ਕਾਸ਼! ਕੱਫਣ ਨੂੰ ਜੇਬ ਹੁੰਦੀ ?ਬੁੱਧ ਸਿੰਘ ਨੀਲੋਂ
ਤੁਰਦੇ ਰਹਿਣਾ ਖੂਬਸੂਰਤ ਜ਼ਿੰਦਗੀ ਦਾ ਨਾਂ ਹੈ। ਜ਼ਿੰਦਗੀ ਨੇ ਮੁੱਢ ਕਦੀਮੋਂ ਹੀ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਪਹਿਲਾਂ ਪਸ਼ੂਆਂ ਨਾਲ ਤੇ ਫਿਰ ਪਹੀਏ ਦੀ ਕਾਢ ਨਾਲ ਆਪਣਾ ਸਫ਼ਰ ਜਾਰੀ ਰੱਖਿਆ। ਹੁਣ ਇਹ ਸਫ਼ਰ ਤੇਜ਼ ਤੇ ਸਹਿਜ ਹੋ ਗਿਆ ਹੈ। ਜਦੋਂ ਅਸੀਂ ਹਵਾਈ ਜਹਾਜ਼ ਜਾਂ ਰਾਕਟ ਵਿੱਚ ਬੈਠ ਕੇ ਅਤੀਤ ਵੱਲ ਵੇਖਦੇ ਹਾਂ ਤਾਂ ਇੱਝ ਲੱਗਦਾ ਹੈ ਕਿ ਜਿਵੇਂ ਪਹਿਲੀ ਜ਼ਿੰਦਗੀ ਤੁਰਦੀ ਨਹੀਂ ਸੀ, ਸਗੋਂ ਰੀਂਗਦੀ ਸੀ। ਪਹਿਲਾਂ ਸਫ਼ਰ ਕਰਨਾ ਬੜਾ ਹੀ ਦੁੱਖਾਂ ਭਰਿਆ ਹੁੰਦਾ ਸੀ, ਉਦੋਂ ਜੰਗਲੀ ਖੂੰਖਾਰ ਜਾਨਵਰਾਂ ਦਾ ਡਰ ਤਾਂ ਹਰ ਵੇਲੇ ਨਾਲ-ਨਾਲ ਤੁਰਦਾ ਸੀ ਪਰ ਸਫ਼ਰ ਦੌਰਾਨ ਦੂਸਰਿਆਂ ਹੱਥੋਂ ਲੁੱਟੇ ਜਾਣ ਦਾ ਭੈਅ ਵੀ ਬਣਿਆ ਰਹਿੰਦਾ ਸੀ ਪਰ ਸਫ਼ਰ ਜਾਰੀ ਰਹਿੰਦਾ ਸੀ।
ਜ਼ਿੰਦਗੀ ਨੇ ਇਹ ਮੁਸ਼ਕਿਲਾਂ ਭਰਿਆ ਸਫ਼ਰ ਸੁਖਾਵਾਂ ਬਨਾਉਣ ਲਈ ਵੱਖ ਵੱਖ ਤਰ੍ਹਾਂ ਦੇ ਸਾਧਨ ਈਜਾਦ ਕੀਤੇ । ਰਸਤੇ ਬਣਾਏ, ਮੋਟਰ ਗੱਡੀਆਂ ਬਣਾਈਆਂ, ਹਵਾਈ ਤੇ ਸਮੁੰਦਰੀ ਜਹਾਜ਼ ਬਣਾਏ, ਅੱਗੇ ਜਿੱਥੇ ਪਹਿਲਾਂ ਸਾਲ ਮਹੀਨੇ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਜਾਣ ਲਈ ਲੱਗਦੇ ਸਨ ਪਰ ਹੁਣ ਮਨੁੱਖ ਨੇ ਇਹ ਸਫਰ ਕੁੱਝ ਘੰਟਿਆਂ ਤੇ ਦਿਨਾਂ ਤੱਕ ਸੀਮਤ ਕਰ ਲਿਆ ਹੈ।
ਤੇਜ ਰਫ਼ਤਾਰ ਨਾਲ਼ ਚੱਲਣ ਵਾਲੀਆਂ ਮੋਟਰ ਗੱਡੀਆਂ, ਰੇਲਾਂ, ਹਵਾਈ ਜਹਾਜ਼ ਬਣਾ ਲਏ ਹਨ। ਸੜਕਾਂ, ਰੇਲਵੇ ਲਾਈਨਾਂ, ਹਵਾਈ ਤੇ ਸਮੁੰਦਰੀ ਮਾਰਗ ਬਣਾ ਲਏ ਹਨ। ਜੇ ਕੁੱਝ ਨਹੀਂ ਬਣ ਸਕਿਆ ਤਾਂ ਉਹ ਮੌਤ ਦਾ ਬਦਲ ਨਹੀਂ ਬਣ ਸਕਿਆ। ਮਨੁੱਖ ਨੇ ਸਭ ਕੁੱਝ ਉੱਤੇ ਜਿੱਤ ਪਾ ਲਈ ਹੈ ਪਰ ‘ਮੌਤ’ ਉੱਪਰ ਉਸ ਦੀ ਅਜੇ ਜਿੱਤ ਨਹੀਂ ਹੋਈ
