ਟਾਪਭਾਰਤ

ਜਿਣਸੀ ਅਪਰਾਧਾਂ ਖਿਲਾਫ਼ ਚੁੱਪ ਨੂੰ ਤੋੜੀਏ, ਮਨੁੱਖਦੋਖ਼ੀ ਢਾਂਚੇ ਦਾ ਫਾਹਾ ਵੱਢੀਏ-ਡਾ.ਦਵਿੰਦਰ ਖੁਸ਼ ਧਾਲੀਵਾਲ

 ਕੈਬਨਿਟ ਮੰਤਰੀ ਕੀਰੇਨ ਰਿਜ਼ਜ਼ੂ ਨੇ ਰਾਜ ਸਭਾ ਵਿੱਚ ਕਿਹਾ ਕਿ 2014-2016 ਤੱਕ 1,10,333 ਬਲਾਤਕਾਰ ਦੇ ਕੇਸ ਦਰਜ ਕੀਤੇ ਗਏ ਹਨ। 2015 ਵਿੱਚ 34,651 ਬਲਾਤਕਾਰ ਦੇ ਕੇਸ ਦਰਜ਼ ਕੀਤੇ ਗਏ ਅਤੇ 2019 ਵਿੱਚ 38,947 ਬਲਾਤਕਾਰ ਦੇ ਕੇਸ ਦਰਜ਼ ਕੀਤੇ ਗਏ। 2016 ਵਿੱਚ 3 ਲੱਖ 38 ਹਜ਼ਾਰ 9 ਸੌ 54 ਕੇਸ ਜਿਣਸੀ ਸੋਸ਼ਣ ਦੇ ਦਰਜ਼ ਕੀਤੇ ਗਏ। 2006 ਦੀ ਕੌਮੀ ਅਪਰਾਧਿਕ ਬਿਓਰੋ ਦੀ ਰਿਪੋਰਟ ਅਨੁਸਾਰ 71% ਬਲਾਤਕਾਰ ਦੇ ਕੇਸ ਦਰਜ਼ ਹੀ ਨਹੀ ਹੁੰਦੇ।

ਇਹ ਮਹਿਜ਼ ਅੰਕੜੇ ਨਹੀਂ ਹਨ, ਇਨਸਾਨੀ ਜ਼ਿੰਦਗੀਆਂ ਹਨ! ਜਿੰਨ੍ਹਾਂ ਨੂੰ ਘਿਣਾਉਣੇ ਅਪਰਾਧ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਜਿਨਸੀ ਸੋਸ਼ਣ ਦਾ ਸਾਹਮਣਾ ਜ਼ਿਆਦਾਤਰ ਔਰਤਾਂ ਨੂੰ ਰੋਜ਼ਮੱਰ੍ਹਾ ਦੀ ਜ਼ਿੰਦਗੀ ਵਿੱਚ ਲਗਾਤਾਰ ਕਰਨਾ ਪੈਂਦਾ ਹੈ। ਔਰਤ ਤੋਂ ਭਾਵ 10 ਮਹੀਨੇ ਦੀ ਬੱਚੀ ਵੀ ਹੈ ਅਤੇ 80 ਸਾਲ ਦੀ ਬਜ਼ੁਰਗ ਔਰਤ ਵੀ। ਕਿਸੇ ਉੱਤੇ ਜਿਣਸੀ ਟਿੱਪਣੀ ਕਰਨਾ ਜਾਂ ਮਜਾਕ ਉਡਾਉਣਾ, ਛੂਹਣਾ, ਭੱਦੀਆਂ ਨਿਗਾਹਾਂ ਨਾਲ਼ ਦੇਖਣਾ, ਘੂਰਣਾ, ਨਿੱਜੀ ਜਿਣਸੀ ਸਵਾਲ ਪੁੱਛਣੇ, ਕਿਸੇ ਬਾਬਤ ਜਿਣਸੀ ਅਫਵਾਹ ਫੈਲਾਉਣੀ, ਇਹ ਸਭ ਜਿਣਸੀ ਸੋਸ਼ਣ ਦੇ ਰੂਪ ਹਨ। ਜਿਣਸੀ ਸ਼ੋਸ਼ਣ ਦਾ ਸਾਹਮਣਾ ਇੱਕਲੀਆਂ ਔਰਤਾਂ ਨੂੰ ਹੀ ਨਹੀਂ ਕਰਨਾ ਪੈਂਦਾ, ਸਗੋਂ ਇਸ ਦੀ ਚਪੇਟ ਵਿੱਚ ਵੱਡੀ ਗਿਣਤੀ ਵਿੱਚ ਬੱਚੇ (ਮੁੰਡੇ, ਕੁੜੀਆਂ ਦੋਵੇਂ) ਆਉਂਦੇ ਹਨ।

ਕੌਮੀ ਅਪਰਾਧ ਰਿਕਾਰਡ ਬਿਊਰੋ ਦੀ 2017 ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਹਰ 15 ਮਿੰਟਾਂ ਵਿੱਚ ਇੱਕ ਬੱਚੇ ਨਾਂਲ਼ ਜਿਣਸੀ ਛੇੜ-ਛਾੜ ਦੀ ਘਟਨਾ ਹੁੰਦੀ ਹੈ। ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ 2016 ਵਿੱਚ ਬੱਚਿਆਂ ਖਿਲਾਫ ਅਪਰਾਧਾਂ ਦੇ 1,06,958 ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ ’ਚੋਂ 36,022 ਕੇਸ ਪ੍ਰੋਟੈਕਸ਼ਨ ਆਫ ਚਿਲਡਰਨ ਫਰੌਮ ਸੈਕਸੁਅਲ ਆਫੈਂਸਿੰਜ ਐਕਟ ਦੇ ਤਹਿਤ ਦਰਜ ਹੋਏ ਸਨ। 2015 ਵਿੱਚ ਬੱਚਿਆਂ ਖਿਲਾਫ ਹਿੰਸਾ ਦੇ 94,172 ਕੇਸ ਸਨ ਤੇ 2014 ਵਿੱਚ 89,423 ਕੇਸ ਸਨ। ਭਾਰਤੀ ਮਹਿਲਾ ਅਤੇ ਬਾਲ ਵਿਕਾਸ ਵੱਲੋਂ ਕੀਤੀ ਗਈ 2007 ਦੀ ਰਿਪੋਰਟ ਮੁਤਾਬਕ 53 ਫੀਸਦੀ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨਾਲ਼ ਕਿਸੇ ਤਰ੍ਹਾਂ ਦੀ ਜਿਣਸੀ ਛੇੜਛਾੜ ਦੀ ਘਟਨਾ ਹੋਈ ਸੀ।

ਡਾਕਟਰਾਂ ਦਾ ਮੰਨਣਾ ਹੈ ਕਿ ਬੱਚਿਆਂ ਦੇ ਮਾਮਲੇ ਵੱਡਿਆਂ ਨਾਲ਼ੋਂ ਕਿਤੇ ਜ਼ਿਆਦਾ ਗੁੰਝਲਦਾਰ ਹੁੰਦੇ ਹਨ। ਉਨ੍ਹਾਂ ਨੂੰ ਸਰੀਰਕ ਅੰਗਾਂ ਦੇ ਨਾਂ, ਸੈਕਸ਼ੁਅਲ ਐਕਟਿਵਿਟੀ ਨਾਲ਼ ਜੁੜੇ ਸ਼ਬਦ ਨਹੀਂ ਪਤਾ ਹੁੰਦੇ। ਇਸ ਲਈ ਬੱਚੇ ਕਹਿੰਦੇ ਹਨ ਕਿ ਉਹ ਅੰਕਲ ਚੰਗੇ ਨਹੀਂ ਹਨ, ਉਨ੍ਹਾਂ ਕੋਲ ਨਹੀਂ ਜਾਣਾ, ਉਹ ਗੰਦੇ ਹਨ। ਜੇ ਬੱਚਿਆਂ ਦੀ ਗੱਲ ਨਾ ਸਮਝੀ ਜਾਵੇ ਤਾਂ ਇਸਦਾ ਅਸਰ ਪੂਰੀ ਜ਼ਿੰਦਗੀ ’ਤੇ ਪੈ ਸਕਦਾ ਹੈ। ਜਿਣਸੀ ਸੋਸ਼ਣ ਦੇ ਸ਼ਿਕਾਰ ਲੋਕ ਡਿਪਰੈਸ਼ਨ ’ਚ ਜਾ ਸਕਦੇ ਹਨ। ਕਈ ਵਾਰ ਉਹ ਜ਼ਿੰਦਗੀ ਭਰ ਉਸ ਘਟਨਾ ਨੂੰ ਭੁੱਲ ਨਹੀਂ ਸਕਦੇ। ਉਨ੍ਹਾਂ ’ਚ ਜਿਣਸੀ ਵਿਗਾੜ ਪੈਦਾ ਹੋ ਸਕਦਾ ਹੈ, ਕਈ ਵਾਰ ਆਤਮ ਵਿਸ਼ਵਾਸ ’ਚ ਕਮੀ ਹੋ ਜਾਂਦੀ ਹੈ।

ਕੁੱਝ ਜ਼ੁਬਾਨਾ ਜਿੰਨ੍ਹਾਂ ਚੁੱਪ ਦੀ ਅਵਾਜ਼ ਤੋੜੀ:-

ਯੂਪੀ ’ਚ ਰਹਿਣ ਵਾਲ਼ੀ ਕੋਮਲ (ਬਦਲਿਆ ਹੋਇਆ ਨਾਂ) ਦੇ ਨਾਲ਼ 14 ਸਾਲ ਦੀ ਉਮਰ ਵਿੱਚ ਹੋਈ ਘਟਨਾ ਨੂੰ ਉਹ ਕਈ ਸਾਲਾਂ ਬਾਅਦ ਵੀ ਆਪਣੇ ਘਰ ’ਚ ਨਹੀਂ ਦੱਸ ਸਕੀ।

“ਮੈਂ ਹਰ ਸਾਲ ਉਸ ਨੂੰ ਰੱਖੜੀ ਬੰਨ੍ਹਦੀ ਸੀ, ਪਰ ਉਹ ਮੇਰੇ ਬਾਰੇ ਪਤਾ ਨਹੀਂ ਕੀ ਸੋਚ ਕੇ ਬੈਠਾ ਸੀ। ਉਸ ਦਾ ਹਾਸਾ-ਠੱਠਾ ਕਦੋਂ ਛੇੜਛਾੜ ਵਿੱਚ ਬਦਲ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ।”

‘‘ਜਦੋਂ ਵੀ ਅਸੀਂ ਦੋਵੇਂ ਇਕੱਲੇ ਹੁੰਦੇ ਤਾਂ ਉਹ ਫਾਇਦਾ ਚੁੱਕਣ ਦਾ ਇੱਕ ਵੀ ਮੌਕਾ ਨਹੀਂ ਛੱਡਦਾ ਸੀ। ਮੈਂ ਸਭ ਸਮਝਦੀ ਸੀ, ਪਰ ਕਿਸੇ ਨੂੰ ਕਹਿ ਨਹੀਂ ਸਕੀ ਸੀ।”

ਅਜਿਹਾ ਹੀ ਇੱਕ ਮਾਮਲਾ ਬਿਹਾਰ ਦੀ ਰਹਿਣ ਵਾਲ਼ੀ ਦੀਪਿਕਾ (ਬਦਲਿਆ ਹੋਇਆ ਨਾਂ) ਦਾ ਹੈ। ਦੀਪਿਕਾ ਨੂੰ ਇਸ ਖਤਰਨਾਕ ਘਟਨਾ ’ਚੋਂ ਉਦੋਂ ਲੰਘਣਾ ਪਿਆ ਜਦੋਂ ਉਹ ਸਿਰਫ ਸੱਤ ਸਾਲ ਦੀ ਸੀ ।

ਦੀਪਿਕਾ ਦੱਸਦੀ ਹੈ, ‘‘ਲੋਕ ਅਕਸਰ ਕਹਿੰਦੇ ਹਨ ਕਿ ਉਹ ਆਪਣੇ ਬਚਪਨ ’ਚ ਮੁੜਨਾ ਚਾਹੁੰਦੇ ਹਨ, ਪਰ ਮੈਨੂੰ ਮੁੜ ਆਪਣਾ ਬਚਪਨ ਨਹੀਂ ਚਾਹੀਦਾ। ਮੈਨੂੰ ਉਸ ਤੋਂ ਡਰ ਲਗਦਾ ਹੈ। ਮੈਨੂੰ ਅੱਜ ਤੱਕ ਅਫਸੋਸ ਹੈ ਕਿ ਮੈਂ ਕੁਝ ਨਹੀਂ ਕਹਿ ਸਕੀ।”

‘‘ਮੈਂ ਸੱਤ ਸਾਲ ਦੀ ਸੀ ਜਦੋਂ ਮੇਰੇ ਨਾਲ਼ ਉਹ ਸਭ ਸ਼ੁਰੂ ਹੋਇਆ। ਉਹ ਸਾਡੇ ਘਰ ਅਤੇ ਦੁਕਾਨ ’ਤੇ ਕਈ ਸਾਲਾਂ ਤੋਂ ਕੰਮ ਕਰਦਾ ਸੀ, ਮੇਰੇ ਜਨਮ ਤੋਂ ਵੀ ਪਹਿਲਾਂ। ਘਰ ਵਾਲ਼ਿਆਂ ਨੂੰ ਉਸ ’ਤੇ ਪੂਰਾ ਭਰੋਸਾ ਸੀ। ਦੁਕਾਨ ’ਚ ਜਦੋਂ ਕੋਈ ਨਹੀਂ ਹੁੰਦਾ ਸੀ ਤਾਂ ਉਹ ਮੈਨੂੰ ਆਪਣੀ ਗੋਦ ’ਚ ਬਿਠਾਉਂਦਾ ਸੀ। ਮੈਨੂੰ ਚੰਗਾ ਨਹੀਂ ਲੱਗਦਾ ਸੀ, ਪਰ ਸਮਝ ਹੀ ਨਹੀਂ ਆਉਂਦਾ ਸੀ ਕਿ ਉਹ ਕੀ ਕਰ ਰਿਹਾ ਹੈ।” ‘‘ਉਸ ਨੂੰ ਲੈ ਕੇ ਮੇਰਾ ਡਰ ਹੋਰ ਵਧਦਾ ਗਿਆ। ਮੈਂ ਉਸ ਕੋਲ਼ ਨਹੀਂ ਆਉਣਾ ਚਾਹੁੰਦੀ ਸੀ। ਪਰ, ਮੰਮੀ ਕਦੀ ਖਾਣਾ ਦੇਣ ਤਾਂ ਕਦੇ ਉਸ ਨੂੰ ਬੁਲਾਉਣ, ਉਸ ਦੇ ਕਮਰੇ ’ਚ ਭੇਜ ਦਿੰਦੀ।”

