ਨਸ਼ਿਆਂ ਨਾਲ ਮਰ ਰਹੀ ਜਵਾਨੀ, ‘ਆਪ’ ਸਰਕਾਰ ਸਿਰਫ਼ ਡਰਾਮੇਬਾਜ਼ੀ ਵਿੱਚ ਰੁੱਝੀ, ਪੰਜਾਬ ਦਾ ਹੈਲੀਕਾਪਟਰ ਕੇਜਰੀਵਾਲ ਦੀ ‘ਟੈਕਸੀ’ ਬਣਿਆ – ਬ੍ਰਹਮਪੁਰਾ

ਸ੍ਰ. ਬ੍ਰਹਮਪੁਰਾ ਨੇ ਤਰਨ ਤਾਰਨ ਜ਼ਿਲ੍ਹੇ, ਖ਼ਾਸ ਕਰਕੇ ਆਪਣੇ ਹਲਕੇ ਖਡੂਰ ਸਾਹਿਬ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਤਾਜ਼ਾ ਮੌਤਾਂ ‘ਤੇ ਗਹਿਰਾ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ, “ਖਡੂਰ ਸਾਹਿਬ ਸਬ-ਡਵੀਜ਼ਨ ਦੇ ਪਿੰਡ ਵਰ੍ਹਾਨਾ ਦੇ 25 ਸਾਲਾ ਨੌਜਵਾਨ ਦੀ ਮੌਤ ਅਤੇ ਉਸਦੇ ਮਾਪਿਆਂ ਦੇ ਦਰਦਨਾਕ ਵਿਰਲਾਪ ਦੀ ਵਾਇਰਲ ਵੀਡੀਓ ਨੇ ਹਰ ਪੰਜਾਬੀ ਦਾ ਦਿਲ ਵਲੂੰਧਰ ਦਿੱਤਾ ਹੈ। ਇਸੇ ਤਰ੍ਹਾਂ ਮੁਰਾਦਪੁਰ ਵਿੱਚ 21 ਸਾਲਾ ਕਰਨਬੀਰ ਸਿੰਘ ਅਤੇ ਅਟਾਰੀ ਹਲਕੇ ਦੇ ਪਿੰਡ ਬਾਸਰਕੇ ਵਿੱਚ 30 ਸਾਲਾ ਰਾਜਿੰਦਰ ਸਿੰਘ ਦੀ ਮੌਤ ‘ਆਪ’ ਸਰਕਾਰ ਦੇ ਉਨ੍ਹਾਂ ਦਾਅਵਿਆਂ ਦੀ ਫੂਕ ਕੱਢਦੀ ਹੈ, ਜਿਨ੍ਹਾਂ ਵਿੱਚ ਉਹ 99% ਪਿੰਡਾਂ ਨੂੰ ਨਸ਼ਾ-ਮੁਕਤ ਐਲਾਨ ਰਹੇ ਹਨ।” ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੰਜਾਬ ਸੱਚਮੁੱਚ ਨਸ਼ਾ-ਮੁਕਤ ਹੋ ਰਿਹਾ ਹੈ ਤਾਂ ਇਹ ਨੌਜਵਾਨ ਕਿਵੇਂ ਮਰ ਰਹੇ ਹਨ? ਪੀੜਤ ਪਰਿਵਾਰ ਖੁੱਲ੍ਹੇਆਮ ਕਹਿ ਰਹੇ ਹਨ ਕਿ ਹਰ ਗਲੀ-ਮੁਹੱਲੇ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ, ਪਰ ਪੁਲਿਸ ਤੇ ਪ੍ਰਸ਼ਾਸਨ ਅੱਖਾਂ ਮੀਟੀ ਬੈਠਾ ਹੈ। ਉਨ੍ਹਾਂ ਕਿਹਾ, “ਕੀ ਮੁੱਖ ਮੰਤਰੀ ਮਾਨ, ਜਿਵੇਂ ਨਕਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਘਰ ਪਹੁੰਚੇ ਸਨ, ਉਸੇ ਤਰ੍ਹਾਂ ਇਨ੍ਹਾਂ ਨਸ਼ਿਆਂ ਨਾਲ ਮਰ ਰਹੇ ਨੌਜਵਾਨਾਂ ਦੀਆਂ ਮਾਵਾਂ ਦੇ ਹੰਝੂ ਪੂੰਝਣਗੇ ਅਤੇ ਉਨ੍ਹਾਂ ਨੂੰ ਕੋਈ ਸਰਕਾਰੀ ਸਹਾਇਤਾ ਦੇਣਗੇ?
ਸ੍ਰ. ਬ੍ਰਹਮਪੁਰਾ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ “ਨਸ਼ਾ ਮੁਕਤੀ ਯਾਤਰਾ” ਨੂੰ ਇੱਕ ਕੋਰਾ ਸਿਆਸੀ ਸਟੰਟ ਕਰਾਰ ਦਿੱਤਾ। ਉਨ੍ਹਾਂ ਕਿਹਾ, “ਅਸਲੀਅਤ ਇਹ ਹੈ ਕਿ ਜਦੋਂ ਤੋਂ ‘ਆਪ’ ਸਰਕਾਰ ਆਈ ਹੈ, ਨਸ਼ਿਆਂ ਦਾ ਕਾਰੋਬਾਰ ਹੋਰ ਵਧਿਆ ਹੈ। ਪਹਿਲਾਂ ਵਾਲੀਆਂ ਸਰਕਾਰਾਂ ‘ਤੇ ਦੋਸ਼ ਮੜ੍ਹ ਕੇ ‘ਆਪ’ ਆਪਣੀ ਨਾਕਾਮੀ ‘ਤੇ ਪਰਦਾ ਨਹੀਂ ਪਾ ਸਕਦੀ।
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਿੰਡ ਕੋਟਲਾ ਭਲਾਪਿੰਡ (ਅਜਨਾਲਾ) ਵਿਖੇ ਪਿੰਡਾਂ ਵਿੱਚ ਸਹੁੰ ਚੁਕਾਉਣ ਦੀ ਰਸਮ ਨੂੰ ਇੱਕ ਡਰਾਮਾ ਕਰਾਰ ਦਿੰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਮੰਤਰੀ ਜੀ ਨੂੰ ਪਹਿਲਾਂ ਇਹ ਚੰਗੀ ਤਰ੍ਹਾਂ ਪਤਾ ਕਰ ਲੈਣਾ ਚਾਹੀਦਾ ਹੈ ਕਿ ਸਹੁੰ ਚੁਕਾਉਣ ਤੋਂ ਪਹਿਲਾਂ ਉਨ੍ਹਾਂ ਦੇ ਆਪਣੇ ਅਜਨਾਲਾ ਹਲਕੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਕਿੰਨੀਆਂ ਮੌਤਾਂ ਹੋ ਚੁੱਕੀਆਂ ਹਨ। ਇਸ ਤਰ੍ਹਾਂ ਉਹ ਸਹੁੰ ਚੁੱਕਣ ਦੀ ਰਸਮ ਦਾ ਵੀ ਸਿਧਾਂਤਕ ਤੌਰ ‘ਤੇ ਅਪਮਾਨ ਕਰ ਰਹੇ ਹਨ।
ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਦੁਰਵਰਤੋਂ ਦੇ ਮੁੱਦੇ ‘ਤੇ ਬੋਲਦਿਆਂ ਸ੍ਰ. ਬ੍ਰਹਮਪੁਰਾ ਨੇ ਤਿੱਖਾ ਵਿਅੰਗ ਕੱਸਿਆ, “ਇਹ ਕਿਹੋ ਜਿਹਾ ‘ਆਮ ਆਦਮੀ’ ਦਾ ਰਾਜ ਹੈ ਜਿੱਥੇ ਪੰਜਾਬ ਦੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਨਾਲ ਖਰੀਦਿਆ ਹੈਲੀਕਾਪਟਰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਦਿੱਲੀ ਦੇ ਦਰਬਾਰੀਆਂ ਲਈ ‘ਟੈਕਸੀ’ ਬਣ ਗਿਆ ਹੈ। ਚਰਚਾ ਹੈ ਕਿ ਪੰਜਾਬ ਸਰਕਾਰ ਦੇ ਪੀਲੇ ਰੰਗ ਦੇ ਹੈਲੀਕਾਪਟਰ ਨੂੰ ਕੇਜਰੀਵਾਲ ਜੀ ਨੇ ਸੱਚਮੁੱਚ ਟੈਕਸੀ ਹੀ ਸਮਝ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਪੰਜਾਬ ਨੂੰ ਆਪਣੇ ਦਿੱਲੀ ਆਕਾਵਾਂ ਲਈ ਇੱਕ ‘ਟ੍ਰਾਂਜ਼ਿਟ ਲਾਊਂਜ’ ਬਣਾ ਕੇ ਰੱਖ ਦਿੱਤਾ ਹੈ, ਜਿਸ ਨਾਲ ਨਾ ਸਿਰਫ਼ ਪੰਜਾਬ ਦੇ ਖ਼ਜ਼ਾਨੇ ‘ਤੇ ਬੋਝ ਪੈ ਰਿਹਾ ਹੈ, ਸਗੋਂ ਪੰਜਾਬ ਦੀ ਸ਼ਾਨ ਵੀ ਘਟ ਰਹੀ ਹੈ। ਪੰਜਾਬ ਦੇ ਲੋਕ ਪੁੱਛ ਰਹੇ ਹਨ ਕਿ ਜਿਹੜੇ ਕਹਿੰਦੇ ਸਨ ਕਿ ‘ਹੈਲੀਕਾਪਟਰ ‘ਚ ਫਿਰੀ ਜਾਂਦੇ ਨੇਤਾ’, ਅੱਜ ਉਹ ਖੁਦ ਸਰਕਾਰੀ ਉਡਣ ਖਟੋਲਿਆਂ ‘ਤੇ ਝੂਟੇ ਲੈ ਰਹੇ ਹਨ। ਇਸ ‘ਬਦਲਾਅ’ ਦੀ ਕੀਮਤ ਪੰਜਾਬ ਨੂੰ ਚੁਕਾਉਣੀ ਪੈ ਰਹੀ ਹੈ।
