ਦਿੱਲੀ ਵਿੱਚ ‘‘ਆਪ’’ ਦੇ 7 ਵਿਧਾਇਕਾਂ ਨੂੰ ਖਰੀਦਣ ਦੇ ਦੋਸ਼ ਦੀ ਲੈ. ਗਵਰਨਰ ਵਲੋਂ ਜਾਂਚ ਦਾ ਆਦੇਸ਼
ਨਵੀਂ ਦਿੱਲੀ (ਯੂ. ਐਨ. ਆਈ.)-ਦੇਸ਼ ਦੀ ਰਾਜਧਾਨੀ ਦਿੱਲੀ ਦੀ ਰਾਜਨੀਤੀ ਵਿੱਚ ਵੱਡੀ ਹਲਚਲ ਹੈ। ’ਆਪ’ ਆਗੂਆਂ ਵੱਲੋਂ ਭਾਜਪਾ ਵੱਲੋਂ ਕਾਲਾਂ ਆਉਣ ਅਤੇ 15 ਕਰੋੜ ਰੁਪਏ ਦੀ ਪੇਸ਼ਕਸ਼ ਕਰਨ ਦੇ ਦਾਅਵਿਆਂ ਦੀ ਜਾਂਚ ਦੇ ਹੁਕਮ ਹੋ ਗਏ ਹਨ। ਦਿੱਲੀ ਦੇ ਐਲਜੀ ਵੀਕੇ ਸਕਸੈਨਾ ਦੇ ਆਦੇਸ਼ਾਂ ਤੋਂ ਬਾਅਦ ਏਸੀਬੀ ਦੀ ਟੀਮ ’ਆਪ’ ਨੇਤਾਵਾਂ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਮੁਕੇਸ਼ ਅਹਲਾਵਤ ਦੇ ਘਰ ਲਈ ਰਵਾਨਾ ਹੋ ਗਈ ਹੈ। ਐਲਜੀ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਰਾਹੀਂ ਪੂਰੀ ਜਾਂਚ ਕਰਵਾਈ ਜਾਵੇ। ਦਿੱਲੀ ਭਾਜਪਾ ਦੇ ਜਨਰਲ ਸਕੱਤਰ ਵਿਸ਼ਨੂੰ ਮਿੱਤਲ ਨੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਪੱਤਰ ਲਿਖ ਕੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਅਤੇ ਕਿਸੇ ਹੋਰ ਜਾਂਚ ਏਜੰਸੀ ਨੂੰ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਕਿ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਵੱਲੋਂ ’ਆਪ’ ਦੇ 7 ਮੌਜੂਦਾ ਵਿਧਾਇਕਾਂ ਨੂੰ 15 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼ਾਂ ਦੇ ਸਬੰਧ ਵਿੱਚ ਮਾਮਲਾ ਦਰਜ ਕੀਤੀ ਜਾਵੇ ਅਤੇ ਜਾਂਚ ਕੀਤੀ ਜਾਵੇ। ਦਿੱਲੀ ’ਚ ਵਿਧਾਨ ਸਭਾ ਚੋਣਾਂ ’ਚ ਵੋਟਿੰਗ ਤੋਂ ਇਕ ਦਿਨ ਬਾਅਦ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ’ਆਪ’ ਦੇ 7 ਵਿਧਾਇਕਾਂ ਦੇ ਫ਼ੋਨ ਆਏ ਸਨ ਅਤੇ ਉਨ੍ਹਾਂ ਨੂੰ 15 ਕਰੋੜ ਰੁਪਏ ਦਾ ਆਫ਼ਰ ਦਿੱਤਾ ਗਿਆ ਸੀ। ‘ਆਪ’ ਆਗੂ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਦਿੱਲੀ ਵਿੱਚ ਆਪਣਾ ਅਪਰੇਸ਼ਨ ਲੋਟਸ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਨਾਂ ’ਤੇ ਸਬੂਤ ਵੀ ਸਾਂਝੇ ਕਰਾਂਗੇ। ਸੰਜੇ ਸਿੰਘ ਨੇ ਕਿਹਾ, ’ਆਪ’ ਦੇ ਸੱਤ ਵਿਧਾਇਕਾਂ ਨੂੰ ਭਾਜਪਾ ਤੋਂ ਫ਼ੋਨ ਆਏ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਛੱਡਣ ਅਤੇ ਭਾਜਪਾ ’ਚ ਸ਼ਾਮਲ ਹੋਣ ਲਈ 15 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ… ਅਸੀਂ ਵਿਧਾਇਕਾਂ ਨੂੰ ਅਜਿਹੀਆਂ ਆਡੀਓ ਕਾਲਾਂ ਰਿਕਾਰਡ ਕਰਨ ਅਤੇ ਇਸ ਬਾਰੇ ਸ਼ਿਕਾਇਤ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਨੂੰ ਮਿਲੇ ਤਾਂ ਗੁਪਤ ਕੈਮਰੇ ਨਾਲ ਉਸ ਦੀ ਵੀਡੀਓ ਬਣਾ ਲਵੋ। ਭਾਜਪਾ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਆਪਣੀ ਹਾਰ ਮੰਨ ਲਈ ਹੈ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਦਿੱਲੀ ਵਿੱਚ ਵੀ ਭਾਜਪਾ ਨੇ ਪਾਰਟੀਆਂ ਤੋੜਨ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਦਿੱਲੀ ਭਾਜਪਾ ਦੇ ਸਕੱਤਰ ਵਿਸ਼ਨੂੰ ਮਿੱਤਲ ਨੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ਵਿਚ, ਉਨ੍ਹਾਂ ਲਿਖਿਆ ਕਿ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਅਤੇ ਕਿਸੇ ਹੋਰ ਜਾਂਚ ਏਜੰਸੀ ਨੂੰ ਐਫਆਈਆਰ ਦਰਜ ਕਰਨ ਅਤੇ ‘ਆਪ’ ਦੇ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਦੁਆਰਾ ‘ਆਪ’ ਦੇ 7 ਮੌਜੂਦਾ ਵਿਧਾਇਕਾਂ ਨੂੰ 15 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਦੇ ਦੋਸ਼ਾਂ ਦੀ ਵਿਸਥਾਰਤ ਜਾਂਚ ਕਰਨ ਦਾ ਨਿਰਦੇਸ਼ ਦੇਣਾ ਚਾਹੀਦਾ ਹੈ। ਪੱਤਰ ਵਿਚ ਅੱਗੇ ਕਿਹਾ ਗਿਆ ਹੈ ਕਿ ਸੱਚਾਈ ਦਾ ਪਤਾ ਲਗਾਉਣ ਲਈ ਇਸਦੀ ਜਾਂਚ ਹੋਣੀ ਚਾਹੀਦੀ ਹੈ।