ਪਟਿਆਲਾ ਵਿੱਚ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹੋਈ ਫੇਲ੍ਹ- ਜੈ ਇੰਦਰ ਕੌਰ

ਜੈ ਇੰਦਰ ਕੌਰ ਨੇ ਕਿਹਾ ਕਿ ਡਾ. ਬਲਬੀਰ ਸਿੰਘ, ਜੋ ਕਿ ਕੈਬਨਿਟ ਮੰਤਰੀ ਅਤੇ ਪਟਿਆਲਾ (ਦਿਹਾਤੀ) ਤੋਂ ਵਿਧਾਇਕ ਹਨ, ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀ ਸਰਕਾਰ ਦੀ ਨਾ-ਕਾਰਗੁਜ਼ਾਰੀ ਲਈ ਜਵਾਬਦੇਹ ਹੋਣਾ ਚਾਹੀਦਾ ਹੈ, ਨਾ ਕਿ ਦੂਜਿਆਂ ‘ਤੇ ਸਵਾਲ ਉਠਾਉਣੇ ਚਾਹੀਦੇ। ਉਨ੍ਹਾਂ ਨੇ ਦੱਸਿਆ ਕਿ 2023 ਦੀ ਬਰਸਾਤੀ ਮੌਸਮ ਸਮੇਂ, ਜਦੋਂ ਪਟਿਆਲਾ ਦੇ ਕਈ ਵੱਡੇ ਹਿੱਸੇ ਡੁੱਬ ਗਏ ਸਨ, ਉਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਸੀ, ਅਜਿਹਾ ਹੀ ਅੱਜ ਵੀ ਹੈ ਇਸ ਸਮੇਂ ਵੀ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ। ਫਿਰ ਵੀ ਉਹਨਾਂ ਵਲੋਂ ਕੋਈ ਖ਼ਾਸ ਕਦਮ ਨਹੀਂ ਚੁੱਕੇ ਗਏ ਹਨ, ਜਿਨ੍ਹਾਂ ਨਾਲ ਇਸ ਤਰ੍ਹਾਂ ਦੀਆਂ ਆਫਤਾਂ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਹੜ੍ਹਾਂ ਦੀ ਰੋਕਥਾਮ ਅਤੇ ਸ਼ਹਿਰ ਦੇ ਵਿਕਾਸ ਦੀ ਸਭ ਤੋਂ ਮਹੱਤਵਪੂਰਨ ਪਹਿਲਕਦਮੀਆਂ ਵਿੱਚੋਂ ਇੱਕ ਛੋਟੀ ਅਤੇ ਵੱਡੀ ਨਦੀ ਦੇ ਸੁੰਦਰੀਕਰਨ ਲਈ ₹208.33 ਕਰੋੜ ਦੀ ਲਾਗਤ ਦਾ ਪ੍ਰਾਜੈਕਟ ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕੀਤਾ ਸੀ, ਹੁਣ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਾਜਨੀਤਿਕ ਲਾਭ ਲਈ ਇਸ ਨੂੰ ਰੱਦ ਕਰ ਦਿੱਤਾ। ਇਸ ਨਾਲ ਪਟਿਆਲਾ ਦੇ ਵਿਕਾਸ ਵਿੱਚ ਬਹੁਤ ਵੱਡੀ ਰੁਕਾਵਟ ਆਈ ਹੈ।