ਭਾਵੇਂ ਬਦਲ ਪ੍ਰਕਿਰਤੀ ਦਾ ਨਿਯਮ ਹੈ, ਸੰਸਾਰ ਦਾ ਸਫ਼ਰ ਜਾਰੀ ਹੈ, ਸੰਸਾਰ ਵਿੱਚ ਨਵੀਂ ਜ਼ਿੰਦਗੀ ਜਨਮ ਲੈ ਰਹੀ ਹੈ, ਲੋਕ ਜ਼ਿੰਦਗੀ ਜਿਉਂ ਵੀ ਰਹੇ ਹਨ ਤੇ ਲੋਕ ਮਰ ਵੀ ਰਹੇ ਹਨ। ਪ੍ਰਕਿਰਤੀ ਦੇ ਅਸੂਲ ਅਨੁਸਾਰ ਜਿਹੜਾ ਜਨਮਿਆ ਹੈ, ਉਸ ਨੇ ਇੱਕ ਦਿਨ ਮਰਨਾ ਹੈ। ਨਵੇਂ ਪੱਤਿਆਂ ਨੇ ਉਗਣਾ ਹੈ, ਪੁਰਾਣੇ ਪੱਤਿਆਂ ਨੇ ਝੜਨਾ ਹੈ। ਇਹ ਝੜਨਾ ਤੇ ਮਰਨਾ ਕਦੋਂ, ਕਿੱਥੇ ਤੇ ਕਿਵੇਂ ਹੋਣਾ ਹੈ, ਇਸ ਦਾ ਅਜੇ ਤੀਕ ਕੋਈ ਭੇਤ ਨਹੀਂ। ਤੁਰੀ ਜਾਂਦੀ ਜ਼ਿੰਦਗੀ ਕਦੋਂ ਮੁੱਕ ਜਾਣੀ ਹੈ? ਇਸ ਦਾ ਕਿਸੇ ਨੂੰ ਕੋਈ ਗਿਆਨ ਨਹੀਂ, ਭਾਵੇਂ ਮਨੁੱਖ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਕੁੱਝ ਬਣਾ ਲਿਆ ਹੈ ਪਰ ਕਾਲ ਦਾ ਕੁੱਝ ਪਤਾ ਨਹੀਂ।
ਹੁਣ ਜਿਸ ਤਰ੍ਹਾਂ ਤੇਜ ਰਫ਼ਤਾਰ ਜ਼ਿੰਦਗੀ ਦਾ ਦੌਰ ਜਾਰੀ ਹੈ, ਸਾਧਨ ਵੀ ਬਹੁਤ ਹਨ ਪਰ ਅਜੇ ਤੱਕ ਸੜਕਾਂ ਦੇ ਪੇਟ ਦੀ ਤਲਾਸ਼ ਨਹੀਂ ਹੋਈ। ਭਾਵੇਂ ਸੜਕਾਂ ਕਦੇ ਵੀ ਖੂਨੀ ਜਾਂ ਜ਼ਿੰਦਗੀ ਨੂੰ ਨਿਗਲਣ ਲਈ ਨਹੀਂ ਹੁੰਦੀਆਂ ਪਰ ਸੜਕਾਂ ਉੱਤੇ ਮੌਤ ਦਾ ਜਿਹੜਾ ਤਾਂਡਵ ਅੱਜ ਕੱਲ੍ਹ ਸਿਖ਼ਰ ਵੱਲ ਵਧ ਰਿਹਾ ਹੈ, ਇਸ ਦਾ ਦੋਸ਼ ਸੜਕਾਂ ਨੂੰ ਦੇ ਕੇ ਅਸੀਂ ਆਪਣੇ ਆਪ ਨੂੰ ਬਰੀ ਨਹੀਂ ਕਰ ਸਕਦੇ।
ਅਸਲ ਵਿੱਚ ਇਸ ਸਭ ਕੁੱਝ ਦੇ ਦੋਸ਼ੀ, ਅਸੀਂ ਹਾਂ ਤੇ ਇਸ ਦੀ ਸਜ਼ਾ ਵੀ ਅਸੀਂ ਹੀ ਭੁਗਤਦੇ ਹਾਂ ਪਰ ਦੋਸ਼ ਅਸੀਂ ਸੜਕਾਂ ਨੂੰ ਦਿੰਦੇ ਹਾਂ। ਹਾਦਸੇ ਤਾਂ ਅਸਮਾਨ, ਸਮੁੰਦਰ ਵਿੱਚ ਹੀ ਨਹੀਂ ਘਰਾਂ, ਦਫਤਰਾਂ, ਫੈਕਟਰੀਆਂ, ਖੇਤਾਂ ਆਦਿ ਵਿੱਚ ਹੁੰਦੇ ਹਨ। ਇਨ੍ਹਾਂ ਹਾਦਸਿਆਂ ਦਾ ਕਸੂਰਵਾਰ ਮਨੁੱਖ ਹੁੰਦਾ ਹੈ, ਨਾ ਕਿ ਉਹ ਥਾਂ ਜਿੱਥੇ ਕੋਈ ਹਾਦਸਾ ਵਾਪਰਦਾ ਹੈ।
ਹੁਣ ਭਾਵੇਂ ਅਸੀਂ ਤਕਨਾਲੋਜੀ ਦੇ ਦੌਰ ਵਿਚੋਂ ਲੰਘ ਰਹੇ ਹਾਂ, ਵਿਗਿਆਨ, ਮਨੋਵਿਗਿਆਨ ਦੇ ਰਾਂਹੀ ਅਸੀਂ ਮਨੁੱਖ ਦੀ ਅੰਦਰਲੀ ਦੁਨੀਆਂ ਨੂੰ ਸਮਝ ਸਕਦੇ ਹਾਂ ਪਰ ਅਸੀਂ ਅਜੇ ਵੀ ਉਨ੍ਹਾਂ ਰੂੜੀਵਾਦੀ ਸੋਚਾਂ ਦੇ ਪਿੱਛੇ ਲੱਗੇ ਹਾਂ, ਜਿਹੜੀਆਂ ਸਾਨੂੰ ਮਾਨਸਿਕ ਸਕੂਨ ਨਹੀਂ ਸਗੋਂ ਦੁੱਖ ਤਕਲੀਫਾਂ ਦਿੰਦੀਆਂ ਹਨ।
ਮਨੁੱਖ ਦੀ ਹੋਂਦ ਤੋਂ ਬਾਅਦ ਇੰਨ੍ਹੇ ਧਾਰਮਿਕ ਅਸਥਾਨ ਨਹੀਂ ਸੀ ਬਣੇ, ਜਿੰਨੇ ਇਸ ਸਦੀ ਵਿੱਚ ਬਣ ਗਏ ਹਨ। ਅਸੀਂ ਧਰਮ ਦੇ ਅਰਥ ਭੁੱਲ ਕੇ ਸੋਚਣ ਸਮਝਣ ਤੇ ਤਰਕ ਦੀ ਕਸਵੱਟੀ ਵਰਤਣ ਦੀ ਵਜਾਏ, ਮੱਥੇ ਰਗੜਨ, ਡੰਡੋਤਾਂ ਕਰਨ, ਝੜਾਵੇ ਚੜ੍ਹਾਉਣ ਤੱਕ ਹੀ ਸੀਮਤ ਹੋ ਗਏ, ਇਸੇ ਕਰਕੇ ਜਿੰਨੇ ਵੀ ਹਾਦਸੇ ਹੁੰਦੇ ਹਨ, ਉਨ੍ਹਾਂ ਵਿੱਚ ਧਰਮ ਦੀ ਆਸਥਾ ਵਧੇਰੇ ਭਾਰੂ ਹੁੰਦੀ ਹੈ।
ਅਸੀਂ ਧਰਮੀਂ ਨਹੀਂ ਬਣਦੇ, ਸਗੋਂ ਧਾਰਮਿਕ ਬਣ ਕੇ ਧਰਮ ਦੀ ਆੜ ਵਿੱਚ ਮਨੁੱਖ ਦੀ ਭਾਵਨਾਵਾਂ ਤੇ ਜ਼ਮੀਨ ਜਾਇਦਾਦ ਲੁੱਟਣ ਲੱਗ ਪਏ ਹਾਂ। ਜਿਹੜੇ ਧਰਮਕਾਂਡਾ ਵਿੱਚੋਂ ਸਾਡੇ ਪੁਰਖਿਆਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਆਪਣੇ ਜ਼ਿੰਦਗੀ ਦੇ ਤਜਰਬਿਆਂ ਨੂੰ ਲਿਖਤਾਂ ਦੇ ਰਾਂਹੀ ਸਾਡੇ ਤੱਕ ਪੁਜਦਾ ਕੀਤਾ ਸੀ। ਅੱਜ ਅਸੀਂ ਉਹ ਸਭ ਕੁੱਝ ਭੁੱਲ ਗਏ ਹਾਂ। ਅਸੀਂ ਉਨ੍ਹਾਂ ਲਿਖਤਾਂ ਨੂੰ ਪੜ੍ਹ ਦੇ ਹਾਂ ਪਰ ਅਮਲ ਨਹੀਂ ਕਰਦੇ ।
