ਗੈਰ ਮਿਆਰੀ ਖਾਦ ਫ਼ਾਜ਼ਿਲਕਾ ਪੁਲੀਸ ਦੀ ਖਾਦ ਡੀਲਰ ’ਤੇ ‘ਕਿਰਪਾ’- ਚਰਨਜੀਤ ਭੁੱਲਰ

ਦੱਸਣਯੋਗ ਹੈ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਝੁਰੜ ਖੇੜਾ ਦੇ ਕਿਸਾਨ ਮਨਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਵਲੋਂ ਗੈਰ ਮਿਆਰੀ ਡੀਏਪੀ ਖਾਦ ਦੀ ਸ਼ਿਕਾਇਤ ਕੀਤੀ ਸੀ, ਜਿਸਦੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਜਿਸ ਆੜਤੀਏ ਤੋਂ ਕਿਸਾਨਾਂ ਨੇ ਖਾਦ ਖ਼ਰੀਦੀ, ਉਸਦਾ ਕੋਈ ਖ਼ਰੀਦ ਬਿੱਲ ਵੀ ਨਹੀਂ ਦਿੱਤਾ ਗਿਆ।
ਫ਼ਾਜ਼ਿਲਕਾ ਦੇ ਫਰਟੀਲਾਈਜ਼ਰ ਇੰਸਪੈਕਟਰ ਵਲੋਂ ਕਿਸਾਨ ਕੋਲ ਮੌਜੂਦ ਡੀਏਪੀ ਖਾਦ ਦੇ 65 ਬੈਗਾਂ ’ਚੋਂ ਦੋ ਨਮੂਨੇ ਵੀ ਭਰੇ ਗਏ, ਜਿਹਨਾਂ ਨੂੰ ਜਾਂਚ ਲਈ ਖਾਦ ਪਰਖ਼ ਪ੍ਰਯੋਗਸ਼ਾਲਾ ਫ਼ਰੀਦਕੋਟ ਭੇਜਿਆ ਗਿਆ। ਇਸ ਪ੍ਰਯੋਗਸ਼ਾਲਾ ਵਲੋਂ 5 ਜੂਨ ਨੂੰ ਦਿੱਤੀ ਰਿਪੋਰਟ ਅਨੁਸਾਰ ਖਾਦ ਦੇ ਦੋਵੇਂ ਨਮੂਨੇ ਫ਼ੇਲ੍ਹ ਪਾਏ ਗਏ।
ਫ਼ਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਨੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੂੰ ਅੱਜ ਇੱਕ ਪੱਤਰ ਭੇਜ ਕੇ ਦੱਸਿਆ ਕਿ ਗੈਰ ਮਿਆਰੀ ਖਾਦ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਉਹਨਾਂ ਨੇ ਥਾਣਾ ਬਹਾਵਵਾਲਾ (ਫ਼ਾਜ਼ਿਲਕਾ) ਦੇ ਮੁੱਖ ਥਾਣਾ ਅਫ਼ਸਰ ਨਾਲ ਤਾਲਮੇਲ ਕੀਤਾ ਸੀ, ਪ੍ਰੰਤੂ ਥਾਣਾ ਅਫ਼ਸਰ ਨੇ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰਨ ਦਿੱਤਾ ਅਤੇ ਇਹ ਵੀ ਕਿਹਾ ਕਿ ਐਸਐਸਪੀ ਫ਼ਾਜ਼ਿਲਕਾ ਤੋਂ ਮਾਰਕ ਹੋਣ ਤੋਂ ਬਾਅਦ ਹੀ ਕਾਰਵਾਈ ਕਰ ਸਕਦੇ ਹਾਂ। ਮੁੱਖ ਖੇਤੀਬਾੜੀ ਅਫ਼ਸਰ ਨੇ ਪੱਤਰ ਵਿੱਚ ਲਿਖਿਆ ਕਿ ਉਹਨਾਂ ਨੇ 31 ਮਈ ਨੂੰ ਖੇਤੀ ਮੰਤਰੀ ਨੂੰ ਮਿਲ ਕੇ ਇਸ ਸਬੰਧੀ ਜਾਣੂ ਕਰਵਾਇਆ ਅਤੇ ਮੌਕੇ ’ਤੇ ਹੀ ਖੇਤੀ ਮੰਤਰੀ ਨੇ ਐਸਐਸਪੀ ਫ਼ਾਜ਼ਿਲਕਾ ਨੂੰ ਸ਼ਿਕਾਇਤ ’ਤੇ ਕਾਰਵਾਈ ਕਰਨ ਦੇ ਫ਼ੋਨ ’ਤੇ ਹੁਕਮ ਦਿੱਤੇ।