‘‘ਮੈਂ ਕਹਿੰਦੀ ਸੀ ਕਿ ਅੰਕਲ ਕੋਲ ਨਹੀਂ ਜਾਣਾ, ਪਰ ਘਰਵਾਲ਼ਿਆਂ ਨੂੰ ਕਾਰਨ ਸਮਝ ਨਹੀਂ ਆਉਂਦਾ ਸੀ। ਉਨ੍ਹਾਂ ਨੂੰ ਲੱਗਦਾ ਕਿ ਬੱਚੀ ਹਾਂ ਤਾਂ ਇੰਝ ਹੀ ਕੁਝ ਵੀ ਬੋਲ ਦਿੰਦੀ ਹਾਂ, ਪਰ ਮੈਂ ਲੱਖ ਵਾਰੀ ਚਾਹ ਕੇ ਵੀ ਇਹ ਪੂਰੀ ਗੱਲ ਨਹੀਂ ਬੋਲ ਪਾਉਂਦੀ ਸੀ। ਸਹੀ ਸ਼ਬਦ, ਸਹੀ ਤਰੀਕਾ ਮੈਂ ਕਦੇ ਲੱਭ ਨਹੀਂ ਪਾਉਂਦੀ ਸੀ । ਦੀਪਿਕਾ ਨੇ ਵੀ ਹੌਲ਼ੀ-ਹੌਲ਼ੀ ਆਪਣੇ ਰਿਸ਼ਤੇਦਾਰਾਂ ਕੋਲ ਜਾਣਾ ਘੱਟ ਕਰ ਦਿੱਤਾ।

ਉਸ ਨੇ ਦੱਸਿਆ, ‘‘ਹੌਲ਼ੀ-ਹੌਲ਼ੀ ਮੈਂ ਘਰ ਆਉਣ ਵਾਲ਼ੇ ਮਹਿਮਾਨਾਂ ਤੋਂ ਦੂਰੀ ਬਣਾਉਣ ਲੱਗੀ। ਕੋਈ ਅੰਕਲ ਜਾਂ ਮਾਮਾ-ਚਾਚਾ ਵੀ ਆਉਂਦੇ ਹਨ ਤਾਂ ਮੈਂ ਉਨ੍ਹਾਂ ਤੋਂ ਦੂਰ ਰਹਿੰਦੀ। ਉਨ੍ਹਾਂ ਦੇ ਛੂਹਣ ਜਾਂ ਗੋਦ ’ਚ ਲੈਣ ਨਾਲ਼ ਹੀ ਮੈਨੂੰ ਉਹ ਅੰਕਲ ਯਾਦ ਆ ਜਾਂਦੇ। ਹਰ ਛੂਹਣ ਗਲਤ ਲੱਗਣ ਲੱਗ ਗਿਆ ਸੀ।”

(ਸ੍ਰੋਤ- ਬੀਬੀਸੀ ਨਿਊਜ਼)

ਭਾਰਤ ਵਿੱਚ ਵਿਸ਼ੇਸ਼ ਢੰਗ ਨਾਲ਼ ਹੋਏ ਸਰਮਾਏਦਾਰਾ ਵਿਕਾਸ ਨੇ ਜਗੀਰੂ ਕਦਰਾਂ ਕੀਮਤਾਂ ਨੂੰ ਕਦੇ ਖਤਮ ਕਰਨ ਦੀ ਕੋਸ਼ਿਸ਼ ਹੀ ਨਹੀ ਕੀਤੀ, ਸਗੋਂ ਇਸ ਨੂੰ ਵਰਤਦੇ ਹੋਏ ਔਰਤ ਨੂੰ ਮੰਡੀ ਦੇ ਵਿਚਾਲੇ ਖੜ੍ਹਾਂ ਕਰ ਦਿੱਤਾ ਹੈ ਅਤੇ ਜਿਣਸ ਦੇ ਤੁੱਲ਼ ਖਰੀਦਣ ਵੇਚਣ ਵਾਲ਼ੀ ਵਸਤੂ ਬਣਾ ਦਿੱਤਾ ਹੈ। ਇਸ ਢਾਂਚੇ ਨੇ ਜਗੀਰੂ ਔਰਤ ਵਿਰੋਧੀ ਕਦਰਾਂ-ਕੀਮਤਾਂ ਨੂੰ ਉਨ੍ਹਾਂ ਕੁ ਹੀ ਬਦਲਿਆ ਜਿੰਨ੍ਹਾਂ ਇਸ ਦੇ ਖ਼ੁਦ ਦੇ ਹਿੱਤ ਵਿੱਚ ਸੀ, ਘਰਾਂ ਵਿੱਚੋਂ ਬਾਹਰ ਨਿੱਕਲਣ ਦੀ ਅਜ਼ਾਦੀ ਤਾਂ ਹੌਲ਼ੀ-ਹੌਲ਼ੀ ਔਰਤਾਂ ਨੂੰ ਮਿਲ ਗਈ। ਪਰ ਜਗੀਰੂ ਕਦਰਾਂ ਕੀਮਤਾਂ (ਘਰ ਦੇ ਕੰਮ ਔਰਤ ਦੇ ਹਿੱਸੇ ਹੀ ਰਹੇ, ਭੋਗਣ ਵਾਲ਼ੀ, ਮੁਖੀ ਹਮੇਸ਼ਾਂ ਮਰਦ ਹੀ ਰਿਹਾ ਜੋ ਸਭ ਫੈਸਲੇ ਕਰਦਾ ਹੈ, ਇੱਜ਼ਤ ਦਾ ਭੂਤ ਪਹਿਲਾਂ ਵੀ ਤੇ ਹੁਣ ਵੀ ਔਰਤਾਂ ਨਾਲ਼ ਚੁੰਬੜਿਆਂ ਹੋਇਆ ਹੈ, ਦੇਵਦਾਸੀ ਵਰਗੀਆਂ ਪ੍ਰਥਾਵਾਂ ਅੱਜ ਵੀ ਇੱਥੇ ਹਨ, ਮਹਾਵਾਰੀ ਦੇ ਦੌਰਾਨ ਬਹੁਤ ਸਾਰੀਆਂ ਵਰਜਨਾਵਾਂ ਔਰਤਾਂ ਨਾਲ਼ ਜੁੜੀਆਂ ਹੋਈਆਂ ਹਨ ਇੱਥੋਂ ਤੱਕ ਕਿ ਪੌਦੇ ’ਤੇ ਆਪਣਾ ਪਰਛਾਵਾਂ ਵੀ ਨਾ ਪੈਣ ਦੇਣਾ ਤਾਂ ਜੋ ਉਹ ਸੁੱਕ ਨਾ ਜਾਵੇ, ਰਸੋਈ ਵਿੱਚ ਪੈਰ ਨਾ ਧਰਨਾ, ਅਲੱਗ ਅਲੱਗ ਧਾਰਮਿਕ ਸੰਸਥਾਵਾਂ ਵਿੱਚ ਮਹਾਵਾਰੀ ਦੌਰਾਨ ਔਰਤਾਂ ਨੂੰ ਅਪਵਿੱਤਰ ਸਮਝਿਆ ਜਾਂਦਾ ਹੈ, ਉਸ ਸਮੇਂ ਜਾਂ ਤਾਂ ਪੂਜਾ ਪਾਠ ਕਰਨ ’ਤੇ ਬਿਲਕੁਲ ਰੋਕ ਹੈ ਜਾਂ ਸ਼ੁੱਧੀਕਰਨ ਕਰਕੇ ਧਾਰਮਿਕ ਮਨੌਤਾਂ ਨੂੰ ਮੰਨਣ ਦੀ ਆਗਿਆ ਆਦਿ) ਪੈਰਾਂ ਦੀਆਂ ਬੇੜੀਆਂ ਬਣੀਆਂ ਰਹੀਆਂ ਹਨ। ਔਰਤ ਨੂੰ ਇਨਸਾਨ ਵਜੋਂ ਨਾ ਦੇਖਣ ਦੀ ਰਹਿੰਦੀ ਖੂੰਹਦੀ ਕਸਰ ਮੀਡੀਆ, ਫ਼ਿਲਮੀ ਸੱਨਅਤ ਨੇ ਕੀਤੀ। ਅਸ਼ਲੀਲਤਾ, ਔਰਤ ਦੇ ਜਿਸਮ ਦੀ ਨੁਮਾਇਸ਼, ਤਕਨੀਕ ਆਈ ਪਰ ਇਸ ਦਾ ਵੱਡਾ ਹੱਥ ਬਿਮਾਰ ਮਾਨਸਿਕਤਾ ਨੂੰ ਜਨਮ ਦੇਣ ਵਿੱਚ ਦਿਖਿਆ ਕਿਉਂਕਿ ਤਕਨੀਕ ਵੀ ਮੁਨਾਫ਼ਾ ਕਮਾਉਣ ਵਾਲ਼ਿਆਂ ਦੇ ਹੱਥ ਵਿੱਚ ਹੈ। ਪੋਰਨ ਫ਼ਿਲਮਾਂ 10 ਸਾਲ ਦੇ ਬੱਚੇ ਤੱਕ ਵੀ ਪਹੁੰਚ ਗਈਆਂ ਹਨ! ਇਸ ਨਾਲ਼ ਮਨੁੱਖੀ ਨੈਤਿਕ ਕਦਰਾਂ ਕੀਮਤਾਂ ਨੂੰ ਤਹਿਸ ਨਹਿਸ ਕਰ ਕੇ ਪਸ਼ੂ-ਪੁਣੇ ਨੂੰ ਉਤਸ਼ਾਹਿਤ ਕਰਨਾ ਹੈ। ਪੋਰਨ ਕੰਪਨੀਆਂ ਦਾ ਕਹਿਣਾ ਹੈ ਕਿ ਭਾਰਤ ਦੁਨੀਆਂ ਦੀ ਸਭ ਤੋਂ ਵੱਡੀ ਵਿਕਿਸਿਤ ਹੋ ਰਹੀ ਮੰਡੀ ਹੈ, ਅਮਰੀਕਾ ਅਤੇ ਇੰਗਲੈਂਡ ਤੋਂ ਬਾਅਦ ਤੀਜੇ ਨੰਬਰ ’ਤੇ ਹੈ। ਇਸੇ ਦਾ ਨਤੀਜ਼ਾ ਬਲਾਤਕਾਰ, ਸਮੂਹਿਕ ਬਲਾਤਕਾਰ, ਅੰਗ ਕੱਟ ਦੇਣੇ, ਗੁਪਤ ਅੰਗਾਂ ’ਚ ਪੱਥਰ ਭਰਨੇ, ਕਤਲ ਕਰ ਦੇਣਾ, ਬੱਚਿਆਂ ਦਾ ਜਿਣਸੀ ਸ਼ੋਸ਼ਣ ਵਰਗੇ ਮਨੁੱਖ ਵਿਰੋਧੀ ਅਪਰਾਧ ਹਨ, ਜੋ ਘਟਣ ਦੀ ਬਜ਼ਾਏ ਲਗਾਤਾਰ ਵਧ ਰਹੇ ਹਨ।

ਅਜਿਹੇ ਮਹੌਲ ਤੋਂ ਨਜ਼ਾਤ ਪਉਣ ਲਈ ਸਮਾਜ ਦੇ ਸੰਵੇਦਨਸ਼ੀਲ ਅਗਾਂਹਵਧੂ ਹਿੱਸੇ ਨੂੰ ਇੱਕਜੁੱਟ ਹੋ ਕੇ ਔਰਤ ਵਿਰੋਧੀ ਮਾਨਸਿਕਤਾ ਦੇ ਵਿਰੋਧ ਵਿੱਚ ਡਟਣਾ ਪਵੇਗਾ। ਅੱਧੀ ਅਬਾਦੀ (ਔਰਤਾਂ) ਨੂੰ ਚਾਰਦਿਵਾਰੀ ਤੋਂ ਬਾਹਰ ਨਿੱਕਲ ਕੇ ਹੱਕਾਂ ਲਈ ਲੜ੍ਹਣਾ ਪਵੇਗਾ। ਇਹ ਲੜਾਈ ਮਰਦ ਵਿਰੋਧੀ ਹੋਣ ਦਾ ਤਾਂ ਸਵਾਲ ਹੀ ਨਹੀ ਉੱਠਦਾ, ਸਗੋਂ ਮੁਨਾਫ਼ੇ ਤੇ ਟਿਕੇ ਜਿਣਸ ਪੈਦਾਵਾਰ ਅਤੇ ਨਿੱਜੀ ਜਾਇਦਾਦ ਦੇ ਮੁਕੰਮਲ ਖਾਤਮੇ ਨਾਲ਼ ਹੀ ਜੁੜੀ ਹੈ। ਇਸ ਢਾਂਚੇ ਨੂੰ ਕਿਸੇ ਵੀ ਤਰ੍ਹਾਂ ਮਨੁੱਖਤਾ ਪੱਖੀ ਬਣਾਉਣਾ ਅਸੰਭਵ ਹੈ, ਪਰ ਇਸ ਦੌਰਾਨ ਹਰ ਪ੍ਰਕਾਰ ਦੀ ਲੁੱਟ ਅਨਿਆਂ ਜ਼ਬਰ ਖ਼ਿਲਾਫ਼ ਲੜਨਾ ਅਤੇ ਇੱਕ ਲੋਕਪੱਖੀ ਢਾਂਚਾ ਬਣਾਉਣ ਦੀਆਂ ਪੈੜ੍ਹਾਂ ਹਨ। ਔਰਤਾਂ ਨੂੰ ਹਰ ਜ਼ੋਰ ਜ਼ੁਲਮ ਦੀ ਟੱਕਰ ਵਿੱਚ ਸੰਘਰਸ਼ ਹੀ ਨਾਹਰਾ ਹੋ ਸਕਦਾ ਉਹ ਵੀ ਸਮੁੱਚੀ ਕਿਰਤੀ ਲੋਕਾਈ ਦੇ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ। ਹੋ ਚੀ ਮਿਨ ਦੀ ਕਵਿਤਾ ਵਾਂਗ ਖ਼ੁਦ ਨੂੰ ਸਲਾਹ ਦੇਣੀ ਪਵੇਗੀ ਅਤੇ ਸਮਾਜ ਨੂੰ ਬਦਲਣ ਦੀ ਜੱਦੋ ਜਹਿਦ ਵਿੱਚ ਹਿੱਸਾ ਲੈਣ ਦਾ ਅਤੇ ਖ਼ੁਦ ਨਾਲ਼ ਵਾਅਦਾ ਕਰਨਾ ਪਵੇਗਾ |

[ 4 ] ਸਰਮਾਏਦਾਰੀ ਪ੍ਰਬੰਧ ਵਿੱਚ ਕੁਪੋਸ਼ਣ ਦੀ ਮਾਰ ਝੱਲ ਰਹੀਆਂ ਗਰਭਵਤੀ ਔਰਤਾਂ ਅਤੇ ਬੱਚੇ ??

12 ਅਕਤੂਬਰ ਨੂੰ ਹੀ ਆਈ ‘ਸੰਸਾਰ ਭੁੱਖ ਸੂਚਕ ਦੀ ਰਿਪੋਰਟ’ ਅਤੇ ਹਾਲ ਹੀ ਵਿੱਚ ਝਾਰਖੰਡ ਦੇ ਸਿਮਡਿਗਾ ਜਿਲੇ ਵਿੱਚ 11 ਸਾਲ ਦੀ ਬੱਚੀ ਦੀ ਭੁੱਖ ਕਾਰਨ ਹੋਈ ਮੌਤ ਤੋਂ ਬਾਅਦ ਕੁਪੋਸ਼ਣ ਅਤੇ ਭੁੱਖਮਰੀ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ‘ਗਲੋਬਲ ਹੰਗਰ ਇੰਡੈਕਸ’, ਜੋ ਨਾਪਦਾ ਹੈ ਕਿ ਕਿਸ ਦੇਸ਼ ਵਿੱਚ ਕਿੰਨੇ ਲੋਕਾਂ ਨੂੰ ਕਿਵੇਂ ਦਾ ਖਾਣਾ ਮਿਲ਼ ਰਿਹਾ ਹੈ, ਦੀ ਰਿਪੋਰਟ ਅਨੁਸਾਰ ਭੁੱਖਮਰੀ ਨਾਲ਼ ਗ੍ਰਸਤ 119 ਦੇਸ਼ਾ ਵਿੱਚ ਭਾਰਤ ਦਾ ਸਥਾਨ 100ਵਾਂ ਹੋ ਗਿਆ ਹੈ। ਨੇਪਾਲ ਅਤੇ ਬੰਗਲਾਦੇਸ਼ ਵੀ ਭਾਰਤ ਨਾਲੋਂ ਬਿਹਤਰ ਸਥਿਤੀ ‘ਚ ਹਨ।

ਇਸ ਰਿਪੋਰਟ ਅਨੁਸਾਰ ਭਾਰਤ ਵਿੱਚ 5 ਸਾਲ ਤੋਂ ਘੱਟ ਦੇ 21% ਬੱਚੇ ਕੁਪੋਸ਼ਿਤ ਹਨ। 5 ਸਾਲ ਤੋ ਘੱਟ ਦਾ ਭਾਰ ਉਨਾਂ ਦੇ ਕੱਦ ਦੇ ਹਿਸਾਬ ਨਾਲ਼ ਬਹੁਤ ਘੱਟ ਹੈ ਅਤੇ ਇੱਕ ਤਿਹਾਈ ਬੱਚਿਆਂ ਦਾ ਅਪਣੀ ਉਮਰ ਦੇ ਹਿਸਾਬ ਨਾਲ਼ ਕੱਦ ਘੱਟ ਹੈ। ਜੇ ਲੜਕੇ ਅਤੇ ਲੜਕੀਆਂ ਦੇ ਵੱਖਰੇ ਅੰਕੜਿਆਂ ਨੂੰ ਦੇਖਣਾ ਹੋਵੇ ਤਾਂ ਇਸ ਰਿਪੋਰਟ ਮੁਤਾਬਕ ਬਚਪਨ ਤੋਂ ਕਿਸ਼ੋਰ ਉਮਰ ਤੱਕ 30.7% ਲੜਕੇ ਅਤੇ 22.7% ਲੜਕੀਆਂ ਕੁਪੋਸ਼ਣ ਦੀਆਂ ਸ਼ਿਕਾਰ ਹਨ।

ਬੱਚਿਆਂ ਵਿੱਚ ਕੁਪੋਸ਼ਣ ਦੀ ਸਮੱਸਿਆ ਭਾਰਤ ਵਿੱਚ ਬਹੁਤ ਲੰਬੇ ਸਮੇਂ ਤੋਂ ਹੈ। ਪਰ ਹੁਣ ਪਿਛਲੇ ਕੁੱਝ ਸਾਲਾਂ ਤੋਂ ਗਰੀਬ ਤਬਕੇ ਦੇ ਪਰਿਵਾਰਾਂ ਵਿੱਚ ਬਿਮਾਰੀਆਂ ਦਾ ਇੱਕ ਵੱਖਰੇ ਹੀ ਤਰੀਕੇ ਦਾ ਰੁਝਾਨ ਦੇਖਣ ਨੂੰ ਮਿਲ਼ ਰਿਹਾ ਹੈ। ਪਰਿਵਾਰ ਵਿੱਚ ਇੱਕੋ ਜਿਹਾ ਖਾਣ-ਪਾਣ ਹੋਣ ਦੇ ਬਾਵਜੂਦ ਕੁੱਝ ਬੱਚਿਆਂ ਦਾ ਭਾਰ ਬਹੁਤ ਘੱਟ ਅਤੇ ਕੁੱਝ ਬੱਚਿਆਂ ਵਿੱਚ ਮੋਟਾਪਾ ਦੇਖਣ ਨੂੰ ਮਿਲ਼ ਰਿਹਾ ਹੈ।

‘ਲੰਡਨ ਦੇ ਇੰਪੀਰੀਅਲ ਕਾਲਜ’ ਅਤੇ ‘ਸੰਸਾਰ ਸਿਹਤ ਸੰਗਠਨ’ ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ 50 ਵਿੱਚੋ ਇੱਕ ਬੱਚਾ ਮੋਟਾਪੇ ਦਾ ਸ਼ਿਕਾਰ ਹੈ। 40 ਸਾਲ ਪਹਿਲਾਂ ਭਾਰਤ ਵਿੱਚ ਮੋਟਾਪੇ ਦੀ ਦਿੱਕਤ ਨਾਂਹ ਦੇ ਬਰਾਬਰ ਸੀ, ਉਸ ਹਿਸਾਬ ਨਾਲ਼ ਜੇ ਹੁਣ ਦੇ ਅੰਕੜੇ ਦੇਖੇ ਜਾਣ ਤਾਂ ਇਹ ਦਿੱਕਤ ਵੀ ਵਿਚਾਰ ਕਰਨ ਯੋਗ ਹੈ। ਮੋਟਾਪੇ ਦੇ ਕੁੱਝ ਕਾਰਨ ਲੋੜ ਤੋਂ ਵੱਧ ਵਿਹਲ ਅਤੇ ਜੰਕ ਫੂਡ ਵਗੈਰਾ ਜਰੂਰ ਹਨ ਜਿਨਾਂ ਤੋਂ ਅਸੀਂ ਸਭ ਪਹਿਲਾਂ ਹੀ ਜਾਣੂ ਹਾਂ। ਪਰ ਭਾਰਤ ਵਰਗੇ ਦੇਸ਼ ਵਿੱਚ ਜਿੱਥੇ 70% ਦੇ ਕਰੀਬ ਅਬਾਦੀ 20 ਰੁਪਏ ਤੋਂ ਘੱਟ ਆਮਦਨ ਵਿੱਚ ਗੁਜ਼ਾਰਾ ਕਰ ਰਹੀ ਹੈ ਅਤੇ ਜਿੱਥੇ ਭੁੱਖਮਰੀ ਦੇ ਇੰਨਾਂ ਅੰਕੜੇ ਦੇਖਣ ਨੂੰ ਮਿਲ਼ ਰਹੇ ਹਨ, ਉੱਥੇ ਮੋਟਾਪੇ ਨਾਲ਼ ਪੀੜਤ ਬੱਚਿਆਂ ਦੀ ਵਧ ਰਹੀ ਗਿਣਤੀ ਦੇ ਨਿਰੋਲ ਇਹੀ ਕਾਰਨ ਨਹੀਂ ਹੋ ਸਕਦੇ। ਸੋ ਇਸ ਦੇ ਪਿੱਛੇ ਠੋਸ ਕਾਰਨਾਂ ‘ਤੇ ਨਜ਼ਰ ਮਾਰਨੀ ਪਵੇਗੀ। ਵਿਗਿਆਨੀਆਂ ਦੁਆਰਾ ਵੀ ਇਸ ਵਿਸ਼ੇ ‘ਤੇ ਖੋਜ਼ ਜ਼ਾਰੀ ਹੈ |

ਡੇਵਿਡ ਬਾਰਕਰ ਨਾਮ ਦੇ ਇੱਕ ਵਿਗਿਆਨੀ ਦੀ ਮਨੌਤ ਅਨੁਸਾਰ ਗਰੀਬ ਪਰਿਵਾਰਾਂ ਦੇ ਬੱਚਿਆਂ ਵਿੱਚ ਮੋਟਾਪੇ ਦਾ ਕਾਰਨ ਗਰਭਵਤੀ ਔਰਤਾਂ ਵਿੱਚ ਕੁਪੋਸ਼ਣ ਹੈ।

ਗਰਭ-ਅਵਸਥਾ ਦੌਰਾਨ ਔਰਤ ਨੂੰ ਆਮ ਵਿਅਕਤੀ ਨਾਲੋਂ ਔਸਤ 300 ਕੈਲਰੀਜ਼ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ ਅਤੇ ਭਰੂਣ ਦੇ ਸਹੀ ਵਿਕਾਸ ਲਈ ਕੁੱਝ ਖਾਸ ਤੱਤਾਂ ਦੀ ਲੋੜ ਵਧੇਰੇ ਹੁੰਦੀ ਹੈ ਜੋ ਕਿ ਸਹੀ ਮਾਤਰਾ ਵਿੱਚ ਅਤੇ ਸਹੀ ਤਰੀਕੇ ਦਾ ਭੋਜ਼ਨ ਲੈ ਕੇ ਹੀ ਪੂਰੀ ਕੀਤੀ ਜਾ ਸਕਦੀ ਹੈ। ਪਰ ਭਾਰਤ ਵਿੱਚ ਤਾਂ ਔਰਤਾਂ ਦੀ ਸਥਿਤੀ ਦੋਮ ਦਰਜ਼ੇ ਦੀ ਹੋਣ ਕਰਕੇ ਬਹੁਤ ਸਾਰੀਆਂ ਗਰਭਵਤੀ ਔਰਤਾਂ ਨੂੰ ਆਮ ਵਿਅਕਤੀ ਨਾਲੋਂ ਵੀ ਘੱਟ ਭੋਜ਼ਨ ਮਿਲ਼ਦਾ ਹੈ । ਨੈਸ਼ਨਲ ਹੈਲਥ ਸਰਵੇ, 2014-15 ਮੁਤਾਬਕ ਭਾਰਤ ਵਿੱਚ 23% ਔਰਤਾਂ ਕੁਪੋਸ਼ਣ ਦੀਆਂ ਸ਼ਿਕਾਰ ਹਨ। 15 ਤੋਂ 49 ਸਾਲ ਦੇ ਉਮਰ ਵਰਗ ਵਿੱਚ ਆਉਣ ਵਾਲ਼ੀਆਂ ਗਰਭਵਤੀ ਔਰਤਾਂ ਵਿੱਚੋਂ 50% ਔਰਤਾਂ ਖੂਨ ਦੀ ਕਮੀ ਨਾਲ਼ ਜੂਝ ਰਹੀਆਂ ਹਨ। ਗਰਭਵਤੀ ਔਰਤਾਂ ਵਿੱਚ ਕੁਪੋਸ਼ਣ ਕਰਕੇ ਉਨਾਂ ਵਿੱਚ ਗਰਭ-ਅਵਸਥਾ ਅਤੇ ਜਣੇਪੇ ਦੌਰਾਨ ਮੌਤ ਦੀ ਦਰ ਅਤੇ ਗਰਭਪਾਤ ਦੀ ਦਰ ਵਧ ਜਾਂਦੀ ਹੈ। ਕੁਪੋਸ਼ਿਤ ਗਰਭਵਤੀ ਔਰਤਾਂ ਦੇ ਬੱਚਿਆਂ ਵਿੱਚ ਦੂਹਰੀ ਮਾਰ ਦੇਖਣ ਨੂੰ ਮਿਲ਼ਦੀ ਹੈ ਜਿਸਦਾ ਜ਼ਿਕਰ ਪਹਿਲਾਂ ਵੀ ਹੋ ਚੁੱਕਾ ਹੈ ਕਿ ਕੁੱਝ ਬੱਚੇ ਬਹੁਤ ਕਮਜ਼ੋਰ ਹੁੰਦੇ ਹਨ ਅਤੇ ਕੁੱਝ ਬੱਚੇ ਮੋਟਾਪੇ ਦੇ ਸ਼ਿਕਾਰ ਹੁੰਦੇ ਹਨ।

ਬਾਰਕਰ ਦੀ ਮਨੌਤ ਨੂੰ ਜੇ ਹੋਰ ਵਿਸਥਾਰ ਨਾਲ਼ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਸ ਅਨੁਸਾਰ ਜੇ ਗਰਭਵਤੀ ਔਰਤ ਵਿੱਚ ਕੁਪੋਸ਼ਣ ਕਾਰਨ ਭਰੂਣ ਨੂੰ ਸਹੀ ਖੁਰਾਕ ਨਹੀਂ ਮਿਲ਼ਦੀ ਤਾਂ ਉਹ ਆਪਣੇ-ਆਪ ਨੂੰ ਘੱਟ ਭੋਜ਼ਨ ਦੀ ਖੁਰਾਕ ਅਨੁਸਾਰ ਢਾਲ਼ ਲੈਂਦਾ ਹੈ। ਭਰੂਣ ਦੇ ਅਤੀ ਜ਼ਰੂਰੀ ਅੰਗ ਜਿਵੇਂ ਕਿ ਦਿਲ, ਦਿਮਾਗ, ਫੇਫੜੇ, ਗੁਰਦੇ, ਆਦਿ ਘੱਟ ਊਰਜਾ ‘ਤੇ ਹੀ ਕੰਮ ਕਰਨ ਲੱਗਦੇ ਹਨ। ਫਿਰ ਬੱਚੇ ਦੇ ਜਨਮ ਤੋਂ ਬਾਅਦ ਉਸਦੇ ਇਹ ਅੰਗ ਜ਼ਿਆਦਾ ਊਰਜਾ ਨੂੰ ਨਹੀਂ ਵਰਤ ਸਕਦੇ ਅਤੇ ਭੋਜ਼ਨ ਚਰਬੀ ਦੇ ਰੂਪ ਵਿੱਚ ਬੱਚੇ ਦੇ ਸਰੀਰ ‘ਤੇ ਜਮਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਲੰਬੇ ਸਮੇਂ ਵਿੱਚ ਵੀ ਇਨਾਂ ਬੱਚਿਆਂ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ ਦੇ ਵਧਣ ਅਤੇ ਦਿਲ ਦੇ ਹੋਰ ਰੋਗਾਂ ਦਾ ਖ਼ਤਰਾ ਵੱਧ ਹੁੰਦਾ ਹੈ। ਸ਼ੂਗਰ, ਬਲੱਡ ਪ੍ਰੈਸ਼ਰ ਵਧਣ ਜਿਹੀਆਂ ‘ਲਾਈਫ਼-ਸਟਾਈਲ’ ਬਿਮਾਰੀਆਂ ਜੋ ਹੁਣ ਤੱਕ ਅਮੀਰਾਂ ਦੇ ਰਹਿਣ ਸਹਿਣ ਕਰਕੇ ਹੋਣ ਵਾਲ਼ੀਆਂ ਬਿਮਾਰੀਆਂ ਹੀ ਮੰਨੀਆਂ ਜਾਂਦੀਆਂ ਸਨ, ਜਿਸ ਕਰਕੇ ਇਨਾਂ ਨੂੰ ਇਹ ਨਾਮ ਵੀ ਦਿੱਤਾ ਗਿਆ, ਹੁਣ ਇਹ ਗਰੀਬ ਤਬਕੇ ਵਿੱਚ ਵੀ ਵੇਖਣ ਨੂੰ ਮਿਲ਼ ਰਹੀਆਂ ਹਨ। ਬਾਰਕਰ ਦੀ ਮਨੌਤ ਤੋਂ ਇਸ ਨੂੰ ਵੀ ਸਮਝਣ ਵਿੱਚ ਮਦਦ ਮਿਲ਼ ਸਕਦੀ ਹੈ।

