ਟਾਪਪੰਜਾਬ

ਜਿਹੜੇ ਡੀਲਰ ਸਰਕਾਰ ਦੇ ਨੱਕ ਹੇਠਾਂ ਨਸ਼ਾ ਵੇਚ ਰਹੇ ਹਨ, ਉਨ੍ਹਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ: ਝਿੰਜਰ

ਫ਼ਤਿਹਗੜ੍ਹ ਸਾਹਿਬ-ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਝਿੰਜਰ ਨੇ ਪੰਜਾਬ ਵਿੱਚ ਵਧ ਰਹੇ ਨਸ਼ੇ ਦੇ ਕਹਿਰ ਉੱਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਜ਼ਮੀਨੀ ਹਕੀਕਤ ਬਹੁਤ ਹੀ ਦਰਦਨਾਕ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਆਪਣੇ ਪਿੰਡ ਝਿੰਜਰਾਂ ਵਿੱਚ ਇੱਕ ਮਾਂ ਨੇ ਆਪਣਾ ਪੁੱਤ ਅਤੇ ਇੱਕ 15 ਸਾਲਾਂ ਦੇ ਬੱਚੇ ਨੇ ਆਪਣੇ ਪਿਉ ਨੂੰ ਨਸ਼ੇ ਕਾਰਨ ਖੋ ਦਿੱਤਾ। ਨੌਜਵਾਨ ਦੀ ਲਾਸ਼ ਸਾਧੂ ਗੜ੍ਹ ਦੀ ਪਸ਼ੂ ਮੰਡੀ ਨੇੜੇ ਝਾੜੀਆਂ ਵਿਚੋਂ ਮਿਲੀ, ਜਿਸ ਕੋਲੋਂ ਟੀਕੇ ਵੀ ਬਰਾਮਦ ਹੋਏ। ਇਹ ਸਾਫ਼ ਦਰਸਾਉਂਦਾ ਹੈ ਕਿ ਨਸ਼ੇ ਦੀ ਦਲਦਲ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ।

ਸਰਬਜੀਤ ਝਿੰਜਰ ਨੇ ਕਿਹਾ, “24 ਘੰਟੇ ਬੀਤ ਜਾਣ ਮਗਰੋਂ ਵੀ ਕਿਸੇ ਕਿਸਮ ਦੀ ਕਾਰਵਾਈ ਨਹੀਂ ਕੀਤੀ ਗਈ, ਨਾ ਹੀ ਕੋਈ ਪਰਚਾ ਦਰਜ ਹੋਇਆ। ਇਹ ਸਿਸਟਮ ਦੀ ਨਾਕਾਮੀ ਨੂੰ ਦਰਸਾਉਂਦਾ ਹੈ।”

ਝਿੰਜਰ ਨੇ ਕਿਹਾ ਕਿ ਬੀਤੇ ਦਿਨੀਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਾ ਮੁਕਤ ਘੋਸ਼ਿਤ ਕੀਤਾ ਗਿਆ ਹੈ, ਜੇਕਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨਸ਼ਾ ਮੁਕਤ ਹੋ ਗਿਆ ਹੈ ਫਿਰ ਮੇਰੇ ਪਿੰਡ ਦੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਕਿਵੇਂ ਹੋ ਗਈ? ਇਹ ਸਪਸ਼ਟ ਧੋਖਾਧੜੀ ਹੈ ਜੋ ਸਰਕਾਰ ਆਪਣੇ ਲੋਕਾਂ ਨਾਲ ਕਰ ਰਹੀ ਹੈ! ਲੋਕਾਂ ਦੇ ਜ਼ਿੰਦਗੀ ਨਾਲ ਖੇਡਣਾ ਬੰਦ ਕਰੋ, ਝੂਠੇ ਦਾਅਵੇ ਬੰਦ ਕਰੋ, ਨਹੀਂ ਤਾਂ ਅਸੀਂ ਇਹ ਬੇਈਮਾਨੀ ਬਰਦਾਸ਼ਤ ਨਹੀਂ ਕਰਾਂਗੇ!”

ਝਿੰਜਰ ਨੇ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਕਿ ਨਸ਼ਾ ਕਿੱਥੋਂ ਆ ਰਿਹਾ ਹੈ? ਉਹ ਕਿਹੜੇ ਡੀਲਰ ਹਨ ਜੋ ਨੌਜਵਾਨਾਂ ਤੱਕ ਨਸ਼ਾ ਪਹੁੰਚਾ ਰਹੇ ਹਨ? ਜਿਹੜੇ ਡੀਲਰ ਸਰਕਾਰ ਦੇ ਨੱਕ ਹੇਠਾਂ ਨਸ਼ਾ ਵੇਚ ਰਹੇ ਹਨ, ਉਨ੍ਹਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ।

ਝਿੰਜਰ ਨੇ ਕਿਹਾ ਕਿ ਅੱਜ ਪੰਜਾਬ ਦੇ ਘਰ-ਘਰ ਵਿੱਚ ਨਸ਼ਾ ਇੱਕ ਜ਼ਹਿਰੀਲਾ ਰੂਪ ਧਾਰ ਚੁੱਕਿਆ ਹੈ। ਹਰ ਹਫ਼ਤੇ ਕਿਸੇ ਨੌਜਵਾਨ ਦੀ ਮੌਤ ਹੋਣਾ ਸਾਡੇ ਸਮਾਜ ਲਈ ਇੱਕ ਡੂੰਘੀ ਚੇਤਾਵਨੀ ਹੈ। ਇਹ ਸਿਰਫ਼ ਨਸ਼ੇ ਕਾਰਨ ਮੌਤ ਨਹੀਂ, ਸੂਬੇ ਦੀ ਆਉਣ ਵਾਲੀ ਪੀੜੀ ਦੀਆਂ ਉਮੀਦਾਂ ਦੀ ਮੌਤ ਹੈ। ਜਦੋਂ ਇੱਕ 15 ਸਾਲਾਂ ਬੱਚਾ ਰਾਤ ਭਰ ਆਪਣੇ ਪਿਉ ਦੀ ਨੂੰ ਲੱਭਦਾ ਫਿਰੇ, ਤਾਂ ਇਹ ਸਿਰਫ਼ ਇੱਕ ਪਰਿਵਾਰ ਦੀ ਤਬਾਹੀ ਨਹੀਂ, ਸੂਬੇ ਦੀ ਸਰਕਾਰੀ ਨੀਤੀਆਂ ਦੀ ਨਾਕਾਮੀ ਵੀ ਹੈ।

ਅਖੀਰ ਵਿਚ ਝਿੰਜਰ ਨੇ ਕਿਹਾ ਕਿ ਸਾਨੂੰ ਸਿਰਫ਼ ਰੋਣਾ ਨਹੀਂ, ਹੁਣ ਬੋਲਣਾ ਹੋਵੇਗਾ। ਹਰ ਨੌਜਵਾਨ, ਮਾਂ-ਬਾਪ, ਪਿੰਡਾਂ ਦੀਆਂ ਪੰਚਾਇਤਾਂ ਅਤੇ ਸਕੂਲਾਂ-ਕਾਲਜਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ। ਆਓ, ਅਸੀਂ ਸਭ ਮਿਲ ਕੇ ਪੰਜਾਬ ਨੂੰ ਇਸ ਨਸ਼ਿਆਂ ਦੇ ਕੋਹੜ ਤੋਂ ਬਚਾਈਏ।

Leave a Reply

Your email address will not be published. Required fields are marked *