ਟਾਪਪੰਜਾਬ

ਪੰਜਾਬ ਦੇ ਮੈਡੀਕਲ ਕਾਲਜਾਂ ਦੀਆਂ ਫੀਸਾਂ ਅਸਮਾਨ ਛੂ ਰਹੀਆਂ ਹਨ, ਵਿਦਿਆਰਥੀਆਂ ਨਾਲ ਹੋ ਰਿਹਾ ਹੈ ਧੱਕਾ: ਬਲਬੀਰ ਸਿੰਘ ਸਿੱਧੂ

ਮੋਹਾਲੀ-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੇ ਮੈਡੀਕਲ ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਬਣਦਾ ਵਜ਼ੀਫ਼ਾ ਨਾ ਮਿਲਣ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਉਨ੍ਹਾਂ ਕਿਹਾ, ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਪਾਸੇ ਸਿਹਤ ਮਾਡਲ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ ਅਤੇ ਦੂਜੇ ਪਾਸੇ ਇਹੀ ਸਰਕਾਰ ਇੰਟਰਨਸ਼ਿਪ ਕਰ ਰਹੇ ਮਿਹਨਤੀ ਨੌਜਵਾਨ ਡਾਕਟਰਾਂ ਨਾਲ ਧੱਕਾ ਕਰ ਰਹੀ ਹੈ। ਅੱਜ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਦੀਆਂ ਫੀਸਾਂ ਆਮ ਘਰਾਂ ਦੇ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਹੋ ਚੁੱਕੀਆਂ ਹਨ।”

ਸਿੱਧੂ ਨੇ ਕਾਂਗਰਸ ਸਰਕਾਰ ਦੇ ਸਮੇਂ ‘ਤੇ ਲੋਕਾਂ ਦਾ ਧਿਆਨ ਕੇਂਦਰਿਤ ਕਰਦਿਆਂ ਕਿਹਾ, “ਜਿੱਥੇ ਕਾਂਗਰਸ ਸਰਕਾਰ ਦੇ ਸਮੇਂ ਮੈਡੀਕਲ ਕਾਲਜ ਦੀ ਫੀਸ ਸਿਰਫ ₹4.4 ਲੱਖ ਸੀ, ਉਥੇ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਇਹਨੂੰ ਵਧਾ ਕੇ ₹9.5 ਲੱਖ ਕਰ ਦਿੱਤਾ ਹੈ। ਇਹ ਵਾਧਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।”

ਸਿੱਧੂ ਨੇ ਆਪ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਸਿਰਫ ਇਥੇ ਹੀ ਗੱਲ ਖਤਮ ਨਹੀਂ ਹੁੰਦੀ, 2019 ਵਿੱਚ ਕਾਂਗਰਸ ਸਰਕਾਰ ਨੇ ਇੰਟਰਨਸ਼ਿਪ ਕਰਨ ਵਾਲੇ ਡਾਕਟਰਾਂ ਦੇ ਵਜ਼ੀਫ਼ੇ ਵਿੱਚ ਵਾਧਾ ਕਰਦੇ ਹੋਏ ₹9,000 ਤੋਂ ₹15,000 ਕੀਤਾ ਸੀ। ਪਰ ਅਫਸੋਸ ਦੀ ਗੱਲ ਇਹ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੂੰ ਆਏ ਹੋਏ 3 ਸਾਲ ਹੋ ਚੁੱਕੇ ਹਨ, ਤੇ ਅੱਜ ਤੱਕ ਇਸ ਰਕਮ ਵਿੱਚ ਇੱਕ ਰੁਪਏ ਦਾ ਵੀ ਇਜ਼ਾਫਾ ਨਹੀਂ ਹੋਇਆ। ਅੱਜ ਇਨ੍ਹਾਂ ਡਾਕਟਰਾਂ ਨੂੰ ₹500 ਦਿਨ ਦੇ ਹਿਸਾਬ ਨਾਲ ਕੰਮ ਕਰਨਾ ਪੈਂਦਾ ਹੈ ਜੋ ਕਿ ਪੂਰੇ ਦੇਸ਼ ਵਿੱਚੋਂ ਸਭ ਤੋਂ ਘੱਟ ਹੈ।”

ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਾ ਹੋਏ ਸਿੱਧੂ ਨੇ ਕਿਹਾ, “ਇਹ ਡਾਕਟਰ 18 ਤੋਂ 36 ਘੰਟਿਆਂ ਦੀਆਂ ਲੰਬੀਆਂ ਅਤੇ ਥਕਾਵਟ ਭਰੀਆਂ ਸ਼ਿਫਟਾਂ ਵਿੱਚ ਹਸਪਤਾਲਾਂ ਵਿਚ ਆਪਣੀ ਡਿਊਟੀ ਨਿਭਾ ਰਹੇ ਹਨ। ਇਹ ਉਹ ਨੌਜਵਾਨ ਹਨ ਜੋ ਭਵਿੱਖ ਵਿੱਚ ਸਾਡਾ ਸਿਹਤ ਵਿਭਾਗ ਸਾਂਭਣਗੇ, ਪਰ ਅੱਜ ਉਹਨਾਂ ਨਾਲ ਹਮਦਰਦੀ ਦੀ ਬਜਾਏ ਗਲਤ ਹੋ ਰਿਹਾ ਹੈ।”