ਬਾਰਕਰ ਦੀ ਇਸ ਮਨੌਤ ਨਾਲ਼ ਸਾਨੂੰ ਇਸ ਸਮੱਸਿਆ ਦਾ ਇੱਕ ਪੱਖ ਸਮਝ ਆਉਂਦਾ ਹੈ, ਪਰ ਮਸਲੇ ਨੂੰ ਸਮਝਣ ਲਈ ਇਹ ਕਾਫ਼ੀ ਨਹੀਂ ਹੈ। ਇਸ ਮਸਲੇ ਨੂੰ ਤਹਿ ਤੱਕ ਸਮਝਣ ਲਈ ਸਾਨੂੰ ਭਾਰਤ ਦੇ ਆਰਥਿਕ, ਸਮਾਜਿਕ ਅਤੇ ਸਿਆਸੀ ਪ੍ਰਬੰਧ ਨੂੰ ਸਮਝਣਾ ਪਵੇਗਾ। ਅੱਜ ਵਿਗਿਆਨ ਅਤੇ ਤਕਨੀਕ ਇਸ ਮੁਕਾਮ ‘ਤੇ ਪਹੁੰਚ ਚੁੱਕੇ ਹਨ ਕਿ ਹਰ ਬੰਦੇ ਦੇ ਜੀਣ ਲਈ ਲੋੜੀਂਦੀਆਂ ਸ਼ਰਤਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ। ਫਿਰ ਵੀ ਸੰਸਾਰ ਦਾ ਹਰ ਤੀਸਰਾ ਭੁੱਖਾ ਬੰਦਾ ਭਾਰਤੀ ਹੈ। ਜਿੱਥੇ ਇੱਕ ਪਾਸੇ ਛੋਟੀ ਜਿਹੀ ਅਬਾਦੀ, ਜਿਸ ਦੀ ਪੈਦਾਵਾਰ ਦੇ ਸਾਧਨਾਂ ‘ਤੇ ਨਿੱਜੀ ਮਾਲਕੀ ਹੈ, ਉਸ ਨੂੰ ਸਹੂਲਤਾਂ ਦੀ ਬਹੁਤਾਤ ਹੈ, ਉੱਥੇ ਹੀ ਇੱਕ ਵੱਡੀ ਅਬਾਦੀ ਜੋ ਪੈਦਾਵਾਰ ਵਿੱਚ ਲੱਗੀ ਹੋਈ ਹੈ, ਉਹ ਕੁਪੋਸ਼ਣ ਦੀ ਇਸ ਮਾਰ ਨੂੰ ਝੱਲ ਰਹੀ ਹੈ, ਜਿਸਦਾ ਅਸਰ ਸਿਰਫ਼ ਵਰਤਮਾਨ ਪੀੜਾ ਤੇ ਹੀ ਨਹੀਂ ਸਗੋਂ ਅਗਲੀਆਂ ਨਸਲਾਂ ‘ਤੇ ਵੀ ਪੈ ਰਿਹਾ ਹੈ। ਕਿਹਾ ਜਾ ਸਕਦਾ ਹੈ ਕਿ ਇੱਕ ਪਾਸੇ ਵਿਰਲੇ ਟਾਟੇ ਅਯਾਸ਼ੀ ਦੇ ਟਾਪੂ ਹਨ ਅਤੇ ਦੂਜੇ ਪਾਸੇ ਕੰਗਾਲੀ ਦੇ ਮਹਾਂਸਾਗਰ ਹਨ।

ਇੱਕ ਰਿਪੋਰਟ ਮੁਤਾਬਕ ਪਿਛਲੇ 6 ਸਾਲਾਂ ਵਿੱਚ ਕਰੀਬ 62,000 ਟਨ ਅਨਾਜ਼, ਜਿਸ ਵਿੱਚ ਮੁੱਖ ਤੌਰ ਤੇ ਚਾਵਲ ਅਤੇ ਕਣਕ ਸੀ, ਐੱਫ.ਸੀ.ਆਈ. ਦੇ ਗੋਦਾਮਾਂ ਵਿੱਚ ਪਿਆ ਸੜ ਗਿਆ। ਜਿਸ ਮਾਤਰਾ ਵਿੱਚ ਅਨਾਜ਼ ਖਰਾਬ ਹੋਇਆ, ਉਸ ਨਾਲ਼ ਕਰੀਬ 8 ਲੱਖ ਲੋਕਾਂ ਨੂੰ ਪੂਰੇ ਇੱਕ ਸਾਲ ਲਈ ਭੋਜ਼ਨ ਮੁਹੱਈਆ ਕਰਵਾਇਆ ਜਾ ਸਕਦਾ ਸੀ। ਇਸ ਸਭ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕੁਪੋਸ਼ਣ ਅਤੇ ਭੁੱਖਮਰੀ ਵਰਗੀਆਂ ਸਮੱਸਿਆਵਾਂ ਦਾ ਕਾਰਨ ਪੈਦਾਵਾਰ ਦੀ ਕਮੀ ਨਹੀਂ ਹੈ। ਮੁਨਾਫ਼ੇ ਲਈ ਹੋ ਰਹੀ ਪੈਦਾਵਾਰ ਕਰਕੇ ਸਭ ਕੁੱਝ ਬਹੁਤਾਤ ਵਿੱਚ ਪੈਦਾ ਹੋ ਚੁੱਕਾ ਹੈ। ਪਰ ਸਰਮਾਏਦਾਰੀ ਪ੍ਰਬੰਧ ਵਿੱਚ ਭੁੱਖਮਰੀ ਵਰਗੀਆਂ ਸਮੱਸਿਆਵਾਂ ਦਾ ਫਿਰ ਵੀ ਕੋਈ ਹੱਲ ਨਹੀਂ ਹੈ।

ਹੁਣ ਸਮਾਂ ਆ ਗਿਆ ਹੈ ਕਿ ਸਰਮਾਏਦਾਰਾ ਸਮਾਜ ਦੀਆਂ ਇਨਾਂ ਗੁੰਝਲਾਂ ਨੂੰ ਸਮਝਦੇ ਹੋਏ ਬਰਾਬਰੀ ਦੇ ਸਮਾਜ ਨੂੰ ਸਿਰਜਣ ਦਾ ਸੰਕਲਪ ਲਿਆ ਜਾਵੇ।

[ 5 ] ‘ਮਾਈ ਚੁਆਇਸ’ : ਔਰਤਾਂ ਦੀ ਗੁਲਾਮੀ ਦਾ ਹੀ ਇੱਕ ਹੋਰ ਰੂਪ ??

ਪਿਛਲੇ ਦਿਨੀਂ ‘ਯੂ-ਟਿਊਬ’ ਨਾਮ ਦੀ ਇੱਕ ਵੈਬਸਾਈਟ ਉੱਤੇ ਫਿਲਮੀ ਅਦਾਕਾਰਾ ਦੀਪਿਕਾ ਪਾਦੂਕੋਨ ਦੀ ਢਾਈ ਮਿੰਟ ਦੀ ਇੱਕ ਵੀਡੀਓ ‘ਮਾਈ ਚੁਆਇਸ’ (ਮੇਰੀ ਪਸੰਦ) ਜਾਰੀ ਕੀਤੀ ਗਈ। ਹੋਮੀ ਅਦਜਾਨਿਆ ਦੇ ਨਿਰਦੇਸ਼ਨ ਹੇਠ ਬਣੀ ਇਸ ਵੀਡੀਓ ਵਿੱਚ ਔਰਤ ਮੁਕਤੀ ਦੇ ਨਾਮ ‘ਤੇ ਜੋ ਗੱਲਾਂ ਕੀਤੀਆਂ ਗਈਆਂ ਹਨ ਉਹਨਾਂ ਤੋਂ ਕਾਫੀ ਬਹਿਸਾਂ, ਵਿਵਾਦ ਖੜੇ ਹੋਏ ਹਨ ਜੋ ਸੋਸ਼ਲ ਮੀਡੀਆ ਅਤੇ ਫਿਲਮੀ ਖ਼ਬਰੀ ਚੈਨਲਾਂ ਵਿੱਚ ਭਖਵਾਂ ਮੁੱਦਾ ਬਣੇ ਰਹੇ ਹਨ। ਵੀਡੀਓ ਵਿੱਚ ਮਰਦ ਪ੍ਰਧਾਨ ਸਮਾਜ ਨੂੰ ਔਰਤਾਂ ਦੇ ਪਹਿਰਾਵੇ, ਜੀਵਨ-ਢੰਗ ਆਦਿ ‘ਤੇ ਰੋਕਾਂ ਲਾਉਣ, ਫਤਵੇ ਜਾਰੀ ਕਰਨ ਦੇ ਵਿਰੋਧ ਵਜੋਂ ਔਰਤਾਂ ਦੀ ਨਿੱਜੀ ਪਸੰਦ ਦੀ ਗੱਲ ਕੀਤੀ ਗਈ ਹੈ। ਇਸ ਮਗਰੋਂ ਖੜੀ ਹੋਈ ਬਹਿਸ ਨੇ ਔਰਤਾਂ ਦੀ ਅਜ਼ਾਦੀ ਤੋਂ ਲੈ ਕੇ ਮਨੁੱਖੀ ਰਿਸ਼ਤਿਆਂ ਆਦਿ ਤੱਕ ਕਈ ਮੁੱਦਿਆਂ ਨੂੰ ਛੋਹਿਆ ਹੈ ਜਿਨ੍ਹਾਂ ਦੀ ਅਸੀਂ ਇੱਥੇ ਚਰਚਾ ਕਰਾਂਗੇ। ਇਸ ਵਿੱਚ ਪ੍ਰਗਟਾਏ ਵਿਚਾਰਾਂ ਉੱਤੇ ਮਗਰੋਂ ਆਉਂਦੇ ਹਾਂ ਪਰ ਉਸ ਤੋਂ ਪਹਿਲਾਂ ਇਸਦੇ ਪ੍ਰਤੀਕਰਮ ਵਜੋਂ ਸਾਹਮਣੇ ਆਏ ਮੱਧਯੁਗੀ ਕਦਰਾਂ-ਕੀਮਤਾਂ ਦੇ ਪਹਿਰੇਦਾਰਾਂ ਦੀ ਗੱਲ ਕਰ ਲਈਏ ਜੋ ਅਨੇਕਾਂ ਵਿਅਕਤੀਆਂ, ਸੰਸਥਾਵਾਂ ਤੇ ਜਥੇਬੰਦੀਆਂ ਦੇ ਰੂਪ ਵਿੱਚ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਅਸੀਂ ਦੁਰਗਾ ਵਾਹਿਣੀ ਦੀ ਰਜਨੀ ਠਕੁਰਾਲ ਦੇ ਬਿਆਨ ਦੀ ਗੱਲ ਕਰਦੇ ਹਾਂ।

ਦੁਰਗਾ ਵਾਹਿਨੀ ਕੱਟੜਪੰਥੀ ਹਿੰਦੂ ਜਥੇਬੰਦੀ ਰਾਸ਼ਟਰੀ ਸਵੈ-ਸੇਵਕ ਸੰਘ ਦਾ ਔਰਤਾਂ ਦਾ ਵਿੰਗ ਹੈ, ਜਿਸਦਾ ਮੁੱਖ ਕੈਂਪ ਔਰੰਗਾਬਾਦ (ਮਹਾਂਰਾਸ਼ਟਰ) ਵਿੱਚ ਹੈ। ਦੁਰਗਾ ਵਾਹਿਨੀ ਦੀ ਮੁਖੀ ਰਜਨੀ ਠਕੁਰਾਲ ਦਾ ਕਹਿਣਾ ਹੈ ਕਿ ਇਹ ਵੀਡੀਓ “ਹਿੰਦੂ ਸੰਸਕ੍ਰਿਤੀ” ਦੇ ਵਿਰੁੱਧ ਹੈ। ਦੁਰਗਾ ਵਾਹਿਣੀ ਮੱਧਯੁਗੀ ਜਗੀਰੂ ਕਦਰਾਂ ਕੀਮਤਾਂ, ਰਸਮਾਂ ਦੇ ਪਾਲਣ ‘ਚ ਭਾਰਤੀ ਨਾਰੀ ਦੀ “ਮੁਕਤੀ” ਦੇਖਦੀ ਹੈ। ਦੁਰਗਾ ਵਾਹਿਨੀ ਮੁਤਾਬਕ ਔਰਤਾਂ ਨੂੰ ਆਪਣੀ ਮਰਜ਼ੀ ਦਾ ਪਹਿਰਾਵਾ ਪਹਿਨਣ, ਜੀਵਨ ਸਾਥੀ ਚੁਣਨ, ਵਿੱਦਿਆ ਹਾਸਲ ਕਰਨ, ਆਰਥਿਕ ਤੌਰ ‘ਤੇ ਸਵੈ ਨਿਰਭਰ ਹੋਣ ਦੀ ਕੋਈ ਅਜ਼ਾਦੀ ਨਹੀਂ ਹੋਣੀ ਚਾਹੀਦੀ। ਇਹ ਔਰਤਾਂ ਨੂੰ ਘਰ ਦੀ ਚਾਰ ਦੀਵਾਰੀ ‘ਚ ਕੈਦ, ਪਤੀ ਪ੍ਰਮੇਸ਼ਵਰ ਦੀ ਸੇਵਾ ‘ਚ ਲੱਗੀ ਰਹਿਣ ਵਾਲ਼ੀ, ਬੱਚੇ ਪੈਦਾ ਕਰਨ ਦੀ ਮਸ਼ੀਨ ਬਣਾਈ ਰੱਖਣਾ ਚਾਹੁੰਦੀ ਹੈ। ਇਸੇ ਕਾਰਨ ਰਾਸ਼ਟਰੀ ਸਵੈਸੇਵਕ ਸੰਘ ਨਾਲ਼ ਦੁਰਗਾ ਵਾਹਿਣੀ ਸਮੇਤ ਵੱਖੋ-ਵੱਖਰੇ ਚਿਹਰੇ ਕਦੇ ਔਰਤਾਂ ਨੂੰ ਚਾਰ-ਚਾਰ ਬੱਚੇ ਜੰਮਣ ਦੀਆਂ ਨਸੀਹਤਾਂ ਦਿੰਦੇ ਹਨ, ਕਦੇ ਬਲਾਤਕਾਰ ਦੀਆਂ ਪੀੜਤ ਔਰਤਾਂ ਨੂੰ ਹੀ ਵੱਖੋ-ਵੱਖਰੇ “ਤਰਕਾਂ” ਨਾਲ਼ ਬਲਾਤਕਾਰ ਦੀਆਂ ਦੋਸ਼ੀ ਐਲਾਨਦੇ ਹਨ। ਇਹ ਸਿਰਫ ਕੱਟੜਪੰਥੀ ਹਿੰਦੂ ਤਾਕਤਾਂ ਦੀ ਹੀ ਸਮਝ ਨਹੀਂ ਹੈ ਸਗੋਂ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਹਿੱਸੇ ਇਸੇ ਮਾਨਸਿਕਤਾ ਦਾ ਰੋਗੀ ਹੈ। ਬਹੁਤੇ ਲੋਕ ਅੱਜ ਵੀ ਔਰਤਾਂ ਨੂੰ ਚੁੱਲ੍ਹੇ ਚੌਂਕੇ ਨਾਲ਼ ਬੰਨ੍ਹੀ ਰੱਖਣ, ਉਹਨਾਂ ਦੇ ਪਹਿਰਾਵੇ ‘ਤੇ ਪਬੰਦੀਆਂ ਲਾਉਣ, ਘਰੋਂ ਬਾਹਰ ਕੰਮ ਕਰਨ ‘ਤੇ ਰੋਕ ਲਾਉਣ ਤੋਂ ਲੈ ਕੇ ਉਹਨਾਂ ਨੂੰ ਕਿੱਤੇ ਅਤੇ ਜੀਵਨ ਸਾਥੀ ਦੀ ਚੋਣ ਦੇ ਹੱਕ ਤੋਂ ਵਾਂਝੇ ਰੱਖਣ ਦੇ ਹਮਾਇਤੀ ਹਨ। ਇਸੇ ਕਾਰਨ ਅੱਜ ਸਾਡਾ ਸਮਾਜ ਔਰਤਾਂ ਨਾਲ਼ ਬਦਸਲੂਕੀ, ਘਰੇਲੂ ਹਿੰਸਾ, ਬਲਾਤਕਾਰ ਜਿਹੇ ਘਿਨਾਉਣੇ ਜੁਰਮਾਂ ਨਾਲ਼ ਭਰਿਆ ਪਿਆ ਹੈ, ਅੱਜ ਵੀ ਹਰ ਸਾਲ ਹਜਾਰਾਂ ਨੌਜਵਾਨ ਅਣਖ ਦੇ ਨਾਮ ‘ਤੇ ਕਤਲ ਕੀਤੇ ਜਾਂਦੇ ਹਨ। ਮੱਧਯੁੱਗ ਤੋਂ ਚੱਲੀਆਂ ਆਉਂਦੀਆਂ ਇਹ ਕਦਰਾਂ-ਕੀਮਤਾਂ ਅੱਜ ਸਾਡੇ ਸਮਾਜ ਉੱਤੇ ਬੀਤੇ ਦਾ ਬੋਝ ਬਣੀ ਚਿੰਬੜੀਆਂ ਹੋਈਆਂ ਹਨ, ਇਹਨਾਂ ਦੀਆਂ ਧੜੱਲੇ ਨਾਲ਼ ਧੱਜੀਆਂ ਉਡਾਉਣੀਆਂ ਸਮੇਂ ਦੀ ਅਹਿਮ ਲੋੜ ਹੈ। ਇਹਨਾਂ ਦਾ ਵਿਰੋਧ ਕਰਨਾ, ਇਹਨਾਂ ਨੂੰ ਤਿਆਗਣਾ ਅੱਜ ਦੇ ਸਮੇਂ ਵਿੱਚ ਮਨੁੱਖ ਹੋਣ ਦੀ ਸ਼ਰਤ ਹੈ।

ਵਿਚਾਰ ਅਧੀਨ ਵੀਡੀਓ ਵੀ ਅਸਲ ਵਿੱਚ ਪਹਿਲਾਂ ਤੋਂ ਪ੍ਰਚੱਲਿਤ ਇਹਨਾਂ ਇਹਨਾਂ ਕਦਰਾਂ-ਕੀਮਤਾਂ, ਧਾਰਨਾਵਾਂ ਦੇ ਵਿਰੋਧ ਵਿੱਚ ਹੀ ਸਾਹਮਣੇ ਆਈ ਹੈ ਤੇ ਮੁੜ ਇਹਨਾਂ ਕਦਰਾਂ-ਕੀਮਤਾਂ ਤੇ ਧਾਰਨਵਾਂ ਦੇ ਧਰਾਤਲ ਤੋਂ ਹੀ ਇਸ ਵੀਡੀਓ ਦਾ ਵੱਡੇ ਪੱਧਰ ‘ਤੇ ਵਿਰੋਧ ਕੀਤਾ ਗਿਆ। ਪਰ ਇਸ ਵੀਡੀਓ ਵਿੱਚ ਮੱਧਯੁਗੀ ਕਦਰਾਂ-ਕੀਮਤਾਂ ਦੇ ਜੀਵਨ-ਜਾਂਚ ਦਾ ਵਿਰੋਧ ਹਰ ਤਰ੍ਹਾਂ ਦੇ ਸਮਾਜਿਕ ਸਬੰਧਾਂ ਤੋਂ “ਨਿਰਪੇਖ” ਅਜ਼ਾਦੀ ਦੇ ਖਿਆਲੀ ਪੈਂਤੜੇ ਤੋਂ ਕੀਤਾ ਗਿਆ, ਜੋ ਅਸਲ ਵਿੱਚ ਔਰਤਾਂ ਦੀ ਮੁਕਤੀ ਨਹੀਂ ਕਰਦਾ ਸਗੋਂ ਉਹਨਾਂ ਦੀ ਗੁਲਾਮੀ ਨੂੰ ਹੀ ਬਰਕਰਾਰ ਰੱਖਦਾ ਹੈ। ਇਹ ਔਰਤਾਂ ਨੂੰ ਮੱਧਯੁੱਗੀ ਪਬੰਦੀਆਂ ਵਿੱਚੋਂ ਕੱਢ ਕੇ ਮੰਡੀ ਦੀਆਂ ਤਾਕਤਾਂ ਦਾ ਗੁਲਾਮ ਬਣਾਉਣ ਦੀ ਵਕਾਲਤ ਕਰਦਾ ਹੈ, ਜਿੱਥੇ ਸਭ ਮਨੁੱਖੀ ਰਿਸ਼ਤੇ, ਭਾਵਨਾਵਾਂ ਆਪਣੇ ਅਰਥ ਗਵਾ ਬਹਿੰਦੀਆਂ ਹਨ ਤੇ ਸਿਰਫ ਮੁਨਾਫਾ ਹੀ ਪ੍ਰਧਾਨ ਹੋ ਜਾਂਦਾ ਹੈ। ਇਹ ਵੀਡੀਓ ਅਸਲ ਵਿੱਚ ਇੱਕ ਮੁਖੌਟਾ ਹੈ, ਸਾਨੂੰ ਇਸ ਮੁਖੌਟੇ ਪਿਛਲੀਆਂ ਅਸਲ ਤਾਕਤਾਂ ਤੇ ਵਿਚਾਰਧਾਰਾ ਦੀ ਨਿਸ਼ਾਨਦੇਹੀ ਕਰਨੀ ਪਵੇਗੀ ਤਾਂ ਜੋ ਇਹਨਾਂ ਵਿਚਾਰਾਂ ਦੀ ਸਹੀ ਜੜ੍ਹ ਤੇ ਸਾਰਤੱਤ ਫੜਿਆ ਜਾ ਸਕੇ।

ਇਸ ਚਰਚਾ ਲਈ ਪਹਿਲਾਂ ਮੌਜੂਦਾ ਭਾਰਤੀ ਸਮਾਜ ਦੀ ਬਣਤਰ ਨੂੰ ਸਮਝਣਾ ਜਰੂਰੀ ਹੈ। ਭਾਰਤ ਵਿੱਚ ਜਗੀਰਦਾਰੀ ਤੋਂ ਸਰਮਾਏਦਾਰੀ ਦਾ ਵਿਕਾਸ ਇੱਕ ਇਨਕਲਾਬੀ ਪ੍ਰਕਿਰਿਆ ਰਾਹੀਂ ਨਹੀਂ ਹੋਇਆ, ਇਸੇ ਕਾਰਨ ਹੀ ਭਾਰਤ ਵਿੱਚ ਜਗੀਰੂ ਦੌਰ ਦੀਆਂ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ‘ਤੇ ਵੀ ਸੱਟ ਨਹੀਂ ਮਾਰੀ ਗਈ ਤੇ ਅੱਜ ਵੀ ਮੱਧਯੁਗੀ ਜਗੀਰੂ ਕਦਰਾਂ-ਕੀਮਤਾਂ ਸਾਡੇ ਸਮਾਜ ਵਿੱਚ ਭਾਰੂ ਹਨ। ਸਾਡੇ ਸਮਾਜ ਵਿੱਚ ਔਰਤ ਵਿਰੋਧੀ ਮਾਨਸਿਕਤਾ, ਮਰਦ ਪ੍ਰਧਾਨਤਾ, ਔਰਤਾਂ ਨੂੰ ਚੁੱਲ੍ਹੇ-ਚੌਂਕੇ ਨਾਲ਼ ਨੂੜੀ ਰੱਖਣਾ, ਉਹਨਾਂ ਦੇ ਪਹਿਰਾਵੇ, ਕਿੱਤੇ ਅਤੇ ਜੀਵਨ ਸਾਥੀ ਦੀ ਚੋਣ ‘ਤੇ ਪਬੰਦੀਆਂ ਲਾਉਣਾ ਇਸੇ ਦਾ ਹੀ ਨਤੀਜਾ ਹਨ। ਇਹਦੇ ਨਾਲ਼ ਹੀ 1947 ਤੋਂ ਮਗਰੋਂ ਭਾਰਤ ਵਿੱਚ ਉੱਪਰੋਂ ਸਰਮਾਏਦਾਰਾ ਵਿਕਾਸ ਦੀ ਪ੍ਰਕਿਰਿਆ ਸ਼ੁਰੂ ਹੋਈ ਤੇ ਮਗਰੋਂ ਭਾਰਤੀ ਸਰਮਾਏਦਾਰੀ ਦੇ ਸਾਮਰਾਜੀ ਤਾਕਤਾਂ ਦੇ ਛੋਟੇ ਭਾਈਵਾਲ ਬਣਨ ਦੇ ਰੂਪ ਵਿੱਚ ਇੱਥੇ ਸਾਮਰਾਜੀ ਸਰਮਾਇਆ ਵੀ ਦਾਖਲ ਹੋਇਆ। ਸਰਮਾਏਦਾਰੀ ਵਿੱਚ ਹਰ ਚੀਜ ਮੰਡੀ ਦੀਆਂ ਤਾਕਤਾਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ। ਰੋਟੀ, ਪਾਣੀ ਜਿਹੀਆਂ ਆਮ ਲੋੜ ਦੀਆਂ ਵਸਤਾਂ ਤੋਂ ਲੈ ਕੇ ਮਨੁੱਖੀ ਰਿਸ਼ਤੇ, ਭਾਵਨਾਵਾਂ ਸਭ ਵਿੱਚ ਮੁਨਾਫੇ ਹੀ ਹਵਸ ਭਾਰੂ ਹੁੰਦੀ ਜਾਂਦੀ ਹੈ। ਇਸ ਅਧੀਨ ਔਰਤਾਂ ਦਾ ਜਿਸਮ, ਸੁਹੱਪਣ ਤੇ ਭਾਵਨਾਵਾਂ ਵੀ ਮੁਨਾਫੇ ਕਮਾਉਣ ਦਾ ਸਾਧਨ ਬਣਾ ਦਿੱਤੀਆਂ ਜਾਂਦੀਆਂ ਹਨ। ਕਿਹਾ ਜਾ ਸਕਦਾ ਹੈ ਕਿ ਜਗੀਰੂ ਯੁੱਗ ਦੀ ਦਾਬੇ ਤੇ ਪਬੰਦੀਆਂ ਦੇ ਰੂਪ ਵਿੱਚ ਗੁਲਾਮੀ ਦੀ ਥਾਂ ਸਰਮਾਏਦਾਰਾ ਯੁੱਗ ਵਿੱਚ ਔਰਤ ਦੀ ਗੁਲਾਮੀ ਮੰਡੀ ਦੀ ਇੱਕ ਵਸਤ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ। ਇਸ ਕਰਕੇ ਭਾਰਤ ਵਿੱਚ ਔਰਤਾਂ ਨੂੰ ਗੁਲਾਮ ਬਣਾਉਣ ਵਿੱਚ ਜਗੀਰੂ ਪਬੰਦੀਆਂ ਅਤੇ ਸਰਮਾਏਦਾਰਾ ਮੰਡੀ ਦਾ ਰਲ਼ੇਵਾਂ ਦਿਸਦਾ ਹੈ। ਕਿਤੇ ਇਹ ਦੋਵੇਂ ਧਾਰਾਵਾਂ ਰਲ਼ ਕੇ ਔਰਤਾਂ ਨੂੰ ਗੁਲਾਮ ਬਣਾਉਂਦੀਆਂ ਦਿਸਦੀਆਂ ਹਨ ਤੇ ਕਿਤੇ ਦੋਵੇਂ ਇੱਕ-ਦੂਜੀ ਦੇ ਵਿਰੋਧ ਵਿੱਚ ਖੜੇ ਕੇ ਆਪਣੇ ਤਰੀਕੇ ਨਾਲ਼ ਔਰਤਾਂ ਨੂੰ ਗੁਲਾਮ ਬਣਾਉਣ ਲਈ ਬਜ਼ਿੱਦ ਦਿਸਦੀਆਂ ਹਨ। ਇਸ ਵੀਡੀਓ ਵਾਲ਼ੇ ਮਸਲੇ ਵਿੱਚ ਵੀ ਦੁਰਗਾ ਵਾਹਿਣੀ ਤੇ ਵੀਡੀਓ ਵਿਚਲੇ ਵਿਚਾਰ ਇਹਨਾਂ ਦੋਹਾਂ ਧਾਰਾਵਾਂ ਵਿਚਲੇ ਵਿਰੋਧ ਦਾ ਹੀ ਰੂਪ ਹੈ। ਦੋਵਾਂ ਵਿੱਚ ਇਹ ਗੱਲ ਸਾਂਝੀ ਹੈ ਕਿ ਦੋਵੇਂ ਨਾ ਤਾਂ ਔਰਤਾਂ ਦੀ ਗੁਲਾਮੀ ਦੇ ਅਸਲ ਕਾਰਨਾਂ ਦੀ ਗੱਲ ਕਰਦੇ ਹਨ ਤੇ ਨਾ ਹੀ ਉਸ ਗੁਲਾਮੀ ਤੋਂ ਨਿਜਾਤ ਹਾਸਲ ਕਰਨ ਦਾ ਸਹੀ ਰਾਹ ਦੱਸਦੇ ਹਨ। ਇਸ ਤਰ੍ਹਾਂ ਇਸ ਵੀਡੀਓ ਪਿੱਛੇ ਅਸਲ ਵਿੱਚ ਇਹ ਔਰਤਾਂ ਨੂੰ ਮੰਡੀ ਦੀ ਵਸਤ ਬਣਾਉਣ ਵਾਲ਼ੀ ਸਰਮਾਏਦਾਰ ਜਮਾਤ ਹੈ। ਇਸ ਵੀਡੀਓ ਵਿਚਲੀ ਵਿਚਾਰਧਾਰਾ ਸਰਮਾਏਦਾਰ ਜਮਾਤ ਦੀ ਵਿਚਾਰਧਾਰਾ ਹੈ।

