ਟਾਪਦੇਸ਼-ਵਿਦੇਸ਼

   ਜਨੁ ਊਰਾ ਤੂ ਪੂਰਾ

ਸਿਰਦਾਰ ਕਰਮ ਹਿਸਟੋਰੀਅਨ ਦੀ ਕਿਤਾਬ “ਕੱਤਕ ਕਿ ਵਿਸਾਖ” ਕਿਤੇ ਵੀ ਨਹੀਂ ਮਿਲ ਰਹੀ ਸੀ ਇਸ ਕਰਕੇ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਨੇ ਉਪਰਾਲਾ ਕਰਕੇ ਦਸ ਹਜ਼ਾਰ ਕਿਤਾਬ, ਕੁੱਝ ਮੈਗਜ਼ੀਨ ਤੇ ਕੁੱਝ ਕਿਤਾਬ ਰੂਪ ਵਿੱਚ, ਛਪਵਾ ਕੇ ਜਨ ਸਧਾਰਣ ਵਿੱਚ ਵੰਡਣ ਦਾ ਕੰਮ ਅਰੰਭਿਆ ਹੋਇਆ ਹੈ। ਮੇਰੇ ਕੋਲ ਹਾਲੇ ਵੀ 1500-2000 ਮੈਗਜ਼ੀਨ ਪਏ ਹੋਏ ਹਨ। ਮੈਂ ਕਿਧਰੇ ਵੀ ਜਾਵਾਂ, ਦੋ ਚਾਰ ਕਾਪੀਆਂ ਨਾਲ ਲੈ ਕੇ ਚੱਲ ਪੈਂਦਾ ਹਾਂ। ਜੇ ਕਿਧਰੇ ਚਾਹ ਪੀਣ ਗਿਆ ਤਾਂ ਰੈਸਟੋਰੈਂਟ ਯਾ ਟਿਮ ਹੋਰਟਨ ਵਿੱਚ ਕੰਮ ਕਰਨ ਵਾਲਿਆਂ ਨੂੰ ਪੁੱਛ ਕੇ ਦੇ ਦਿੰਦਾ ਹਾਂ ਅਤੇ ਕਈ ਵਾਰੀ ਪੰਜਾਬੀ, ਬੱਚੀਆਂ ਤੇ ਬੱਚੇ, ਇਨਕਾਰ ਵੀ ਕਰ ਦਿੰਦੇ ਹਨ। ਜੀ ਸਾਡੇ ਕੋਲ ਪੜ੍ਹਨ ਦਾ ਸਮਾਂ ਨਹੀਂ।

ਪਿਛਲੇ ਹਫਤੇ ਮੈਂ ਆਪਣੇ ਨੇੜਲੇ ਜਿਮ ਵਿੱਚ ਗਿਆ ਤਾਂ ਦੇਖਿਆ ਕੇ ਦੋ ਅਣਜਾਣ ਸ਼ਖਸੀਅਤਾਂ ਮਸ਼ੀਨਾਂ ਤੇ ਪਸੀਨਾ ਵਹਾ ਰਹੀਆਂ ਹਨ। ਜਦੋਂ ਉਹ ਥੋੜ੍ਹਾ ਬਹੁਤ ਅਰਾਮ ਕਰਨ ਲਈ ਰੁਕੀਆਂ ਤਾਂ ਮੈਂ ‘ਕੱਤਕ ਕਿ ਵਿਸਾਖ’ ਮੈਗਜ਼ੀਨ ਉਨ੍ਹਾਂ ਵੱਲ ਕਰਕੇ ਕੇ ਗੱਲ ਕਰਨ ਲੱਗਾ। ਮੈਂ ਕਿਹਾ, ਜੀ ਇਹ ਮੈਗਜ਼ੀਨ ਗੁਰੂ ਬਾਬੇ ਨਾਨਕ ਸਾਹਿਬ ਦੇ ਜਨਮ ਦਿਨ ਬਾਰੇ ਹੈ ਜੋ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ “ਕੱਤਕ ਕਿ ਵਿਸਾਖ” ਦਾ ਅਸਲੀ ਰੂਪ ਹੈ। ਇਹ ਕਿਤਾਬ 1930 ਵਿੱਚ  ਪਹਿਲੀ ਵਾਰ ਛਪੀ ਸੀ। ਹੁਣ ਕਿਧਰੇ ਵੀ ਉਪਲੱਭਧ ਨਹੀਂ ਸੀ। ਸਿੰਘ ਸਭਾ ਨੇ ਉਪਰਾਲਾ ਕਰਕੇ ਫਿਰ ਤੋਂ ਛਪਵਾਈ ਹੈ ਤੇ ਅਸੀਂ ਇਸ ਨੂੰ ਮੁਫਤ ਵੰਡ ਰਹੇ ਹਾਂ। ਕੀ ਤੁਸੀਂ ਲੈਣਾ ਚਾਹੁੰਦੇ ਹੋ”? ਜਿਹੜਾ ਸਿਰਦਾਰ ਪੂਰਨ ਸਿੱਖੀ ਸਰੂਪ ਵਿੱਚ ਸੀ ਉਸ ਨੇ ਤਾਂ ਕੋਈ ਦਿਲਚਸਪੀ ਨਹੀਂ ਦਿਖਾਈ ਤੇ ਦੰਦਾਂ ਹੇਠ ਜੀਭ ਨੂੰ ਮਲ ਮਲ ਕੇ ਗੱਲ ਕਰਨ ਲੱਗਾ ਤੇ ਮੈਂ ਸਮਝ ਗਿਆ, ਕਿ ਇਸ ਨੂੰ ਇਸ ਕਿਤਾਬ ਦੀ ਕੋਈ ਜ਼ਰੂਰਤ ਨਹੀਂ। ਪਰ ਮੈਂ ਦੂਸਰੇ ਸਿਰਦਾਰ ਕੋਲ ਗਿਆ ਜਿਸ ਦੇ ਸਿਰ ਤੇ ਪੱਗ ਤਾਂ ਬੱਧੀ ਹੋਈ ਪਰ ਦਾਹੜੀ ਕੁਤਰੀ ਹੋਈ ਸੀ। ਇਹ ਗੱਲ ਮੈਂ ਪਾਠਕਾਂ ਲਈ ਲਿਖ ਰਿਹਾ ਹਾਂ,                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                ਵੈਸੇ ਮੇਰੇ ਲਈ ਕੋਈ ਦਾਹੜੀ ਰੱਖੇ ਯਾ ਨਾ ਇੱਕ ਬਰਾਬਰ ਹੈ, ਜੇਕਰ ਉਹ ਸਿਧਾਂਤ   ਤੋਂ ਵਾਕਿਫ ਹੈ। ਕੁਤਰੀ ਹੋਈ ਦਾਹੜੀ ਵਾਲੇ ਨੇ ਜਵਾਬ ਦਿੱਤਾ, “ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਦੇਵਾਂਗਾ”। ਲਓ ਵੀਰੋ! ਫੜ ਲਓ ਪੂਛ ਐਸੇ ਜਵਾਬ ਦੀ। 

