ਆਨਲਾਈਨ ਗੇਮਾਂ ਦਾ ਵੱਧਦਾ ਰੁਝਾਨ
ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਖੇਡਾਂ ਅੱਤ ਜਰੂਰੀ ਹਨ। ਖੁੱਲੇ ਮੈਦਾਨਾਂ ਵਿੱਚ, ਮੈਦਾਨੀ-ਖੇਡਾਂ ਖੇਡਣ ਨਾਲ਼ ਕਈ ਤਰ੍ਹਾਂ ਦੇ ਮਾਨਸਿਕ ਅਤੇ ਸਰੀਰਕ ਸਿਹਤ ਸਬੰਧੀ ਫ਼ਾਇਦੇ ਹੁੰਦੇ ਹਨ। ਇਸ ਤਰ੍ਹਾਂ ਦੀਆਂ ਖੇਡਾਂ ਹੁਨਰ, ਰਚਨਾਤਮਕਤਾ ਅਤੇ ਕਲਪਨਾ ਨੂੰ ਵੀ ਵਧਾਉਂਦੀਆਂ ਹਨ। ਬੱਚਿਆਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਅਤੇ ਮਾਨਸਿਕ ਤੌਰ ’ਤੇ ਸੁਚੇਤ ਰਹਿਣ ਲਈ ਹਮੇਸ਼ਾਂ ਮੈਦਾਨੀ ਖੇਡਾਂ ਖੇਡਣ ਲਈ ਪ੍ਰੇਰਣਾ ਚਾਹੀਦਾ ਹੈ। ਪਰ ਸਰਮਾਏਦਾਰਾ ਵਿਕਾਸ ਦੇ ਨਾਲ਼ ਡਿਜਿਟਲ ਮਾਧਿਅਮਾਂ ਦੇ ਆਉਣ ਨਾਲ਼ ਬੱਚਿਆਂ ਦੀਆਂ ਖੇਡਾਂ ਵਿੱਚ ਵੀ ਕਈ ਤਰ੍ਹਾਂ ਦੇ ਬਦਲਾਅ ਆਏ ਹਨ।
ਮੋਬਾਈਲ ਗੇਮਾਂ ਅਤੇ ਉਸ ਵਿੱਚ ਵੀ ਆਨਲਾਈਨ ਗੇਮਾਂ ਦਾ ਰੁਝਾਨ ਪਿਛਲੇ ਕੁੱਝ ਸਮੇਂ ਵਿੱਚ ਕਾਫ਼ੀ ਵਧਿਆ ਹੈ। ਬੱਚੇ ਸਕੂਲੋਂ ਆਉਣ ਤੋਂ ਬਾਅਦ ਟੈਲੀਵੀਜ਼ਨ ਜਾਂ ਮੋਬਾਈਲ ਨੂੰ ਚਿੰਬੜੇ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ। ਬੱਚਿਆਂ ਵਿੱਚ ਲਗਾਤਾਰ ਵਧਦੀ ਜਾਂਦੀ ਆਨਲਾਈਨ ਗੇਮਿੰਗ ਦੀ ਆਦਤ ਮਾਪਿਆਂ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਸਿਰਫ ਸੱਤ ਸਾਲ਼ ਜਾਂ ਇਸ ਤੋਂ ਵੀ ਘੱਟ ਉਮਰ ਦੇ ਬੱਚੇ ਫ੍ਰੀ ਫਾਇਰ, ਸਬਵੇਅ ਸਰਫ਼ਰ ਆਦਿ ਵਰਗੀਆਂ ਗੇਮਾਂ ਦੇ ਆਦੀ ਹੋ ਰਹੇ ਹਨ ਅਤੇ ਇਸ ਨਾਲ਼ ਉਹਨਾਂ ਦਾ ਸਰੀਰਕ, ਭਾਵਨਾਤਮਕ, ਮਨੋਵਿਗਿਆਨਕ, ਸਮਾਜਿਕ-ਸੱਭਿਆਚਾਰਕ ਅਤੇ ਅਕਾਦਮਿਕ ਹਰ ਪਾਸੇ ਤੋਂ ਕਾਫੀ ਨੁਕਸਾਨ ਹੋ ਰਿਹਾ ਹੈ। ਇਹ ਚੀਜ ਉਹਨਾਂ ਨੂੰ ਵਧਣ ਫੁੱਲਣ ਦੀ ਉਮਰ ਵਿੱਚ, ਜਦ ਇਨਸਾਨ ਦਾ ਸਰੀਰਕ-ਬੌਧਿਕ-ਆਤਮਿਕ ਵਿਕਾਸ ਹੋਣਾ ਹੁੰਦਾ ਹੈ, ਬਿਮਾਰੀਆਂ ਦਾ ਸ਼ਿਕਾਰ ਬਣਾ ਰਹੀ ਹੈ, ਇਥੋਂ ਤੱਕ ਕਿ ਮਾਨਸਿਕ ਰੋਗੀ ਤੱਕ ਬਣਾ ਰਹੀ ਹੈ। ਅਜਿਹੇ ਬੱਚਿਆਂ ਵਿੱਚ ਮੋਟਾਪਾ, ਚਿੰਤਾ, ਖਿਝ ਅਤੇ ਉਦਾਸੀ ਆਦਿ ਆਮ ਹੀ ਵੇਖਣ ਨੂੰ ਮਿਲ਼ਦੀ ਹੈ।