ਮੁੱਖ ਖੇਤੀਬਾੜੀ ਅਫ਼ਸਰ ਇਸ ਸ਼ਿਕਾਇਤ ਬਾਬਤ 2 ਜੂਨ ਨੂੰ ਐਸਐਸਪੀ ਫ਼ਾਜ਼ਿਲਕਾ ਨੂੰ ਮਿਲੇ ਅਤੇ ਲਿਖਤੀ ਸ਼ਿਕਾਇਤ ਦਿੱਤੀ। ਸ਼ਿਕਾਇਤ ਦੇ ਨਾਲ ਹੀ ਖਾਦ ਪਰਖ਼ ਪ੍ਰਯੋਗਸ਼ਾਲਾ ਫਰੀਦਕੋਟ ਦੀ ਰਿਪੋਰਟ ਵੀ ਦਿੱਤੀ ਗਈ।
ਫ਼ਾਜ਼ਿਲਕਾ ਪੁਲੀਸ ਇਸਦੇ ਬਾਵਜੂਦ ਟੱਸ ਤੋਂ ਮੱਸ ਨਾ ਹੋਈ। ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਨੇ 9 ਜੂਨ ਨੂੰ ਐਸਐਸਪੀ ਫ਼ਾਜ਼ਿਲਕਾ ਨੂੰ ਮੁੜ ਪੱਤਰ ਲਿਖ ਕੇ ਗੈਰ ਮਿਆਰੀ ਖਾਦ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ। ਖੇਤੀ ਅਧਿਕਾਰੀ ਦੱਸਦੇ ਹਨ ਕਿ ਜਦੋਂ ਪੁਲੀਸ ਨੇ ਮੁੜ ਚੁੱਪ ਵੱਟ ਲਈ ਤਾਂ ਉਹਨਾਂ ਨੇ ਸਾਰਾ ਮਾਮਲਾ ਖੇਤੀ ਮੰਤਰੀ ਦੇ ਧਿਆਨ ’ਚ ਲਿਆਂਦਾ।
ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਡੀਜੀਪੀ ਪੰਜਾਬ ਨੂੰ ਪੱਤਰ ਲਿਖ ਕੇ ਫ਼ਾਜ਼ਿਲਕਾ ਪੁਲੀਸ ਦੀ ਕਾਰਜਸ਼ੈਲੀ ਤੋਂ ਜਾਣੂ ਕਰਵਾਇਆ ਹੈ। ਖੇਤੀ ਮੰਤਰੀ ਨੇ ਲਿਖਿਆ ਹੈ ਕਿ ਉਹਨਾਂ ਦੇ ਕਹਿਣ ਦੇ ਬਾਵਜੂਦ ਸਬੰਧਤ ਦੋਸ਼ੀਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ। ਖੇਤੀ ਮੰਤਰੀ ਨੇ ਮੰਗ ਕੀਤੀ ਹੈ ਕਿ ਗੈਰ ਮਿਆਰੀ ਖਾਦ ਵੇਚਣ ਵਾਲੀ ਫ਼ਰਮ ਦੇ ਖਿਲਾਫ਼ ਤੁਰੰਤ ਕੇਸ ਦਰਜ ਕੀਤਾ ਜਾਵੇ ਅਤੇ ਜਿਹਨਾਂ ਪੁਲੀਸ ਅਧਿਕਾਰੀਆਂ ਵਲੋਂ ਜਾਣ ਬੁੱਝ ਕੇ ਕਾਰਵਾਈ ਵਿੱਚ ਢਿੱਲ ਵਰਤੀ ਗਈ ਹੈ, ਉਹਨਾਂ ਖਿਲਾਫ਼ ਅਨੁਸ਼ਾਸ਼ਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।