ਹਲਦੀ ਦੀ ਗੱਠੀ ਰੱਖਣ ਨਾਲ ਪੰਸਾਰੀ ਨਹੀਂ ਬਣਦਾ -ਸੁਖਪਾਲ ਸਿੰਘ ਗਿੱਲ
ਅਜੋਕੀ ਮੁੱਦਾ ਵਿਹੂਣੀ ਰਾਜਨੀਤੀ ਹਰ ਸਮੇਂ ਹਰ ਵਾਰੀ ਸਾਡੀ ਸੋਚ ਸਮਝ ਅਤੇ ਮਾਨਸਿਕਤਾ ਦਾ ਲਾਹਾ ਲੈਣ ਲਈ ਕੋਸ਼ਿਸ਼ਾਂ ਕਰ ਰਹੀ ਹੈ । ਪੰਜਾਬ ਦੀ ਰਾਜਨੀਤੀ ਵਿੱਚ ਵਾਤਾਵਰਨ , ਸੱਭਿਆਚਾਰ , ਆਰਥਿਕਤਾ , ਸਿਹਤ ਅਤੇ ਸਿੱਖਿਆ ਦੇ ਸਾਂਝੇ ਮੁੱਦੇ ਹਨ । ਇੱਕ ਅੱਧਾ ਮੁੱਦਾ ਚੁੱਕ ਕੇ ਹਰ ਪਾਰਟੀ ਆਪਣੇ ਆਪ ਨੂੰ ਇਓਂ ਪੇਸ਼ ਕਰ ਰਹੀ ਹੈ , ” ਜਿਵੇਂ ਕਿਸੇ ਦੇ ਹੱਥ ਹਲਦੀ ਦੀ ਗੱਠੀ ਆ ਗਈ ਉਹ ਕਹਿੰਦਾ ਕੇ ਪੰਸਾਰੀ ਬਣ ਗਿਆ ਪੰਸਾਰੀ ਦੀਆਂ ਹੋਰ ਹਜ਼ਾਰਾਂ ਚੀਜ਼ਾਂ ਨੂੰ ਭੁੱਲ ਹੀ ਗਿਆ ” ਇੱਥੇ ਹੁਣ ਹਲਦੀ ਦੀ ਗੱਠੀ ਵਾਂਗ ਇੱਕ ਮੁੱਦਾ ਚੁੱਕ ਕੇ ਰਾਜਨੀਤਕ ਪੰਸਾਰੀ ਬਣਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ । ਹਰ ਪੰਜ ਸਾਲ ਬਾਅਦ ਚੋਣਾਂ ਵੋਟਰ ਦੇ ਬੂਹੇ ਤੇ ਦਸਤਕ ਦਿੰਦੀਆਂ ਹਨ । ਦਸਤਕ ਦੇਣ ਵਾਲੇ ਪਿੱਛਲੇ ਵਾਅਦੇ ਭੁੱਲ ਕੇ ਲੋਕਾਂ ਨੂੰ ਨਵੇਂ ਭੰਬਲਭੂਸੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਹਨ । ਕਾਫੀ ਹੱਦ ਤੱਕ ਕਾਮਯਾਬ ਹੋ ਜਾਂਦੇ ਹਨ ।ਸਾਡੀ ਅਗਿਆਨਤਾ ਦਾ ਫਾਇਦਾ ਲੈਣ ਦਾ ਲੀਡਰਾਂ ਨੂੰ ਡੂੰਘਾ ਗਿਆਨ ਹੁੰਦਾ ਹੈ । ਗਿਆਨੀ ਸੰਤ ਸਿੰਘ ਮਸਕੀਨ ਦਾ ਕਥਨ ਹੈ ਕਿ ” ਲੋਕਤੰਤਰ ਵਿੱਚ ਮੂਰਖ ਗਿਆਨੀ , ਚੋਰ ਸਾਧ , ਬੇਈਮਾਨ ਅਤੇ ਇਮਾਨਦਾਰ , ਦਿਆਲੂ ਅਤੇ ਜ਼ਾਲਮ ਦਾ ਵੋਟ ਪੈਂਦਾ ਹੈ ਅਤੇ ਇਕਬਾਲ ਦਾ ਕਥਨ ਹੈ ਕਿ ਜਮਹੂਰੀਅਤ ਵਿੱਚ ਬੇਈਮਾਨ ਅਤੇ ਮੂਰਖ ਜਿੱਤਣਗੇ ਕਿਉਂਕਿ ਸੰਸਾਰ ਵਿੱਚ ਬਹੁਗਿਣਤੀ ਇਹਨਾਂ ਦੀ ਹੈ ।