ਅਸੀਂ ਗਿਆਨ ਤੇ ਵਿਗਿਆਨ ਦੇ ਉਹਨਾਂ ਭੰਡਾਰਾਂ ਨੂੰ ਖੂਬਸੂਰਤ ਵਸਤਰਾਂ ਵਿੱਚ ਲਪੇਟ ਰੱਖ ਲਿਆ ਹੈ। ਪੱਥਰ ਯੁੱਗ ਦੇ ਵਿੱਚ ਪੁੱਜ ਕੇ ਅਸੀਂ ਉਸ ਦੀ ਪੂਜਾ ਸ਼ੁਰੂ ਕਰ ਦਿੱਤੀ ਹੈ। ਇਸ ਪੂਜਾ ਨੇ ਸਾਡੀ ਸੋਚ ਇਨੀ ਖੁੰਡੀ ਕਰ ਦਿੱਤੀ ਹੈ ਕਿ ਅਸੀਂ ਕਿਸੇ ਸਰੀਰਿਕ ਦੁੱਖ ਦੇ ਛੁਟਕਾਰੇ ਲਈ ਡਾਕਟਰ, ਮਨੋਵਿਗਿਆਨ ਦੇ ਕੋਲ ਜਾਣ ਦੀ ਬਜਾਏ, ਉਹਨਾਂ ਦੇਹਧਾਰੀ ਸਾਧਾਂ ਦੇ ਕੋਲ ਜਾਂਦੇ ਹਾਂ, ਜਿਹੜੇ ਸਾਨੂੰ ਦੁੱਖਾਂ ਵਿਚੋਂ ਕੱਢਣ ਦੀ ਬਜਾਏ ਅਜਿਹੇ ਵਹਿਮਾਂ-ਭਰਮਾਂ ਵਿੱਚ ਫਸਾ ਦਿੰਦੇ ਹਨ ਕਿ ਅਸੀਂ ਉਨ੍ਹਾਂ ਦੀ ਪ੍ਰਕਰਮਾ ਹੀ ਨਹੀਂ ਕਰਦੇ ਸਗੋਂ ਆਪਣਾ ਸਮਾਂ, ਧਨ, ਤਨ ਸਭ ਕੁੱਝ ਉਨ੍ਹਾਂ ਨੂੰ ਭੇਂਟ ਕਰ ਦਿੰਦੇ ਹਾਂ।
ਹੁਣ ਅਸੀਂ ਸਿੱਧੇ ਰਸਤੇ ਦੀ ਬਜਾਏ, ਟੇਡੇ ਰਸਤਿਆਂ ਨੂੰ ਪਹਿਲ ਦੇਣ ਲੱਗ ਪਏ ਹਾਂ, ਇਸ ਅੰਨ੍ਹੀ ਦੌੜ ਵਿੱਚ ਅਸੀਂ ਕਿੰਨੇ ਹਾਦਸੇ ਕਰ ਰਹੇ ਹਾਂ, ਜਿਨਾਂ ਦੇ ਬਾਰੇ ਸਾਨੂੰ ਗਿਆਨ ਵੀ ਹੁੰਦਾ ਹੈ ਪਰ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਜਾਣ ਲਈ ਉਨ੍ਹਾਂ ਰਸਤਿਆਂ ਨੂੰ ਵਰਤਦੇ ਹਾਂ, ਜਿਹੜੇ ਰਸਤਿਆਂ ਉੱਤੇ ਜਿੱਥੇ ਸਾਡੇ ਸਮਾਜਕ ਰਿਸ਼ਤਿਆਂ ਤੇ ਜ਼ਿੰਦਗੀ ਦੀ ਮੌਤ ਵੀ ਹੁੰਦੀ ਹੈ, ਜੇ ਉਹ ਮੌਤ ਨੂੰ ਝਕਾਨੀ ਦੇ ਕੇ ਲੰਘ ਗਏ ਤਾਂ ਉਹ ਆਪਣੇ ਕੀਤੇ ਕਰਮ ਦੀ ਸਜ਼ਾ ਭੁਗਤਦੇ ਹਨ।
