ਕੇਂਦਰੀ ਬੱਜਟ ਆਮ ਲੋਕਾਂ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਹਿੱਤ ਪਾਲਣ ਵਾਲਾ : ਕਾ: ਸੇਖੋਂ
ਚੰਡੀਗੜ੍ਹ ( ਰਣਜੀਤ ਧਾਲੀਵਾਲ ) : ਕੇਂਦਰ ਦੀ ਮੋਦੀ ਸਰਕਾਰ ਦਾ ਬੱਜਟ ਦੇਸ਼ ਦੀ ਡਾਵਾਂਡੋਲ ਹੋਈ ਅਰਥਚਾਰੇ ਦੀ ਹਾਲਤ ਨੂੰ ਸੁਧਾਰਨ ਵੱਲ ਸੇਧਤ ਹੋਣ ਦੀ ਬਜਾਏ ਮੁੱਠੀਭਰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿਤ ਪਾਲਣ ਵਾਲਾ ਅਤੇ ਕਿਸੇ ਵਿਸ਼ੇਸ਼ ਰਾਜ ਦੀਆਂ ਵੋਟਾਂ ਹਥਿਆਉਣ ਲਈ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਬੱਜਟ ਨੇ ਗਰੀਬ ਤੇ ਮੱਧ ਵਰਗ ਦੇ ਲੋਕਾਂ, ਖਾਸ ਕਰਕੇ ਕਿਸਾਨਾਂ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਿਰਾਸ਼ ਕੀਤਾ ਹੈ। ਕਾ: ਸੇਖੋਂ ਨੇ ਕਿਹਾ ਕਿ ਦੇਸ਼ ਦੇ ਅਰਥਚਾਰੇ ਦੀ ਹਾਲਤ ਮੰਦੀ ਵਾਲੀ ਹੈ, ਰੁਪਏ ਦੀ ਕੀਮਤ ਘਟ ਰਹੀ ਹੈ ਅਤੇ ਆਮ ਲੋਕਾਂ ਦੀ ਖ਼ਰੀਦ ਸ਼ਕਤੀ ਵਿੱਚ ਕਮੀ ਆ ਗਈ ਹੈ। ਅਜਿਹੇ ਮੌਕੇ ਕੇਂਦਰ ਸਰਕਾਰ ਦਾ ਬੱਜਟ ਲੋਕਾਂ ਦੀ ਆਰਥਿਕ ਹਾਲਤ ਸੁਧਾਰਨ ਵੱਲ ਸੇਧਤ ਹੋਣਾ ਚਾਹੀਦਾ ਸੀ। ਪਰ ਦੁੱਖ ਦੀ ਗੱਲ ਹੈ ਕਿ ਕੇਂਦਰੀ ਬੱਜਟ ਕੁੱਝ ਮੁੱਠੀਭਰ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਵਾਲਾ ਹੈ। ਗਰੀਬ ਤੇ ਮੱਧ ਵਰਗ ਦੇ ਲੋਕਾਂ ਦਾ ਬੱਜਟ ਵਿੱਚ ਕੋਈ ਧਿਆਨ ਨਹੀਂ ਰੱਖਿਆ ਗਿਆ ਸਗੋਂ ਝੂਠ ਦੇ ਸਹਾਰੇ ਉਹਨਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਐਮ ਐਸ ਪੀ ਦੀ ਗਾਰੰਟੀ ਲਈ ਦੇਸ਼ ਦੇ ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਪੜ੍ਹੇ ਲਿਖੇ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਸੜਕਾਂ ਤੇ ਰੁਲ ਰਹੇ ਹਨ। ਬੱਜਟ ਵਿੱਚ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ ਜਿਸ ਕਾਰਨ ਕਿਸਾਨ ਤੇ ਨੌਜਵਾਨ ਨਿਰਾਸ਼ ਹੋਏ ਹਨ। ਸੂਬਾ ਸਕੱਤਰ ਨੇ ਕਿਹਾ ਕਿ ਮੋਦੀ ਸਰਕਾਰ ਦਾ ਪਿਛਲੇ ਬੱਜਟ ਵਿੱਚ ਚੋਣਾਂ ਨੂੰ ਮੁੱਖ ਰੱਖ ਕੇ ਆਧਰਾ ਪ੍ਰਦੇਸ਼ ਨੂੰ ਸਹੂਲਤਾਂ ਮੁਹੱਈਆ ਕਰਦਾ ਸੀ, ਇਸ ਵਾਰ ਬਿਹਾਰ ਦਾ ਵੱਧ ਧਿਆਨ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਬੱਜਟ ਵਿੱਚ ਪੰਜਾਬ ਨਾਲ ਵਿਸਵਾਸਘਾਤ ਕੀਤਾ ਗਿਆ ਹੈ। ਪੰਜਾਬ ਵਿੱਚ ਇੰਡਸਟਰੀ ਦੀ ਘਾਟ ਕਾਰਨ ਬੇਰੁਜ਼ਗਾਰੀ ਵਧ ਰਹੀ ਹੈ, ਪਰ ਬੱਜਟ ਵਿੱਚ ਪੰਜਾਬ ਦੇ ਉਦਯੋਗ ਅਤੇ ਖੇਤੀਬਾੜੀ ਤੋਂ ਮੂੰਹ ਫੇਰ ਲਿਆ ਗਿਆ ਹੈ। ਇਸ ਤਰ੍ਹਾਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ। ਉਹਨਾਂ ਕਿਹਾ ਪੰਜਾਬ ਸਰਹੱਦੀ ਸੂਬਾ ਹੋਣ ਸਦਕਾ ਮੁਸਕਿਲਾਂ ਵਿੱਚ ਘਿਰਿਆ ਰਹਿੰਦਾ ਹੈ, ਇਸ ਕਰਕੇ ਬੱਜਟ ਵਿੱਚ ਵਿਸ਼ੇਸ਼ ਸਹੂਲਤਾਂ ਦੇਣ ਦੀ ਜ਼ਰੂਰਤ ਹੁੰਦੀ ਹੈ, ਪਰ ਪੰਜਾਬ ਨੂੰ ਜਾਣਬੁੱਝ ਕੇ ਰਿਆਇਤਾਂ ਤੋਂ ਵਾਂਝਾ ਰੱਖਿਆ ਜਾਂਦਾ ਹੈ।