ਟਾਪਪੰਜਾਬ

ਦੇਸ਼ ਦੇ ਹਿਤ ਵਿੱਚ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਕਾਰਵਾਈ ਅਤੇ ਦੇਸ਼ ਖਿਲਾਫ਼ ਬੋਲਣ ਵਾਲਿਆਂ ਉੱਤੇ ਭਾਜਪਾ ਚੁੱਪ ਕਿਉਂ?: ਬਲਬੀਰ ਸਿੱਧੂ

ਮੋਹਾਲੀ-ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕਰਨਲ ਸੋਫੀਆ ਕੁਰੈਸ਼ੀ ਵਿਰੁੱਧ ਭਾਜਪਾ ਦੇ ਮੰਤਰੀ ਵਿਜੈ ਸ਼ਾਹ ਵਲੋਂ ਕੀਤੀ ਗਈ ਅਪਮਾਨਜਨਕ ਟਿੱਪਣੀ ਦੀ ਸਖ਼ਤ ਨਿਖੇਧੀ ਕੀਤੀ ਅਤੇ ਉਸਨੂੰ ਅਪਮਾਨਜਨਕ ਆਖਦੇ ਹੋਏ ਕਿਹਾ, ” ਭਾਰਤ ਦੀ ਬੇਟੀ ਦੀ ਧਾਰਮਿਕ ਪਛਾਣ ਨੂੰ ਪਾਕਿਸਤਾਨੀ ਅਤੇ ਅੱਤਵਾਦੀਆਂ ਨਾਲ ਜੋੜਨਾ ਬਹੁਤ ਹੀ ਸ਼ਰਮਨਾਕ ਹੈ ਅਤੇ ਨਫ਼ਰਤ ਫੈਲਾਉਣ ਦੀ ਇਹ ਕੋਸ਼ਿਸ਼ ਭਾਜਪਾ ਦੀ ਫ਼ਿਤਰਤ ਨੂੰ ਚੰਗੀ ਤਰ੍ਹਾਂ ਬਿਆਨ ਕਰ ਰਹੀ ਹੈ। ਕਰਨਲ ਸੋਫੀਆ ਕੁਰੈਸ਼ੀ ਜੋ ਕਿ ਭਾਰਤ ਦੀ ਫੌਜ ਦੀ ਸ਼ਾਨ ਹਨ, ਉਨ੍ਹਾਂ ਦੀ ਧਾਰਮਿਕ ਪਛਾਣ ਦੇ ਆਧਾਰ ‘ਤੇ ਉਨ੍ਹਾਂ ਨੂੰ ਅੱਤਵਾਦ ਨਾਲ ਜੋੜਨਾ ਕੇਵਲ ਸ਼ਰਮਨਾਕ ਨਹੀਂ, ਸਗੋਂ ਭਾਜਪਾ ਦੇ ਮੰਤਰੀ ਦੀ ਨੀਚ ਹਰਕਤ ਦੀ ਨਿਸ਼ਾਨੀ ਹੈ।”

ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ, ਜੋ ਆਮ ਤੌਰ ‘ਤੇ ਰਾਸ਼ਟਰਵਾਦ ਦੀ ਚਾਦਰ ਓੜ ਕੇ ਘੁੰਮਦੀ ਹੈ, ਉਹ ਅਜਿਹੀ ਗੰਭੀਰ ਟਿੱਪਣੀ ਉੱਤੇ ਚੁੱਪ ਕਿਉਂ ਹੈ? ਇਹ ਚੁੱਪੀ ਨਾ ਸਿਰਫ਼ ਨਿੰਦਣਯੋਗ ਹੈ, ਸਗੋਂ ਦੇਸ਼ ਦੀ ਏਕਤਾ, ਭਾਈਚਾਰੇ ਅਤੇ ਫੌਜੀ ਨੈਤਿਕਤਾ ਵਾਸਤੇ ਖ਼ਤਰਨਾਕ ਸੰਕੇਤ ਵੀ ਹੈ, ਜੋ ਅਸੀਂ ਕਿਸੇ ਵੀ ਕੀਮਤ ‘ਚ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਦੇ ਨੇਤਾਵਾਂ ਵਲੋਂ ਕੀਤੀ ਜਾ ਰਹੀ ਇਹੋ ਜਿਹੀ ਅਪਮਾਨਜਨਕ ਟਿੱਪਣੀ ਭਾਜਪਾ ਸਰਕਾਰ ਦੀ ਫਿਰਕਾਵਦੀ ਘਟੀਆ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਬਿਆਨ ਕਰ ਰਹੀ ਹੈ।

ਆਪ੍ਰੇਸ਼ਨ ਸਿੰਦੂਰ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ, “ਇਹ ਲੜਾਈ ਕਿਸੇ ਧਰਮ ਦੀ ਨਹੀਂ ਸੀ, ਬਲਕਿ ਦੇਸ਼ ਦੀ ਸੀ, ਅੱਤਵਾਦ ਖਿਲਾਫ਼ ਸੀ ਅਤੇ ਇਸ ‘ਤੇ ਭਾਜਪਾ ਦੇ ਮੰਤਰੀ ਦੇ ਇਹੋ ਜਿਹੇ ਬੋਲ ਭਾਰਤ ਵਿੱਚ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ਼ ਹੈ, ਲੇਕਿਨ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਕਾਂਗਰਸ ਪਾਰਟੀ ਅਤੇ ਪੂਰਾ ਦੇਸ਼ ਉਨ੍ਹਾਂ ਦੀ ਇਸ ਘਿਣਾਉਣੀ ਸਾਜਿਸ਼ ਨੂੰ ਕਿਸੇ ਵੀ ਕੀਮਤ ‘ਚ ਪੂਰਾ ਨਹੀਂ ਹੋਣ ਦੇਵੇਗਾ।”