ਸੜਕਾਂ ਦੇ ਉੱਤੇ ਹੁੰਦੇ ਹਾਦਸੇ ਤਾਂ ਸਾਡੀਆਂ ਨਜ਼ਰਾਂ ਵਿੱਚ ਹਨ ਪਰ ਜਿਹੜੇ ਹਾਦਸੇ ਅਸੀਂ ਪੰਜਾਬੀਆਂ ਨੇ ਆਪਣੇ ਰਿਸ਼ਤਿਆਂ ਦੇ ਨਾਲ ਕੀਤੇ ਹਨ ਤੇ ਕਰ ਰਹੇ ਹਨ, ਸ਼ਾਇਦ ਇਹ ਹਾਦਸੇ ਸੜਕਾਂ ਉੱਤੇ ਹੁੰਦੇ ਭਿਆਨਕ ਹਾਦਸਿਆਂ ਦੇ ਨਾਲੋਂ ਵੀ ਵਧੇਰੇ ਖਤਰਨਾਕ ਹਨ। ਉਂਝ ਅਸੀਂ ਆਪਣੇ ਆਪ ਨੂੰ ਸ਼ੇਰਾਂ ਦੀ ਕੌਮ, ਸੂਰਬੀਰ, ਯੋਧੇ, ਸ਼ਹੀਦੀਆਂ ਪਾਉਣ ਵਾਲੇ ਉਨਾਂ ਦੇਸ਼ ਭਗਤਾਂ ਦੇ ਵਾਰਿਸ ਆਖਦੇ ਹਾਂ, ਜਿੰਨਾਂ ਨੇ ਆਪਣਾ ਧਰਮ ਤੇ ਸਿਦਕ ਨਿਭਾਇਆ ਪਰ ਅੱਜ ਅਸੀਂ ਧਰਮ ਤੇ ਰਿਸ਼ਤਿਆਂ ਨੂੰ ਗ਼ਲਤ ਵਰਤਕੇ ਜਿਹੜੇ ਹਾਦਸੇ ਕਰ ਰਹੇ ਹਾਂ, ਜਦੋਂ ਅਸੀਂ ਇਨ੍ਹਾਂ ਹਾਦਸਿਆਂ ਦੀ ਕਹਾਣੀ ਸੁਣਦੇ ਹਾਂ ਤਾਂ ਸਾਡਾ ਸਿਰ ਸ਼ਰਮ ਨਾਲ ਝੁਕਦਾ ਨਹੀਂ। ਸਗੋਂ ਮਾਣ ਮਹਿਸੂਸ ਕਰਦੇ ਹਾਂ। ਕਿੰਨੇ ਅਸੀਂ ਬੇਸ਼ਰਮ ਹੋ ਗਏ ਹਾਂ।
ਅਸੀਂ ਕਿਵੇਂ ਆਪਣੀ ਧੀਆਂ ਨੂੰ ਪੌੜੀ ਬਣਾ ਕੇ ਦੇਸ਼ ਵਿਦੇਸ਼ ਪੁੱਜਣ ਲਈ ਸਮਾਜ ਵੱਲੋਂ ਸਿਰਜੇ ਰਿਸ਼ਤਿਆਂ ਦਾ ਘਾਣ ਕਰ ਰਹੇ ਹਾਂ, ਆਪਣੀਆਂ ਸਕੀਆਂ ਮਾਵਾਂ, ਭੈਣਾਂ, ਭੂਆ, ਚਾਚੀਆਂ, ਤਾਈਆਂ, ਮਾਮੀਆਂ, ਮਾਸੀਆਂ, ਨਾਨੀਆਂ ਤੇ ਦਾਦੀਆਂ ਦੇ ਨਾਲ ਵਿਆਹ ਕਰਵਾ ਕੇ ਠੰਢੇ ਮੁਲਕਾਂ ਵਿੱਚ ਜਾਣ ਲਈ ਸਾਧਨ ਵਰਤਦੇ ਹਾਂ। ਇਹ ਉਹਨਾਂ ਹਾਦਸਿਆਂ ਤੋਂ ਵਧੇਰੇ ਖਤਰਨਾਕ ਹਨ, ਜਿਹੜੇ ਸੜਕਾਂ ਉੱਤੇ ਵਾਪਰਦੇ ਹਨ। ਸੜਕਾਂ ਉੱਤੇ ਵਾਪਰਦੇ ਹਾਦਸਿਆਂ ਵਿੱਚ ਕਸੂਰ ਸੜਕਾਂ ਦਾ ਨਹੀਂ, ਸਾਡਾ ਤੇ ਉਸ ਬੁਨਿਆਦੀ ਢਾਂਚੇ ਦਾ ਹੁੰਦਾ ਹੈ। ਜਿਹੜਾ ਸਾਨੂੰ ਅਜਿਹੇ ਹਾਦਸੇ ਕਰਨ ਦੀ ਖੁੱਲ੍ਹ ਦਿੰਦਾ ਹੈ।
ਸੜਕਾਂ ਰਾਤ ਨੂੰ ਜਦੋਂ ਨਸ਼ੇ ‘ਚ ਟੁੰਨ ਹੋ ਕੇ, ਮੌਤ ਦਾ ਤਾਂਡਵ ਨਾਚ ਕਰਦੀਆਂ ਹਨ ਤਾਂ ਕਾਨੂੰਨ ਦੇ ਰਖਵਾਲੇ ਵੀ ਆਪਣੇ ਫ਼ਰਜ਼ ਭੁੱਲ, ਇਸ ਜਸ਼ਨ ਵਿੱਚ ਸ਼ਾਮਿਲ ਹੁੰਦੇ ਹਨ। ਇਹ ਤਾਂਡਵ ਨਾਚ ਬਹੁਤਾ ਉਸ ਅੰਨ੍ਹੀ ਤੇ ਵਹੂਣੀ ਸੋਚ ਦੇ ਲੋਕਾਂ ਦਾ ਹੁੰਦਾ ਹੈ, ਜਿਹੜੇ ਆਸਥਾ ਨੂੰ ਜ਼ਿੰਦਗੀ ਤੋਂ ਪਾਰ ਜਾਣ ਦਾ ਭੁਲੇਖਾ ਸਿਰਜਦੇ ਹਨ। ਇਸੇ ਕਰਕੇ ਬਹੁਤੇ ਮੌਤ ਦੇ ਤਾਂਡਵ ਨਾਚ ਇਨਾਂ ਅਖੌਤੀ ਡੇਰਿਆਂ, ਧਾਰਮਿਕ ਅਸਥਾਨਾਂ ਦੀ ਪ੍ਰਕਰਮਾਂ ਕਰਦਿਆਂ ਹੁੰਦੇ ਹਨ। ਪਸ਼ੂ ਬਿਰਤੀ ਜਦੋਂ ਮਨੁੱਖ ‘ਤੇ ਭਾਰੂ ਹੁੰਦੀ ਹੈ, ਤਾਂ ਅਸੀਂ ਇਹ ਭੁੱਲ ਜਾਂਦੇ ਕਿ ਜਿਹੜੇ ਸਾਧਨ ਵਸਤੂਆਂ ਨੂੰ ਢੋਣ ਲਈ ਬਣਾਏ ਹਨ, ਉਨ੍ਹਾਂ ਵਿੱਚ ਅਸੀਂ ਉਹ ਜ਼ਿੰਦਗੀਆਂ ਵਸਤੂਆਂ ਵਾਂਗ ਲੱਦ ਕੇ ਤੁਰ ਪੈਂਦੇ ਹਾਂ। ਜਿੰਨ੍ਹਾਂ ਨੇ ਇਨ੍ਹਾਂ ਵਾਹਨਾਂ ਨੂੰ ਸੜਕਾਂ ਉਤੇ ਰੋਕ ਕੇ ਜਾਂਚ ਪੜਤਾਲ ਕਰਨੀ ਹੁੰਦੀ ਹੈ, ਉਹ ਵੀ ਸੋਮਰਸ ਦਾ ਸੇਵਨ ਕਰ, ਅੰਗੂਰੀ ਹੋ ਕੇ ਕਿਸੇ ਸੁਰੱਖਿਅਤ ਥਾਂ ‘ਤੇ ਸੌਂ ਜਾਂਦੇ ਹਨ।
ਭਾਵੇਂ ਉਨ੍ਹਾਂ ਨੂੰ ਤਨਖਾਹ ਸੌਣ ਦੀ ਨਹੀਂ, ਸਗੋਂ ਸੜਕ ‘ਤੇ ਵਾਹਨਾਂ ਨੂੰ ਚੈੱਕ ਕਰਨ ਦੀ ਮਿਲਦੀ ਹੈ, ਉਹ ਮਿਲਣ ਵਾਲੀ ਤਨਖਾਹ ਦੇ ਨਾਲੋਂ ਉਪਰਲੀ ਕਮਾਈ ਵੱਧ ਕਰ ਲੈਂਦੇ ਹਨ, ਇਸੇ ਕਰਕੇ ਉਨ੍ਹਾਂ ਦੇ ਢਿੱਡ ਤੂੜੀ ਵਾਲੇ ਟਰੱਕ ਵਾਂਗ ਬਾਹਰ ਨੂੰ ਨਿਕਲ ਆਉਂਦੇ ਹਨ। ਜਦੋਂ ਕਿਧਰੇ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਫਿਰ ਜਿਹੜੀ ਸਰਕਾਰੀ ਮਸ਼ੀਨਰੀ ਲੰਮੀਆਂ ਤਾਣ ਕੇ ਸੁੱਤੀ ਪਈ ਹੁੰਦੀ ਹੈ, ਉਹ ਹਰਕਤ ਵਿੱਚ ਆ ਜਾਂਦੀ ਹੈ, ਫਿਰ ਕਾਨੂੰਨ ਦਾ ਪਾਠ ਪੜ੍ਹਾਇਆ ਹੀ ਨਹੀਂ ਜਾਂਦਾ, ਸਗੋਂ ਉਸਨੂੰ ਸਖਤੀ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ। ਮਰਨ ਵਾਲਿਆਂ ਦੇ ਵਾਰਸਾਂ ਨੂੰ ਮੱਦਦ ਦੇਣ ਦੇ ਹੁਕਮ ਹੁੰਦੇ ਹਨ, ਜ਼ਖ਼ਮੀਆਂ ਦਾ ਇਲਾਜ ਸਰਕਾਰੀ ਪੱਧਰ ਉੱਤੇ ਕਰਨ ਦੀਆਂ ਹਦਾਇਤਾਂ ਹੁੰਦੀਆਂ ਹਨ। ਅਜਿਹੇ ਹਾਦਸੇ ਮੁੜ ਨਾ ਹੋਣ ਤੋਂ ਰੋਕਣ ਲਈ ਸਖਤ ਹਦਾਇਤਾਂ ਹੁੰਦੀਆਂ ਹਨ, ਪਰ ਜਿਹੜੇ ਅਣਆਈ ਮੌਤ ਇੱਕ ਨਿੱਜੀ ਜਿਹੀ ਗਲਤੀ ਨਾਲ ਤੁਰ ਜਾਂਦੇ ਹਨ, ਉਨ੍ਹਾਂ ਦੇ ਪਿੱਛੇ ਰਹਿ ਗਏ ਯਾਦ ਕਰਕੇ ਰੋਂਦੇ, ਕੁਰਲਾਉਂਦੇ ਰਹਿੰਦੇ ਹਨ।
ਅਸੀਂ ਵੱਡੀਆਂ ਵੱਡੀਆਂ ਗੱਡੀਆਂ ਤਾਂ ਲੈ ਲਈਆਂ ਹਨ ਪ੍ਰੰਤੂ ਸੜਕਾਂ ਉੱਤੇ ਇਹ ਗੱਡੀਆਂ ਕਿਵੇਂ ਚਲਾਉਣੀਆਂ ਹਨ, ਇਸ ਦੀ ਸਾਨੂੰ ਭੋਰਾ ਵੀ ਜਾਣਕਾਰੀ ਨਹੀਂ ਹੁੰਦੀ, ਬਿਨਾ ਕਿਸੇ ਜਾਂਚ ਪੜਤਾਲ ‘ਤੇ ਡਰਾਈਵਿੰਗ ਲਾਈਸੈਂਸ ਜਾਰੀ ਹੁੰਦੇ ਹਨ। ਸੜਕ ਉੱਤੇ ਚੱਲਣ ਦੇ ਨਿਯਮਾਂ ਦਾ ਜਿਨ੍ਹਾਂ ਨੇ ਪਾਠ ਪੜ੍ਹਾਉਣਾ ਅਤੇ ਸਿਖਾਉਣਾ ਹੁੰਦਾ ਹੈ, ਉਹ ਵੀ ਆਪਣੀ ਕੀਮਤ ਦੱਸ ਕੇ, ਸਭ ਕੁੱਝ ਅਸਾਨ ਕਰ ਦਿੰਦੇ ਹਨ। ਜਦੋਂ ਕਾਨੂੰਨ ਲਾਗੂ ਕਰਨ ਵਾਲੇ ਆਪਣੀ ਕੀਮਤ ਵਸਤੂਆਂ ਵਾਂਗ ਪਾਉਂਦੇ ਹਨ, ਉਦੋਂ ਹੀ ਇਨ੍ਹਾਂ ਹਾਦਸਿਆਂ ਦਾ ਮੁੱਢ ਬੱਝਣਾ ਸ਼ੁਰੂ ਹੋ ਜਾਂਦਾ ਹੈ, ਜਿਹੜਾ ਪਰਿਵਾਰਾਂ ਦੇ ਪਰਿਵਾਰਾਂ ਦੀ ਜਾਨ ਲੈਂਦਾ ਹੈ।
ਉਂਝ ਭਾਵੇਂ ਅਸੀਂ ਨੈਤਿਕ ਕਦਰਾਂ ਕੀਮਤਾਂ, ਕਾਨੂੰਨ ਦਾ ਸਤਿਕਾਰ ਕਰਨ ਤੇ ਸੜਕਾਂ ਉਤੇ ਚੰਗੇ ਚਾਲਕ ਹੋਣ ਦੀਆਂ ਟਾਹਰਾਂ ਮਾਰਦੇ ਹਾਂ ਪਰ ਅਸੀਂ ਕਦੇ ਵੀ ਉਨ੍ਹਾਂ ਨਿਯਮਾਂ ਦਾ ਪਾਲਣ ਨਹੀਂ ਕਰਦੇ, ਜਿਨ੍ਹਾਂ ਦੀ ਅਸੀਂ ਸੁੰਹ ਚੁੱਕਦੇ ਹਾਂ। ਜਦੋਂ ਤੀਕ ਸਾਡੇ ਕਾਨੂੰਨ ਦੇ ਰਖਵਾਲੇ, ਗੱਡੀਆਂ, ਮੋਟਰਾਂ, ਸੜਕਾਂ ਤੇ ਡਰਾਈਵਰ ਲਾਈਸੈਂਸ ਜਾਰੀ ਕਰਨ ਵਾਲੇ ਆਪਣਾ ਮੁੱਲ ਮਸਤੂਆਂ ਵਾਂਗ ਪਾਉਂਦੇ ਰਹਿਣਗੇ, ਉਦੋਂ ਤੱਕ ਇਨਾਂ ਹਾਦਸਿਆਂ ਨੂੰ ਠੱਲ੍ਹ ਨਹੀਂ ਪਾਈ ਜਾ ਸਕਦੀ। ਇਨ੍ਹਾਂ ਹਾਦਸਿਆਂ ਤੋਂ ਬਚਣ ਲਈ ਜਦੋਂ ਤੀਕ ਅਸੀਂ ਖੁਦ ਆਪਣੇ ਆਪ ਨੂੰ ਜੁੰਮੇਵਾਰ ਨਹੀਂ ਸਮਝਦੇ ਉਦੋਂ ਤੀਕ ਇਹ ਹਾਦਸੇ ਜਾਰੀ ਰਹਿਣਗੇ।
