ਟਾਪਭਾਰਤ

ਪ੍ਰਧਾਨ ਮੰਤਰੀ ਮੋਦੀ ਤੋਂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਸ਼ਮੀਰ ਵਾਦੀ ਲਈ ਵਿਸ਼ੇਸ਼ ਪੈਕੇਜ ਦੀ ਕੀਤੀ ਅਪੀਲ।

ਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ ਦੇ ਸੂਬਾਈ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਸ਼ਮੀਰ ਦੀ ਖ਼ੁਸ਼ਹਾਲੀ ਅਤੇ ਲੋਕਾਂ ਵਿੱਚ ਵਿਸ਼ਵਾਸ ਨੂੰ ਬਣਾਈ ਰੱਖਣ ਲਈ ਕਸ਼ਮੀਰ ਨੂੰ ਤੁਰੰਤ ਇੱਕ ਵਿਸ਼ੇਸ਼ ਪੈਕੇਜ ਦੇਣ ਦੀ ਅਪੀਲ ਕੀਤੀ ਹੈ। ਜਿਸ ਵਿਚ ਸੈਲਾਨੀਆਂ ਦੀ ਵੱਡੀ ਆਮਦ ਨੂੰ ਨਿਰੰਤਰ ਬਣਾਈ ਰੱਖਣ ਲਈ ਸੈਲਾਨੀਆਂ ਅਤੇ ਕਾਰੋਬਾਰੀਆਂ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕਰਨ ਅਤੇ ਕਸ਼ਮੀਰ ਦੇ ਸੈਰ-ਸਪਾਟਾ ਹੱਬ ਦੀ ਬਾਂਹ ਫੜਦਿਆਂ ਵਾਦੀ ਵਿਚ ਆਵਾਜਾਈ ਦੇ ਸਾਧਨਾਂ ਨੂੰ ਹੋਰ ਬਿਹਤਰ ਬਣਾਉਣ ਤੋਂ ਇਲਾਵਾ ਉਚੇਚੇ ਤੌਰ ’ਤੇ ਹਵਾਈ ਸੇਵਾਵਾਂ ਵਿੱਚ ਖ਼ਾਸ ਵਾਧਾ ਕਰਨ ਦੀ ਲੋੜ ਤੋਂ ਜ਼ੋਰ ਦਿੱਤਾ। ਜਿਸ ਵਿਚ ਸ਼੍ਰੀਨਗਰ ਲਈ ਹਵਾਈ ਟਿਕਟਾਂ ‘ਤੇ ਸਬਸਿਡੀ ਦੇਣ ਅਤੇ ਹਵਾਈ ਟਿਕਟਾਂ ਦੀ ਖ਼ਰੀਦ ’ਚ ਟੈਕਸ ਰਾਹਤ ਦੇਣ ਤੋਂ ਇਲਾਵਾ ਅੰਮ੍ਰਿਤਸਰ, ਮੋਹਾਲੀ- ਚੰਡੀਗੜ੍ਹ, ਦਿੱਲੀ, ਮੁੰਬਈ ਅਤੇ ਹੋਰ ਸ਼ਹਿਰਾਂ ਤੋਂ ਸ਼੍ਰੀਨਗਰ ਲਈ ਹਵਾਈ ਉਡਾਣਾਂ ਦੀ ਗਿਣਤੀ ਵਧਾਉਣਾ ਸ਼ਾਮਿਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਗਾਮ ਹਮਲੇ ਨੇ 25 ਵਰ੍ਹੇ ਪ‌ਹਿਲਾਂ ਵਾਦੀ ਦੇ ਚਿੱਠੀ ਸਿੰਘ ਪੁਰਾ ’ਚ 35 ਸਿੱਖਾਂ ਨੂੰ ਬੇਰਹਿਮੀ ਨਾਲ ਕੀਤੇ ਗਏ ਕਤਲੇਆਮ ਦੀ ਪੀੜਾ ਵਲ ਮੁੜ ਧਿਆਨ ਦਿਵਾਇਆ ਹੈ, ਇਸ ਲਈ ਵਾਦੀ ਦੇ ਘਟ ਗਿਣਤੀ ਲੋਕਾਂ ’ਚ ਡਰ ਅਤੇ ਸਹਿਮ ਦਾ ਮਾਹੌਲ ਹੈ, ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਫ਼ਿਰਕੂ, ਸ਼ਰਾਰਤੀ ਤੇ ਅਤਿਵਾਦੀ ਅਨਸਰਾਂ ਨੂੰ ਦੁਬਾਰਾ ਸਿਰ ਚੁੱਕਣ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ।
ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਗਏ ਪੱਤਰ ਜਿਸ ਦੀ ਨਕਲ ਕੇਂਦਰੀ ਗ੍ਰਹਿ ਮੰਤਰੀ ਅਤੇ ਹਵਾਬਾਜ਼ੀ ਮੰਤਰੀ ਨੂੰ ਵੀ ਭੇਜੀ ਗਈ ਵਿਚ ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ 22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਖੇ ਮਾਸੂਮ ਸੈਲਾਨੀਆਂ ‘ਤੇ ਹੋਏ ਯੋਜਨਾਬੱਧ ਅਤੇ ਕਾਇਰਤਾਪੂਰਨ ਅੱਤਵਾਦੀ ਹਮਲੇ ਨੇ ਹਰ ਸ਼ਾਂਤੀ-ਪਸੰਦ ਨਾਗਰਿਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਹਮਲਾ ਨਾ ਸਿਰਫ਼ ਭਾਰਤੀ ਕਦਰਾਂ-ਕੀਮਤਾਂ ‘ਤੇ ਹਮਲਾ ਹੈ, ਸਗੋਂ ਸਾਡੀ ਆਤਮਾ ‘ਤੇ ਵੀ ਹਮਲਾ ਹੈ। 27 ਮਾਸੂਮ ਲੋਕਾਂ ਦੀ ਹੱਤਿਆ ਅਤੇ ਕਈ ਹੋਰਾਂ ਦੇ ਜ਼ਖ਼ਮੀ ਹੋਣ ਦੀ ਹਰ ਪਾਸਿਓਂ ਨਿੰਦਾ ਕੀਤੀ ਜਾ ਰਹੀ ਹੈ। ਮੈਂ ਇਸ ਮੁੱਦੇ ‘ਤੇ ਭਾਰਤ ਸਰਕਾਰ ਦੀ ਗੰਭੀਰ ਚਿੰਤਾ ਤੋਂ ਜਾਣੂ ਹਾਂ। ਨਿਆਂ ਯਕੀਨੀ ਬਣਾਉਣ ਅਤੇ ਪਾਕਿਸਤਾਨ ਅਤੇ ਇਸ ਦੁਆਰਾ ਸਿਖਲਾਈ ਪ੍ਰਾਪਤ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਹਰ ਸੰਭਵ ਕਦਮ ਚੁੱਕਣ ਦਾ ਭਾਰਤ ਸਰਕਾਰ ਦਾ ਇਰਾਦਾ ਬਹੁਤ ਸ਼ਲਾਘਾਯੋਗ ਹੈ।
ਮੇਰਾ ਮੰਨਣਾ ਹੈ ਕਿ ਅਗਸਤ 2019 ਵਿੱਚ ਧਾਰਾ 370 ਨੂੰ ਖ਼ਤਮ ਕਰਨ ਨਾਲ ਕਸ਼ਮੀਰ ਦਾ ਫ਼ਿਜ਼ਾ ਬਦਲ ਗਿਆ ਹੈ ਅਤੇ ਉੱਥੇ ਆਮ ਵਰਗੀ ਸਥਿਤੀ ਸਥਾਪਤ ਹੋਣ ਦੇ ਨਾਲ, ਜਿੱਥੇ ਕਾਰੋਬਾਰੀਆਂ ਨੇ ਪੂੰਜੀ ਨਿਵੇਸ਼ ਕੀਤੀ ਉੱਥੇ ਕਸ਼ਮੀਰ ਵਾਦੀ ਵਿੱਚ ਸੈਲਾਨੀਆਂ ਦੀ ਆਮਦ ਵੀ ਚੋਖੀ ਵਧੀ ਹੈ। ਕਸ਼ਮੀਰ ਘਾਟੀ ਵਿੱਚ ਆਮ ਸਥਿਤੀ ਦਾ ਬਣਨਾ ਕਸ਼ਮੀਰ ਬਾਰੇ ਪਾਕਿਸਤਾਨ ਦੇ ਪ੍ਰਾਪੇਗੰਡਾ ਨੂੰ ਝੂਠਾ ਸਾਬਤ ਕਰਨ ਲਈ ਕਾਫ਼ੀ ਸੀ, ਸੋ ਪਾਕਿਸਤਾਨ ਕਸ਼ਮੀਰ ਵਿੱਚ ਸ਼ਾਂਤੀ ਅਤੇ ਖ਼ੁਸ਼ਹਾਲੀ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਇਹੀ ਕਾਰਨ ਹੈ ਕਿ ਆਪਣੀ ਸਾਰਥਕਤਾ ਗੁਆਉਣ ਤੋਂ ਬਾਅਦ, ਪਾਕਿਸਤਾਨ ਅਤੇ ਇਸਦੇ ਸਿਖਲਾਈ ਪ੍ਰਾਪਤ ਅੱਤਵਾਦੀਆਂ ਨੇ ਪਹਿਲਗਾਮ ਵਿੱਚ ਕਸ਼ਮੀਰ ਬਾਰੇ ਆਪਣੇ ਏਜੰਡੇ ਨੂੰ ਦੁਬਾਰਾ ਲਾਗੂ ਕਰਨ ਲਈ ਬੇਦੋਸ਼ਿਆਂ ’ਤੇ ਅੱਤਿਆਚਾਰ ਕੀਤੇ। ਪਰ ਇਹ ਸੰਤੁਸ਼ਟੀ ਦੀ ਗੱਲ ਹੈ ਕਿ ਕਸ਼ਮੀਰੀ ਲੋਕਾਂ ਨੇ ਕਸ਼ਮੀਰ ਨੂੰ ਕਲੰਕਿਤ ਕਰਨ ਵਾਲੇ ਇਸ ਕਾਰੇ ਦੀ ਸਖ਼ਤ ਨਿੰਦਾ ਕੀਤੀ ਅਤੇ ਭਾਰਤ ਨਾਲ ਏਕਤਾ ਅਤੇ ਇਕਸੁਰਤਾ ਦਾ ਪ੍ਰਗਟਾਵਾ ਕੀਤਾ। ਇੱਥੋਂ ਤੱਕ ਕਿ ਇੱਕ ਸਥਾਨਕ ਕਸ਼ਮੀਰੀ ਸਈਦ ਆਦਿਲ ਹੁਸੈਨ ਸ਼ਾਹ ਸੈਲਾਨੀਆਂ ਦੀ ਜਾਨ ਬਚਾਉਣ ਲਈ ਅੱਤਵਾਦੀਆਂ ਨਾਲ ਭਿੜ ਗਿਆ ਅਤੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਦੁਸ਼ਮਣਾਂ ਦੇ ਫ਼ਿਰਕੂ ਏਜੰਡੇ ਨੂੰ ਤਾਰ ਤਾਰ ਕੀਤਾ। ਇਹ ਹਮਲਾ ਪਾਕਿਸਤਾਨ ਅਤੇ ਅਤੰਕੀਆਂ ਵੱਲੋਂ ਆਪਣੀ ਪ੍ਰਸੰਗਿਕਤਾ ਮੁੜ ਸਥਾਪਿਤ ਕਰਨ ਤੋਂ ਇਲਾਵਾ ਲੋਕਾਂ ਵਿੱਚ ਡਰ ਪੈਦਾ ਕਰਨ ਅਤੇ ਘਾਟੀ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਲਈ ਸੀ, ਜਿਸ ਕਾਰਨ ਅੱਜ ਕਸ਼ਮੀਰੀ ਲੋਕ ਪਾਕਿਸਤਾਨ ਅਤੇ ਅੱਤਵਾਦੀਆਂ ਨੂੰ ਨਫ਼ਰਤ ਤੇ ਤ੍ਰਿਸਕਾਰ ਦੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਇਹ ਸਪੱਸ਼ਟ ਹੈ ਕਿ ਉਕਤ ਹਮਲੇ ਨੇ ਘਾਟੀ ਵਿੱਚ ਸ਼ਾਂਤੀ ਭੰਗ ਕੀਤੀ ਹੈ ਅਤੇ ਹੁਣ ਸੈਲਾਨੀਆਂ ਦੀ ਆਮਦ ਘਟਣ ਦੀ ਸੰਭਾਵਨਾ ਹੈ, ਜਿਸ ਨਾਲ ਘਾਟੀ ਦੇ ਲੋਕਾਂ ਨੂੰ ਆਰਥਿਕ ਨੁਕਸਾਨ ਹੋਵੇਗਾ ।

Leave a Reply

Your email address will not be published. Required fields are marked *