ਸਿੱਧੂ ਨੇ ਦੂਜੇ ਪਾਸੇ ਅੱਜ ਬਿਹਾਰ ਵਿੱਚ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਭਾਜਪਾ ਸਰਕਾਰ ਵਲੋਂ ਰੋਕਣ ਦੀ ਘਟਨਾ ‘ਤੇ ਟਿੱਪਣੀ ਕਰਦਿਆਂ ਕਿਹਾ , “ਅੱਜ ਬਿਹਾਰ ਵਿਖੇ ਦਲਿਤ ਵਿਦਿਆਰਥੀਆਂ ਦੀ ਅਵਾਜ਼ ਨੂੰ ਸੁਣਨ ਲਈ, ਸ਼੍ਰੀ ਰਾਹੁਲ ਗਾਂਧੀ ਜੀ ਨੂੰ ਅੰਬੇਡਕਰ ਹੋਸਟਲ ਵਿੱਚ ਪਹੁੰਚਣ ਤੋਂ ਰੋਕਿਆ ਗਿਆ। ਇੱਕ ਤਰਫ਼ ਜਿੱਥੇ ਭਾਜਪਾ ਸਰਕਾਰ ਵਲੋਂ ਵਿਰੋਧੀ ਧਿਰ ਦੇ ਨੇਤਾ ਨੂੰ ਦੇਸ਼ ਦੇ ਹੱਕ ਵਿੱਚ ਆਪਣੀ ਆਵਾਜ਼ ਚੁੱਕਣ ਤੋਂ ਰੋਕਿਆ ਜਾ ਰਿਹਾ ਹੈ, ਓਥੇ ਹੀ ਦੂਜੀ ਤਰਫ਼ ਆਪਣੀ ਹੀ ਪਾਰਟੀ ਦੇ ਮੰਤਰੀਆਂ ਵਲੋਂ ਦੇਸ਼ ਦੇ ਖਿਲਾਫ਼ ਵਰਤੀ ਜਾ ਰਹੀ ਟਿੱਪਣੀ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਇਹ ਬਹੁਤ ਹੀ ਘਿਣਾਉਣੀ ਅਤੇ ਸ਼ਰਮਨਾਕ ਗੱਲ ਹੈ।”

ਸਿੱਧੂ ਨੇ ਭਾਜਪਾ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ, “ਦੇਸ਼ ਦੇ ਹੱਕ ‘ਚ ਆਵਾਜ਼ ਚੁੱਕਣ ਵਾਲੇ ਵਿਰੋਧੀ ਨੇਤਾਵਾਂ ਉੱਤੇ ਤਾਂ ਕਾਰਵਾਈ ਹੁੰਦੀ ਹੈ, ਪਰ ਦੇਸ਼ ਖਿਲਾਫ਼ ਜਿਹੜੇ ਮੰਤਰੀ ਟਿੱਪਣੀਆਂ ਕਰ ਰਹੇ ਹਨ, ਉਨ੍ਹਾਂ ਉੱਤੇ ਭਾਜਪਾ ਦੀ ਚੁੱਪੀ ਕਿਉਂ? ਜਿਹੜੀ ਭਾਜਪਾ ਸਰਕਾਰ ਛੋਟੀਆਂ ਛੋਟੀਆਂ ਗੱਲਾਂ ਉੱਤੇ ਵਿਰੋਧੀ ਧਿਰ ਦੇ ਨੇਤਾਵਾਂ ਖ਼ਿਲਾਫ ਕਾਰਵਾਈ ਕਰਨ ਲੱਗ ਜਾਂਦੀ ਹੈ, ਉਹ ਅੱਜ ਦੇਸ਼ ਦੀ ਬੇਟੀ ਖਿਲਾਫ਼ ਆਪਣੇ ਹੀ ਨੇਤਾ ਵਲੋਂ ਕੀਤੀ ਗਈ ਟਿੱਪਣੀ ‘ਤੇ ਚੁੱਪ ਕਿਉਂ ਹੈ? ਉਨ੍ਹਾਂ ਨੂੰ ਬਰਖ਼ਾਸਤ ਕਿਉਂ ਨਹੀਂ ਕੀਤਾ ਜਾ ਰਿਹਾ?

ਸਿੱਧੂ ਨੇ ਅੰਤ ਵਿੱਚ ਕਿਹਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਮੱਧ ਪ੍ਰਦੇਸ਼ ਦੇ ਸੀਨੀਅਰ ਮੰਤਰੀ ਵਲੋਂ ਸੋਫੀਆ ਕੁਰੈਸ਼ੀ ਬਾਰੇ ਕੀਤੀ ਗਈ ਭੱਦੀ ਟਿੱਪਣੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਦੇਸ਼ ਵਿੱਚ ਆਪਸੀ ਭਾਈਚਾਰਾ ਅਤੇ ਸਦਭਾਵਨਾ ਨਾ ਵਿਗੜੇ।

Leave a Reply

Your email address will not be published. Required fields are marked *