ਇਸੇ ਲਈ ਲੋਕਤੰਤਰ ਗੁਣ ਅਤੇ ਅਉਗਣਾ ਤੇ ਖੜ੍ਹਾ ਹੈ ।ਪਰ ਇੱਕ ਗੱਲ ਇਹ ਵੀ ਪੱਕੀ ਹੈ ਕਿ ਲੋਕਤੰਤਰ ਲੋਕਾਂ ਦਾ ਰਖਵਾਲਾ ਹੈ ਕਿਉਂਕਿ ਜੋ ਗੱਲ ਮੂੰਹ ਤੇ ਨਹੀਂ ਕਹੀ ਜਾ ਸਕਦੀ ਅਤੇ ਨਾ ਹੀ ਲਿਖੀ ਜਾ ਸਕਦੀ ਹੈ , ਉਹ ਵੋਟ ਸਮੇਂ ਬਿਆਨ ਕੀਤੀ ਜਾਂਦੀ ਹੈ । ਲੱਗੀ ਚੰਦਰੀ ਨਜਰ ਨੇ ਪਿਛਲੇ 20—25 ਸਾਲਾਂ ਤੋਂ ਪੰਜਾਬ ਦੀ ਦਸ਼ਾ ਅਤੇ ਦਿਸ਼ਾ ਹਰ ਪੱਖ ਤੋਂ ਵੰਗਾਰ ਬਣਾਈ ਹੋਈ ਹੈ । ਉਸਨੂੰ ਸੰਭਾਲਣ ਲਈ ਰਾਜਨੀਤਕ ਵਰਗ ਦਿਸ਼ਾਹੀਣ ਰਿਹਾ । ਵਾਤਾਵਰਣ , ਸਿਹਤ ਅਤੇ ਸਿੱਖਿਆ ਨਾਲ ਜੋ ਖਿਲਵਾੜ ਹੋਇਆ ਹੈ ।ਉਸ ਤੋਂ ਇਹਨਾਂ ਲੋਕ ਦੀ ਨੀਅਤ ਤੇ ਸ਼ੱਕ ਹੈ । ਇੱਕ ਗੱਲ ਸਮਝ ਨਹੀਂ ਆ ਰਹੀ ਕਿ ਹੁਣ ਵੀ ਗਰੰਟੀਆਂ , ਵਾਅਦੇ ਅਤੇ ਲਾਲਚ ਦੇਣ ਸਮੇਂ ਇਹ ਲੋਕ ਲੋਕਾਂ ਨੂੰ ਵਿਕਾਊ ਸਮਝਦੇ ਹਨ । ਇਹ ਸਿਰਫ ਇਹਨਾਂ ਦੇ ਮਨ ਨੂੰ ਹੋਂਸਲਾ ਲੈਣ ਲਈ ਹੈ । ਪਰ ਕਿਸਾਨ ਅੰਦੋਲਨ ਨੇ ਇਸ ਵਾਰ ਨਵੀਂ ਸ਼ੁਰੂਆਤ ਦੀ ਆਸ ਬਣਾਈ ਹੈ । ਜਿਸਨੂੰ ਕਾਫੀ ਹੱਦ ਤੱਕ ਬੂਰ ਪੈਣ ਦੀ ਆਸ ਵੀ ਹੈ । ਕੋਈ ਵੀ ਪਾਰਟੀ ਚੋਣ ਵਾਅਦੇ ਕਾਨੂੰਨੀ ਦਾਇਰੇ ਵਿੱਚ ਲਿਆਉਣ ਦਾ ਹੋਂਸਲਾ ਨਹੀਂ ਕਰ ਰਹੀ । ਸ਼ੋਸ਼ਲ ਮੀਡੀਆ ਤੇ ਇੱਕ ਗਿੱਦੜਬਾਹਾ ਦੀ ਇੱਕ ਮਾਣ ਮੱਤੀ ਮੁਟਿਆਰ ਨੇ ਹਜ਼ਾਰ ਰੁਪਏ ਦੀ ਗਰੰਟੀ ਬਾਰੇ ਕਿਹਾ ਹੈ ਕਿ ਇਹਨਾਂ ਨੇ ਸਾਨੂੰ ਵਿਕਾਊ ਸਮਝ ਦੇ ਰੱਖਿਆ ਹੈ । ਇਸ ਗੱਲ ਇਸ ਮੁਟਿਆਰ ਨੇ ਸੌ ਹੱਥ ਰੱਸਾ ਸਿਰੇ ਤੇ ਗੰਢ ਮਾਰਕੇ ਇਉਂ ਜਵਾਬ ਦਿੱਤਾ ” ਪਹਿਲੇ ਆਪਣੇ ਬਜ਼ਾਰ ਕਾ ਮਿਆਰ ਸੰਭਾਲੋ ਫਿਰ ਪੁੱਛਣਾ ਹਮਸੇ ਹਮਾਰੀ ਕੀਮਤ ਕਿਆ ਹੈ ” । ਇਸ ਮੁਟਿਆਰ ਨੇ ਸ਼ੋਸ਼ਲ ਮੀਡੀਆ ਤੇ ਖੈਰਾਤਾਂ ਨੂੰ ਠੁਕਰਾ ਕੇ ” ਉੱਠੇ ਪੁੱਤਰ ਗਿਆ ਦਲਿੱਦਰ ਦਾ ਨਵਾਂ ਵਰਕਾ ਖੋਲਿਆ ਹੈ ਸ਼ਾਬਾਸ਼ ਧੀਏ ।