ਜਿਵੇਂ ਕਿ ਅਸੀਂ ਉੱਪਰ ਜ਼ਿਕਰ ਕੀਤਾ ਹੈ ਕਿ ਇਸ ਪਿੱਛੇ ਅਸਲ ਵਿੱਚ ‘ਵੋਗ’ ਨਾਮੀ ਹੈ ਜੋ ਫੈਸ਼ਨ ਦੀ ਦੁਨੀਆਂ ਵਿੱਚ ਇੱਕ ਵੱਡਾ ਨਾਮ ਹੈ, ਇਸਦੀਆਂ ਸੰਸਾਰ ਦੇ ਅਨੇਕਾਂ ਦੇਸ਼ਾਂ ਵਿੱਚ ਸ਼ਾਖਾਵਾਂ ਹਨ, ਜਿੱਥੇ ਵੋਗ ਨਾਮ ਦਾ ਹੀ ਮੈਗਜ਼ੀਨ ਪ੍ਰਕਾਸ਼ਿਤ ਹੁੰਦਾ ਹੈ। ਇਸਦੀ ਭਾਰਤ ਵਿਚਲੀ ਸ਼ਾਖਾ ਨੇ ਪਿਛਲੇ ਸਾਲ ਤੋਂ ‘ਵੋਗ ਇਮਪਾਵਰ’ ਦੇ ਨਾਮ ਹੇਠ ਔਰਤਾਂ ਦੇ “ਮਜ਼ਬੂਤੀਕਰਨ” ਲਈ ਚੇਤਨਾ ਮੁਹਿੰਮ ਵਿੱਢੀ ਹੈ। ਫੈਸ਼ਨ ਦੀ ਇਸ ਦੁਨੀਆਂ ਵਿੱਚ ਔਰਤ ਦਾ ਜਿਸਮ, ਸੁਹੱਪਣ, ਅਜ਼ਾਦੀ, ਭਾਵਨਾਵਾਂ ਸਭ ਜਿਣਸ ਹਨ, ਜਿਨ੍ਹਾਂ ਰਾਹੀਂ ਫੈਸ਼ਨ ਦੀ ਦੁਨੀਆਂ ਦੇ ਸਰਪ੍ਰਸਤ ਅਰਬਾਂ ਦੀ ਕਮਾਈ ਕਰਦੇ ਹਨ। ਇਸ ਕਰਕੇ ਉਹਨਾਂ ਦੀ ਔਰਤਾਂ ਦੇ “ਮਜ਼ਬੂਤੀਕਰਨ” ਦੀ ਪ੍ਰੀਭਾਸ਼ਾ ਵੀ ਆਪਣੇ ਮੁਨਾਫਿਆਂ ਨਾਲ਼ ਜੁੜੀ ਹੋਈ ਹੈ। ਫੈਸ਼ਨ, ਸੁਹੱਪਣ, ਜਿਸਮ ਦੇ ਦਮ ‘ਤੇ ਚਲਦੇ ਕਾਰੋਬਾਰਾਂ ਦੇ ਮਾਲਕਾਂ ਤੋਂ ਲੈ ਕੇ ਇਹਨਾਂ ਵਿੱਚ ਅਹਿਮ ਅਹੁਦਿਆਂ ‘ਤੇ ਕੰਮ ਕਰਨ ਵਾਲ਼ਿਆਂ ਲਈ ਇਸ ਗੱਲ ਦਾ ਕੋਈ ਬਹੁਤਾ ਮਤਲਬ ਨਹੀਂ ਕਿ ਉਹ ਖੁਦ ਔਰਤਾਂ ਹਨ ਜਾਂ ਮਰਦ, ਉਹ ਸਿਰਫ ਔਰਤਾਂ ਦੇ ਸਰੀਰ ਤੋਂ ਮੁਨਾਫੇ ਕਮਾਉਣ ਵਾਲ਼ੀਆਂ ਗਿਰਝਾਂ ਹਨ ਤੇ ਔਰਤਾਂ ਦੀ ਮੁਕਤੀ ਬਾਰੇ ਉਹਨਾਂ ਦਾ ਸਰੋਕਾਰ ਉਸ ਹੱਦ ਤੱਕ ਹੀ ਹੈ ਜਿਸ ਹੱਦ ਤੱਕ ਉਹ ਉਹਨਾਂ ਦੇ ਮੁਨਾਫਿਆਂ ਲਈ ਇੱਕ ਲਾਹੇਵੰਦ ਵਸਤੂ ਬਣੀਆਂ ਰਹਿਣ। ਔਰਤਾਂ ‘ਤੇ ਲਗਦੀਆਂ ਮੱਧਯੁਗੀ ਪਬੰਦੀਆਂ (ਜੋ ਲਾਜ਼ਮੀ ਹੀ ਰੱਦਣਯੋਗ ਹਨ) ਉਹਨਾਂ ਦੇ ਮੁਨਾਫਿਆਂ ਦੇ ਰਾਹ ਵਿੱਚ ਰੋੜਾ ਹਨ, ਇਸ ਲਈ ਉਹ ਇਹਨਾਂ ਦਾ ਵਿਰੋਧ ਤਾਂ ਕਰਦੇ ਹਨ ਪਰ ਔਰਤਾਂ ਦੇ ਜਿਸਮ, ਸੁਹੱਪਣ ਨੂੰ ਫੈਸ਼ਨ, ਮਾਡਲਿੰਗ ਤੇ ਇਸ਼ਤਿਹਾਰਬਾਜੀ ਲਈ ਜਿਣਸ ਬਣਾ ਦੇਣ ਦਾ ਉਹ ਵਿਰੋਧ ਨਹੀਂ ਕਰਦੇ; ਉਹਨਾਂ ਨੂੰ ਇਹ ਗੁਲਾਮੀ ਨਹੀਂ ਲਗਦੀ, ਸਗੋਂ ਉਹ ਇਸੇ ਨੂੰ ਹੀ ਔਰਤਾਂ ਦੀ ਅਜ਼ਾਦੀ ਦਾ ਨਾਮ ਦਿੰਦੇ ਹਨ।  ‘ਵੋਗ ਇਮਪਾਵਰਮੈਂਟ’ ਦਾ ਬੈਨਰ ਹੇਠ ਬਣੇ ‘ਮਾਈ ਚੁਆਇਸ’ ਸਮੇਤ ਜ਼ਿਆਦਾਤਰ ਵੀਡੀਓ ਇਹੋ ਕੰਮ ਕਰਦੇ ਹਨ। ਇਹ ਗੱਲ ਤਾਂ ਇੱਥੋਂ ਵੀ ਸੋਚੀ ਜਾ ਸਕਦੀ ਹੈ ਕਿ ਕੀ ‘ਵੋਗ’ ਅਤੇ “ਇਮਪਾਵਰਮੈਂਟ” ‘ਚ ਇਸਦੇ ‘ਪਾਟਨਰ’ ਬਣੇ ਗੋਦਰੇਜ਼ ਤੇ ਟਾਟਾ ਜਿਹੇ ਔਰਤਾਂ ਨੂੰ ਮੰਡੀ ਦੀ ਵਸਤ ਬਣਾਏ ਜਾਣ ਦਾ ਵਿਰੋਧ ਕਰਨਗੇ ਜਿਨ੍ਹਾਂ ਦਾ ਆਮਦਨ ਦਾ ਵੱਡਾ ਹਿੱਸਾ ਹੀ ਇਸ ਉੱਤੇ ਅਧਾਰਤ ਹੈ?

ਸਰਮਾਏਦਾਰਾ ਢਾਂਚੇ ਵਿੱਚ ਇਹ ਗੱਲ ਵੀ ਦੇਖਣ ਵਾਲ਼ੀ ਹੈ ਕਿ ਇਹ ਆਪਣੀ ਮੰਡੀ ਅਧਾਰਤ ਔਰਤਾਂ ਦੀ ਗੁਲਾਮੀ ਦਾ ਸ਼ਿਕਾਰ ਸਮਾਜ ਦੇ ਗਰੀਬ ਅਤੇ ਅਮੀਰ ਦੋਵਾਂ ਤਬਕਿਆਂ ਦੀਆਂ ਔਰਤਾਂ ਨੂੰ ਬਣਾਉਂਦਾ ਹੈ। ਇੱਕ ਪਾਸੇ ਗਰੀਬ ਔਰਤਾਂ ਨੂੰ ਉਹਨਾਂ ਦੀ ਆਰਥਿਕ ਤੰਗੀਆਂ ਕਾਰਨ ਜਾਂ ਜਬਰੀ ਜਿਸਮ ਫਰੋਸ਼ੀ, ਵੇਸ਼ਵਾਗਮਨੀ ਦੇ ਘਿਨਾਉਣੇ ਧੰਦੇ ਵਿੱਚ ਮੁਨਾਫੇ ਲਈ ਧੱਕਿਆ ਜਾ ਰਿਹਾ, ਉੱਥੇ ਧਨਾਢ ਪਰਿਵਾਰਾਂ ਦੀਆਂ ਔਰਤਾਂ ਨੂੰ ਫੈਸ਼ਨ, ਮਾਡਲਿੰਗ, ਇਸ਼ਤਿਹਾਰਬਾਜ਼ੀ, ਸੁਹੱਪਣ ਆਦਿ ਰਾਹੀਂ ਮੁਨਾਫੇ ਲਈ ਵਰਤਿਆ ਜਾਂਦਾ ਹੈ, ਉੱਤੋਂ ਮੰਡੀ ਤੇ ਮੀਡੀਆ ਦੀ ਤਾਕਤ ਦੇ ਦਮ ‘ਤੇ ਇਹਨਾਂ “ਧੰਦਿਆਂ” ਨੂੰ ਪਵਿੱਤਰ ਤੇ ਸਤਿਕਾਰਤ ਬਣਾ ਦਿੱਤਾ ਜਾਂਦਾ ਹੈ।

ਜਿਸ ਗੱਲ ਉੱਤੇ ਸਭ ਤੋਂ ਵੱਧ ਵਿਵਾਦ ਖੜ੍ਹਾ ਹੋਇਆ ਹੈ ਉਹ ਹੈ ਵਿਭਚਾਰ ਨੂੰ ਉਤਸ਼ਾਹਿਤ ਕਰਨਾ। ਵੀਡੀਓ ਵਿੱਚ ਇੱਕ ਥਾਂ ਕਿਹਾ ਗਿਆ ਹੈ, “ਵਿਆਹ ਤੋਂ ਬਾਹਰ ਸਬੰਧ ਬਣਾਉਣੇ ਮੇਰੀ ਮਰਜ਼ੀ ਹੈ”। ਇਹ ਮਨੁੱਖੀ ਸੱਭਿਅਤਾ ਲਈ ਬੇਹੱਦ ਘਿਨਾਉਣੀ ਗੱਲ ਹੈ, ਪਰ ਸਰਮਾਏਦਾਰੀ ਦੀ ਮੰਡੀ ਅਧਾਰਤ ਨੈਤਿਕਤਾ ਲਈ ਇਹ ਕੋਈ ਓਪਰੀ ਗੱਲ ਨਹੀਂ ਹੈ। ਮੁਨਾਫੇ ਦੀ ਦੌੜ ਵਿੱਚ ਅੰਨ੍ਹੇ ਹੋਏ ਧਨ-ਪਸ਼ੂਆਂ ਲਈ ਮਨੁੱਖੀ ਭਾਵਨਾਵਾਂ, ਰਿਸ਼ਤਿਆਂ ਦਾ ਕੋਈ ਮਤਲਬ ਨਹੀਂ ਰਹਿੰਦਾ, ਉਹਨਾਂ ਲਈ ਪਿਆਰ, ਦੋਸਤੀ, ਵਿਆਹ ਆਦਿ ਸਭ ਰਿਸ਼ਤੇ ਜਾਇਦਾਦ ਅਤੇ ਰੁਤਬੇ ਦੇ ਅਧਾਰ ‘ਤੇ ਬਣਦੇ ਹਨ। ਉਹ ਮਨੁੱਖ ਨੂੰ ਮਨੁੱਖ ਦੇ ਰੂਪ ਵਿੱਚ ਦੇਖ ਸਕਣ ਦੇ ਮਨੁੱਖੀ ਗੁਣ ਤੋਂ ਵਿਹੂਣੇ ਹੋ ਚੁੱਕੇ ਹੁੰਦੇ ਹਨ। ਫਿਲਮਾਂ, ਟੀਵੀ ਸੀਰੀਅਲ, ਕਹਾਣੀਆਂ, ਨਾਵਲ, ਮੈਗਜ਼ੀਨ, ਅਖ਼ਬਾਰਾਂ ਆਦਿ ਰਾਹੀਂ ਲੋਕਾਂ ਇਹੋ ਸਿੱਖਿਆ ਦਿੱਤੀ ਜਾਂਦੀ ਹੈ ਕਿ ਮਨੁੱਖ ਇੱਕ ਜੰਗਲੀ ਪਸ਼ੂ ਹੈ ਤੇ ਔਰਤਾਂ-ਮਰਦਾਂ ਵਿੱਚ ਸਰੀਰਕ ਸਬੰਧਾਂ ਤੋਂ ਬਿਨ੍ਹਾਂ ਹੋਰ ਸਭ ਸਬੰਧ, ਭਾਵਨਾਵਾਂ ਧੋਖਾ ਹਨ। ਇਹਨਾਂ ਧਨਪਸ਼ੂਆਂ ਦੀ ਚਕਾਚੌਂਧ ਭਰੀ ਜ਼ਿੰਦਗੀ ਦੇ ਹੇਠਾਂ ਲੁਕੇ ਸੀਵਰੇਜ ਦਾ ਗੰਦ ਦੇਖਣਾ ਵੀ ਜਰੂਰੀ ਹੈ। ਨਿੱਜੀ ਜਾ ਸਮੂਹਿਕ ਰੂਪ ਵਿੱਚ ਔਰਤਾਂ ਨੂੰ ਖਰੀਦਣਾ, ਫਿਲਮੀ ਨਾਇਕਾਵਾਂ, ਮਾਡਲਾਂ ਨੂੰ ਕੈਰੀਅਰ ਦੀਆਂ ਪੌੜੀਆਂ ਚੜਾਉਣ ਦੇ ਸਬਜਬਾਗ ਦਿਖਾ ਕੇ ਉਹਨਾਂ ਨੂੰ ਵਰਤਣਾ ਤਾਂ ਉਹਨਾਂ ਲਈ ਬਹੁਤ ਛੋਟੀਆਂ ਗੱਲਾਂ ਹਨ, ਉਹਨਾਂ ਵਿੱਚ ਤਾਂ ਸਗੋਂ ਇੱਕ ਰਾਤ ਲਈ ਆਪਸ ਵਿੱਚ ਪਤਨੀਆਂ ਵਟਾਉਣਾ, ਧੋਖੇ ਨਾਲ਼ ਇੱਕ-ਦੂਜੇ ਦੀਆਂ ਪਤਨੀਆਂ ਨਾਲ਼ ਸਬੰਧ ਬਣਾਉਣੇ ਅਤੇ ਆਪਣੇ ਕਾਰੋਬਾਰੀ ਸਮਝੌਤਿਆਂ ਆਦਿ ਲਈ ਆਪਣੀਆਂ ਪਤਨੀਆਂ, ਕੁੜੀਆਂ ਨੂੰ ਇੱਕ-ਦੂਜੇ ਦੇ ਹਵਾਲੇ ਕਰਨ ਜਿਹੇ ਸ਼ਰਮਨਾਕ ਕਾਰੇ ਹੁੰਦੇ ਹਨ। ਇਹਨਾਂ ਵਿੱਚੋਂ ਬਹੁਤੇ ਮਾਮਲਿਆਂ ਵਿੱਚ ਔਰਤਾਂ ਵੀ ਬਰਾਬਰ ਦੀ ਸ਼ਮੂਲੀਅਤ ਕਰਦੀਆਂ ਹਨ, ਕਿਉਂਕਿ ਸਰਮਾਏ ਦੀ ਗੁਲਾਮੀ ਤੇ ਚਕਾਚੌਂਧ ਵਿੱਚ ਉਹ ਵੀ ਮਰਦਾਂ ਵਾਂਗ ਆਪਣੀ ਮਨੁੱਖੀ ਸਾਰਤੱਤ ਗਵਾ ਬਹਿੰਦੀਆਂ ਹਨ। ਮੁੱਕਦੀ ਗੱਲ ਜਿੰਨਾ ਉਹਨਾਂ ਦੀ ਦੌਲਤ ਦਾ ਅੰਬਾਰ ਵਧਦਾ ਜਾਂਦਾ ਓਨੇ ਹੀ ਉਹ ਪਸ਼ੂ ਬਣਨ ਵੱਲ ਵਧਦੇ ਜਾਂਦੇ ਹਨ। ਆਪਣੇ ਜਮਾਤੀ ਨਜਰੀਏ ਕਾਰਨ ਅਜਿਹੇ ਲੋਕ ਵਿਭਚਾਰ, ਇੱਕ ਤੋਂ ਵੱਧ ਸਬੰਧ ਬਣਾਉਣ ਤੇ ਔਰਤਾਂ ਦੀ ਖਰੀਦੋ-ਫਰੋਖਤ ਨੂੰ ਉਤਸ਼ਾਹਿਤ ਹੀ ਕਰ ਸਕਦੇ ਹਨ। ਹੈਰਾਨੀ ਦੀ ਗੱਲ ਨਹੀਂ ਕਿ ਸਮਾਜ ਦੀ ਇਹੋ ਜਮਾਤ ਅੱਜ ਵੇਸ਼ਵਾਗਮਨੀ ਨੂੰ ਸਮਾਜ ਦੀ “ਜਰੂਰੀ ਲੋੜ” ਦੱਸਦੀ ਹੈ ਤੇ ਇਸਨੂੰ ਕਨੂੰਨੀ ਮਾਨਤਾ ਦਿੱਤੇ ਜਾਣ ਦੀ ਪੈਰਵੀ ਕਰਦੀ ਹੈ। ਇਹਨਾਂ ਲੋਕਾਂ ਤੋਂ ਮਨੁੱਖੀ ਸਬੰਧਾਂ, ਰਿਸ਼ਤਿਆਂ, ਭਾਵਨਾਵਾਂ ਅਤੇ ਔਰਤਾਂ ਦੀ ਅਜ਼ਾਦੀ ਬਾਰੇ ਸਹੀ ਨਜਰੀਏ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ।

