂ ਕਿਹਾ। ਇਹ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹਨ, ਇਹਨਾਂ ਦਾ ਜ਼ੋਰ ਦਿਖਾਵੇ ਉਤੇ ਬਹੁਤ ਹੈ। ਇਹਨਾਂ ਦੀਆਂ ਭਾਵਨਾਵਾਂ ਬੜੀਆਂ ਕਮਜ਼ੋਰ ਹਨ। ਬਹੁਤ ਛੇਤੀ ਭੜਕਦੀਆ ਹਨ। ਜਾਂ ਭੜਕਾਅ ਦਿੱਤੀਆਂ ਜਾਂਦੀਆਂ ਹਨ। ਜਦੋਂ ਇਹਨਾਂ ਦੀਆਂ ਭਾਵਨਾਵਾਂ ਵਲੂੰਧਰੀਆਂ ਜਾਂਦੀਆਂ ਹਨ। ਫੇਰ ਭੜਕ ਉੱਠਦੇ ਹਨ। ਇਹ ਦੂਜਿਆਂ ਨੂੰ ਘੱਟ ਆਪਣਾ ਵਧੇਰੇ ਨੁਕਸਾਨ ਕਰਵਾਉਂਦੇ ਹਨ। ਇਹਨਾਂ ਨੂੰ ਇਤਿਹਾਸ ਭੁਲਾਇਆ ਜਾਂਦਾ ਹੈ। ਉਂਝ ਵੀ ਇਹ ਭੁੱਲਣਹਾਰ ਵਧੇਰੇ ਹਨ। ਪੰਜਾਬ ਦੋਖੀਆਂ ਨੇ ਪ੍ਰਯੋਗਸ਼ਾਲਾ ਬਣਾਇਆ ਹੋਇਆ ਹੈ। ਉਹ ਪੰਜਾਬ ਦੇ ਲੋਕਾਂ ਦਾ ਤਾਪਮਾਨ ਚੈਕ ਕਰਦੇ ਰਹਿੰਦੇ ਹਨ। ਅਸੀਂ ਵੀ ਢੀਠ ਬਣੇ ਹੋਏ ਹਾਂ।ਹਾਲਤ ਪੱਥਰ ਉੱਤੇ ਬੂੰਦ ਪਈ ਜਾਂ ਨਾ ਕੋਈ ਫ਼ਰਕ ਨਹੀਂ ਪੈਂਦਾ। ਅਸੀਂ ਜਾਤਾਂ ਤੇ ਫ਼ਿਰਕਿਆਂ ਵਿੱਚ ਵੰਡੇ ਹੋਏ ਹਾਂ। ਇਸੇ ਕਰਕੇ ਕੁੱਟ ਖਾ ਰਹੇ ਹਾਂ। ਇਹ ਕੁੱਟ ਉਦੋਂ ਤੱਕ ਪੈਂਦੀ ਰਹੇਗੀ ਜਦੋਂ ਤੱਕ ਅਸੀਂ ਬੰਦੇ ਦੇ ਪੁੱਤ ਨਹੀ ਬਣਦੇ।
ਕਵਿਤਾ
ਜਦੋਂ ਸ੍ਰੀ ਦਰਬਾਰ ਸਾਹਿਬ ‘ਤੇ
ਫੌਜੀ ਹਮਲਾ ਹੋਇਆ
ਅਸੀਂ ਤਾਂ ਨੀਂ ਬੋਲੇ
ਜਦੋਂ ਦਿੱਲੀ ‘ਚ ਕਤਲੇਆਮ ਕੀਤਾ
ਅਸੀਂ ਤਾਂ ਨੀ ਬੋਲੇ !
ਕਿ ਅਸੀਂ ਕਿਹੜਾ ਸਿੱਖ ਹਾਂ ?
ਉਹ ਸਿੱਖ ਮਾਰ ਕੇ ਤੁਰ ਗਏ ।
ਕਿਉਂਕਿ ਮਸਲਾ ਸਿੱਖਾਂ ਦਾ ਹੈ ?
ਜਦੋਂ ਘਰਾਂ ਤੇ ਬੱਸਾਂ ਵਿੱਚੋਂ ਕੱਢ
ਹਿੰਦੂ ਤੇ ਬੇਦੋਸ਼ੇ ਮਾਰੇ
ਅਸੀਂ ਤਾਂ ਨੀ ਬੋਲੇ
ਕਿ ਕਿਹੜਾ ਹਿੰਦੂ ਤੇ ਬੇਦੋਸ਼ੇ ਹਾਂ ..
ਮਸਲਾ ਹਿੰਦੂਆਂ ਤੇ ਬੇਦੋਸ਼ਿਆਂ ਦਾ!
ਅਸੀਂ ਚੁੱਪ ਰਹੇ, ਬੋਲੇ ਨਹੀਂ
ਜਦੋਂ ਬਾਬਰੀ ਮਸਜਿਦ ਢਾਹੀ
ਗੁਜਰਾਤ ਕਤਲੇਆਮ ਹੋਇਆ
ਅਸੀਂ ਤਾਂ ਨੀ ਬੋਲੇ..
ਕਿ ਅਸੀਂ ਕਿਹੜਾ ਮੁਸਲਮਾਨ ਹਾਂ ?
ਮਸਲਾ ਮੁਸਲਮਾਨਾਂ ਦਾ ਹੈ ?
ਫਿਰ ਉਹਨਾਂ ਈਸਾਈ ਸਾੜੇ
ਅਸੀਂ ਤਾਂ ਨੀ ਬੋਲੇ…
ਅਸੀਂ ਕਿਹੜਾ ਈਸਾਈ ਹਾਂ
ਮਸਲਾ ਈਸਾਈਆਂ ਦਾ ਏ?
ਅਸੀਂ ਕਦੇ ਸਿੱਖ, ਕਦੇ ਈਸਾਈ,
ਕਦੇ ਹਿੰਦੂ ਤੇ ਕਦੇ ਮੁਸਲਮਾਨ ਬਣਦੇ ਹਾਂ
ਪਰ ਅਸੀਂ ਬੰਦੇਂ ਦੇ ਪੁੱਤ ਨਹੀਂ ਬਣਦੇ?
ਇਨਸਾਨ ਨਹੀਂ।
ਹਰ ਜਾਤ ਪਾਤ ਤੇ ਧਰਮ ਦੇ ਮਖੌਟੇ ਲਾ ਕੇ
ਭੀੜ ਬਣਦੇ ਹਾਂ
ਮਸਲਾ ਰੋਜ਼ੀ ਤੇ ਰੋਟੀ ਦਾ
ਪਰ ਅਸੀਂ ਜਾਤਾਂ ਪਾਤਾਂ ਵਿੱਚ ਵੰਡੇ ਹਾਂ
ਫਿਰਕਿਆਂ ਤੇ ਇਲਾਕਿਆਂ ਵਿੱਚ
ਤੇ ਭੁੱਖ ਨਾਲ ਮਰਦੇ ਹਾਂ ਤੇ ਖਾਂਦੇ ਡੰਡੇ ਹਾਂ !
ਕੀ ਅਸੀਂ ਲਾਸ਼ਾਂ ਬਣ ਗਏ ਹਾਂ
ਜਾਂ ਫਿਰ ਮਸ਼ੀਨਾਂ ਬਣ ਗਏ ਹਾਂ ?
ਕੀ ਅਸੀਂ ਇਕੱਲੇ ਇਕੱਲੇ ਮਰਦੇ ਰਹਿਣਾ ਹੈ?
ਕੀ ਅਸੀਂ ਮਰ ਗਈ ਚੇਤਨਾ ਦੀਆਂ
ਤੁਰਦੀਆਂ ਫਿਰਦੀਆਂ ਲਾਸ਼ਾਂ ਹਾਂ।
ਮੁਸ਼ਕ ਮਾਰਦੀਆਂ ਲਾਸ਼ਾਂ ਚੁੱਕੀ ਫਿਰਦੇ ਹਾਂ
ਕੀ ਅਸੀਂ ਮਨੁੱਖ ਹਾਂ
ਕੌਣ ਮਨੁੱਖ ਹੈ
ਇਨਸਾਨ ਹੈ
ਜੇ ਬੰਦੇ ਹੋ
ਤਾਂ ਬੰਦੇ ਦੇ ਪੁੱਤ ਬਣੋ
ਖੜਕਾ ਦਿਓ ਸਰਹੰਦ ਦੀ ਇੱਟ ਨਾਲ ਇੱਟ
ਨਹੀਂ ਫੇਰ ਭੁੱਲ ਜਾਵੋ
ਕਿ ਤੁਸੀਂ ਇਨਸਾਨ ਹੋ!