ਜਿਮੀ ਪੁਛੈ ਅਸਮਾਨ-ਡਾ.ਆਸਮਾ ਕਾਦਰੀ ਪੰਜਾਬ ਯੂਨੀਵਰਸਟੀ ਲਹੌਰ-ਭਾਗ-1
ਜਿਮੀ ਪੁਛੈ ਅਸਮਾਨ ਨਾਮ ਦੀ ਪੁਸਤਕ ਡਾ.ਆਸਮਾ ਕਾਦਰੀ ਪੰਜਾਬ ਯੂਨੀਵਰਸਟੀ ਲਹੌਰ ਵਲੋਂ ਲਿਖੀ ਗਈ ਹੈ ਜਿਸਦਾ ਪੰਜਾਬੀ ਵਿਚ ਲਿੱਪੀ ਅੰਤਰ ਸ: ਗੁਰਚਰਨ ਸਿੰਘ ਜਿਉਣਵਾਲਾ ਨੇ ਕੀਤਾ ਹੈ।ਅਸੀਂ ਇਸ ਪੁਸਤਕ ਨੂੰ ਲੜੀਵਾਰ ਪ੍ਰਕਾਸ਼ਤ ਕਰਨ ਦੀ ਇਥੇ ਖੁਸ਼ੀ ਲੈ ਰਹੇ ਹਾਂ-ਸੰਪਾਦਕ
ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥
ਜਾਲਣ ਗੋਰਾ ਨਾਲਿ ਉਲਾਮੇ ਜੀਅ ਸਹੇ ॥੮॥੨॥
ਪੰਨਾ 488, ਬਾਬਾ ਫਰੀਦ ਜੀ
ਕਿਤਾਬ ‘ਜਿਮੀ ਪੁਛੈ ਅਸਮਾਨ ਲੰਮੇ ਪੰਧ ਮਗਰੋਂ, ਪੜ੍ਹਨਹਾਰਾਂ ਦੇ ਹੱਥ ਵਿਚ ਏ। ਇਹ ਕਿਤਾਬ ਟੋਟੇ ਹੋਏ ਜੀਵਨ ਦੀ ਕੱਥ ਏ, ਬਾਬਾ ਫ਼ਰੀਦ ਤੇ ਗੁਰੂ ਨਾਨਕ ਦੇ ਸ਼ਬਦਾਂ ਰਾਹੀਂ ਇਨ੍ਹਾਂ ਟੋਟਿਆਂ ਨੂੰ ਜੋੜਨ ਦਾ ਯਤਨ ਕੀਤਾ ਏ। ਬਾਬਾ ਫ਼ਰੀਦ ਜੀ ਦਾ ਇਹ ਦੋਹੜਾ ਈ ਜੀਵਨ ਸੇਧ ਦੇ ਸੀ। ਜੀਵਨ ਕੀ ਸੀ ਤੇ ਕੀ ਹੋ ਗਿਆ? ਇਸ ਨੂੰ ਵਿਚਾਰਨ ਦੀ ਵਿਹਲ ਨਹੀਂ ਏ ਸਾਡੇ ਕੋਲ਼, ਏਸ ਚਾਲੂ ਵਿਹਾਰ ਵਿਚ। ਮੈਂ ਕੌਣ ਹਾਂ ਤੇ ਕੀ ਚਾਹੁੰਨਾ ਹਾਂ? ਇਹ ਸੋਚਣ ਦਾ ਵੇਲ਼ਾ ਮੱਲ ਵਿਹਾਰ ਨਹੀਂ ਦੇਂਦਾ। ਧਨ ਮਾਲ ਦੀ ਜਮ੍ਹਾਂ ਜੋੜ ਨੇ ਅਜਿਹੀ ਦੌੜ ਵਿਚ ਪਾ ਦਿੱਤਾ ਏ ਸਾਨੂੰ, ਜੋ ਇਨਸਾਨ ਦਾ ਇਨਸਾਨ ਨਾਲ਼ ਰਿਸ਼ਤਾ ਵੀ ਹੁਣ ਧਨ ਮਾਲ ਈ ਹੋ ਗਿਆ ਏ। ਅਸਲ ਰਿਸ਼ਤਾ ਤਾਂ ਸਾਂਝ ਪਛਾਣ ਦਾ ਸੀ। ਸਾਂਝ ਪਛਾਣ ਵਿਸਰੀ ਤੇ ਰਿਸ਼ਤਾ ਵੀ ਵਿਸਰ ਗਿਆ। “ਨਾਮੁ” ਸਾਂਝ ਪਛਾਣ ਏ ਕੁੱਲ ਕੁਦਰਤ ਦੀ। ਵੱਖੋ ਵੱਖ ਨਾਵਾਂ ਦੀ ਕੈਦ ਤੋਂ ਪੂਰਨ ਅਜ਼ਾਦੀ ਦਾ ਰਾਹ ਏ “ਨਾਮੁ”। ਏਸ ਕਿਤਾਬ ਦੇ ਲੇਖ “ਨਾਮੁ” ਨੂੰ ਸਮਝਣ ਦਾ ਉਪਰਾਲਾ ਏ। ਬਾਬਾ ਫ਼ਰੀਦ, ਗੁਰੂ ਨਾਨਕ ਤੇ ਗੁਰੂ ਤੇਗ਼ ਬਹਾਦਰ ਦੇ ਚੋਣਵੇਂ ਸ਼ਬਦਾਂ ਦੀ ਵਿਚਾਰ ਸਾਂਝ ਏ ਪੜ੍ਹਨਹਾਰਾਂ ਨਾਲ਼। ਅਸਾਂ ਬਾਬਾ ਫ਼ਰੀਦ ਤੇ ਗੁਰੂ ਨਾਨਕ ਦੀ ਵਿਚਾਰਲੀ ਨੂੰ ਅਜੋਕੇ ਸਮੇਂ ਅੰਦਰ ਸਮਝਣ ਦਾ ਯਤਨ ਕੀਤਾ ਏ। ਵਧੋ ਵਧੀ ਤੇ ਮੱਲੋ ਮੱਲੀ ਦੀ ਨੱਸ ਭੱਜ ਵਿਚ ਸਾਂਝੇ ਜੀਵਨ ਦੇ ਐਰ (ਨਿਸ਼ਾਨ) ਕਿਤੇ ਅਚੇਤ ਵਿਚ ਈ ਦੱਬੇ ਗਏ ਨੇਂ। ਉਹ ਜੀਵਨ ਜਿਸ ਵਿਚ ਕੋਈ ਵੰਡ ਵਿਤਕਰਾ ਨਹੀਂ ਸੀ, ਉਹ ਜੀਵਨ ਜਿਸ ਵਿਚ ਸਭ ਦਾ ਸਭ ਨਾਲ਼ ਪ੍ਰੇਮ ਪਿਆਰ ਦਾ ਲਾਗ ਸੀ, ਉਹ ਜੀਵਨ ਜਿਸ ਵਿਚ ਇੱਕ ਦਾ ਦੁੱਖ ਸਭ ਨੂੰ ਮਹਿਸੂਸ ਹੁੰਦਾ ਸੀ, ਉਹ ਜੀਵਨ ਜੋ ਧਰਮਾਂ, ਜਾਤਾਂ ਤੇ ਜੂਹਾਂ ਵਿਚ ਵੰਡਿਆ ਨਹੀਂ ਸੀ ਗਿਆ, ਉਸੇ ਜੀਵਨ ਨੂੰ ਧਰਤੀ ਚਿਤਾਰਦੀ ਏ ਪਈ ਤੇ ਪੁੱਛਦੀ ਏ ਅਸਮਾਨ ਕੋਲੋਂ, ਦੱਸ ਮੇਰੇ ਟੋਟੇ ਕਿਸ ਕੀਤੇ ਨੇਂ ਇਹ ਟੋਟੇ ਨਿਰੇ ਧਰਤ ਦੇ ਨਹੀਂ ਹੋਏ ਸਗੋਂ ਧਰਤ ਵਾਸੀਆਂ ਦੇ ਵੀ ਹੋਏ ਨੇਂ। ਅੱਜ ਧਰਤ ਵਾਸੀ ਆਪਣੇ ਵੱਖੋ ਵੱਖ ਦੁੱਖਾਂ ਦੀਆਂ ਪੰਡਾਂ ਚੁੱਕ ਕੇ ਜੀਵਨ ਪੰਧ ਪਏ ਕਰਦੇ ਨੇਂ। “ਖੇਵਟ” ਨੂੰ ਨਿਝਾਵਨ ਦੀ ਲੋੜ ਏ। ਖੇਵਟ ਦੇ ਇੱਕ ਅਰਥ ਮੋਹਾਣਾ ਏ, ਮੱਲਾਹ, ਖੇਵਟ ਦੇ ਦੂਜੇ ਅਰਥ ਪਾਲਣਹਾਰ ਏ, ਤਰੀਜੇ ਖੇਵਟ ਉਹ ਰਜਿਸਟਰ ਏ ਜਿਸ ਵਿਚ ਜ਼ਮੀਨਾਂ ਦੇ ਟੋਟਿਆਂ ਦਾ ਹਿਸਾਬ ਏ। “ਕਿੰਨਿ ਗਏ” ਦੀ ਪੜ੍ਹਤ ਵੀ ਸਿਆਣਿਆਂ ਨੇ ਕਈ ਰੰਗਾਂ ਵਿਚ ਕੀਤੀ ਏ। ਇੱਕ ਅਰਥ, “ਕਿੱਥੇ ਗਏ” ਦੂਜੇ ਅਰਥ “ਕਿਤਨੇ ਕੁ। “ਗੋਰ” ਕੋਈ ਮਿੱਟੀ ਦੀ ਢੇਰੀ ਨਹੀਂ ਜਿਸ ਵਿਚ ਮਰਨ ਪਿੱਛੋਂ ਇਨਸਾਨ ਨੂੰ ਦੱਬ ਦਿੱਤਾ ਜਾਂਦਾ ਏ। ਇਨਸਾਨ ਦੀ ਆਪਣੀ ਹੋਂਦ ਜੇ ਜਿਉਂਦੀ ਨਹੀਂ ਤਾਂ ਹਸਤੀ ਹੀ ਗੋਰ (ਕਬਰ) ਏ, ਇਨਸਾਨ ਦੀ। ਮੋਇਆਂ ਤਾਂ ਮਿੱਟੀ ਦੀ ਕਬਰੇ ਈ ਪੈਣਾ ਏ, ਜਿਉਂਦਿਆਂ ਇਨਸਾਨ ਆਪਣੇ ਕੂੜੇ ਜੀਵਨ ਦੀ ਖੱਟੀ, ਇਕਲਾਪੇ ਦੀ ਕਬਰ ਵਿਚ ਰਹਿੰਦਾ ਏ। ਕਬਰ ਮਿੱਟੀ ਦੀ ਬਣਦੀ ਏ ਤੇ ਮਨੁੱਖ ਵੀ ਮਿੱਟੀ ਤੋਂ ਬਣਿਆ ਏ। ਕਬਰ ਵਿਚ ਦੱਬੀ ਹਸਤੀ ਆਪਣੇ ਕਰਮਾਂ ਦੇ ਉਲਾਹਮੇ ਲੈਂਦੀ ਤੇ ਦੁੱਖ ਝਾਗਦੀ ਏ ਪਈ।
