ਟਾਪਪੰਜਾਬ

ਪੰਜਾਬ ਸਰਕਾਰ ‘ਇੱਕ ਖਿੜਕੀ’ ਦੀ ਨੀਤੀ ਅਪਣਾਏ – ਡਾ. ਸਤਿੰਦਰ ਸਰਤਾਜ

ਚੰਡੀਗੜ੍ਹ: ਪਿੱਛਲੇ ਕੁੱਝ ਮਹੀਨਿਆਂ ਤੋਂ ਗਾਇਕਾਂ ਵੱਲੋਂ ਚੰਡੀਗੜ੍ਹ ਵਿੱਚ ਕੀਤੇ ਜਾ ਰਹੇ ਸ਼ੋਆਂ ਨੂੰ ਲੈ ਕੇ ਪ੍ਰਸ਼ਾਸਨ ਖਾਸ ਕਰ ਚੰਡੀਗੜ੍ਹ ਪੁਲਿਸ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਹੋਏ ਦਿਲਜੀਤ ਦੋਸਾਂਝ ਨੇ ਤਾਂ ਸਟੇਜ ਤੇ ਹੀ ਕਹਿ ਦਿੱਤਾ ਕਿ ਭਾਰਤ ਵਿੱਚ ਸ਼ੋਅ ਕਰਣ ਦਾ ਕੋਈ ਢਾਂਚਾ ਮਤਲਬ ਕੋਈ ਸਰਕਾਰੀ ਗਾਈਡਲਾਈਨਜ਼ ਹੀ ਨਹੀਂ ਹਨ। ਇਸ ਸਾਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਆਪਣੇ ਸ਼ੋਅ ਤੋਂ ਬਾਅਦ ਸਤਿੰਦਰ ਸਰਤਾਜ ਟੀਮ ਵੱਲੋਂ ਚੰਡੀਗੜ੍ਹ ਪੁਲਿਸ ਦੇ ਡੀ ਜੀ ਪੀ ਤੇ ਹੋਰ ਉੱਚ ਪੱਧਰ ਦੇ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਪੁਲਿਸ ਵੱਲੋਂ ਕੀਤੀ ਬਦਸਲੂਕੀ ਦਾ ਜ਼ਿਕਰ ਕੀਤਾ ਸੀ। ਇਸੇ ਤਰਾਂ ਕਰਨ ਔਜਲੇ ਦੇ ਸ਼ੋਅ ਹੋਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਉਸ ਉੱਤੇ 1 ਕਰੋੜ ਤੋਂ ਉੱਪਰ ਦਾ ਜੁਰਮਾਨਾ ਲਾਇਆ ਹੈ ਕਿ ਇਸਨੇ ਪਰਮਿਟ ਤੇ ਇਜਾਜ਼ਤ ਮਿਲਣ ਤੋਂ ਪਹਿਲਾਂ ਇਸ਼ਤਿਹਾਰ ਕਿਉਂ ਦਿੱਤੇ। ਇੱਥੇ ਇਹ ਜ਼ਿਕਰਯੋਗ ਹੈ ਕਿ ਸ਼ੋਅ ਦਾ ਪਰਮਿਟ ਦੇਣ ਲਈ ਹਰ ਵਿਭਾਗ, ਗਾਇਕ ਵੱਲੋਂ ਅਰਜ਼ੀ ਨੱਪ ਕੇ ਬੈਠਾ ਰਹਿੰਦਾ ਹੈ ਤੇ ਸ਼ੋਅ ਦੇ ਪਾਸ ਲਈ ਬਲੈਕਮੇਲ ਕਰਦਾ ਰਹਿੰਦਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਦਿਲਜੀਤ ਦੋਸਾਂਝ ਤੋਂ 5000 ਪਾਸਾਂ ਦੀ ਮੰਗ ਕੀਤੀ ਗਈ। ਪੁਲਿਸ ਵੱਲੋਂ ਪਾਸ ਮਿਲ ਲੈਣ ਦੇ ਬਾਵਜੂਦ ਵੀ ਸ਼ੋਅ ਤੇ ਆ ਕੇ ਧੱਕੇ ਨਾਲ ਬੰਦੇ ਫਰੀ ਵਿੱਚ ਵਾੜੇ ਜਾਂਦੇ ਹਨ। ਇਸ ਕੰਮ ਦੀ ਸੱਭ ਤੋਂ ਵੱਧ ਦਿੱਕਤ ਸਤਿੰਦਰ ਸਰਤਾਜ ਦੇ ਸ਼ੋਆਂ ਵਿੱਚ ਆਉਂਦੀ ਹੈ। ਉਸਦੇ ਸ਼ੋਆਂ ਵਿੱਚ ਸੀਟ ਨੰਬਰ ਲੱਗੇ ਹੁੰਦੇ ਹਨ ਅਤੇ ਸ਼ੋਅ ਵਧੀਆ ਢੰਗ ਨਾਲ ਆਯੋਜਿਤ ਕੀਤੇ ਹੁੰਦੇ ਹਨ ਜਿੱਥੇ ਪਰਿਵਾਰ ਬੈਠ ਕੇ ਸਕੂਨ ਨਾਲ ਅਨੰਦ ਮਾਣ ਸਕਦੇ ਹਨ। ਕਈ ਵਾਰੀ ਪੁਲਿਸ ਵੱਲੋਂ ਇਸਤਰਾਂ ਅੰਦਰ ਵਾੜੇ ਬੰਦੇ ਲੋਕਾਂ ਦੀਆਂ ਸੀਟਾਂ ਤੇ ਬੈਠ ਜਾਂਦੇ ਹਨ ਤੇ ਜਿਹਨਾਂ ਤੋਂ ਸੀਟਾਂ ਖਾਲੀ ਕਰਾਉਣਾ ਏਨਾ ਸੌਖਾ ਨਹੀਂ ਹੁੰਦਾ। ਸਤਿੰਦਰ ਸਰਤਾਜ ਦੀ ਟੀਮ ਨਾਲ ਗੱਲ ਹੋਣ ਤੋਂ ਪਤਾ ਲੱਗਿਆ ਕਿ ਉਹ ਅੱਗੇ ਤੋਂ ਕਦੇ ਵੀ ਚੰਡੀਗੜ੍ਹ ਸ਼ੋਅ ਨਹੀਂ ਕਰਣਗੇ ਅਤੇ ਇਸੇ ਤਰਾਂ ਦੇ ਵਿਚਾਰ ਕਰਨ ਔਜਲਾ ਤੇ ਦਿਲਜੀਤ ਦੁਸਾਂਝ ਵੱਲੋਂ ਪ੍ਰਗਟਾਏ ਗਏ ਹਨ।

 

ਇੱਥੇ ਇਹ ਜ਼ਿਕਰਯੋਗ ਹੈ ਕਿ ਵਿਦੇਸ਼ਾਂ ