‘ਆਪ’ ਦੀਆਂ ਗਲਤ ਨੀਤੀਆਂ ਨੇ ਖਡੂਰ ਸਾਹਿਬ ਦੇ ਆਧੁਨਿਕ ਸਪੋਰਟਸ ਕੰਪਲੈਕਸ ਦੇ ਸੁਪਨੇ ਨੂੰ ਤੋੜਿਆ – ਬ੍ਰਹਮਪੁਰਾ

ਸ੍ਰ. ਬ੍ਰਹਮਪੁਰਾ ਨੇ ਉਦਯੋਗਾਂ ‘ਤੇ ਪਾਏ ਗਏ ਨਵੇਂ ਬੋਝ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ, “ਜਿਸ ਸਮੇਂ ਪੰਜਾਬ ਦਾ ਉਦਯੋਗ ਪਹਿਲਾਂ ਹੀ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ, ਉਸ ਵੇਲੇ ‘ਆਪ’ ਸਰਕਾਰ ਨੇ 15 ਜੂਨ ਤੋਂ ਸ਼ਾਮ 6 ਵਜੇ ਤੋਂ 10 ਵਜੇ ਦੇ ਪੀਕ ਘੰਟਿਆਂ ਦੌਰਾਨ ₹2 ਪ੍ਰਤੀ ਯੂਨਿਟ ਦਾ ਵਾਧੂ ਸਰਚਾਰਜ ਲਗਾ ਕੇ ਉਦਯੋਗਪਤੀਆਂ ਦਾ ਲੱਕ ਤੋੜ ਦਿੱਤਾ ਹੈ। ਇਹ ਉਦਯੋਗ ਨਾਲ ਸਰਾਸਰ ਧੱਕਾ ਹੈ। ਇਸ ਨਾਲ ਉਦਯੋਗਾਂ ਨੂੰ ਬਿਜਲੀ ਲਗਭਗ ₹10 ਪ੍ਰਤੀ ਯੂਨਿਟ ਪਵੇਗੀ, ਜਦੋਂ ਕਿ ਉਨ੍ਹਾਂ ਦੀ ਮੌਜੂਦਾ ਲਾਗਤ ਪਹਿਲਾਂ ਹੀ ₹8.16 ਪ੍ਰਤੀ ਯੂਨਿਟ ਹੈ।
ਉਨ੍ਹਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ 24 ਘੰਟੇ ਚੱਲਣ ਵਾਲੇ ਸਟੀਲ ਰੋਲਿੰਗ ਮਿੱਲਾਂ ਅਤੇ ਫਰਨੈਸਾਂ ਵਰਗੇ ਉਦਯੋਗਾਂ ‘ਤੇ ਇਸ ਦਾ ਸਭ ਤੋਂ ਮਾਰੂ ਅਸਰ ਪਵੇਗਾ, ਕਿਉਂਕਿ ਬਿਜਲੀ ਉਨ੍ਹਾਂ ਲਈ ਮੁੱਖ ਕੱਚਾ ਮਾਲ ਹੈ। ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ‘ਆਪ’ ਸਰਕਾਰ ਰਾਹਤ ਦੇਣ ਦੀ ਬਜਾਏ ਉਦਯੋਗਾਂ ਦਾ ਗਲਾ ਘੁੱਟ ਰਹੀ ਹੈ, ਜਿਸ ਨਾਲ ਪੰਜਾਬ ਤੋਂ ਉਦਯੋਗਾਂ ਦੀ ਲਾਗਤ ਖਰਚ ਹੋਰ ਤੇਜ਼ੀ ਨਾਲ ਵਧੇਗੀ।
‘ਆਪ’ ਸਰਕਾਰ ਦੇ ਰੋਜ਼ਗਾਰ ਦੇ ਦਾਅਵਿਆਂ ਨੂੰ ਖੋਖਲਾ ਦੱਸਦਿਆਂ ਸ੍ਰ. ਬ੍ਰਹਮਪੁਰਾ ਨੇ ਫਾਜ਼ਿਲਕਾ ਦੇ ਰਾਸ਼ਟਰੀ ਪੱਧਰ ਦੇ ਅਥਲੀਟ ਦੀਪਕ ਕੁਮਾਰ ਦੀ ਦਰਦਨਾਕ ਕਹਾਣੀ ਬਿਆਨ ਕੀਤੀ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ, “ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਕਿ ਜਿਸ ਨੌਜਵਾਨ ਨੇ ਨਾਗਾਲੈਂਡ ਵਿੱਚ 6,000 ਮੀਟਰ ਅਤੇ 8 ਕਿਲੋਮੀਟਰ ਕਰਾਸ-ਕੰਟਰੀ ਦੌੜਾਂ ਵਿੱਚ ਚਾਂਦੀ ਦੇ ਤਗਮੇ ਜਿੱਤੇ, ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ 5 ਖੇਡ ਰਤਨ ਹਾਸਲ ਕੀਤੇ, ਉਹ ਅੱਜ ‘ਆਪ’ ਸਰਕਾਰ ਦੀ ਬੇਰੁਖ਼ੀ ਕਾਰਨ ਆਪਣੇ ਮੈਡਲਾਂ ਨੂੰ ਰੇਹੜੀ ‘ਤੇ ਟੰਗ ਕੇ ਜੂਸ ਵੇਚਣ ਲਈ ਮਜਬੂਰ ਹੈ। ਇਹ ‘ਆਪ’ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਨੌਜਵਾਨ ਵਿਰੋਧੀ ਸੋਚ ਦਾ ਜਿਉਂਦਾ-ਜਾਗਦਾ ਸਬੂਤ ਹੈ।
