‘ਆਮ ਆਦਮੀ ਪਾਰਟੀ ਨੇ ਸ਼ਹੀਦ ਭਗਤ ਸਿੰਘ ਦੇ ਨਾਂ ਨੂੰ ਮਹਿਜ਼ ਵੋਟਾਂ ਹਾਸਲ ਕਰਨ ਲਈ ਵਰਤਿਆ’: ਬਲਬੀਰ ਸਿੱਧੂ
ਚੰਡੀਗੜ੍ਹ-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੱਧੂ ਨੇ ਸ਼ਹੀਦ ਭਗਤ ਸਿੰਘ ਲਈ ਭਾਰਤ ਰਤਨ ਦੀ ਮੰਗ ਕਰਨ ਵਾਲੇ ਕਾਂਗਰਸ ਪਾਰਟੀ ਦੇ ਮਤੇ ਦਾ ਵਿਧਾਨ ਸਭਾ ਵਿੱਚ ਵਿਰੋਧ ਕਰਨ ਲਈ ਆਮ ਆਦਮੀ ਪਾਰਟੀ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਨੇ 2022 ਵਿਚ ਮਹਿਜ਼ ਚੋਣਾਂ ਜਿੱਤਣ ਲਈ ਹੀ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਦਾ ਇਸਤੇਮਾਲ ਕੀਤਾ ਸੀ।
ਸਿੱਧੂ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਵਰਤਾਅ ਉਤੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਇੱਕ ਰਾਸ਼ਟਰਵਾਦੀ ਪਰਿਵਾਰ ਨਾਲ ਸੰਬੰਧਤ ਹੋਣ ਦੇ ਬਾਵਜੂਦ ਉਨ੍ਹਾਂ ਵਲੋਂ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਕਰਨ ਵਾਲੇ ਮਤੇ ਨੂੰ ਪੇਸ਼ ਹੀ ਨਾ ਹੋਣ ਦੇਣਾ ਬਹੁਤ ਹੀ ਸ਼ਰਮਨਾਕ ਵਰਤਾਰਾ ਹੈ। ਉਹਨਾਂ ਕਿਹਾ ਕਿ ਅਜਿਹਾ ਫੈਸਲਾ ਕਰ ਕੇ ਆਮ ਆਦਮੀ ਪਾਰਟੀ ਨੇ ਆਪਣੀ ਮੌਕਾਪ੍ਰਸਤੀ ਦਾ ਮੁਜ਼ਾਹਰਾ ਕੀਤਾ ਹੈ। ਉਹਨਾਂ ਹੋਰ ਕਿਹਾ ਕਿ ਆਦਮੀ ਪਾਰਟੀ ਦੇ ਆਗੂ ਅਖੌਤੀ ਇਨਕਲਾਬੀ ਹਨ ਜਿਨ੍ਹਾਂ ਦੇ ਹਰ ਮਾਮਲੇ ਉਤੇ ਦੋਹਰੇ ਮਾਪਦੰਡ ਹਨ।
ਕਾਂਗਰਸੀ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੇ ਮਤੇ ਦਾ ਵਿਰੋਧ ਕਰ ਕੇ ਨਾ ਸਿਰਫ ਸ਼ਹੀਦ ਭਗਤ ਸਿੰਘ ਬਲਕਿ ਉਹਨਾਂ ਸਾਰੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਹਨ।
ਸਿੱਧੂ ਨੇ ਕਿਹਾ ਕਿ ਬੀਤੇ ਕੱਲ ਵਿਧਾਨ ਸਭਾ ਵਿੱਚ ਸਤਾਧਾਰੀ ਧਿਰ ਵਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਲਿਆਂਦਾ ਗਿਆ ਨਿੰਦਾ ਪ੍ਰਸਤਾਵ ਇਕ ਗਿਣੀ ਮਿਥੀ ਚਾਲ ਸੀ ਤਾਂ ਕਿ ਵਿਰੋਧੀ ਧਿਰ ਬਜਟ ਦੇ ਖੋਖਲੇਪਣ ਨੂੰ ਉਜਗਾਰ ਨਾ ਕਰ ਸਕੇ। ਉਹਨਾਂ ਕਿਹਾ ਕਿ ਇਸ ਚਾਲ ਇਸ ਲਈ ਵੀ ਚੱਲੀ ਗਈ ਤਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਮਜ਼ਾਕ ਅਤੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾ ਕੇ ਇੱਕ ਖੋਖਲਾ ਭਾਸ਼ਣ ਦੇ ਸਕਣ।
ਕਾਂਗਰਸੀ ਆਗੂ ਨੇ ਆਪ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਆਲੋਚਨਾ ਕਰਦਿਆਂ ਕਿ ਇਹ ਬਜਟ ‘ਆਪ’ ਸਰਕਾਰ ਦੀ ਅਸਫਲਤਾ ਦੀ ਇੱਕ ਹੋਰ ਉਦਾਹਰਣ ਹੈ। ਉਹਨਾਂ ਕਿਹਾ ਕਿ ਬਜਟ ਵਿੱਚ ਕੋਈ ਦਿਸ਼ਾ, ਕੋਈ ਯੋਜਨਾ ਅਤੇ ਸੂਬੇ ਦੀ ਭਲਾਈ ਲਈ ਕੁਝ ਵੀ ਨਵਾਂ ਨਹੀਂ ਹੈ। ਉਹਨਾਂ ਕਿਹਾ ਕਿ ਬਜਟ ਵਿਚ ਪੰਜਾਬ ਦੀ ਅਸਲ ਮਾਲੀ ਹਾਲਤ, ਜੋ ਮੁਲਕ ਦੇ ਸਿਰਫ ਇਕ ਸੂਬੇ ਨੂੰ ਛੱਡ ਕੇ ਸਭ ਤੋਂ ਮਾੜੀ ਹੈ, ਉਹ ਪਰਦਾਪੋਸ਼ੀ ਕੀਤੀ ਗਈ ਹੈ।
ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ 3 ਸਾਲਾਂ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੰਜਾਬੀਆਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਪਾਰਟੀ ਨੇ ਝੂਠੇ ਇਸ਼ਤਿਹਾਰ ਛਾਪਣ ਅਤੇ ਝੂਠੇ ਵਾਅਦੇ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਹਰ ਔਰਤ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਆਪਣਾ ਸਭ ਤੋਂ ਵੱਡਾ ਵਾਅਦਾ ਪੂਰਾ ਕਰਨ ਵਿੱਚ ਇੱਕ ਵਾਰ ਫਿਰ ਅਸਫਲ ਰਹੀ ਹੈ।