ਪੂਰੇ ਦੇਸ਼ ਬਾਰੇ ਗੱਲ ਕਰਦੇ ਹੋਏ ਸਿੱਧੂ ਨੇ ਕਿਹਾ, “ਜਦੋਂ ਅਸੀਂ ਹਰਿਆਣਾ, ਹਿਮਾਚਲ ਪ੍ਰਦੇਸ਼ ਜਾਂ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਉਥੇ ਇੰਟਰਨਜ਼ ਨੂੰ ₹30,000 ਤੋਂ ₹35,000 ਤੱਕ ਮਹੀਨਾਵਾਰ ਵਜ਼ੀਫ਼ਾ ਮਿਲ ਰਿਹਾ ਹੈ ਅਤੇ ਫੀਸ ਵੀ ਸਿਰਫ ₹3-4 ਲੱਖ ਦੇ ਦਰਮਿਆਨ ਹੈ। ਇਹ ਸਾਰੇ ਪੰਜਾਬ ਦੇ ਵਿਦਿਆਰਥੀਆਂ ਨਾਲ ਹੋ ਰਹੇ ਸਾਫ਼ ਵੱਖਰੇਵਾਂ ਦਾ ਸਬੂਤ ਹੈ।”

ਆਪ ਸਰਕਾਰ ਨੂੰ ਸਵਾਲ ਪੁੱਛਦਿਆਂ, ਸਿੱਧੂ ਨੇ ਕਿਹਾ ਕਿ ਅੱਜ ਸਵਾਲ ਇਹ ਨਹੀਂ ਕਿ ਕੇਵਲ ਫੀਸ ਵਧੀ ਹੈ ਜਾਂ ਵਜ਼ੀਫ਼ਾ ਘੱਟ ਹੈ, ਸਵਾਲ ਇਹ ਹੈ ਕਿ ਸਿਹਤ ਮਾਡਲ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਮੈਡੀਕਲ ਵਿਦਿਆਰਥੀਆਂ ਅਤੇ ਨੌਜਵਾਨ ਡਾਕਟਰਾਂ – ਨਾਲ ਇਹ ਧੱਕਾ ਕਿਉਂ ਕਰ ਰਹੀ ਹੈ? ਕੀ ਇਹ ਮਾਡਲ ਸਿਰਫ਼ ਇਸ਼ਤਿਹਾਰਾਂ ਦੀ ਹੱਦ ਤੱਕ ਸੀਮਿਤ ਹੈ?

ਕੋਰੋਨਾ ਸਮੇਂ ਨੂੰ ਯਾਦ ਕਰਦੇ ਹੋਏ ਸਿੱਧੂ ਨੇ ਕਿਹਾ, “ਕੋਰੋਨਾ ਦੇ ਸਭ ਤੋਂ ਔਖੇ ਸਮੇਂ ਵਿੱਚ ਇਹਨਾਂ ਡਾਕਟਰਾਂ ਨੇ ਹੀ ਲੋਕਾਂ ਦੀ ਜਾਣ ਬਚਾਈ ਅਤੇ ਅੱਜ ਆਪ ਸਰਕਾਰ ਇਹਨਾਂ ਨਾਲ ਹੀ ਧੱਕਾ ਕਰ ਰਹੀ ਹੈ। ਆਪ ਸਰਕਾਰ ਨੂੰ ਆਪਣੇ ‘ਤੇ ਸ਼ਰਮ ਆਉਣੀ ਚਾਹੀਦੀ ਹੈ।”

ਮੈਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਇਹ ਮੈਡੀਕਲ ਵਿਦਿਆਰਥੀ ਪੰਜਾਬ ਦਾ ਭਵਿੱਖ ਹਨ। ਇਹਨਾਂ ਨਾਲ ਇਨਸਾਫ਼ ਕੀਤਾ ਜਾਵੇ, ਨਹੀਂ ਤਾਂ ਕਾਨੂੰਨੀ, ਨੈਤਿਕ ਅਤੇ ਲੋਕਤੰਤਰਕ ਪੱਧਰ ਤੇ ਸਾਡੀ ਲੜਾਈ ਜਾਰੀ ਰਹੇਗੀ। ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੈਡੀਕਲ ਕਾਲਜਾਂ ਦੀ ਫੀਸ ਤੁਰੰਤ ਘਟਾ ਕੇ ਪੁਰਾਣੇ ਪੱਧਰ ਤੇ ਲਿਆਂਦੀ ਜਾਵੇ ਅਤੇ ਇੰਟਰਨਜ਼ ਦੇ ਵਜ਼ੀਫ਼ੇ ਨੂੰ ਘੱਟੋ-ਘੱਟ ₹30,000 ਮਹੀਨਾ ਕੀਤਾ ਜਾਵੇ।

ਸਿਹਤ ਮਾਡਲ ਦੀ ਸਫਲਤਾ ਤਦ ਹੀ ਸੰਭਵ ਹੈ ਜਦੋਂ ਸਾਡਾ ਨੌਜਵਾਨ ਡਾਕਟਰ ਖੁਸ਼, ਸੁਰੱਖਿਅਤ ਅਤੇ ਆਦਰਯੋਗ ਹੋਵੇ।

Leave a Reply

Your email address will not be published. Required fields are marked *