ਹਲਕਾ ਖਡੂਰ ਸਾਹਿਬ ਦੇ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਕਾਰਗੁਜ਼ਾਰੀ ਦੀ ਅਲੋਚਨਾ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ, “ਇਹ ਬਹੁਤ ਹੀ ਮੰਦਭਾਗਾ ਹੈ ਕਿ ਜਦੋਂ ਹਲਕੇ ਦੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ, ਉਦੋਂ ਹਲਕਾ ਵਿਧਾਇਕ ਯੂਥ ਕਲੱਬਾਂ ਦੇ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ ‘ਨਸ਼ਾ ਮੁਕਤ ਰੰਗਲਾ ਪੰਜਾਬ’ ਬਣਾਉਣ ਦੇ ਸਿਰਫ਼ ਜ਼ੁਬਾਨੀ ਦਾਅਵੇ ਕਰ ਰਿਹਾ ਹੈ। ਅਜਿਹੇ ਦਿਖਾਵਟੀ ਸਮਾਗਮਾਂ ਨਾਲ ਨਸ਼ੇ ਖ਼ਤਮ ਨਹੀਂ ਹੋਣੇ। ਜੇਕਰ ਹਲਕਾ ਵਿਧਾਇਕ ਸੱਚਮੁੱਚ ਗੰਭੀਰ ਹੈ, ਤਾਂ ਉਸਨੂੰ ਨਸ਼ਾ ਤਸਕਰਾਂ ‘ਤੇ ਸਖ਼ਤ ਕਾਰਵਾਈ ਕਰਵਾਉਣੀ ਚਾਹੀਦੀ ਹੈ ਅਤੇ ਜ਼ਮੀਨੀ ਪੱਧਰ ‘ਤੇ ਕੰਮ ਕਰਕੇ ਦਿਖਾਉਣਾ ਚਾਹੀਦਾ ਹੈ, ਨਾ ਕਿ ਅਪਰਾਧੀਆਂ ਨੂੰ ਪਨਾਹ ਅਤੇ ਸ਼ਹਿ ਦੇਣੀ ਚਾਹੀਦੀ ਹੈ। ਨੌਜਵਾਨਾਂ ਨੂੰ ਸਿਰਫ਼ ਸਿਖਿਆਵਾਂ ਦੇਣ ਦੀ ਬਜਾਏ, ਉਨ੍ਹਾਂ ਨੂੰ ਨਸ਼ਿਆਂ ਦੇ ਚੁੰਗਲ ਤੋਂ ਬਚਾਉਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।
ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ ਅਤੇ ਸਿਰਫ਼ ਝੂਠੇ ਇਸ਼ਤਿਹਾਰਾਂ ਅਤੇ ਦਾਅਵਿਆਂ ਸਹਾਰੇ ਆਪਣਾ ਸਮਾਂ ਲੰਘਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਅਤੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਰਹੇਗਾ।
ਇਸ ਮੌਕੇ ਬ੍ਰਹਮਪੁਰਾ ਨਾਲ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਹਾਜਰ ਸਨ ਜਿਨ੍ਹਾਂ ਵਿੱਚ ਸੁਖਜਿੰਦਰ ਸਿੰਘ ਲਾਡੀ ਸਾਬਕਾ ਬਲਾਕ ਸੰਮਤੀ ਮੈਂਬਰ, ਜਥੇ: ਮੇਘ ਸਿੰਘ ਪ੍ਰੈਸ ਸਕੱਤਰ, ਨਰਿੰਦਰ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਪੱਪੂ, ਜਥੇ: ਗੱਜਣ ਸਿੰਘ ਮੈਂਬਰ ਲੋਕਲ ਗੁਰਦੁਆਰਾ ਕਮੇਟੀ, ਕਸ਼ਮੀਰ ਸਿੰਘ ਟਰਾਂਸਪੋਰਟਰ, ਸਰੂਪ ਸਿੰਘ ਸਾਬਕਾ ਸਰਪੰਚ ਖਡੂਰ ਸਾਹਿਬ ਵੀ ਹਾਜ਼ਰ ਸਨ।