ਜੇ ਕਰ ਖੇਵਟ ਦੇ ਅਰਥ ਮੋਹਾਣਾ ਤੇ ਮੱਲਾਹ ਏ ਤਾਂ ਏਸ ਦਾ ਮਤਲਬ ਹੋਇਆ ਜੋ ਜ਼ਮੀਨ ਅਸਮਾਨ ਤੋਂ ਪੁੱਛਦੀ ਏ ਮੇਰੇ ਮੱਲਾਹ ਕਿੱਥੇ ਗਏ? ਪਾਣੀ ਵਿਚ ਕਿਸ਼ਤੀ ਚਲਾਉਣਹਾਰ ਮਲਾਹ ਹੁੰਦਾ ਏ। ਮਲਾਹ ਦਾ ਕੰਮ ਪਾਂਧੀਆਂ ਨੂੰ ਦਰਿਆ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਅੱਪੜਾਉਣਾ ਹੁੰਦਾ ਏ। ਧਰਤੀ ਉੱਪਰ ਜੀਵਨ ਵੀ ਦਰਿਆ ਪਾਰ ਕਰਨਾ ਏ ਜੇ ਕਰ ਮੱਲਾਹ ਸਿਆਣਾ ਏ ਯਾ ਆਪ ਨੂੰ ਤਰਨਾ ਆਉਂਦਾ ਏ ਤਾਂ ਦਰਿਆ ਪਾਰ ਹੋ ਜਾਂਦਾ ਏ ਨਹੀਂ ਤਾਂ ਕੂੜੇ ਜੀਵਨ ਦੇ ਖੋਬੇ ਵਿਚ ਖੁਬ ਕੇ ਜਿੰਦ ਉਲਾਹਮੇ ਸਹਾਰਦੀ ਤੇ ਕਬਰਾਂ ਵਿਚ ਜੀਵਨ ਜਾਲਦੀ ਏ। ਜੀਵਨ ਪੰਧ ਪਾਣੀ ਵਰਗਾ ਏ ਜੋ ਲਗਾਤਾਰ ਟੁਰਦਾ ਏ, ਰੂਪ ਵਟਾਉਂਦਾ ਏ, ਪਰ ਕਿਤੇ ਖਲੋਂਦਾ ਨਹੀਂ। ਧਰਤੀ ਦੇ ਉੱਪਰ ਵਗਦਾ, ਭਾਫ ਬਣ ਕੇ ਉੱਡਦਾ, ਮੀਂਹ ਬਣ ਕੇ ਵਰ੍ਹਦਾ, ਧਰਤ ਦੇ ਹੇਠੋਂ ਹੇਠ ਅਲੋਪ ਹੋ ਕੇ ਜੜਾਂ ਰਾਹੀਂ ਰੁੱਖਾਂ ਨੂੰ ਵੱਤਰਦਾ ਏ। ਮਨੁੱਖ ਦੀ ਹੋਂਦ ਪਾਣੀ ਤੋਂ ਬਣੀ ਏ, ਪਾਣੀ ਨਾਲ਼ ਪਾਣੀ ਹੋ ਕੇ ਠਿਲ ਪੋਵੇ ਤਾਂ ਜਿਉਂਦੀ ਏ, ਪਾਣੀ ਖਲੋ ਜਾਵੇ ਤਾਂ ਬੋ ਵਾਲਾ ਹੋ ਜਾਂਦਾ ਏ, ਨਾ ਪੀਣ ਦੇ ਕੰਮ ਆਉਂਦਾ ਏ ਨਾ ਕੁੱਝ ਧੋਣ ਦੇ, ਸਗੋਂ ਜਿਲ੍ਹਣ ਬਣ ਜਾਂਦਾ ਏ। ਇਨਸਾਨ ਦੀ ਹਸਤੀ ਵੀ ਜੇ ਕਰ ਪਾਣੀ ਵਾਂਗ ਲਗਾਤਾਰ ਟੁਰੇ ਤਾਂ ਪ੍ਰੇਮ ਪਿਆਰ ਉਪਜਾਉਂਦੀ ਨਦੀ ਏ, ਸੰਗ ਬਣਾਉਂਦੀ ਏ,ਆਪ ਵਰ੍ਹਦੀ ਤੇ ਜੀਵਨ ਨੂੰ ਵੱਤਰ ਲਾਉਂਦੀ ਏ। ਏਹੀ ਪੁੱਛ ਜ਼ਮੀਨ ਦੀ ਏ ਅਸਮਾਨ ਤੋਂ ਜੋ ਦਰਿਆ ਪਾਰ ਕਰਨ ਤੇ ਕਰਾਉਣਹਾਰ ਕਿੱਥੇ ਗਏ? ਗੋਰ ਹੈ ਕਬਰ ਜੋ ਨਿਸ਼ਾਨ ਏ ਖ਼ਲੋਤ ਦਾ। ਮੁਰਦਾ ਵਜੂਦ, ਮੁੱਕੀ ਹੋਂਦ ਜਿਸ ਵਿਚ ਸਾਹ ਸੱਤ ਮੁੱਕ ਗਿਆ ਏ, ਉਸ ਦਾ ਠਿਕਾਣਾ ਕਬਰ ਏ। ਹੁਣ ਇਨਸਾਨ ਦੀ ਹਸਤੀ, ਜੋ ਕੁੱਝ ਵੀ ਨਹੀਂ ਕਰਦੀ ਪਈ, ਬੱਸ ਇੱਕ ਖ਼ਲੋਤ ਵਿਚ ਏ, ਉਹ ਜਿਉਂਦੀ ਵੀ ਕਬਰ ਵਿਚ ਪਈ ਏ। ਜਿੰਦ ਜਾਨ ਏ ਰੂਹ, ਪ੍ਰਾਣ ਉਹ ਮਿੱਟੀ ਦੇ ਬੁੱਤ ਅੰਦਰ ਕੈਦ ਹੋਈ ਉਲਾਹਮੇ ਸਹਿੰਦੀ ਏ। ਜੀਵਨ ਜੋ ਮਿਲਣ ਲਈ ਏ, ਖੇਡਣ ਲਈ, ਹੱਸਣ ਰੱਸਣ ਲਈ, ਉਹ ਸਾਰਾ ਕੈਦ ਵਿਚ ਲੰਘ ਕੇ ਵਿਰਾਨ ਹੋ ਗਿਆ ਏ।
ਜੇ ਕਰ ਖੇਵਟ ਦੇ ਅਰਥ ਪਾਲਣਹਾਰ ਨੇਂ, ਤਾਂ ਧਰਤੀ ਦੀ ਪੁੱਛ ਏ ਅਸਮਾਨ ਕੋਲੋਂ ਜੋ ਮੇਰੇ ਪਾਲਣਹਾਰ ਕਿੱਥੇ ਗਏ ਨੇਂ? ਮਿੱਟੀ ਆਪ ਪਾਲਣਹਾਰ ਏ ਤੇ ਮਿੱਟੀ ਤੋਂ ਬਣਿਆ ਮਨੁੱਖ ਵੀ ਪਾਲਣਹਾਰ ਈ ਹੋਇਆ। ਪਾਲਣਹਾਰ ਦਾ ਗੁਣ ਦਾਨ ਕਰਨ ਏ, ਆਪਣੇ ਕੋਲ਼ ਸਾਂਭਣ, ਜੋੜਨ ਤੇ ਮੱਲਣ ਨਹੀਂ। ਪਾਲਣਹਾਰ ਅਜ਼ਾਦ ਹੋਵੇਸ ਤਾਂ ਈ ਦੂਜਿਆਂ ਨੂੰ ਪਾਲ਼ ਸਕਦਾ ਏ। ਮਿੱਟੀ, ਧਰਤੀ ਪੂਰਨ ਤੌਰ ਤੇ ਅਜ਼ਾਦ ਏ ਤਾਂ ਈ ਹਰ ਪਲ ਉਪਜਾਉਂਦੀ ਤੇ ਦਾਨ ਕਰੇਂਦੀ ਏ। ਮਿੱਟੀ ਤੋਂ ਬਣਿਆ ਮਨੁੱਖ ਆਪਣੀ ਮੈਂ ਦੀ ਕੈਦ ਵਿਚ ਏ। ਇਨਸਾਨ ਨੂੰ ਰਾਸਵਾਲ ਵਿਹਾਰ ਦੀ ਸਭ ਤੋਂ ਵੱਡੀ ਦੇਣ ਏ “ਮੈਂ”। ਧਰਤੀ ਨੂੰ ਸੁਰਤ ਏ ਸਾਰੀ ਜੋ ਇਨਸਾਨ ਹਉਮੈ ਪਾਰੋਂ ਈ ਆਪਣੀ ਹੋਂਦ ਦੇ ਪਿੰਜਰੇ ਵਿਚ ਕੈਦੀ ਥੀ ਕੇ ਆਪ ਵੀ ਬੰਜਰ, ਵਿਰਾਨ ਹੋਇਆ ਤੇ ਮੈਨੂੰ ਵੀ ਬੰਜਰ ਵਿਰਾਨ ਕੀਤਾ ਏ। ਲਾਹਾ ਜੋੜਨ ਦੇ ਚੱਕਰ ਵਿਚ ਰੁੱਖਾਂ ਨੂੰ ਵੱਢ ਵੱਢ ਕੇ ਸ਼ਹਿਰ ਵਸਾਏ, ਮਿੱਲਾਂ ਕਾਰਖ਼ਾਨੇ ਲਾਏ, ਵਸਤਾਂ ਦੇ ਢੇਰ ਲਾਏ, ਮੰਡੀਆਂ ਦੇ ਮੁੱਲ ਚੜ੍ਹਾਏ। ਤੜਫ਼ਦੀ ਸਿਸਕਦੀ ਧਰਤੀ ਦੀ ਵਾਜ ਕਿਸੇ ਨਾ ਸੁਣੀ। ਧਰਤ ਨਾਲ਼ ਜੁੜਿਆ ਈ, ਧਰਤ ਦੀ ਬੋਲੀ ਸੁਣ ਸਕਦਾ,ਏ ਜਿਵੇਂ ਬਾਬਾ ਫ਼ਰੀਦ ਨੇ ਸੁਣੀ। ਪੈਰਾਂ ਦੇ ਹੇਠ ਰੋਂਦੀ ਕੁਰਲਾਂਦੀ ਧਰਤ ਏ ਯਾ ਮਿੱਟੀ ਨਾਲ਼ ਮਿੱਟੀ ਹੋ ਕੇ ਆਪਣੀ ਹਯਾਤੀ ਦੇ ਸਾਹ ਪੂਰੇ ਕਰਦਾ ਏ ਤੇ ਮੱਲ ਵਿਹਾਰ ਦੀ ਲਾਹੇ ਦੀ ਚੱਕੀ ਪੀਂਹਦਾ ਨਿਮਾਣਾ ਕੁਮੇਰ ਮੇਲ ਏ। ਧਨਵਾਨਾਂ ਦੇ ਧਨ ਵਧਾਉਣ ਲਈ ਦਿਨ ਪੁਰ ਰਾਤ ਆਪਣੇ ਹੱਡ ਪੈਰ ਗਾਲ੍ਹਦਾ, ਮਾਲਕਾਂ ਦੀ ਮਾਲਕੀ ਪਕੇਰੀ ਕਰਦਾ ਤੇ ਆਪ ਪਲ ਪਲ ਮਰਦਾ ਏ। ਧਰਤੀ ਤਾਂ ਰਿਜ਼ਕ ਉੱਗਾਉਣ ਲਈ ਆਹੀ ਪਰ ਅਸਾਂ ਧਰਤੀ ਨੂੰ ਵੇਚ ਕੇ ਮੁਨਾਫ਼ਾ ਜੋੜਨ ਲੱਗ ਪਏ। ਰੋਟੀ ਜੀਵਨ ਸਾਂਝ ਏ। ਅੰਨ ਉਪਜਾਵਣ (ਵਾਹਣ, ਰਾਹਣ, ਗਾਹਣ) ਦਾ ਕੰਮ ਜੀਆਂ ਅੰਦਰ ਸਾਂਝ ਬਣਾਉਂਦਾ ਸੀ। ਜਦੋਂ ਰਿਜ਼ਕ ਕਮਾਵਣ ਵੱਖੋ ਵੱਖ ਹੋਇਆ ਤਾਂ ਮੱਲ ਵੀ ਵੱਖੋ ਵੱਖ ਹੋਈ, ਦੁੱਖ ਵੀ ਵੱਖੋ ਵੱਖ ਹੋਏ। ਆਪ ਟੋਟੇ ਹੋਈ ਹੋਂਦ ਨੇ ਪੂਰਾ ਜੀਵਨ ਈ ਟੋਟੇ ਕਰ ਦਿੱਤਾ। ਧਰਤੀ ਦੇ ਟੋਟੇ ਕਰ ਕੇ ਜਿਸਦਾ ਜਿਤਨਾ ਵਾਹ ਲੱਗਿਆ ਉਸ ਉਤਨਾ ਕਬਜ਼ਾ ਕਰ ਲਿਆ। ਜਦੋਂ ਇੱਕ ਨੇ ਆਪਣੀ ਲੋੜੋਂ ਵੱਧ ਮੱਲ ਮਾਰ ਲਈ ਤਾਂ ਦੂਜੇ ਲਈ ਧਰਤੀ ਥੋੜੀ ਪੈ ਗਈ। ਕੁਦਰਤ ਦੀ ਬਣਾਈ ਹਰ ਸ਼ੈਅ ਹਰ ਇੱਕ ਲਈ ਸਾਂਝੀ ਏ, ਪਰ ਜਦੋਂ ਆਪਣੇ ਲੋਭ ਲਾਲਚ ਵਿਚ ਫਸੇ ਜੀਅ ਥੁੜ ਥਿੜ ਦੇ ਟੋਇਆਂ ਵਿਚ ਡਿਗਦੇ ਨੇ ਤਾਂ ਇਨਸਾਨ ਇਨਸਾਨ ਨਹੀਂ ਰਹਿੰਦਾ, ਵਸਤ ਬਣ ਜਾਂਦਾ ਏ ਤੇ ਵਸਤ ਦਾ ਕੰਮ ਹੋਇਆ ਵਿਕਣਾ। ਵਸਤ ਬਣਦੀ ਈ ਵਿਕਣ ਲਈ ਏ। ਜਦੋਂ ਮੰਡੀ ਆ ਗਈ ਵਸਤ ਤਾਂ ਮੁੱਲ ਉਹ ਲਾਵਸੀ, ਜਿਸ ਕੋਲ਼ ਧਨ ਮਾਲ ਜੁੜਿਆ ਏ। ਧਨ ਮਾਲ ਉਸ ਕੋਲ਼ ਵੱਧ ਹੋਸੀ, ਜਿਸ ਕੋਲ਼ ਮਨੁੱਖਤਾ ਦਾ ਦਰਦ ਨਹੀਂ, ਜੋ ਆਪਣੇ ਵਰਗੇ ਦੂਜੇ ਇਨਸਾਨਾਂ ਨੂੰ ਭੁੱਖ ਤੇ ਦੁੱਖ ਦੇ ਸਕਦਾ ਏ।