ਟਾਪਦੇਸ਼-ਵਿਦੇਸ਼

ਉਹ ਦੇਸ਼ ਭਗਤਾ- ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਆਮ ਲੋਕਾਂ ਨੇ ਹੰਝੂ ਸੀ ਕੇਰੇ,
ਫ਼ਾਂਸੀ ਜਦੋਂ ਚੜ੍ਹਾਇਆ ਸੀ ਤੈਨੂੰ।
ਦੇਸ਼ ਲਈ ਮਰ ਜਾਣ ਦਾ ਰਸਤਾ,
ਤੂਹੀਉਂ ਦਿਖਲਾਇਆ ਸੀ ਸਾਨੂੰ।
ਉਸ ਸਮੇਂ ਦੇ ਹਰ ਨੇਤਾ ਨੇ,
ਰਹਿਬਰ ਜਤਲਾਇਆ ਸੀ ਤੈਨੂੰ।
ਝੂਠ ਮੂਠ ਦੇ ਝਾਂਸੇ ਦੇ ਕੇ,
ਸਬਜ਼ ਬਾਗ ਦਿਖਲਾਇਆ ਸੀ ਸਾਨੂੰ।ਅੱਜ ਵੀ ਉਹ ਨੇਤਾ ਦੇਸ਼ ਦੇ ਦੁਸ਼ਮਣ,
ਤੇਰੀ ਫ਼ਰਜ਼ੀ ਪੂਜਾ ਕਰਦੇ।
ਤੇਰੀ ਫ਼ੋਕੀ ਉਪਮਾ ਕਰ ਕਰ,
ਆਪਣੀਆਂ ਖ਼ੂਬ ਤਿਜੋਰੀਆਂ ਭਰਦੇ।
ਤੇਰੀ ਪਵਿੱਤਰ ਕੁਰਬਾਨੀ ਦਾ,
ਬੋੱਲੀ ਲਾ ਲਾ ਮੁੱਲ ਨੇ ਕਰਦੇ।
ਤੈਨੂੰ ਮਹਾਨ ਯੋਧਾ ਦੱਸਣ ਲਈ,
ਇੱਕ ਦੂਜੇ ਤੋਂ ਅੱਗੇ ਖੜ੍ਹਦੇ।ਤੂੰ ਤੇ ਜਨਮ ਤੋਂ ਭਗਤ ਸੀ ਜੰਮਿਆ,
ਦੇਸ਼ ਭਗਤੀ ਦੀ ਗੁੜ੍ਹਤੀ ਲੈ ਕੇ।
ਗੁਰ ਪੀਰਾਂ ਤੋਂ ਸ਼ਕਤੀ ਲੈ ਕੇ,
ਮਾਪਿਆਂ ਕੋਲੋਂ ਫ਼ੁਰਤੀ ਲੈ ਕੇ।

ਤੈਨੂੰ ਸ਼ੋਹਰਤ ਦੀ ਲੋੜ ਨਹੀਂ ਸੀ,
ਤੈਨੂੰ ਪੈਸੇ ਦੀ ਹੋੜ੍ਹ ਨਹੀਂ ਸੀ।
ਤੂੰ ਤੇ ਬੱਸ ਇੱਕ ਸੱਚ ਮੰਗਿਆ ਸੀ,
ਆਜ਼ਾਦੀ ਦਾ ਬੱਸ ਹੱਕ ਮੰਗਿਆ ਸੀ।

ਦੇਖ ਇਹ ਹੱਕ ਅੱਜ ਕਿਸ ਨੂੰ ਮਿਲਿਆ,
ਕਿਸ ਦੇ ਵਿਹੜੇ ਫ਼ੁੱਲ ਇਹ ਖਿੜਿਆ।
ਕਿਸ ਨੇ ਦੋਹੀਂ ਹੱਥੀਂ ਲੁੱਟ ਲੁੱਟ,
ਆਪਣਾ ਸਾਰਾ ਘਰ ਹੈ ਭਰਿਆ।

ਪੂੰਜੀਵਾਦੀ ਭਾਰਤ ਅੰਦਰ,
ਅੱਜ ਵੀ ਲੋਕ ਗ਼ੁਲਾਮੀ ਕਰਦੇ।
ਅੱਜ ਵੀ ਕਰੋੜਾਂ ਭਾਰਤਵਾਸੀ,
ਧਨਵਾਨਾਂ ਦੇ ਤਲਵੇ ਚੱਟਦੇ।
ਅੱਜ ਵੀ ਗ਼ਰੀਬ ਆਜ਼ਾਦੀ ਖ਼ਾਤਰ,
ਹਰ ਦਿਨ ਭੁੱਖ ਦੀ ਸੂਲ਼ੀ ਚੜ੍ਹਦੇ।

ਕਾਸ਼ ਤੇਰੀ ਦਿੱਤੀ ਕੁਰਬਾਨੀ,
ਤੇਰਾ ਸੁਪਨਾ ਸੱਚਾ ਕਰਦੀ।
ਕਾਸ਼ ਸੁਤੰਤਰ ਭਾਰਤ ਅੰਦਰ,
ਗਰੀਬਾਂ ਦਾ ਕੋਈ ਹੁੰਦਾ ਦਰਦੀ।

ਵਿੰਦਰ ਸਿੰਘ ਕੁੰਦਰਾ
ਕੌਵੈਂਟਰੀ ਯੂ ਕੇ

Leave a Reply

Your email address will not be published. Required fields are marked *