ਪਟਿਆਲਾ ਵਿੱਚ ਸਿਹਤ ਸੇਵਾ ਦੀ ਖ਼ਰਾਬ ਹਾਲਤ ‘ਤੇ ਗੰਭੀਰ ਚਿੰਤਾ ਪ੍ਰਗਟਾਉਂਦੇ ਹੋਏ, ਜੈ ਇੰਦਰ ਕੌਰ ਨੇ ਪੰਜਾਬ ਦੀ ਪ੍ਰਮੁੱਖ ਸਰਕਾਰੀ ਸਿਹਤ ਸੰਸਥਾ ਰਾਜਿੰਦਰਾ ਹਸਪਤਾਲ ਵਿੱਚ ਬਿਜਲੀ ਦੇ ਕੱਟਣ ਦੀਆਂ ਘਟਨਾਵਾਂ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕਈ ਵਾਰ ਬਿਜਲੀ ਨਾ ਹੋਣ ਕਾਰਨ ਸਰਜਰੀਆਂ ਰੁਕ ਗਈਆਂ ਜਿਸ ਕਾਰਨ ਮਰੀਜ਼ਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਅੱਗੇ ਕਿਹਾ ਕਿ ਸਿਹਤ ਮੰਤਰੀ ਹੋਣ ਦੇ ਬਾਵਜੂਦ, ਡਾ. ਬਲਬੀਰ ਸਿੰਘ ਹਸਪਤਾਲ ਵਿੱਚ ਨਵੀਆਂ ਸੁਵਿਧਾਵਾਂ ਜਿਸ ਵਿੱਚ ਇੱਕ ਕੰਮਯੋਗ ਐਮਰਜੈਂਸੀ ਪਾਵਰ ਬੈਕਅਪ ਸਿਸਟਮ ਸ਼ਾਮਿਲ ਹੈ, ਉਨ੍ਹਾਂ ਨੂੰ ਉਪਲਬਧ ਕਰਵਾਉਣ ਵਿੱਚ ਅਸਫ਼ਲ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਦੀ ਪਾਣੀ ਸਪਲਾਈ ਅਤੇ ਸਫਾਈ ਪ੍ਰਾਜੈਕਟਾਂ ਦੇ ਪ੍ਰਬੰਧਾਂ, ਜਿਨ੍ਹਾਂ ਦੀ ਕੀਮਤ ₹503 ਕਰੋੜ ਨਾਲ ਸਰਕਾਰੀ ਰਜਿੰਦਰਾ ਹਸਪਤਾਲ ਦੇ ਸੁਪਰ ਸਪੈਸ਼ਲਟੀ ਬਲਾਕ ਦੀ ਵੀ ਤਿਆਰੀ ਸ਼ਾਮਿਲ ਹੈ,ਜਿਸ ਦੀ ਸ਼ੁਰੂਆਤ ਸ਼੍ਰੀਮਤੀ ਪ੍ਰਨੀਤ ਕੌਰ ਦੁਆਰਾ ਕੀਤੀ ਗਈ ਸੀ, ਲੰਬੇ ਸਮੇਂ ਤੋਂ ਕਈ ਰੁਕਾਵਟਾਂ ਦਾ ਸ਼ਿਕਾਰ ਹੋਇਆ ਹੈ।
ਅਮਨ-ਕਾਨੂੰਨ ਦੇ ਮੁੱਦੇ ‘ਤੇ ਸ਼੍ਰੀਮਤੀ ਜੈ ਇੰਦਰ ਕੌਰ ਨੇ ਪਟਿਆਲਾ ਵਿੱਚ ਸੜਕਾਂ ਦੀ ਬਰਬਾਦੀ, ਗੈਂਗ ਗਤੀਵਿਧੀ ਅਤੇ ਵੱਧ ਰਹੇ ਨਸ਼ੇ ਦੀਆਂ ਘਟਨਾਵਾਂ ਨੂੰ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, “ਯੁੱਧ ਨਸ਼ਿਆ ਵਿਰੁੱਧ” ਜੋ ਸਿਰਫ਼ ਇੱਕ ਪ੍ਰਚਾਰ ਦਾ ਡਰਾਮਾ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਬਿਲਕੁਲ ਅਸਫਲ ਰਹੀ ਹੈ, ਅੱਜ ਵੀ ਨਸ਼ੇ ਦੀ ਓਵੇਰਡੋਜ਼ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।