ਚੋਣਾਂ ਵਿੱਚ ਭੱਖ ਦੇ ਮੁੱਦਿਆ ਦਾ ਹੱਲ ਕੱਢਣਾ ਫਰਜ਼ ਹੁੰਦਾ ਹੈ । ਖੈਰਾਤ ਨਹੀਂ ਹੁੰਦੀ । ਦੂਜੀ ਗੱਲ ਇਹ ਵੀ ਸਮਝ ਤੋਂ ਬਾਹਰ ਕਿ ਰਾਜਨੀਤਕ ਵਰਗ ਰਾਜ ਦੇ ਲੋਕਾਂ ਨੂੰ ਖੈਰਾਤਾਂ ਵੰਡਦੇ ਹਨ ਫਰਜ਼ ਤਾਂ ਸਮਝਦੇ ਹੀ ਨਹੀਂ ਹਨ । ਰਾਜਭਾਗ ਆਪਣੇ ਫਰਜ਼ਾਂ ਦੀ ਪੂਰਤੀ ਲਈ ਹੁੰਦਾ ਹੈ ਨਾ ਕੇ ਸਾਡੇ ਟੈਕਸ ਵਿੱਚੋਂ ਖੈਰਾਤਾਂ ਦੇ ਲਾਲਚ ਦੇਣ ਲਈ ਹੁੰਦਾ ਹੈ । ਲਾਲਚ ਦੇਣ ਲਈ ਵੀ ਅਹਿਸਾਨ ਸਮਝਦੇ ਹਨ ਕੇ ਜਿਵੇਂ ਆਪਣੀ ਜੇਬ ਵਿੱਚੋਂ ਦੇਣਾ ਹੈ । ਆਮ ਲੋਕ ਸਵੇਰੇ ਚਾਹ ਪੀਣ ਤੋਂ ਰਾਤੀ ਸੋਣ ਤੱਕ ਆਪਣੀ ਜੇਬ ਵਿੱਚੋਂ ਟੈਕਸ ਦਿੰਦੇ ਹਨ । ਫਿਰ ਸਮਝ ਨਹੀਂ ਲੱਗਦੀ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨ ਨਾਲ ਕਾਮਯਾਬੀ ਭਾਲਦੇ ਹਨ । ਜਦ ਕੇ ਇਹ ਪੀੜ੍ਹੀ ਹੁਣ ਇਹਨਾਂ ਦੇ ਫਰਜ਼ ਸਮਝ ਕੇ ਇਹਨਾਂ ਦੇ ਅਹਿਸਾਨਾਂ ਨੂੰ ਪਰੇ ਹਟਾ ਕੇ ਇਹਨਾਂ ਉੱਤੇ ਸਵਾਲਾਂ ਦੀ ਝੜ੍ਹੀ ਲਾ ਰਹੀ ਹੈ । ਇਹ ਸ਼ੁੱਭ ਸੰਕੇਤ ਹਨ
ਫਰਜ਼ ਦੀ ਬਜਾਏ ਖੈਰਾਤ ਲਾਲਚ ਦੇ ਕੇ ਹਰ ਪਾਰਟੀ ਹਜ਼ਾਰ ਰੁਪਈਆ , ਦੋ ਹਜ਼ਾਰ ਰੁਪਈਆ , ਸਲੰਡਰ , ਸਕੂਟਰੀਆਂ , ਆਈਲੈਟ ਲਈ 10 ਲੱਖ ਦਾ ਬਿਨਾਂ ਵਿਆਜ਼ ਕਰਜ਼ਾ ਦੇਣ ਦੀ ਦੁਹਾਈ ਪਾ ਰਹੀ ਹੈ । ਇਹ ਦੁਹਾਈ ਲੋਕਾਂ ਲਈ ਅੱਜ ਕੱਲ ਅਤੇ ਪਰਸੋ ਮਾਰੂ ਹੈ । ਹਰ ਸਾਲ ਕਰੋੜਾਂ ਰੁਪਈਆ ਵਿਦਿਆਰਥੀ ਵਿਦੇਸ਼ਾ ਵਿੱਚ ਲੈ ਜਾਂਦੇ ਹਨ । ਸਾਡੇ ਵਾਲੇ ਅਜੇ ਬਾਹਰ ਭੇਜਣ ਲਈ ਕਰਜ਼ੇ ਦੇਣ ਦੀ ਗੱਲ ਕਰਦੇ ਹਨ । ਭਲਿਓ ਲੋਕੋਂ ਆਪਣੇ ਲੋਕਾਂ ਨੂੰ ਇੱਥੇ ਰੱਖ ਕੇ ਰੁਜ਼ਗਾਰ ਮੁੱਖੀ ਨਾ ਬਣਾਓ ਬਾਹਰ ਧੱਕਣ ਦੇ ਕੋਝੇ ਉਪਰਾਲੇ ਕਰਦੇ ਰਿਹੋ । ਡਾਕਟਰ ਸੁਰਜੀਤ ਪਾਤਰ ਜੀ ਦਾ ਕਥਨ ” ਏਥੋਂ ਕੁੱਲ ਪਰਿੰਦੇ ਹੀ ਉਡ ਗਏ , ਏਥੋਂ ਮੇਘ ਆਉਂਦੇ ਵੀ ਮੁੜ ਗਏ , ਏਥੋਂ ਕਰਨ ਅੱਜਕਲ ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਵਰੇ ” ਵਲ ਕਿਸੇ ਦਾ ਧਿਆਨ ਨਹੀਂ ਗਿਆ । ਜਮਹੂਰੀਅਤ ਇਹ ਗੱਲ ਹੁੰਦੀ ਹੈ ਕਿ ਜੇ ਨੀਤੀਆਂ ਨਹੀਂ ਠੀਕ ਤਾਂ ਪੰਜ ਸਾਲ ਬਾਅਦ ਲੋਕ ਲਾਹ ਦਿੰਦੇ ਹਨ ਫਿਰ ਵੀ ਰਾਜਨੀਤੀ ਦੇ ਦਿਮਾਗ ਵਿੱਚ ਲਾਲਚਾਂ ਦਾ ਕੀੜਾ ਫਸਿਆ ਰਹਿੰਦਾ ਹੈ । ਇਸ ਪਿੱਛੇ ਲੋਕਾਂ ਦੀ ਮਾਨਸਿਕਤਾ ਕੀ ਸਮਝਦੇ ਹਨ । ਇਹ ਮਾਮਲਾ ਲੋਕਾਂ ਦੀ ਕਚਹਿਰੀ ਵਿੱਚ ਲੰਬਤ ਰਹਿ ਜਾਂਦਾ ਹੈ । ਰਾਜ ਦੇ ਲੋਕਾਂ ਨੂੰ ਆਪਣੇ ਫਰਜ਼ ਸਮਝ ਕੇ ਮੁੜ ਲੀਹ ਤੇ ਪਾਉਣ ਦੀ ਲੋੜ ਹੈ । ਨਾ ਕੇ ਖੈਰਾਤਾਂ ਦਾ ਅਹਿਸਾਨ ਸਮਝ ਕੇ । ਰਾਜਭਾਗ ਵਿੱਚ ਫਰਜ਼ ਨਿਭਾਉਣ ਅਤੇ ਲੋਕ ਸੇਵਾ ਦਾ ਵੇਲਾ ਅਤੇ ਜਾਗਰੂਕਤਾ ਦੀ ਲੋਅ ਪੈਦਾ ਕਰਕੇ ਹਨੇਰਾ ਅਤੇ ਅਹਿਸਾਨ ਦਰਕਿਨਾਰ ਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੀ ਚਿੰਗਾਰੀ ਕਿਸਾਨ ਅੰਦੋਲਨ ਦੀ ਜਿੱਤ ਵਿੱਚੋਂ ਉਪਜੀ ਹੈ । ਹੁਣ ਅਹਿਸਾਨ ਲੋਕਾਂ ਦਾ ਹੋਵੇਗਾ ਰਾਜਨੀਤਕਾਂ ਦਾ ਫਰਜ਼ ਹੋਵੇਗਾ । ਹੁਣ ਰਾਜਨੀਤਕ ਪੰਸਾਰੀ ਬਣਨ ਲਈ ਹਲਦੀ ਨਾਲ ਨਹੀਂ ਸਰਨਾ ਬਲਕਿ ਸਮੁੱਚੇ ਮੁੱਦਿਆ ਦੇ ਵੰਨਗ ਰੱਖਣੇ ਪੈਣਗੇ ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