ਸਤਿਕਾਰ ਯੋਗ ਪਾਠਕੋ! ਇੱਥੇ ਇਹ ਗੱਲ ਦੱਸਣੀ ਵੀ ਮੈਂ ਵਾਜਬ ਸਮਝਦਾ ਹਾਂ ਕਿ ਜਦੋਂ 1930 ਵਿੱਚ ਇਹ ਕਿਤਾਬ ਛਪ ਕੇ ਸਾਹਮਣੇ ਆਈ ਤਾਂ ਸਿੱਖ ਕਾਨਫਰੰਸ ਸ਼ਾਇਦ ਰਾਵਪਿੰਡੀ ਵਿੱਚ ਸੀ ਯਾ ਗੁਰਜਾਂਵਾਲੇ ਤੇ ਸੰਤ ਕਵੀ ਭਾਈ ਵੀਰ ਸਿੰਘ ਜੀ ਸਟੇਜ ਸੈਕਟਰੀ ਸਨ। ਉਸ ਨੇ ਇਹ ਕਹਿ ਕੇ ਇਸ ਕਿਤਾਬ ਦੀ ਬਹੁਤ ਵਡਿਆਈ ਕੀਤੀ ਕਿ “ਇਹ ਕਿਤਾਬ ਸਿੱਖ ਕੌਮ ਲਈ ਅਤੀਅੰਤ ਜ਼ਰੂਰੀ ਸੌਗਾਤ ਹੈ”। ਪਰ ਨਾਲ ਦੀ ਨਾਲ ਸੰਤ ਕਵੀ ਭਾਈ ਵੀਰ ਸਿੰਘ ਨੇ, ਜੋ ਅੰਗਰੇਜ਼ਾਂ ਦਾ ਪਿਠੂ ਸੀ, ਪਰ ਲੋਕ ਅੱਜ ਵੀ ਅਸਲੀਅਤ ਸਮਝਣ ਲਈ ਤਿਆਰ ਨਹੀਂ ਹਨ, ਜ਼ਬਤ ਕਰ ਲਈ। ਥੋੜ੍ਹੀਆਂ ਬਹੁਤ ਕਿਤਾਬਾਂ ਜੋ ਕੋਈ ਮੱਲੋ ਮੱਲੀ ਮੰਗ ਕੇ ਲੈ ਗਏ, ਉਨ੍ਹਾਂ ਵਿੱਚੋਂ ਇਕ ਕਿਤਾਬ ਬਾਗਬਾਨਪੁਰਾ(ਲਾਹੌਰ ਦਾ ਕੋਈ ਹਿੱਸਾ ਹੈ)ਸਿਰਦਾਰ ਗੁਰਬਖਸ਼ ਸਿੰਘ ਦੀ ਲਾਇਬਰੇਰੀ ਵਿੱਚ ਪਹੁੰਚ ਗਈ ਤੇ ਉਥੋਂ ਸਿਰਦਾਰ ਹੀਰਾ ਸਿੰਘ ਦਰਦ ਨੇ ਲੱਭ ਕੇ ਸਿੱਖ ਕੌਮ ਦੀ ਝੋਲੀ ਪਾਈ। ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਬਣਾਈ ਸਗੋਂ ਇਸ ਕਿਤਾਬ ਦੇ ਮੁੱਢ ਵਿੱਚ ਹੀ ਹੀਰਾ ਸਿੰਘ ਦਰਦ ਦੇ ਆਪਣੇ ਲਫਜ਼ ਅੰਕਤ ਹਨ। ਸੰਤ ਕਵੀ ਭਾਈ ਵੀਰ ਸਿੰਘ ਨੇ ਪ੍ਰੋ. ਸਾਹਿਬ ਸਿੰਘ ਜੀ ਨਾਲ ਵੀ ਏਹੋ ਕੁੱਝ ਕੀਤਾ ਸੀ ਜਦੋਂ ਉਹ ਗੁਰਬਾਣੀ ਵਿਆਕਰਣ ਬਾਰੇ ਕਿਸੇ ਸਿੱਖ ਕਾਨਫਰੰਸ ਤੇ ਬੋਲਣ ਲੱਗੇ, ਤਾਂ ਲੋਕਾਂ ਦਾ ਉਤਸ਼ਾਹ ਵੇਖ ਕੇ ਭਾਈ ਵੀਰ ਸਿੰਘ ਨੇ ਸਾਹਿਬ ਸਿੰਘ ਦੇ ਹੱਥ ਇੱਕ ਪਰਚੀ ਫੜਾ ਦਿੱਤੀ ਕਿ ਤੁਹਾਡਾ ਸਮਾਂ ਸਮਾਪਤ ਹੈ। ਇਹ ਗੱਲ, ਬਗੈਰ ਨਾਮ ਲਿਆਂ, ਪ੍ਰੋ. ਸਾਹਿਬ ਸਿੰਘ ਨੇ ਆਪਣੀ ਜੀਵਨੀ ਦੇ ਪੰਨਾ 182-83 ਤੇ ਲਿਖੀ ਹੈ, ਪੜ੍ਹ ਕੇ ਤਸੱਲੀ ਕਰ ਸਕਦੇ ਹੋ। ਪਾਠਕ ਸੱਜਣੋ! ਸਿੱਖ ਕੌਮ ਦੇ ਹਮਦਰਦੀਆਂ ਤੇ ਕੌਮ ਘਾਤਕ ਲੋਕਾਂ ਦੀ ਪਛਾਣ ਕਰਨੀ ਅਰੰਭੋ, ਜੇ ਸਿੱਖ ਸਿਧਾਂਤ ਨੂੰ ਬਚਾਉਣਾ ਚਾਹੁੰਦੇ ਹੋ। ਪਟਿਆਲਾ ਯੂਨੀਵਰਸਿਟੀ ਅਤੇ ਅੰਮ੍ਰਿਤਸਰ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਬਣਾਈ ਗਈ ਯੂਨੀਵਰਸਿਟੀ ਵਿੱਚ ਭਾਈ ਵੀਰ ਸਿੰਘ ਦੀਆਂ ਕਿਤਾਬਾਂ, ਜੋ ਚਮਤਕਾਰਾਂ ਨੂੰ ਸਿੱਖ ਸਿਧਾਂਤ ਦੱਸ ਰਹੀਆਂ ਹਨ, ਤੇ ਪੰਜਾਹ ਪੀ.ਐਚ.ਡੀਆਂ ਕਰਵਾਈਆਂ ਜਾ ਰਹੀਆਂ ਹਨ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਇਕ ਵੀ ਪੀ.ਐਚ.ਡੀ. ਨਹੀਂ ਕਰਵਾਈ ਜਾ ਰਹੀ। ਕਿਉਂਕਿ ਡਾ. ਹਰਪਾਲ ਸਿੰਘ ਪੰਨੂੰ ਵਰਗਿਆਂ ਨੂੰ ਦੇਗਾਂ ਖੁਆ ਖੁਆ ਕੇ, ਰੱਜਵੇਂ ਇਨਾਮ ਦੇ ਦੇ ਕੇ ਸਰਕਾਰਾਂ ਨੇ ਮਸਤ ਕਰ ਰੱਖਿਆ ਹੈ।

ਜਨੁ ਊਰਾ ਤੂ ਪੂਰਾ॥ ਪੰਨਾ 1052। ਭਗਤ ਨਾਮ ਦੇਵ ਜੀ ਬ੍ਰਾਹਮਣ ਬਾਰੇ ਗੱਲ ਕਰਦੇ ਹਨ ਕਿ ਤੂੰ ਸਾਡਾ ਠਾਕਰ ਬਣ ਬੈਠਾ ਹੈਂ, ਆਪਣੇ ਆਪ ਨੂੰ ਪੂਰਾ ਤੇ ਸਾਨੂੰ ਊਰਾ(ਊਣਾ)ਕਹੀ ਜਾ ਰਿਹਾ ਹੈਂ? ਅੱਜ ਸਿੱਖ ਕੌਮ ਦਾ ਹਰ ਬੰਦਾ ਵਿਦਿਆਰਥੀ ਨਾ ਹੋ ਕੇ ਅਲੰਬਰਦਾਰ ਬਣ ਬੈਠਾ ਹੈ। ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਅੰਗਰੇਜ਼ਾਂ ਨੂੰ ਕੁੱਝ ਲੋਕਾਂ ਦਾ ਸਾਥ ਚਾਹੀਦਾ ਸੀ ਜੋ ਲਿਖ ਸਕਣ ਤੇ ਲਿਖਣ ਵਾਲਿਆਂ ਨੂੰ ਸਰਕਾਰੀ ਸਹਾਇਤਾ, ਜਸਮਾਨੀ ਸਹਾਇਤਾ ਅਤੇ ਪੈਸਾ, ਚਾਹੀਦੀ ਸੀ, ਜੋ ਅੰਗਰੇਜ਼ਾਂ ਨੇ ਰੱਜਵੀ ਦਿੱਤੀ। ਜੇਕਰ ਉਹ ਇਹ ਨਾ ਕਰਦੇ ਤਾਂ ਉਹ ਪੰਜਾਬ ਤੇ 100 ਸਾਲ ਰਾਜ ਕਰਕੇ ਮਨ ਮਰਜ਼ੀ ਨਾਲ ਪੰਜਾਬ ਨੂੰ ਲੁੱਟ ਵੀ ਨਹੀਂ ਸਨ ਸਕਦੇ।

ਗੁਰੂ ਦੇ ਪੰਥ ਦਾ ਦਾਸ,

ਗੁਰਚਰਨ ਸਿੰਘ ਜਿਉਣ ਵਾਲਾ# +1 647 966 3132

Website: singhsabhacanada.ca, Email: [email protected]

Leave a Reply

Your email address will not be published. Required fields are marked *