ਇਸ ਦੇ ਉਲਟ ਸ਼੍ਰੀਮਤੀ ਜੈ ਇੰਦਰ ਕੌਰ ਨੇ ਜਨਤਾ ਨੂੰ ਯਾਦ ਦਵਾਇਆ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਸ਼੍ਰੀਮਤੀ ਪ੍ਰਨੀਤ ਕੌਰ ਦੀ ਵਿਕਾਸੀ ਰਿਕਾਰਡ ਨੂੰ ਵਧੀਆ ਤਰੀਕੇ ਨਾਲ ਦਸਤਾਵੇਜ਼ੀ ਤੌਰ ‘ਤੇ ਦਰਸਾਇਆ ਗਿਆ ਹੈ ਅਤੇ ਉਹਨਾਂ ਦੇ ਕੀਤੇ ਕੰਮਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਸ਼ਹਿਰ ਲਈ ਸਾਫ਼ ਅਤੇ ਟਿਕਾਊ ਪੀਣ ਵਾਲੇ ਪਾਣੀ ਨੂੰ ਯਕੀਨੀ ਬਣਾਉਣ ਲਈ 503 ਕਰੋੜ ਰੁਪਏ ਦੀ ਨਹਿਰੀ ਆਧਾਰਿਤ ਜਲ ਸਪਲਾਈ ਸਕੀਮ ਵਰਗੇ ਪ੍ਰੋਜੈਕਟ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੇ ਗਏ ਸਨ ਪਰ ਮੌਜੂਦਾ ਸਰਕਾਰ ਦੀ ਅਣਗਹਿਲੀ ਅਤੇ ਅਕਲ ਦੀ ਘਾਟ ਕਾਰਨ ਅਧੂਰੇ ਪਏ ਹਨ। ਇਸੇ ਤਰ੍ਹਾਂ ਡਾ. ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਦੀ ਪਹਿਲਕਦਮੀ ਅਤੇ ਵੱਖ-ਵੱਖ ਸੜਕਾਂ ਅਤੇ ਸੈਨੀਟੇਸ਼ਨ ਅੱਪਗ੍ਰੇਡਾਂ ਨੇ ਲੰਬੇ ਸਮੇਂ ਦੇ ਵਿਕਾਸ ਦੀ ਨੀਂਹ ਰੱਖੀ।
ਆਖ਼ਰ ਵਿੱਚ, ਸ਼੍ਰੀਮਤੀ ਜੈ ਇੰਦਰ ਕੌਰ ਨੇ ਕਿਹਾ ਕਿ ਪਟਿਆਲਾ ਦੇ ਲੋਕ ਰਾਜਨੀਤਿਕ ਤੌਰ ‘ਤੇ ਜਾਗਰੂਕ ਅਤੇ ਇਤਿਹਾਸਿਕ ਰੂਪ ਵਿੱਚ ਮਜ਼ਬੂਤ ਹਨ। ਉਨ੍ਹਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਕੌਣ ਸੇਵਾ ਕਰਦਾ ਹੈ ਅਤੇ ਕੌਣ ਸਿਆਸਤ ਕਰਦਾ ਹੈ। ਡਾ. ਬਲਬੀਰ ਸਿੰਘ ਵੱਲੋਂ ਕੀਤੇ ਗਏ ਬਿਆਨਾਂ ਉੱਤੇ ਲੋਕ ਭਰੋਸਾ ਕਦੇ ਨਹੀਂ ਕਰਨਗੇ, ਜਿਨ੍ਹਾਂ ਨੇ ਝੂਠੇ ਵਾਅਦੇ ਅਤੇ ਪਟਿਆਲਾ ਦੇ ਪ੍ਰੋਜੈਕਟਾਂ ਨੂੰ ਰੋਕ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਲਦ ਹੀ ਮੂੰਹ ਤੋੜ ਜਵਾਬ ਦੇਣਗੇ।