ਟਾਪਪੰਜਾਬ

‘ਆਪ ਸਰਕਾਰ ਦੇ ਸਿਹਤ ਅਤੇ ਸਿੱਖਿਆ ਮਾਡਲ ਨੂੰ ਲੈ ਕੇ ਬਿਆਨ, ਮਹਿਜ਼ ਫ਼ੋਕੇ ਵਾਅਦੇ’: ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਸਿਹਤ ਵਿਭਾਗ ਨਾਲ ਜੁੜੇ ਕਾਂਗਰਸ ਸਰਕਾਰ ਵਲੋਂ ਤਿਆਰ ਕੀਤੇ ਗਏ ਕਈ ਅਹਿਮ ਪ੍ਰੋਜੈਕਟਾਂ ਬਾਰੇ ਗੱਲ ਕਰਦਿਆਂ ਕਿਹਾ, “ਪੰਜਾਬ ਦੇ ਸਿਰ ‘ਤੇ ਦਿਨੋਂ ਦਿਨ ਕਰਜ਼ਾ ਵੱਧਦਾ ਜਾ ਰਿਹਾ ਹੈ, ਪਰ ਸਵਾਲ ਇਹ ਹੈ ਅਖੀਰ ਸਰਕਾਰ ਪੈਸਾ ਖ਼ਰਚ ਕਿੱਥੇ ਕਰ ਰਹੀ ਹੈ? ਨਾਂ ਤਾਂ ਸੂਬੇ ‘ਚ ਕਿਸੇ ਤਰ੍ਹਾਂ ਦਾ ਵਿਕਾਸ ਹੋ ਰਿਹਾ ਹੈ ਅਤੇ ਨਾ ਹੀ ਸਿਹਤ ਵਿਭਾਗ ਨਾਲ ਜੁੜੇ ਕਿਸੇ ਵੀ ਪ੍ਰੋਜੈਕਟ ਨੂੰ ਪੂਰਾ ਕੀਤਾ ਜਾ ਰਿਹਾ ਹੈ।”

ਸਿੱਧੂ ਨੇ ਆਪ ਸਰਕਾਰ ਦੇ ਸਿਹਤ ਅਤੇ ਸਿੱਖਿਆ ਮਾਡਲ ‘ਤੇ ਲੋਕਾਂ ਦਾ ਧਿਆਨ ਕੇਂਦ੍ਰਿਤ ਕਰਦਿਆਂ ਕਿਹਾ, “ਆਪ ਸਰਕਾਰ ਵਲੋਂ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਨਾਲ ਜੁੜੇ ਕਿਸੇ ਵੀ ਪ੍ਰੋਜੈਕਟ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਸਿਹਤ ਮਾਡਲ ਦਾ ਵਾਅਦਾ ਕਰਕੇ ਸੂਬੇ ‘ਚ ਆਪਣੀ ਸਰਕਾਰ ਬਣਾਉਣ ਵਾਲੀ ਅਖੌਤੀ ਕੱਟੜ ਇਮਾਨਦਾਰ ਸਰਕਾਰ ਨੇ ਲੋਕਾਂ ਨੂੰ ਬੇਵਕੂਫ਼ ਬਣਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਹੈ।”

ਮੋਹਾਲੀ ਦੇ ਸੈਕਟਰ 79 ਦੇ ਪ੍ਰੋਜੈਕਟ ਬਾਰੇ ਗੱਲ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ, “ਸਾਡੇ ਵਲੋਂ ਮੋਹਾਲੀ ਵਿੱਚ ਆਧੁਨਿਕ ਸਿਹਤ ਢਾਂਚਾ ਬਣਾਉਣ ਲਈ ਸੈਕਟਰ 79 ਵਿੱਚ ਕਰੋੜਾਂ ਦੀ ਲਾਗਤ ਨਾਲ ਬਣੇ ‘ਆਟਿਜ਼ਮ ਅਤੇ ਨਿਊਰੋ-ਡਿਵੈਲਪਮੈਂਟਲ ਡਿਸਆਰਡਰਜ਼ ਲਈ ਸੈਂਟਰ ਆਫ ਐਕਸੀਲੈਂਸ’, ਜੋਕਿ ਸਾਡੀ ਸਰਕਾਰ ਵੇਲੇ ਲਗਭਗ ਪੂਰਾ ਹੋ ਗਿਆ ਸੀ, ਅੱਜ ਆਮ ਆਦਮੀ ਪਾਰਟੀ ਦੀ ਨਾਕਾਮੀ ਅਤੇ ਲਾਪਰਵਾਹੀ ਕਾਰਨ ਖੰਡਰ ਬਣ ਚੁੱਕਿਆ ਹੈ। ਇਹ ਬੜਾ ਦੁਖਦਾਇਕ ਹੈ ਕਿ, ਨਵੇਂ ਸਿਹਤ ਢਾਂਚੇ ਤਾਂ ਕਿ ਤਿਆਰ ਕਰਨੇ, ਸਗੋਂ ਇਹ ਸਰਕਾਰ ਤਾਂ ਸਾਡੇ ਵਲੋਂ ਮੁਕਮੰਲ ਕੀਤੇ ਪ੍ਰੋਜੈਕਟਾਂ ਨੂੰ ਵੀ ਸੰਭਾਲ ਨਹੀਂ ਪਾ ਰਹੀ।”

