ਸ਼ਰੀਫ਼ ਸਬਜ਼ੀ ਫ਼ਰੋਸ਼-ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਸਬਜ਼ੀ ਵਾਲਾ ਆਪਣੀ ਸਬਜ਼ੀ ਦਾ, ਹੋਕਾ ਦੇਵੇ ਗਲੀ ਗਲੀ,
ਆਲੂ, ਗੰਢੇ, ਗੋਭੀ ਲੈ ਲਉ, ਤਾਜ਼ੀ ਸਬਜ਼ੀ ਫੁਲੀ ਫਲੀ।
ਰੋਜ਼ਾਨਾ ਹੀ ਉਹ ਗੇੜਾ ਦੇਵੇ, ਹਰ ਮੁਹੱਲੇ ‘ਤੇ ਹਰ ਪੱਤੀ,
ਸੁਆਣੀਆਂ ਤੇ ਘਰੇਲੂ ਬੀਬੀਆਂ, ਰਹਿਣ ਉਸਦਾ ਰਸਤਾ ਤੱਕੀ।
ਉਧਾਰ ਦਾ ਰਿਵਾਜ ਕੁੱਝ ਐਸਾ, ਹਰ ਬੀਬੀ ਹਰ ਰੋਜ਼ ਹੀ ਚਾਹੇ,
ਇਸੇ ਲਈ ਭਾਈ ਹਿਸਾਬ ਵੀ ਸਾਰਾ, ਕਾਪੀ ਉੱਤੇ ਲਿਖਦਾ ਜਾਵੇ।
ਮਹੀਨੇ ਦੇ ਅਖੀਰ ਦੇ ਉੱਤੇ, ਬੀਬੀਆਂ ਆਪਣੇ ਬਿੱਲ ਸਭ ਤਾਰਨ,
ਪਰ ਕੋਈ ਕਦੀ ਵੀ ਨਾ ਪੁੱਛੇ, ਕਿਸੇ ਵੀ ਰਕਮ ਦੇ ਕੀ ਨੇ ਕਾਰਨ।
ਸਬਜ਼ੀ ਵਾਲਾ ਉਹ ਬੇਚਾਰਾ, ਕਾਪੀ ਆਪਣੀ ਫੋਲਕੇ ਦੇਖੇ,
ਸਭਨਾਂ ਨੂੰ ਹਿਸਾਬ ਉਹ ਪੂਰਾ, ਦੱਸੀ ਜਾਵੇ ਬਿਨਾ ਭੁਲੇਖੇ।
ਇੱਕ ਦਿਨ ਬੀਬੀਆਂ ਦੇ ਵਿਚਕਾਰ, ਘੁਸਰ ਮੁਸਰ ਕੁੱਝ ਐਸੀ ਚੱਲੀ,
ਜਿਸ ਦੇ ਕਾਰਨ ਮੁਹੱਲੇ ਦੇ ਵਿੱਚ, ਮਚ ਗਈ ਕਾਫੀ ਤਰਥੱਲੀ,
ਇੱਕ ਨੇ ਦੂਜੀ ਨੂੰ ਜਾ ਪੁੱਛਿਆ, ਇਹ ਭਾਈ ਹਿਸਾਬ ਕਿਵੇਂ ਹੈ ਰੱਖਦਾ,
ਸਾਡੇ ਤਾਂ ਉਹ ਨਾਂ ਵੀ ਨਾ ਜਾਣੇ, ਇਸ ਕੋਲ ਹਿਸਾਬ ਦਾ ਕਿਹੜਾ ਰਸਤਾ।
ਲੱਗਦਾ ਹੈ ਇਹ ਧੋਖਾ ਕਰਕੇ, ਮੂੰਹ ਜ਼ੁਬਾਨੀ ਹਿਸਾਬ ਲਗਾਂਦਾ,
ਯਕੀਨ ਹੈ ਸਾਨੂੰ ਇਸ ਤਰ੍ਹਾਂ ਇਹ, ਦਿਨ ਦਿਹਾੜੇ ਲੁੱਟਦਾ ਜਾਂਦਾ।
ਦੂਜੇ ਦਿਨ ਬੀਬੀਆਂ ਹੋ ਕੱਠੀਆਂ, ਆ ਦੁਆਲੇ ਹੋਈਆਂ ਉਸ ਦੇ,
ਕਹਿਣ ਕਿ ਬਿਨਾ ਨਾਵਾਂ ਤੋਂ ਸਾਡੇ, ਤੈਨੂੰ ਕਿਵੇਂ ਨੇ ਫੁਰਨੇ ਫੁਰਦੇ।
ਕਿਹੜੀ ਤੈਥੋਂ ਕਿੰਨੀ ਸਬਜ਼ੀ, ਕਿਹੜੇ ਭਾਅ ਤੇ ਲੈ ਗਈ ਸੀ,
ਤੇ ਕਿਸ ਦੇ ਨਾਂ ਤੇ ਕਿਹੜੀ ਰਕਮ, ਉਸ ਦੇ ਖਾਤੇ ਸਿਰ ਖੜ੍ਹੀ ਸੀ।
ਸਾਨੂੰ ਹਿਸਾਬ ਦਿਖਾ ਤੂੰ ਪਹਿਲਾਂ, ਫੇਰ ਅਸਾਂ ਨੇ ਦੇਣੇ ਪੈਸੇ,
ਨਹੀਂ ਤੇ ਅਸਾਂ ਹਾਲ ਅੱਜ ਤੇਰੇ, ਕਰ ਦੇਣੇ ਨੇ ਐਸੇ ਤੈਸੇ।
ਸਬਜ਼ੀ ਵਾਲਾ ਕਸੂਤਾ ਫਸਿਆ, ਘੁੱਟ ਫੜੀ ਕਾਪੀ ਉਹ ਨਾ ਛੱਡੇ,
ਬੀਬੀਆਂ ਕਾਪੀ ਨੂੰ ਪੜ੍ਹਨਾ ਚਾਹੁਣ, ਅੜ ਗਈਆਂ ਉਹ ਉਸ ਦੇ ਅੱਗੇ।
ਮਾਰ ਝਪੱਟਾ ਇੱਕ ਬੀਬੀ ਨੇ, ਕਾਪੀ ਉਸਦੇ ਹੱਥੋਂ ਖੋਹ ਲਈ,
ਪੜ੍ਹ ਕੇ ਉਸ ਕਾਪੀ ਦੇ ਪੰਨੇ, ਵਾਹਵਾ ਲੋਹੀ ਲਾਖੀ ਹੋ ਗਈ।
ਕੀ ਲਿਖਿਆ ਸੀ ਇੱਕ ਪੰਨੇ ਤੇ, ਮੋਟੀ ਵੱਲ ਨੇ ਪੱਚੀ ਰੁਪਈਏ,
ਦੂਜੇ ਪੰਨੇ ‘ਤੇ ਪਤਲੀ ਨੇ ਮੈਨੂੰ, ਦੇਣੇ ਨੇ ਪੰਜਾਹ ਰੁਪਈਏ।
ਤੀਜੇ ਪੰਨੇ ਹਿਸਾਬ ਸੀ ਭੈਂਗੀ ਦਾ, ਤੇ ਚੌਥੀ ਉੱਤੇ ਨਖਰੇਲੋ ਦਾ,
ਪੰਜਵੇਂ ਉੱਤੇ ਕਾਣੀ ਦਾ ਸਾਰਾ, ਲਿਖਿਆ ਹੋਇਆ ਸੀ ਲੇਖਾ ਜੋਖਾ।
ਛੇਵੇਂ ਸਫੇ ਲੰਬੋ ਦੇ ਸਾਰੇ, ਪੈਸਿਆਂ ਦਾ ਹਿਸਾਬ ਸੀ ਪੂਰਾ,
ਸੱਤਵੇਂ ਪੰਨੇ ਠਿਗਣੀ ਦੇ ਵੱਲ, ਨਿਕਲਦਾ ਸੌ ਦਾ ਨੋਟ ਸੀ ਪੂਰਾ।
ਪੜ੍ਹ ਕੇ ਨਾਂ ਸਭ ਉਲਟੇ ਪੁਲਟੇ, ਪਾਰਾ ਬੀਬੀਆਂ ਦਾ ਚੜ੍ਹਿਆ ਅਸਮਾਨੇ,
ਟੁੱਟ ਪਈਆਂ ਸਭ ਉਸ ਦੇ ਉੱਤੇ, ਮਾਰਨ ਉਸਨੂੰ ਮਿਹਣੇ ਤਾਹਨੇ।
ਪੁੱਛਣ ਲੱਗੀਆਂ ਉਸ ਨੂੰ ਸਾਰੀਆਂ, ਕਿਉਂ ਪਾਏ ਸਾਡੇ ਨਾਂ ਤੂੰ ਪੁੱਠੇ,
ਕਿਹੜੀ ਗੱਲੋਂ ਆਪਣੀ ਕਾਪੀ ਤੇ, ਲਿਖੇਂ ਤੂੰ ਸਾਡੇ ਉਲਟੇ ਚਿੱਠੇ।
ਕੁੱਟ ਖਾ ਕੇ ਉਹ ਬੰਦਾ ਬੋਲਿਆ, ਮੈਨੂੰ ਸ਼ਰੀਫ਼ ਨੂੰ ਨਾ ਤੁਸੀਂ ਮਾਰੋ,
ਮੇਰੀ ਇਸ ਸ਼ਰਾਫਤ ਦਾ ਬੀਬੀਓ, ਥੋੜ੍ਹਾ ਜਿਹਾ ਮੁੱਲ ਤਾਂ ਤਾਰੋ।
ਮੈਂ ਤੇ ਸਿਰਫ ਸਬਜ਼ੀ ਹੀ ਵੇਚਾਂ, ਹੋਰ ਗੱਲ ਕਰਨੋਂ ਮੈਂ ਸ਼ਰਮਾਵਾਂ,
ਇਸੇ ਲਈ ਮੈਂ ਸਭਨਾਂ ਦੇ ਨਾਂ, ਆਪਣੇ ਕੋਲੋਂ ਹੀ ਰੋਜ਼ ਬਣਾਵਾਂ।
ਇਸ ਤੋਂ ਇਲਾਵਾ ਮੇਰਾ ਤੁਹਾਡਾ, ਲੈਣ ਦੇਣ ਤਾਂ ਹੋਰ ਕੋਈ ਨਹੀਂ,
ਮੇਰੇ ਕੋਲ ਤੁਹਾਨੂੰ ਕਹਿਣ ਲਈ, ਇਸ ਤੋਂ ਬਿਨਾ ਅਲਫ਼ਾਜ਼ ਕੋਈ ਨਹੀਂ।
ਸੁਣ ਜਵਾਬ ਭਾਈ ਦਾ ਭੋਲ਼ਾ, ਗੁੱਸਾ ਬੀਬੀਆਂ ਦਾ ਹੋਇਆ ਠੰਢਾ,
ਤਰਸ ਕਰਕੇ ਉਨ੍ਹਾਂ ਮੰਗੀ ਮੁਆਫੀ, ਜੋ ਬੋਲਿਆ ਸੀ ਕੌੜਾ ਮੰਦਾ।
ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ ਯੂ ਕੇ