ਕਸੂਰ ਇਨ੍ਹਾਂ ਸੜਕਾਂ ਦਾ ਨਹੀਂ, ਵਾਹਨਾਂ ਦਾ ਨਹੀਂ, ਸਗੋਂ ਇਹ ਉਨ੍ਹਾਂ ਜੁੰਮੇਵਾਰ ਸਰਕਾਰੀ ਤੇ ਗੈਰ ਸਰਕਾਰੀ ਤੰਤਰ ਦਾ ਹੈ, ਜਿਹੜਾ ਆਪਣਾ ਢਿੱਡ ਭਰਨ ਲਈ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗਦੇ ਹਨ ਤੇ ਫਿਰ ਇਹ ਆਖਦੇ ਹਨ ਕਿ ਕਾਸ਼! ਸੜਕਾਂ ਦੇ ਢਿੱਡ ਹੁੰਦੇ। ਢਿੱਡ ਕੁੱਝ ਖਾ ਕੇ ਭਰ ਜਾਂਦੇ ਪਰ ਜਿੰਨ੍ਹਾਂ ਦੇ ਅਜੇ ਤੱਕ ਬੱਜਰੀ, ਰੇਤਾ, ਲੁੱਕ, ਮਿੱਟੀ, ਪਾਣੀ, ਸਰੀਆ ਤੇ ਮਾਇਆ ਦੇ ਨਾਲ ਢਿੱਡ ਨਹੀਂ ਭਰੇ,ਨਾ ਭਰਨੇ ਹਨ। ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਸੜਕ ਨਿਯਮਾਂ ਦਾ ਪਾਠ ਸਿੱਖਿਆ ਵਿੱਚ ਸ਼ਾਮਲ ਕਰਨਾ ਪਵੇਗਾ, ਚੋਰ ਮੋਰੀਆਂ ਰਾਂਹੀ ਜਾਰੀ ਹੋਣ ਵਾਲੇ ਲਾਇਸੰਸਾਂ ਨੂੰ ਠੱਲ੍ਹ ਪਾਉਣ ਲਈ ਵਿਦੇਸ਼ਾਂ ਵਰਗੇ ਨਿਯਮ ਲਾਗੂ ਕਰਨੇ ਪੈਣਗੇ, ਇਸ ਸਭ ਕੁੱਝ ਦੀ ਜੁੰਮੇਵਾਰੀ ਇਕੱਲੀ ਸਰਕਾਰੀ ਮਸ਼ੀਨਰੀ ਦੀ ਨਹੀਂ ਸਗੋਂ ਸਾਡੀ ਸਭ ਦੀ ਬਣਦੀ ਹੈ, ਸਾਨੂੰ ਇਹ ਸਭ ਕੁੱਝ ਆਪਣੇ ਆਪ ਉੱਤੇ ਲਾਗੂ ਕਰਨਾ ਪਵੇਗਾ-ਫਿਰ ਹੀ ਅਸੀਂ ਦੂਸਰਿਆਂ ਨੂੰ ਨਸੀਅਤਾਂ ਦੇਣ ਦੀ ਹਿੰਮਤ ਕਰ ਸਕਦੇ । ਸੜਕਾਂ ਦੇ ਢਿੱਡ ਤਾਂ ਕਦੇ ਵੀ ਨਹੀਂ ਭਰਨੇ। ਨਾ ਕਦੇ ਬੇ ਸਬਰਿਆਂ ਦੇ ਭਰਨੇ ਹਨ। ਇਸੇ ਕਰਕੇ ਦਰਜ਼ੀ ਨੇਂ ਕੱਫਣ ਨੂੰ ਜੇਬ ਨਹੀਂ ਲਗਾਈ।
====
ਬੁੱਧ ਸਿੰਘ ਨੀਲੋਂ
94643-70823