ਇਸ ਵੀਡੀਓ ਤੇ ਇਸ ਮਗਰੋਂ ਖੜੇ ਹੋਏ ਵਿਵਾਦ ਵਿੱਚ ਇਹ ਗੱਲ ਵੀ ਗੌਰ ਕਰਨ ਵਾਲ਼ੀ ਹੈ ਕਿ ਔਰਤਾਂ ਦੀ ਗੁਲਾਮੀ, ਦਾਬੇ ਤੇ ਦੋਇਮ ਦਰਜੇ ਦੀ ਹਾਲਤ ਦੇ ਮਸਲੇ ਨੂੰ ਔਰਤਾਂ-ਮਰਦਾਂ ਦੀ ਆਪਸੀ ਦੁਸ਼ਮਣੀ ਦੇ ਰੂਪ ਵਿੱਚ ਪੇਸ਼ ਕਰਕੇ ਦੋਵਾਂ ਨੂੰ ਇੱਕ-ਦੂਜੇ ਦੇ ਵਿਰੋਧ ਵਿੱਚ ਖੜ੍ਹੇ ਕੀਤਾ ਜਾ ਰਿਹਾ ਹੈ। ਇਸੇ ਲਈ ਔਰਤ ਮੁਕਤੀ ਦੇ ਨਾਮ ‘ਤੇ ਕੋਈ ਮਰਦਾਂ ਨੂੰ ਨਸੀਹਤਾਂ ਦੇਣ ਦੀ ਗੱਲ ਕਰ ਰਿਹਾ ਹੈ, ਕੋਈ ਔਰਤਾਂ ਨੂੰ ਮਰਿਆਦਾ ਵਿੱਚ ਰਹਿਣ ਦੀਆਂ ਸਲਾਹਾਂ ਦੇ ਮਾਰਦਾ ਹੈ, ਕੋਈ “ਕੁੜੀਆਂ ਕਿਹੜਾ ਘੱਟ ਨੇ” ਦੇ ਬਹਾਨੇ ਲੱਭਦਾ ਹੈ, ਕੋਈ “ਮੁੰਡਿਆਂ ਨੂੰ ਵੀ ਅਕਲ ਦਿਉ” ਦੇ ਪ੍ਰਵਚਨ ਦਾਗਦਾ ਹੈ ਤੇ ਕੋਈ “ਇੱਕ ਹੱਥ ਨਾਲ਼ ਤਾੜੀ ਨਹੀਂ ਵੱਜਦੀ” ਜਿਹੇ ਮੁਹਾਵਰਿਆਂ ਦੇ ਬਹਾਨੇ ਆਪਣੀ ਅਕਲ ਦਾ ਜਨਾਜਾ ਕੱਢਦਾ ਹੈ। ਚਰਚਾ ਅਧੀਨ ਵੀਡੀਓ ਦੇ ਮਾਮਲੇ ਵਿੱਚ ਇਸਦਾ ਪ੍ਰਗਟਾਵਾ ਇਸ ਵੀਡੀਓ ਦੇ ਪ੍ਰਤੀਕਰਮ ‘ਚ ਅਨੇਕਾਂ ”ਮਰਦ ਵਰਜ਼ਨ” ਵਾਲ਼ੀਆਂ “ਮਾਈ ਚੁਆਇਸ” ਵੀਡੀਓ ਦੇ ਰੂਪ ਵਿੱਚ ਹੋਇਆ ਹੈ ਜਿੰਨ੍ਹਾਂ ਵਿੱਚ ਆਤਮਕ ਤੇ ਸੱਭਿਆਚਾਰਕ ਸੜਾਂਦ ਦੀ ਉਹ ਭੈੜੀ ਨੁਮਾਇਸ਼ ਲਾਈ ਗਈ ਹੈ ਕਿ ਇੱਕ ਵਾਰ ਤਾਂ ਮਨ ਵਿੱਚ ਸਵਾਲ ਉੱਠਦਾ ਹੈ ਕਿ ਵਾਕਈ ਅਸੀਂ ਮਨੁੱਖਾਂ ਦੀ ਦੁਨੀਆਂ ਵਿੱਚ ਰਹਿ ਰਹੇ ਹਾਂ। ਇਹਨਾਂ ਵਿਚਲੇ ਵਿਚਾਰਾਂ ਨੂੰ ਸੁਣਕੇ ਹੀ ਕਚਿਆਣ ਆਉਂਦੀ ਹੈ, ਉਹਨਾਂ ਬਾਰੇ ਕੋਈ ਗੱਲ ਕਰਨਾ ਤਾਂ ਹੋਰ ਵੀ ਮਾਨਸਿਕ ਤਸੀਹਾ ਝੱਲਣਾ ਹੈ। ਅੱਜ ਔਰਤਾਂ ਦੀ ਗੁਲਾਮੀ ਦਾ ਸਵਾਲ ਸਿਰਫ ਔਰਤ ਸਵਾਲ ਨਹੀਂ ਹੈ ਸਗੋਂ ਉਹ ਮਰਦ ਸਵਾਲ ਵੀ ਹੈ, ਕਿਉਂਕਿ ਔਰਤਾਂ ‘ਤੇ ਜਬਰ ਕਰਨ, ਉਹਨਾਂ ਨੂੰ ਗੁਲਾਮ ਬਣਾਉਣ ਤੇ ਉਹਨਾਂ ਨੂੰ ਵਸਤੂ ਤੱਕ ਸੀਮਤ ਕਰਨ ਵਾਲ਼ੇ ਮਰਦ ਵੀ ਆਪਣੇ ਮਨੁੱਖ ਹੋਣ ਦੀਆਂ ਸ਼ਰਤਾਂ ਗਵਾ ਦਿੰਦੇ ਹਨ। ਇਹਨਾਂ ਅਰਥਾਂ ਵਿੱਚ ਇਹ ਸਮੁੱਚੀ ਮਨੁੱਖਤਾ ਦੀ ਮੁਕਤੀ ਦਾ ਸਵਾਲ ਹੈ ਜਿਸਦਾ ਹੱਲ ਮਰਦਾਂ-ਔਰਤਾਂ ਦੀ ਆਪਸੀ ਦੁਸ਼ਮਣੀ ਨਾਲ਼ ਨਹੀਂ ਹੋਣ ਲੱਗਿਆ।

ਇਸ ਵੀਡੀਓ ਨਾਲ਼ ਹੋ ਵੀ ਕਈ ਅਹਿਮ ਮਸਲੇ ਜੁੜੇ ਹੋਏ ਹਨ ਜਿਨ੍ਹਾਂ ਬਾਰੇ ਸੰਖੇਪ ਗੱਲ ਕਰਨੀ ਜਰੂਰੀ ਹੈ। ਇਸ ਵੀਡੀਓ ਵਿੱਚ 99 ਔਰਤਾਂ ਦਿਖਾਇਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਬਹੁ-ਗਿਣਤੀ ਸਮਾਜ ਦੇ ਉਚੇਰੇ ਤਬਕੇ ਦੀਆਂ ਹਨ। ਵੀਡੀਓ ਵਿੱਚ ਜੋ ਗੱਲਾਂ ਕੀਤੀਆਂ ਗਈਆਂ ਹਨ, ਉਹ ਵੀ ਜ਼ਿਆਦਾਤਰ ਇਹਨਾਂ ਉੱਚ-ਤਬਕੇ ਦੀਆਂ ਔਰਤਾਂ ਦੀ “ਅਜ਼ਾਦੀ” ਨਾਲ਼ ਹੀ ਜੁੜੀਆਂ ਹੋਈਆਂ ਹਨ। ਜਦਕਿ ਸਮਾਜ ਦੀਆਂ 80 ਫੀਸਦੀ ਮਜਦੂਰ, ਕਿਰਤੀ ਤੇ ਗਰੀਬ ਔਰਤਾਂ ਜਿਨ੍ਹਾਂ ਲਈ ਰੋਟੀ, ਪਾਣੀ, ਸਿਹਤ, ਸਿੱਖਿਆ ਤੇ ਰੁਜਗਾਰ ਜਿਹੇ ਮਸਲੇ ਹੀ ਮੁੱਖ ਬਣੇ ਹੋਏ ਹਨ, ਦੀ ਕੋਈ ਗੱਲ ਨਹੀਂ ਹੈ, ਉਹਨਾਂ ਦੀਆਂ ਮੰਗਾਂ ਸਮੱਸਿਆਵਾਂ ਤੇ ਹੱਕਾਂ ਦੀ ਕੋਈ ਗੱਲ਼ ਨਹੀਂ ਹੈ। ਉਹਨਾਂ ਨਾਲ਼ ਹੁੰਦੀਆਂ ਧੱਕੇਸ਼ਾਹੀਆਂ, ਜ਼ਬਰ, ਹਿੰਸਾ ਆਦਿ, ਜਿਨ੍ਹਾਂ ਦੀ ਭਾਰਤੀ ਕਨੂੰਨ, ਅਦਾਲਤਾਂ ਵਿੱਚ ਕੋਈ ਸੁਣਵਾਈ ਵੀ ਨਹੀਂ ਹੁੰਦੀ, ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਇਸ ਲਈ 80 ਫੀਸਦੀ ਔਰਤਾਂ ਤਾਂ ਇਸ ਵੀਡੀਓ ਵਿਚਲੀ ਔਰਤਾਂ ਦੀ ਪ੍ਰੀਭਾਸ਼ਾ ਤੋਂ ਬਾਹਰ ਕਰ ਦਿੱਤੀਆਂ ਗਈਆਂ ਹਨ। ਇਹਨਾਂ 80 ਫੀਸਦੀ ਔਰਤਾਂ ਦੀ ਆਰਥਿਕ, ਸਮਾਜਿਕ ਹਾਲਤ ਨੂੰ ਦੇਖਦਿਆਂ ਇਹ ਸਵਾਲ ਵੀ ਉੱਠਦਾ ਹੈ ਕਿ ਕੀ ਇਹਨਾਂ ਔਰਤਾਂ ਨੂੰ ਸਿਰਫ ਆਪਣੀ ਪਸੰਦ ਚੁਣਨ, ਮਰਜੀ ਕਰਨ ਦਾ ਹੱਕ ਮਿਲਣ ਨਾਲ਼ ਹੀ ਉਹਨਾਂ ਦੀ ਮੁਕਤੀ ਸੰਭਵ ਹੈ? ਉਦਾਹਰਨ ਵਜੋਂ ਇੱਕ ਗਰੀਬੀ ਤੇ ਥੁੜਾਂ ਮਾਰੀ ਔਰਤ ਜਿਸ ਲਈ ਅਧਿਆਪਕ, ਡਾਕਟਰ ਆਦਿ ਜਿਹੇ ਕਿੱਤੇ ਚੁਣਨਾ ਤਾਂ ਦੂਰ ਸਗੋਂ ਬੇਰੁਜਗਾਰਾਂ ਦੀ ਭੀੜ ਕਾਰਨ ਉਸਨੂੰ ਮਜਦੂਰਾਂ ਵਿੱਚ ਵੀ ਥਾਂ ਨਹੀਂ ਮਿਲ਼ ਰਹੀ, ਅਜਿਹੀ ਔਰਤ ਦੀ “ਅਜ਼ਾਦੀ” ਦਾ ਦਾਇਰਾ ਕਿੰਨਾ ਕੁ ਹੈ? ਉਸ ਕੋਲ਼ ਭੁੱਖ ਹੱਥੋਂ ਜਾਨ ਦੇਣ ਜਾਂ ਫਿਰ ਆਪਣਾ ਜਿਸਮ ਵੇਚਣ ਲਈ ਮਜਬੂਰ ਹੋਣ ਤੋਂ ਬਿਨ੍ਹਾਂ ਹੋਰ ਕਿਹੜੀ “ਚੋਣ” ਹੈ? ਮਤਲਬ ਸਾਫ ਹੈ, ਮੌਜੂਦਾ ਸਮਾਜਕ-ਆਰਥਕ ਢਾਂਚੇ ਨੂੰ ਅਣਦੇਖਿਆਂ ਕਰਕੇ ਮਾਰੇ ਗਏ ‘ਅਜ਼ਾਦੀ’, ‘ਮਰਜੀ’ ਤੇ ‘ਪਸੰਦ’ ਦੇ ਨਾਅਰੇ ਖੋਖਲੇ ਹਨ, ਉਹ ਬਹੁਗਿਣਤੀ ਔਰਤਾਂ ਦਾ ਕੁੱਝ ਵੀ ਨਹੀਂ ਸੁਆਰ ਸਕਦੇ।

 