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਗੱਲ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਸ਼ੁਰੂ ਕੀਤੇ ਗਏ ਅਹਿਮ ਪ੍ਰੋਜੈਕਟ ‘ਆਪ’ ਸਰਕਾਰ ਦੀ ਬਦਨੀਤੀ ਅਤੇ ਸਿਆਸੀ ਵਿਤਕਰੇਬਾਜ਼ੀ ਦੀ ਭੇਟ ਚੜ੍ਹ ਗਏ ਹਨ। ਉਨ੍ਹਾਂ ਕਿਹਾ, “ਸਾਡਾ ਸੁਪਨਾ ਸੀ ਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇੱਕ ਅਤਿ-ਆਧੁਨਿਕ ਸਪੋਰਟਸ ਕੰਪਲੈਕਸ ਜਾਂ ਸਟੇਡੀਅਮ ਬਣਾਇਆ ਜਾਵੇ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਖੇਡ ਪ੍ਰਤਿਭਾਵਾਂ ਨੂੰ ਨਿਖਾਰਿਆ ਜਾ ਸਕੇ। ਇਸ ਵਿੱਚ ਫੁੱਟਬਾਲ ਮੈਦਾਨ, ਅਥਲੈਟਿਕ ਟ੍ਰੈਕ, ਇਨਡੋਰ ਖੇਡਾਂ ਲਈ ਸਹੂਲਤਾਂ ਆਦਿ ਸ਼ਾਮਲ ਹੋਣੀਆਂ ਸਨ ਪਰ ‘ਆਪ’ ਸਰਕਾਰ ਨੇ ਫੰਡਾਂ ਦੀ ਘਾਟ ਦਾ ਝੂਠਾ ਬਹਾਨਾ ਬਣਾ ਕੇ ਇਸ ਪ੍ਰੋਜੈਕਟ ਨੂੰ ਅੱਧ ਵਿਚਾਲੇ ਰੋਕ ਦਿੱਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ ਸਟੇਡੀਅਮ ਹੀ ਨਹੀਂ, ਬਲਕਿ ਸੜਕੀ ਢਾਂਚੇ, ਪੇਂਡੂ ਵਿਕਾਸ ਅਤੇ ਵਿਦਿਅਕ ਅਦਾਰਿਆਂ ਦੇ ਨਵੀਨੀਕਰਨ ਵਰਗੇ ਦਰਜਨਾਂ ਪ੍ਰੋਜੈਕਟ ਠੱਪ ਪਏ ਹਨ, ਜਿਸ ਕਾਰਨ ਆਮ ਲੋਕ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ। ਸ੍ਰ. ਬ੍ਰਹਮਪੁਰਾ ਨੇ ‘ਆਪ’ ਸਰਕਾਰ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਉਹ ਝੂਠੇ ਪ੍ਰਚਾਰ ਅਤੇ ਇਸ਼ਤਿਹਾਰਾਂ ‘ਤੇ ਪੈਸਾ ਬਰਬਾਦ ਕਰਨ ਦੀ ਬਜਾਏ, ਜ਼ਮੀਨੀ ਪੱਧਰ ‘ਤੇ ਕੰਮ ਕਰਕੇ ਦਿਖਾਵੇ। ਉਨ੍ਹਾਂ ਮੰਗ ਕੀਤੀ ਕਿ ਰੋਕੇ ਗਏ ਸਾਰੇ ਵਿਕਾਸ ਪ੍ਰੋਜੈਕਟਾਂ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ, ਉਦਯੋਗਾਂ ਨੂੰ ਰਾਹਤ ਦਿੱਤੀ ਜਾਵੇ ਅਤੇ ਯੋਗ ਨੌਜਵਾਨਾਂ ਨੂੰ ਤੁਰੰਤ ਨੌਕਰੀਆਂ ਦਿੱਤੀਆਂ ਜਾਣ।
ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਅਮਰੀਕ ਸਿੰਘ, ਸਤਨਾਮ ਸਿੰਘ ਕਰਮੂੰਵਾਲਾ, ਜਗਰੂਪ ਸਿੰਘ ਪੱਖੋਪੁਰਾ, ਗੁਰਮੀਤ ਸਿੰਘ ਸੈਕਟਰੀ, ਬਾਵਾ ਸਿੰਘ ਸਰਪੰਚ ਰੱਤੋਕੇ, ਡਾ. ਜਤਿੰਦਰ ਸਿੰਘ, ਮਨਜਿੰਦਰ ਸਿੰਘ ਲਾਟੀ, ਕੁਰਿੰਦਰ ਸਿੰਘ ਨਿੱਕਾ ਚੋਹਲਾ, ਸਿਮਰਨਜੀਤ ਸਿੰਘ ਕਾਕੂ, ਸੂਬੇਦਾਰ ਹਰਬੰਸ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਬਾਬਾ ਬਲਵੀਰ ਸਿੰਘ ਲੈਣਾ ਅਤੇ ਗੁਰਦੇਵ ਸਿੰਘ ਚੋਹਲਾ ਸਾਹਿਬ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।