ਆਧੁਨਿਕ ਤਕਨੀਕ ਦੇ ਯੁੱਗ ਵਿੱਚ ਇਸ ਪੀੜ੍ਹੀ ਦੇ ਬੱਚੇ ਲੈਪਟਾਪ/ਕੰਪਿਊਟਰ, ਟੱਚ-ਸਕਰੀਨ ਮੋਬਾਈਲ ਫੋਨਾਂ ਅਤੇ ਟੈਬਾਂ ਦੇ ਮਾਹੌਲ ਵਿੱਚ ਹੀ ਅੱਖਾਂ ਖੋਲ੍ਹਦੇ ਹਨ। ਮਾਪੇ ਬੱਚਿਆਂ ਨੂੰ ਆਹਰੇ ਲਾਉਣ ਦੇ ਚੱਕਰ ਵਿੱਚ ਮੋਬਾਈਲ ਗੇਮਾਂ ਆਦਿ ਖੇਡਣ ਦੀ ਇਜਾਜਤ ਦੇ ਦਿੰਦੇ ਹਨ। ਇਹਨਾਂ ਆਨਲਾਈਨ ਗੇਮਾਂ ਦਾ ਹੌਲ਼ੀ-ਹੌਲ਼ੀ ਬੱਚਿਆਂ ਨੂੰ ਨਸ਼ਾ ਹੋਣ ਲੱਗਦਾ ਹੈ, ਜੋ ਇਹਨਾਂ ਬੱਚਿਆਂ ਦੇ ਦਿਮਾਗ ਅਤੇ ਸੋਚਣ ਦੇ ਸਮੁੱਚੇ ਪ੍ਰਬੰਧ ਨੂੰ ਬਦਲ ਦਿੰਦਾ ਹੈ।
ਅੱਲ੍ਹੜ ਉਮਰ ਵਿੱਚ, ਜਦ ਬੱਚੇ ਦੇ ਸਰੀਰਕ-ਮਾਨਸਿਕ-ਆਤਮਿਕ ਵਿਕਾਸ ਵੱਲ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੁੰਦੀ ਹੈ, ਮੋਬਾਇਲਾਂ ਰਾਹੀਂ ਬੱਚਿਆਂ ਨੂੰ ਹਿੰਸਕ, ਸਵਾਰਥੀ, ਲਾਲਚੀ ਆਦਿ ਬਣਾਉਣ ਵਾਲ਼ੀਆਂ ਗੇਮਾਂ ਪਰੋਸ ਦਿੱਤੀਆਂ ਜਾਂਦੀਆਂ ਹਨ। ਮੋਮੋ ਚੈਲੇਂਜ ਗੇਮ, ਪਬਜੀ, ਬਲੂ ਵ੍ਹੇਲ ਚੈਲੇਂਜ ਅਤੇ ਹੋਰ ਕਈ ਅਜਿਹੀਆਂ ਗੇਮਾਂ ਖੇਡਦੇ ਕਈ ਬੱਚੇ ਆਪਣੀਆਂ ਜਾਨਾਂ ਗੁਆ ਚੁਕੇ ਹਨ। ਅਜਿਹੀਆਂ ਗੇਮਾਂ ਦੇ ਪ੍ਰਭਾਵ ਵਿੱਚ ਬੱਚਿਆਂ ਵੱਲੋਂ ਕਤਲ ਅਤੇ ਖੁਦਕੁਸ਼ੀਆਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।ਇੱਕ 15 ਸਾਲਾ ਲੜਕੇ ਨੂੰ ਉਸਦੇ ਵੱਡੇ ਭਰਾ ਵੱਲੋਂ ਪਬਜੀ ਖੇਡਣ ਤੋਂ ਰੋਕੇ ਜਾਣ ’ਤੇ ਉਸਨੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਤਮਿਲਨਾਡੂ ਵਿੱਚ ਇੱਕ 22 ਸਾਲਾ ਇੰਜੀਨੀਅਰ ਨੇ ਬਲੂ ਵ੍ਹੇਲ ਗੇਮ ਖੇਡਦਿਆਂ ਖੁਦਕੁਸ਼ੀ ਕਰ ਲਈ ਸੀ। ਤੇ ਅਜਹੀਆਂ ਅਨੇਕਾਂ ਹੋਰ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਇਸ ਤੋਂ ਬਿਨਾਂ ਅਜਿਹੀਆਂ ਖੇਡਾਂ ਵੀ ਹਨ, ਜਿਹਨਾਂ ਨੂੰ ਇੱਕ ਤਰ੍ਹਾਂ ਨਾਲ਼ ਖੇਡਾਂ ਦੀ ਬਜਾਏ ਜੇਕਰ ਜੂਏ ਦੀ ਸ਼੍ਰੇਣੀ ਵਿੱਚ ਰੱਖਿਆ ਜਾਏ ਤਾਂ ਜ਼ਿਆਦਾ ਸਹੀ ਹੋਵੇਗਾ।
ਖੇਡਣ ਵਾਲ਼ਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਗੇਮਾਂ ਵਿੱਚ ਪੈਸੇ ਲਾਉਣ ਲਈ ਗੁੰਮਰਾਹ ਕੀਤਾ ਜਾਂਦਾ ਹੈ। ਫੋਨ ਉੱਤੇ ਕੰਪਨੀਆਂ ਵੱਲੋਂ ਗੇਮਾਂ ਖੇਡ ਕੇ ਪੈਸੇ ਜਿੱਤਣ ਦੇ ਸੁਨੇਹੇ ਭੇਜੇ ਜਾਂਦੇ ਹਨ, ਯੂਟਿਊਬ ਚੈਨਲ ਵੀ ਇਸ ਪ੍ਰਚਾਰ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ, ਜਿਹਨਾਂ’ਤੋਂ ਬੱਚੇ ਕੀ ਵੱਡੇ ਵੀ ਪ੍ਰਭਾਵਤ ਹੋ ਕੇ ਇਹਨਾਂ ਦੇ ਜਾਲ਼ ਵਿੱਚ ਫ਼ਸ ਜਾਂਦੇ ਹਨ।
ਅਸਲ ਵਿੱਚ ਇਹਨਾਂ ਆਨਲਾਈਨ ਖੇਡਾਂ ਦੀ ਬਣਤਰ ਹੀ ਅਜਿਹੀ ਬਣਾਈ ਜਾਂਦੀ ਹੈ ਕਿ ਖੇਡਣ ਵਾਲ਼ੇ ਇਹਨਾਂ ਦੇ ਸ਼ਿਕੰਜੇ ਵਿੱਚੋਂ ਬਾਹਰ ਹੀ ਨਾ ਨਿੱਕਲ ਸਕਣ। ਇਸਦਾ ਕਾਰਨ ਇਹ ਹੈ ਕਿ ਅਜਿਹੀਆਂ ਗੇਮਾਂ ਬਣਾਉਣ ਵਾਲ਼ੀਆਂ ਕੰਪਨੀਆਂ ਦਾ ਮਕਸਦ ਕੋਈ ਬੱਚਿਆਂ ਦਾ ਮਨੋਰੰਜਨ ਕਰਾਉਣਾ ਜਾਂ ਉਹਨਾਂ ਦੀ ਮਾਨਸਿਕ ਸਮਰੱਥਾ ਨੂੰ ਵਧਾਉਣਾ ਨਹੀਂ ਹੁੰਦਾ, ਸਗੋਂ ਸਿਰਫ ਤੇ ਸਿਰਫ ਮੁਨਾਫਾ ਕਮਾਉਣਾ ਹੁੰਦਾ ਹੈ। ਪਿੱਛੇ ਜਿਹੇ ਕਰੋਨਾ ਵੇਲ਼ੇ ਲਾਈ ਪੂਰਨਬੰਦੀ ਦੌਰਾਨ ਤਾਂ ਇਹਨਾਂ ਕੰਪਨੀਆਂ ਵੱਲੋਂ ਘਰੇ ਬੈਠੇ ਲੋਕਾਂ ਨੂੰ ਗੇਮਾਂ ਖੇਡਣ ਲਈ ਉਕਸਾਉਣ ਵਾਲ਼ੇ ਸੁਨੇਹੇ ਧੜਾਧੜ ਵੱਡੇ ਪੈਮਾਨੇ ’ਤੇ ਭੇਜੇ ਜਾਂਦੇ ਰਹੇ ਹਨ। ਇੱਕ ਪਾਸੇ ਆਨਲਾਈਨ ਪੜ੍ਹਾਈ ਨੇ ਬੱਚਿਆਂ ਦਾ ਨੁਕਸਾਨ ਕੀਤਾ ਅਤੇ ਦੂਜੇ ਪਾਸੇ ਅਜਿਹੀਆਂ ਗੇਮਿੰਗ ਕੰਪਨੀਆਂ ਨੇ ਬੱਚਿਆਂ ਦੇ ਹੱਥ ਮੋਬਾਈਲ ਆਓਣ ’ਤੇ ਇਸ ਨੂੰ ਆਪਣੇ ਮੁਨਾਫੇ ਵਧਾਉਣ ਲਈ ਰੱਜ ਕੇ ਵਰਤਿਆ। ਇੱਕ ਰਿਪਰੋਟ ਮੁਤਾਬਕ ਸਿਰਫ ਪੈਸਿਆਂ ਦੇ ਲੈਣ ਦੇਣ ’ਤੇ ਅਧਾਰਤ ਗੇਮਾਂ ਜਰੀਏ ਇੱਕ ਸਾਲ ਵਿੱਚ 8500 ਕਰੋੜ ਰੁਪਏ ਦਾ ਮਾਲੀਆ ਉਗਰਾਹਿਆ ਗਿਆ। ਗੇਮਿੰਗ ਵਿੱਚੋਂ ਮੁਨਾਫਾ ਕਮਾਉਣ ਵਾਲ਼ੀਆਂ ਕੰਪਨੀਆਂ ਵਿੱਚੋਂ 61,000 ਕਰੋੜ ਦੀ ਇੱਕ ਅਜਿਹੀ ਕੰਪਨੀ ਵੀ ਹੈ ਜਿਸਦੀ ਬਜਾਰੂ ਕੀਮਤ ਹੈਲੀਕਾਪਟਰ ਅਤੇ ਜਹਾਜ ਬਣਾਉਣ ਵਾਲ਼ੀ ਕੰਪਨੀ ਹਿੰਦੁਸਤਾਨ ਏਰੋਨੌਟਿਕਸ ਲਿਮਿਟਿਡ ਤੋਂ ਵੀ ਵੱਡੀ ਹੈ। ਸਾਲ 2020 ਵਿੱਚ ਪੂਰੇ ਸੰਸਾਰ ਵਿੱਚ ਵੀਡੀਓ ਗੇਮ ਖੇਡਣ ਵਾਲ਼ਿਆਂ ਦੀ ਗਿਣਤੀ 200 ਕਰੋੜ ਤੋਂ ਵੱਧ ਸੀ। ਇਕੱਲੇ ਅਮਰੀਕਾ ਵਿੱਚ ਰੋਜ਼ਾਨਾ ਗੇਮ ਖੇਡਣ ਵਾਲ਼ਿਆਂ ਦੀ ਗਿਣਤੀ 16 ਕਰੋੜ ਸੀ, ਜਿਸ ਤੋਂ ਗੇਮਿੰਗ ਕੰਪਨੀਆਂ ਨੇ 9,000 ਕਰੋੜ ਡਾਲਰ ਦਾ ਮੁਨਾਫਾ ਕਮਾਇਆ। ਬੇਰੁਜ਼ਗਾਰੀ ਦੇ ਸ਼ਿਕਾਰ ਨੌਜਵਾਨ ਇਹਨਾਂ ਦੀ ਪਕੜ ਵਿੱਚ ਛੇਤੀ ਆ ਜਾਂਦੇ ਹਨ।
ਆਨਲਾਈਨ ਗੇਮਿੰਗ ਪਿਛਲੇ ਅਸਲ ਮਨਸ਼ਿਆਂ (ਸਿਰਫ ਅਤੇ ਸਿਰਫ ਮੁਨਾਫਾ ਕਮਾਉਣ) ਉੱਤੇ ਪਰਦਾ ਪਾਉਣ ਲਈ ਅਜਿਹੀਆਂ ਕੰਪਨੀਆਂ ਸਿੱਧੇ ਜਾਂ ਅਸਿੱਧੇ ਤਰ੍ਹਾਂ ਇਹ ਪ੍ਰਚਾਰਦੀਆਂ ਰਹਿੰਦੀਆਂ ਹਨ ਕਿ ਇਹ ਆਨਲਾਈਨ ਖੇਡਾਂ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਲਾਹੇਵੰਦ ਹਨ।
ਪਰ ਹਕੀਕਤਾਂ ਬਿਲਕੁਲ ਉਲਟ ਹਨ। ਵੱਡੀ ਗਿਣਤੀ ਨੌਜਵਾਨ ‘ਇੰਟਰਨੈਟ ਗੇਮਿੰਗ ਡਿਸਔਰਡਰ’ ਆਦਿ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਗੇਮਾਂ ਇਸ ਤਰ੍ਹਾਂ ਬਣਾਈਆਂ ਜਾਂਦੀਆਂ ਹਨ ਜੋ ਖਿਡਾਰੀਆਂ ਨੂੰ ਫੋਨ ਉੱਤੇ ਏਨਾ ਲੰਮਾ ਸਮਾਂ ਖੇਡੀ ਜਾਣ ਲਈ ਉਕਸਾਓਂਦੀਆਂ ਹਨ, ਜਿਸਦਾ ਕੋਈ ਅੰਤ ਨਹੀਂ ਹੁੰਦਾ। ਨਤੀਜੇ ਵਜੋਂ ਖੇਡਣ ਵਾਲ਼ੇ ਦੀਆਂ ਸੌਣ ਦੀਆਂ, ਖਾਣ-ਪੀਣ ਦੀਆਂ ਆਦਤਾਂ ਪ੍ਰਭਾਵਤ ਹੋਣ ਲੱਗਦੀਆਂ ਹਨ ਅਤੇ ਉਨੀਂਦਰਾ, ਮੋਟਾਪਾ, ਖਿਝ, ਉਦਾਸੀ ਆਦਿ ਉਸਨੂੰ ਆ ਘੇਰਦੀ ਹੈ। ਨਾਲ਼ ਹੀ ਆਨਲਾਈਨ ਖੇਡਾਂ ਦਾ ਨਸ਼ਾ, ਖੇਡਣ ਵਾਲ਼ੇ ਨੂੰ ਉਸਦੇ ਆਲ਼ੇ-ਦੁਆਲ਼ੇ ਦੇ ਲੋਕਾਂ, ਪਰਿਵਾਰ ਦੇ ਜੀਆਂ ਅਤੇ ਅਸਲ ਸੰਸਾਰ ਤੋਂ ਅਲੱਗ-ਥਲੱਗ ਕਰਕੇ ਬੇਗਾਨਗੀ ਦਾ ਬਣਾ ਸ਼ਿਕਾਰ ਦਿੰਦਾ ਹੈ, ਜਿਸ ਨਾਲ਼ ਉਸ ਵਿੱਚ ਕਈ ਤਰ੍ਹਾਂ ਦੇ ਮਾਨਸਿਕ-ਗੈਰ ਸਮਾਜਕ ਵਿਕਾਰ ਵੀ ਹੁੰਦੇ ਹਨ। ਸਰੀਰ ਵਿਗਿਆਨਕ ਤੌਰ ’ਤੇ ਵੇਖੀਏ ਤਾਂ ਆਨਲਾਈਨ ਖੇਡਾਂ ਦਾ ਨਸ਼ਾ ਲੱਗਣ ਦਾ ਇੱਕ ਕਾਰਨ ਖੇਡ ਦੇ ਦੌਰਾਨ ਸਰੀਰ ਵਿੱਚ ਡੋਪਾਮਾਈਨ ਦੀ ਮਿਕਦਾਰ ਵਿੱਚ ਹੋਇਆ ਵਾਧਾ ਹੁੰਦਾ ਹੈ। ਆਨਲਾਈਨ ਖੇਡਾਂ ਲੰਮਾ ਸਮਾਂ ਖੇਡੀ ਜਾਣ ਲਈ ਵਿਅਕਤੀ ਨੂੰ ਉੱਤੇਜਿਤ ਕਰਨ ਦੇ ਮਕਸਦ ਨਾਲ਼ ਇਸ ਤਰ੍ਹਾਂ ਤਿਆਰ ਕੀਤੀਆਂ ਜਾਂਦੀਆਂ ਹਨ ਕਿ ਵੱਧ ਤੋਂ ਵੱਧ ਡੋਪਮੀਨ ਪੈਦਾ ਕੀਤਾ ਜਾ ਸਕੇ।
ਇਹ ਇੱਕ ਅਜਿਹਾ ਹਾਰਮੋਨ ਹੈ ਜੋ ਖੁਸ਼ੀ ਦੇ ਅਹਿਸਾਸ ਲਈ ਜਰੂਰੀ ਹਾਰਮੋਨਾਂ ਵਿੱਚੋਂ ਇੱਕ ਹੈ। ਇਸੇ ਨਾਲ਼ ਛੇੜਛਾੜ ਕਰਕੇ ਗੇਮਿੰਗ ਕੰਪਨੀਆਂ ਗੇਮਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ਼ ਮਾਨਸਿਕ ਤੌਰ ’ਤੇ ਪ੍ਰਭਾਵ ਪਾਉਂਦੀਆਂ ਹਨ, ਜੋ ਪਹਿਲਾਂ ਸੁਭਾਅ ਵਿੱਚ ਥੋੜੀ ਬਹੁਤ ਤਬਦੀਲੀ ਵਜੋਂ ਨਜ਼ਰ ਆਉਂਦਾ ਹੈ ਅਤੇ ਹੌਲ਼ੀ ਹੌਲ਼ੀ ਇੱਕ ਰੋਗ ਬਣ ਜਾਂਦਾ ਹੈ। ਵੀਡੀਓ ਗੇਮਾਂ ਦੇ ਅਸਰ ਸਬੰਧੀ ਕੀਤੇ ਇੱਕ ਅਧਿਐਨ ਵਿੱਚ ਵੀਡੀਓ ਗੇਮਾਂ ਖੇਡਣ ਵਾਲ਼ਿਆਂ ਵਿੱਚੋਂ 72% ਦੇ ਸੁਭਾਅ ਵਿੱਚ ਹਿੰਸਕ ਵਤੀਰਾ, ਖਰਵਾਪਣ, ਗੁੱਸੇ ਆਦਿ ਜਿਹੀਆਂ ਤਬਦੀਲੀਆਂ ਦਰਜ ਕੀਤੀਆਂ ਗਈਆਂ, 66% ਦੀ ਸਰੀਰਿਕ ਸਿਹਤ ’ਤੇ ਮਾੜਾ ਅਸਰ ਪਿਆ। ਸੰਸਾਰ ਸਿਹਤ ਸੰਸਥਾ ਵੱਲੋਂ ਵੀ ਵੀਡੀਓ ਗੇਮ ਦੀ ਆਦਤ ਨੂੰ ਇੱਕ ਮਾਨਸਿਕ ਬੀਮਾਰੀ ਮੰਨਿਆ ਗਿਆ ਹੈ। ਇਸਤੋਂ ਇਲਾਵਾ ਆਨਲਾਈਨ ਖੇਡਾਂ ਖੇਡਦੇ ਸਮੇਂ ਆਉਣ ਵਾਲ਼ੀਆਂ ਮਸ਼ਹੂਰੀਆਂ ਜਰੀਏ ਅਣਜਾਣੇ ਵਿੱਚ ਹੀ ਛੋਟੀ ਉਮਰ ਦੇ ਬੱਚੇ ਅਜਿਹੀ ਸਮੱਗਰੀ ਜਾਂ ਵੈੱਬਸਾਈਟਾਂ ਦੇ ਵਾਹ ਵਿੱਚ ਆਉਂਦੇ ਹਨ, ਜੋ ਬਿਲਕੁੱਲ ਵੀ ਢੁਕਵੀਆਂ ਨਹੀਂ ਹੁੰਦੀਆਂ। ਉਹ ਪੋਰਨ ਸਾਈਟਾਂ ਅਤੇ ਬਾਲਗ ਸਮੱਗਰੀ ਦੇ ਸੰਪਰਕ ਵਿੱਚ ਆਉਂਦੇ ਹਨ, ਜੋ ਉਹਨਾਂ ਦੀ ਮਾਨਸਿਕ ਸਿਹਤ ਨੂੰ ਹੋਰ ਵੀ ਜ਼ਿਆਦਾ ਬੁਰੇ ਰੁਖ ਪ੍ਰਭਾਵਿਤ ਕਰਦੀਆਂ ਹਨ। ਇੱਕ ਅਧਿਐਨ ਮੁਤਾਬਕ ਹੇਠ ਦਿੱਤੇ ਨੌਂ ਲੱਛਣਾਂ ਵਿੱਚੋਂ ਜੇਕਰ ਕੋਈ ਪੰਜ ਲੱਛਣ ਗੇਮ ਖੇਡਣ ਵਾਲ਼ੇ ਵਿੱਚ ਪਾਏ ਜਾਂਦੇ ਹਨ ਤਾਂ ਸਮਝੋ ਕਿ ਉਹ ਮਾਨਸਿਕ ਤੌਰ ਉੱਥੇ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਕਿਹਾ ਜਾ ਸਕਦਾ।
1) ਇੰਟਰਨੈਟ ਉੱਤੇ ਗੇਮਾਂ ਖੇਡਣ ਦਾ ਸ਼ੌਕ
2) ਗੇਮ ਨਾ ਖੇਡ ਸਕਣ ਦੀ ਸਥਿਤੀ ਵਿੱਚ ਚਿੜਚਿੜਾਪਨ, ਚਿੰਤਾ ਅਤੇ ਉਦਾਸੀ ਦਾ ਹੋਣਾ
3) ਪਹਿਲਾਂ ਨਾਲ਼ੋਂ ਹੋਰ ਵੱਧ ਸਮਾਂ ਗੇਮ ਖੇਡਣ ਦੀ ਇੱਛਾ
4) ਆਪਣੇ ਆਪ ਨੂੰ ਗੇਮ ਖੇਡਣ ਤੋਂ ਰੋਕਣ ਦੇ ਅਸਫਲ ਯਤਨ
5) ਹੋਰ ਸਰਗਰਮੀਆਂ ਵਿੱਚ ਘੱਟ ਦਿਲਚਸਪੀ ਲੈਣਾ
6) ਮਾਨਸਿਕ-ਸਮਾਜਕ ਦਿੱਕਤਾਂ ਆਉਣ ਉੱਤੇ ਵੀ ਆਨਲਾਈਨ ਖੇਡ ਖੇਡਣਾ ਨਾ ਛੱਡਣਾ
7) ਪਰਿਵਾਰਕ ਜੀਆਂ, ਡਾਕਟਰਾਂ ਜਾਂ ਹੋਰਾਂ ਨੂੰ ਆਪਣੇ ਵੱਲੋਂ ਗੇਮਿੰਗ ਵਿੱਚ ਬਿਤਾਏ ਗਏ ਸਮੇਂ ਦੀ ਮਾਤਰਾ ਘੱਟ ਦੱਸ ਕੇ ਧੋਖਾ ਦੇਣਾ
8) ਚਿੱਤ ਖਰਾਬ ਹੋਣ ’ਤੇ ਰਾਹਤ ਪਾਉਣ ਲਈ ਇੰਟਰਨੈਟ ਗੇਮਿੰਗ ਦੀ ਵਰਤੋਂ ਕਰਨਾ
9) ਆਨਲਾਈਨ ਗੇਮਿੰਗ ਲਈ ਨੇੜਲੇ ਰਿਸ਼ਤੇ, ਆਪਣੀ ਪੜ੍ਹਾਈ, ਨੌਕਰੀ ਦੇ ਮੌਕੇ ਆਦਿ ਨੂੰ ਖਤਰੇ ਵਿੱਚ ਪਾਉਣਾ ਜਾਂ ਗੁਆਉਣਾ