ਆਪ ਸਰਕਾਰ ‘ਤੇ ਤੰਜ ਕਸਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਹਸਪਤਾਲ ਖ਼ਾਸ ਤੌਰ ‘ਤੇ ਔਟੀਜ਼ਮ ਅਤੇ ਹੋਰ ਮਾਨਸਿਕ ਵਿਕਾਸ ਸੰਬੰਧੀ ਪ੍ਰਤਾਵਿਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਣਾਇਆ ਗਿਆ ਸੀ ਜੋ ਕਿ ਹੁਣ ਆਪ ਸਰਕਾਰ ਦੇ ਹੇਠਾਂ ਬਰਬਾਦ ਹੁੰਦਾ ਜਾ ਰਿਹਾ ਹੈ।

ਸਿੱਧੂ ਨੇ ਅੱਗੇ ਕਿਹਾ,” ਸੂਬੇ ਦੀ ਸਤਿਥੀ ਬਹੁਤ ਮੰਦਭਾਗੀ ਹੈ, ਮੌਜੂਦਾ ਆਪ ਸਰਕਾਰ ਆਪਣੇ ਹਰ ਇੱਕ ਵਾਅਦੇ ਨੂੰ ਪੂਰਾ ਕਰਨ ‘ਚ ਬੁਰੀ ਤਰ੍ਹਾਂ ਫੇਲ ਹੋਈ ਹੈ, ਮੋਹਾਲੀ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸਹੂਲਤ ਨਹੀਂ ਮਿਲ ਰਹੀ ਹੈ, ਤਿਆਰ ਪਏ ਹਸਪਤਾਲਾਂ ‘ਤੇ ਤਾਲੇ ਲੱਗੇ ਹੋਏ ਨੇ।”

ਸਿਹਤ ਮੰਤਰੀ ‘ਤੇ ਨਿਸ਼ਾਨਾ ਸਾਧਦਿਆਂ ਸਿੱਧੂ ਨੇ ਕਿਹਾ, “ਸਿਹਤ ਵਿਭਾਗ ਨਾਲ ਜੁੜੇ ਮਾਡਰਨ ਬੁਨਿਆਦੀ ਢਾਂਚੇ ਦੀ ਵੱਡੀਆਂ ਗੱਲਾਂ ਕਰਨ ਵਾਲੇ ਡਾਕਟਰ ਬਲਬੀਰ ਸਿੰਘ ਵੀ ਇਸ ਵਿਭਾਗ ਨਾਲ ਜੁੜੇ ਕਿਸੇ ਵੀ ਕੰਮ ਵੱਲ ਧਿਆਨ ਨਹੀਂ ਦੇ ਰਹੇ, ਇਨ੍ਹਾਂ ਦੀ ਸਰਕਾਰ ਸਿਰਫ਼ ਫੋਟੋਜੀਵੀ ਸਰਕਾਰ ਹੈ ਜਿਨ੍ਹਾਂ ਦਾ ਕੰਮ ਅਖਬਾਰਾਂ ਵਿੱਚ ਫੋਟੋਵਾਂ ਛਪਵਾ ਕੇ ਆਪਣੇ ਝੂਠੇ ਕੰਮਾਂ ਦੀ ਮਸ਼ਹੂਰੀ ਕਰਨਾ ਹੈ।”

ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੋਂ ਮੰਗ ਕੀਤੀ ਕਿ ਜਲਦ ਹੀ ਮੋਹਾਲੀ ਦੇ ਸਿਹਤ ਵਿਭਾਗ ਨਾਲ ਜੁੜੇ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਜਾਵੇ ਅਤੇ ਇਸ਼ਤਿਹਾਰਾਂ ਤੋਂ ਬਾਹਰ ਨਿਕਲ ਕੇ ਸੂਬੇ ਦੇ ਸਿਹਤ ਵਿਭਾਗ ਨਾਲ ਜੁੜੇ ਕੰਮਾਂ ‘ਤੇ ਖ਼ਾਸ ਧਿਆਨ ਦਿੱਤਾ ਜਾਵੇ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਤੁਰੰਤ ਮੁੜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਜ਼ਰੂਰੀ ਹੈ।”

Leave a Reply

Your email address will not be published. Required fields are marked *