ਫਿਰ ਸਵਾਲ ਉੱਠਦਾ ਹੈ ਕਿ ਔਰਤਾਂ ਦੀ ਗੁਲਾਮੀ ਦੀਆਂ ਅਸਲ ਜੜ੍ਹਾਂ ਕਿੱਥੇ ਹਨ ਅਤੇ ਔਰਤ ਮੁਕਤੀ ਦੇ ਸਹੀ ਨਾਅਰੇ ਕੀ ਹੋਣਗੇ? ਔਰਤਾਂ ਦੀ ਗੁਲਾਮੀ ਦੀਆਂ ਜੜ੍ਹਾਂ ਮਨੁੱਖੀ ਇਤਿਹਾਸ ਵਿੱਚ ਨਿੱਜੀ ਜਾਇਦਾਦ ਦੇ ਪੈਦਾ ਹੋਣ ਨਾਲ਼ ਜੁੜੀਆਂ ਹੋਈਆਂ ਹਨ। ਮੁੱਢ ਕਦੀਮੀ ਸਮਾਜ ਵਿੱਚ ਜਿੱਥੇ ਜਮੀਨ, ਰੁੱਖ, ਫਲ਼, ਪਸ਼ੂ ਆਦਿ ਸਭ ਕੁਦਰਤੀ ਦਾਤਾਂ ਮਨੁੱਖਤਾ ਦੀ ਸਾਂਝੀ ਸੰਪੱਤੀ ਸਨ, ਉੱਥੇ ਕਬੀਲੇ ਦੇ ਸਭ ਲੋਕ ਰਲ਼-ਮਿਲ਼ ਕੇ ਕੰਮ ਕਰਦੇ ਸਨ ਤੇ ਵੰਡ ਕੇ ਖਾਂਦੇ ਸਨ। ਇਸ ਦੌਰ ਵਿੱਚ ਨਾ ਔਰਤਾਂ ਗੁਲਾਮੀ ਦੀ ਹਾਲਤ ਵਿੱਚ ਸਨ, ਨਾ ਮਰਦ ਤੇ ਨਾ ਹੀ ਸਮਾਜ ਦਾ ਇੱਕ ਹਿੱਸਾ ਦੂਜੇ ਹਿੱਸੇ ਦਾ ਗੁਲਾਮ ਸੀ। ਜਦੋਂ ਪੈਦਾਵਾਰੀ ਤਾਕਤਾਂ ਦੇ ਵਿਕਾਸ ਨਾਲ਼ ਮੁੱਢ ਕਦੀਮੀ ਸਮਾਜ ਖਿੰਡਣਾ ਸ਼ੁਰੂ ਹੋਇਆ ਤੇ ਨਿੱਜੀ ਜਾਇਦਾਦ ਪੈਦਾ ਹੋਈ ਤਾਂ ਪੈਦਾਵਾਰ ਵਿੱਚ ਵਧੇਰੇ ਭੂਮਿਕਾ ਹੋਣ ਕਾਰਨ ਇਸ ਨਿੱਜੀ ਜਾਇਦਾਦ ਦੀ ਮਾਲਕੀ ਮਰਦਾਂ ਹੱਥ ਆ ਗਈ। ਇਸ ਨਾਲ਼ ਜਿੱਥੇ ਇੱਕ ਪਾਸੇ ਜਾਇਦਾਦ ਮਾਲਕਾਂ ਹੱਥੋਂ ਜਾਇਦਾਦ ਹੀਣਾਂ ਦੀ ਲੁੱਟ ਦਾ ਮੁੱਢ ਬੱਝਿਆ ਉੱਥੇ ਹੀ ਇਸਨੇ ਔਰਤਾਂ ਨੂੰ ਵੀ ਗੁਲਾਮੀ ਵਾਲ਼ੀ ਹਾਲਤ ਵਿੱਚ ਧੱਕ ਦਿੱਤਾ। ਔਰਤਾਂ ਇਸ ਨਿੱਜੀ ਜਾਇਦਾਦ ਦਾ ਜਾਇਜ ਵਾਰਿਸ ਪੈਦਾ ਕਰਨ ਦਾ ਇੱਕ ਸਾਧਨ ਬਣ ਗਈਆਂ ਤੇ ਭੋਗਣ ਦੀ ਇੱਕ ਵਸਤ ਬਣ ਕੇ ਰਹਿ ਗਈਆਂ ਅਤੇ ਇਹੋ ਹੁਣ ਤੱਕ ਚੱਲਿਆ ਆ ਰਿਹਾ ਹੈ। ਨਿੱਜੀ ਜਾਇਦਾਦ ‘ਤੇ ਅਧਾਰਤ ਬਦਲਦੇ ਪੈਦਾਵਾਰੀ ਸਬੰਧਾਂ ਵਿੱਚ ਔਰਤਾਂ ਦੀ ਗੁਲਾਮੀ ਬਦਲਦੀ ਰਹੀ ਹੈ, ਜਿਵੇਂ ਗੁਲਾਮਦਾਰੀ ਯੁੱਗ ਵਿੱਚ ਔਰਤ ਮਾਲਕ ਦੀ ਮਰਜੀ ਅਨੁਸਾਰ ਖਰੀਦਿਆ, ਵੇਚਿਆ, ਵਰਤਿਆ ਜਾ ਸਕਣ ਵਾਲ਼ਾ ਗੁਲਾਮ ਜਿਸਦੀ ਆਪਣੀ ਮਰਜੀ ਦਾ ਕੋਈ ਮਤਲਬ ਨਹੀਂ ਸੀ। ਜਗੀਰੂ ਯੁੱਗ ਵਿੱਚ ਔਰਤਾਂ ਦੀ ਗੁਲਾਮੀ ਦਾਬੇ ਅਤੇ ਪਬੰਦੀਆਂ ਦੇ ਰੂਪ ਵਿੱਚ ਸਾਹਮਣੇ ਆਈ ਅਤੇ ਮੌਜੂਦਾ ਸਰਮਾਏਦਾਰਾ ਯੁੱਗ ਵਿੱਚ ਔਰਤਾਂ ਦੇ ਜਿਸਮ ਤੋਂ ਲੈ ਕੇ ਸੁਹੱਪਣ ਤੱਕ ਮੰਡੀ ਦੀ ਵਸਤ ਬਣਾ ਦਿੱਤੇ ਗਏ ਹਨ। ਅੱਜ ਔਰਤਾਂ ਦੀ ਇਹ ਗੁਲਾਮੀ ਛੇੜਛਾੜ, ਬਲਾਤਕਾਰ ਤੋਂ ਲੈ ਕੇ ਘਰਾਂ ਵਿੱਚ ਲਾਈਆਂ ਜਾਂਦੀਆਂ ਪਬੰਦੀਆਂ ਆਦਿ ਤੱਕ ਅਨੇਕਾਂ ਰੂਪ ਵਿੱਚ ਮੌਜੂਦ ਹੈ।

ਇਸ ਹਾਲਤ ਵਿੱਚ ਔਰਤਾਂ ਦੀ ਸਮੁੱਚੀ ਮੁਕਤੀ ਤਾਂ ਜਿਣਸ ਪੈਦਾਵਾਰ ਅਤੇ ਨਿਜੀ ਸੰਪੱਤੀ ਦੇ ਮੁਕੰਮਲ ਖਾਤਮੇ ਨਾਲ਼ ਹੀ ਸੰਭਵ ਹੈ। ਨਿੱਜੀ ਜਾਇਦਾਦ ਦਾ ਖਾਤਮਾ ਕਰਕੇ ਉਸਦੀ ਥਾਂ ਸਮੂਹਿਕ ਜਾਇਦਾਦ ਨੂੰ ਦੇਣ ਨਾਲ਼ ਔਰਤਾਂ ਦੀ ਗੁਲਾਮੀ ਦਾ ਅਧਾਰ ਖਤਮ ਹੋਵੇਗਾ ਤੇ ਅਜਿਹਾ ਸਮਾਜਕ-ਆਰਥਕ ਅਧਾਰ ਤਿਆਰ ਹੋਵੇਗਾ ਜਿਸ ਵਿੱਚ ਔਰਤਾਂ ਦੀ ਮੁਕਤੀ ਯਕੀਨੀ ਬਣਾਈ ਜਾ ਸਕਦੀ ਹੈ। ਇਸ ਲਈ ਦੀ ਮੁਕਤੀ ਦੀ ਲੜਾਈ ਸਰਮਾਏਦਾਰਾ ਢਾਂਚੇ ਦੀ ਤਬਾਹੀ ਦੀ ਸਮੁੱਚੀ ਇਨਕਲਾਬੀ ਲੜਾਈ ਦੇ ਅੰਗ ਵਜੋਂ ਹੀ ਲੜੀ ਜਾ ਸਕਦੀ ਹੈ। ਔਰਤਾਂ ਨੂੰ ਵਿਦਿਆਰਥੀਆਂ, ਨੌਜਵਾਨਾਂ, ਮਜਦੂਰਾਂ, ਕਿਰਤੀਆਂ ਦੀਆਂ ਜਥੇਬੰਦੀਆਂ ਵਿੱਚ ਬਰਾਬਰ ਦੀ ਸ਼ਮੂਲੀਅਤ ਕਰਨੀ ਪਵੇਗੀ ਅਤੇ ਖੁਦ ਆਪਣੀਆਂ ਵੀ ਵੱਖਰੀਆਂ ਜਥੇਬੰਦੀਆਂ ਉਸਾਰਨੀਆਂ ਪੈਣਗੀਆਂ। ਪਰ ਇਹ ਸੋਚਣਾ ਵੀ ਭਰਮ ਹੋਵੇਗਾ ਕਿ ਸਿਰਫ ਜਾਇਦਾਦ ਦੀ ਨਿੱਜੀ ਮਾਲਕੀ ਦੀ ਥਾਂ ਸਮੂਹਿਕ ਮਾਲਕੀ ਨੂੰ ਦੇ ਦੇਣ ਨਾਲ਼ ਹੀ ਔਰਤਾਂ ਦੀ ਮੁਕਤੀ ਹੋ ਜਾਵੇਗੀ, ਇਸ ਨਾਲ਼ ਤਾਂ ਸਿਰਫ ਇੱਕ ਅਧਾਰ ਤਿਆਰ ਹੋਵੇਗਾ, ਪਰ ਸੱਭਿਆਚਾਰ, ਕਦਰਾਂ-ਕੀਮਤਾਂ ਤੇ ਸਮਾਜਕ ਸੰਸਥਵਾਂ ਆਦਿ ਦੇ ਧਰਾਤਲ ‘ਤੇ ਔਰਤਾਂ ਦੀ ਗੁਲਾਮੀ ਤੇ ਦਾਬੇ ਖਿਲਾਫ ਸੁਚੇਤ ਲੜਾਈ ਲੜਨੀ ਪਵੇਗੀ। ਇਹ ਲੜਾਈ ਹੁਣ ਤੋਂ ਹੀ ਸ਼ੁਰੂ ਕਰਨੀ ਪਵੇਗੀ ਤੇ ਜਾਇਦਾਦ ਦੇ ਸਮੂਹੀਕਰਨ (ਭਾਵ ਸਮਾਜਵਾਦੀ ਸਮਾਜ ਦੀ ਉਸਾਰੀ) ਤੋਂ ਬਾਅਦ ਵੀ ਚਲਦੀ ਰਹੇਗੀ। ਹਰ ਤਰ੍ਹਾਂ ਦੀ ਔਰਤ ਵਿਰੋਧੀ ਮਾਨਸਿਕਤਾ, ਪਿੱਤਰਸੱਤਾ, ਮਰਦ ਪ੍ਰਧਾਨਤਾ ਆਦਿ ਖਿਲਾਫ ਲਗਾਤਾਰ ਵੱਖੋ-ਵੱਖਰੇ ਪ੍ਰਚਾਰ-ਪ੍ਰਸਾਰ ਤੇ ਚੇਤੰਨਤਾ ਮੁਹਿੰਮਾਂ ਚਲਾਉਣੀਆਂ ਪੈਣਗੀਆਂ। ਔਰਤਾਂ ਖਿਲਾਫ ਵਧ ਰਹੇ ਜੁਰਮਾਂ ਖਿਲਾਫ ਸੜਕਾਂ ਉੱਤੇ ਉੱਤਰਨਾ ਪਵੇਗਾ ਤੇ ਪਿੰਡ, ਇਲਾਕੇ, ਮੁਹੱਲੇ ਆਦਿ ਦੇ ਪੱਧਰ ‘ਤੇ ਲੋਕਾਂ ਦੀਆਂ ਚੌਕਸੀ ਕਮੇਟੀਆਂ ਉਸਾਰਨੀਆਂ ਪੈਣਗੀਆਂ। ਹਰ ਤਰ੍ਹਾਂ ਦੀਆਂ ਮੱਧਯੁੱਗੀ ਕਦਰਾਂ-ਕੀਮਤਾਂ ਜਿਵੇਂ ਜਾਤ-ਪਾਤੀ ਮਾਨਸਿਕਤਾ, ਪਹਿਰਾਵੇ, ਕਿੱਤੇ ਤੇ ਜੀਵਨ ਸਾਥੀ ਦੀ ਚੋਣ ‘ਤੇ ਲਗਦੀਆਂ ਪਬੰਦੀਆਂ ਅਤੇ ਹੋਰ ਰਸਮਾਂ ਨੂੰ ਧੜੱਲੇ ਨਾਲ਼ ਤੋੜਨਾ ਪਵੇਗਾ। ਮੁੱਕਦੀ ਗੱਲ ਹਰ ਤਰ੍ਹਾਂ ਦੇ ਔਰਤ ਵਿਰੋਧੀ ਵਿਚਾਰਾਂ ਨੂੰ ਪ੍ਰਸਾਰ-ਪ੍ਰਸਾਰ, ਅਮਲੀ ਕਾਰਵਾਈਆਂ ਤੇ ਸੰਘਰਸ਼ਾਂ ਦੇ ਰੂਪ ਵਿੱਚ ਟੱਕਰ ਦੇਣੀ ਪਵੇਗੀ। ਇੱਥੇ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਨਿੱਜੀ ਜਾਇਦਾਦ ਦੇ ਖਾਤਮੇ ਦੇ ਨਿਸ਼ਾਨੇ ਨੂੰ ਪਾਸੇ ਕਰਦਿਆਂ ਸਿਰਫ ਸੱਭਿਆਚਾਰਕ ਸੰਘਰਸ਼ਾਂ ਦਾ ਵੀ ਕੋਈ ਗੁਣਾਤਮਕ ਲਾਭ ਨਹੀਂ ਹੋਵੇਗਾ। ਸਮਾਜਕ-ਆਰਥਕ ਢਾਂਚੇ ਦੀ ਤਬਾਹੀ ਦੀ ਲੜਾਈ ਅਤੇ ਸੱਭਿਆਚਾਰ ਦੇ ਖੇਤਰ ਦੇ ਸੰਘਰਸ਼ ਦੋਵੇਂ ਇੱਕ-ਦੂਜੇ ਦੇ ਪੂਰਕ ਹਨ, ਦੋਵਾਂ ਨੂੰ ਨਾਲ਼-ਨਾਲ਼ ਚਲਾਉਣਾ ਪਵੇਗਾ। ਰਾਹ ਬੇਸ਼ੱਕ ਲੰਬਾ ਤੇ ਔਕੜਾਂ ਭਰਿਆ ਹੈ, ਪਰ ਇਹੋ ਇੱਕੋ-ਇੱਕ ਰਾਹ ਹੈ। ਸਦੀਆਂ ਪੁਰਾਣੀ ਲੁੱਟ ਤੇ ਗੁਲਾਮੀ ਦਾ ਹੱਲ ਨਾ ਤਾਂ ‘ਅਜ਼ਾਦੀ-ਅਜ਼ਾਦੀ’ ਤੇ ‘ਮੇਰੀ ਪਸੰਦ, ਮੇਰੀ ਮਰਜੀ’ ਜਿਹੀ ਕਾਵਾਂ ਰੌਲ਼ੀ ਵਾਲ਼ੇ ਸਿੱਧੜ ਜਿਹੇ ਤਰੀਕੇ ਨਾਲ਼ ਹੋ ਸਕਦਾ ਹੈ ਤੇ ਨਾ ਹੀ ਇਸਦਾ ਹੱਲ “ਮਰਿਆਦਾ” ਤੇ “ਭਾਰਤੀ ਸੰਸਕ੍ਰਿਤੀ” ਦੇ ਠੇਕੇਦਾਰਾਂ ਦੀਆਂ ਨਸੀਹਤਾਂ ਰਾਹੀਂ, ਸਗੋਂ ਇਸ ਗੁਲਾਮੀ ਦੇ ਸੰਗਲ ਵਿਗਿਆਨਕ ਸਮਝ ‘ਤੇ ਅਧਾਰਿਤ ਲੰਬੀ ਜੱਦੋ-ਜਹਿਦ ਰਾਹੀਂ ਹੀ ਤੋੜੇ ਜਾ ਸਕਦੇ ਹਨ |

Leave a Reply

Your email address will not be published. Required fields are marked *