ਅਸਲ ਵਿੱਚ ਸਰਮਾਏਦਾਰੀ ਪ੍ਰਬੰਧ ਅੰਦਰ ਹਰ ਚੀਜ਼ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਜਾਂ ਉਹਨਾਂ ਦੀ ਤੰਦਰੁਸਤੀ ਲਈ ਨਹੀਂ, ਸਗੋਂ ਮੁਨਾਫੇ ਲਈ ਪੈਦਾ ਕੀਤੀ ਜਾਂਦੀ ਹੈ। ਚੀਜ਼ਾਂ ਖਰੀਦਣ ਨੂੰ ਸਟੇਟਸ ਸਿੰਬਲ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਖੇਡਾਂ ਮਨੁੱਖ਼ ਦੇ ਸਰੀਰਕ-ਮਾਨਸਿਕ-ਆਤਮਿਕ ਵਿਕਾਸ ਲਈ ਜਰੂਰੀ ਹਨ ਅਤੇ ਕੁਝ ਚੋਣਵੀਆਂ ਤੈਅ ਕੀਤੀਆਂ ਵੀਡੀਓ ਗੇਮਾਂ ਵੀ ਬੱਚਿਆਂ ਵਿੱਚ ਹਾਂ-ਪੱਖੀ ਭੂਮਿਕਾ ਨਿਭਾਅ ਸਕਦੀਆਂ ਹਨ। ਪਰ ਇਸ ਸਰਮਾਏਦਾਰਾ ਢਾਂਚੇ ਨੇ ਸਿਰਫ ਮੁਨਾਫਾ ਕਮਾਉਣਾ ਹੈ। ਇਸ ਲਈ ਇਸ ਵਿੱਚ ਗੇਮਾਂ ਨੂੰ ਉਹਨਾਂ ਦੇ ਮਨੋਰੰਜਨ ਜਾਂ ਮਨੁੱਖ ਦੇ ਬੌਧਿਕ-ਆਤਮਕ ਵਿਕਾਸ ਦੇ ਪੱਖ ਦੀ ਬਜਾਇ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਕਿ ਸਰਮਾਏਦਾਰਾ ਕੰਪਨੀਆਂ ਦੇ ਮੁਨਾਫੇ ਸੁਰੱਖਿਅਤ ਰਹਿ ਸਕਣ, ਬੱਚੇ ਭਾਂਵੇ ਖੁਦਕੁਸ਼ੀਆਂ ਹੀ ਕਿਉਂ ਨਾ ਕਰ ਜਾਣ।
ਆਨਲਾਈਨ ਖੇਡਾਂ ਦਾ ਨਸ਼ਾ ਨੌਜਵਾਨਾਂ, ਅੱਲ੍ਹੜਾਂ ਵਿੱਚ ਵਧੇਰੇ ਪਾਇਆ ਜਾਂਦਾ ਹੈ ਅਤੇ ਸਭ ਤੋਂ ਜਿਆਦਾ ਨੁਕਸਾਨ ਵੀ ਉਹਨਾਂ ਦਾ ਹੀ ਹੋ ਰਿਹਾ ਹੈ। ਇਹ ਜ਼ਿੰਦਗੀ ਦਾ ਅਜਿਹਾ ਪੜਾਅ ਹੁੰਦਾ ਹੈ ਜਦ ਉਹਨਾਂ ਦੀ ਸ਼ਖਸੀਅਤ ਦਾ ਵਿਕਾਸ ਹੋਣਾ ਹੁੰਦਾ ਹੈ। ਇਹ ਉਹਨਾਂ ਦੇ ਆਲ਼ੇ-ਦੁਆਲ਼ੇ ਦੇ ਸੰਸਾਰ ਦੀ ਪੜਚੋਲ ਕਰਨ, ਸਮਝਣ, ਵਿਸ਼ਲੇਸ਼ਣ ਕਰਨ ਅਤੇ ਇਸਦਾ ਅਲੋਚਨਾਤਮਕ ਮੁਲਾਂਕਣ ਕਰਨ ਦਾ ਸਮਾਂ ਹੁੰਦਾ ਹੈ। ਇਹ ਜਾਣਕਾਰੀਆਂ ਹਾਸਲ ਕਰਨ ਦਾ ਸਮਾਂ ਹੁੰਦਾ ਹੈ, ਇਤਿਹਾਸ, ਸਿਆਸਤ, ਸੱਭਿਆਚਾਰ, ਮਾਨਵ-ਵਿਗਿਆਨ, ਭੂਗੋਲ, ਜੀਵ-ਵਿਗਿਆਨ, ਭੌਤਿਕ-ਰਸਾਇਣ ਵਿਗਿਆਨਾਂ ਆਦਿ ਸਬੰਧੀ ਬੁਨਿਆਦੀ ਜਾਣਕਾਰੀ ਹਾਸਲ ਕਰਨ ਦਾ ਸਮਾਂ ਹੁੰਦਾ ਹੈ। ਇਹ ਸਵੈ ਦੀ ਉਸਾਰੀ ਦਾ ਸਮਾਂ ਹੁੰਦਾ ਹੈ, ਜਿਸ ਰਾਹੀਂ ਉਹ ਆਪਣੇ ਆਪ ਨੂੰ ਜਾਣਦਾ ਹੈ। ਉਹ ਕਿਸ ਲਈ ਹੈ, ਉਸ ਦੀਆਂ ਇੱਛਾਵਾਂ ਅਤੇ ਮਕਸਦ ਕੀ ਹਨ? ਇਹ ਵਿਅਕਤੀਤਵ ਵਿਕਾਸ ਅਤੇ ਸਿਹਤਮੰਦ ਆਦਤਾਂ ਦੇ ਵਿਗਸਣ ਦਾ ਸਮਾਂ ਹੁੰਦਾ ਹੈ। ਇਹ ਸਮਾਜਿਕ ਵਿਕਾਸ ਅਤੇ ਸਮਾਜਿਕ ਮੁੱਦਿਆਂ ਨੂੰ ਸਮਝਣ ਦਾ ਸਮਾਂ ਹੁੰਦਾ ਹੈ। ਪਰ ਬਦਕਿਸਮਤੀ ਨਾਲ਼ ਬਹੁਤੇ ਬੱਚੇ ਤੇ ਨੌਜਵਾਨ ਆਨਲਾਈਨ ਗੇਮਾਂ ਖੇਡਣ ਆਦਿ ਵਿੱਚ ਆਪਣੀ ਊਰਜਾ ਅਤੇ ਉਮਰ ਬਰਬਾਦ ਕਰ ਰਹੇ ਹਨ।
ਉਹ ਇਨ੍ਹਾਂ ਖੇਡਾਂ ਵਿੱਚ ਇੰਨੇ ਡੁੱਬ ਜਾਂਦੇ ਹਨ ਕਿ ਪੜ੍ਹਾਈ, ਸਮਾਜਿਕ ਜੀਵਨ ਜਾਂ ਹੋਰ ਸਿਹਤਮੰਦ ਕੰਮਾਂ ਵਿੱਚ ਦਿਲਚਸਪੀ ਹੀ ਮਹਿਸੂਸ ਨਹੀਂ ਕਰਦੇ। ਅਸਲ ਵਿੱਚ ਸਰਮਾਏਦਾਰਾ ਪ੍ਰਬੰਧ ਵੱਲੋਂ ਥੋਪੀ ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਭਵਿੱਖ ਪ੍ਰਤੀ ਆਪਣੀ ਅਨਿਸ਼ਚਿਤਤਾ ਕਾਰਨ ਸੌਖੇ ਹੀ ਇਸ ਸਭ ਕਾਸੇ ਦਾ ਸ਼ਿਕਾਰ ਬਣ ਜਾਂਦੇ ਹਨ। ਉਹਨਾਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਇਸ ਦਾ ਜ਼ਿੰਮੇਵਾਰ ਇਹ ਸਰਮਾਏਦਾਰਾ ਪ੍ਰਬੰਧ ਹੈ ਜੋ ਮੁਨਾਫੇ ਖ਼ਾਤਰ ਕਦੇ ਅਜਿਹੀਆਂ ਗੇਮਾਂ ਰਾਹੀਂ, ਕਦੇ ਸੋਸ਼ਲ ਮੀਡੀਆ ’ਤੇ ਗੰਧਲੇ ਸਭਿਆਚਾਰ ਨੂੰ ਪਰੋਸ ਕੇ, ਪੋਰਨੋਗ੍ਰਾਫੀ ਆਦਿ ਰਾਹੀਂ, ਨਸ਼ਿਆਂ ਆਦਿ ਰਾਹੀਂ ਸਾਡੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਿਹਾ ਹੈ। ਇਸ ਪ੍ਰਬੰਧ ਨੂੰ ਉਲਟਾਉਣ ਦੀ ਲੜਾਈ ਦਾ ਮੁੱਢ ਬੰਨ੍ਹਕੇ, ਇਸ ਲੋਕ ਦੋਖੀ ਸਰਮਾਏਦਾਰਾ ਪ੍ਰਬੰਧ ਦਾ ਖਾਤਮਾ ਹੀ ਸਾਡੇ ਬੱਚਿਆਂ- ਨੌਜਵਾਨਾਂ ਦੀ ਸਲਾਮਤੀ ਦੀ ਗਰੰਟੀ ਹੋਵੇਗਾ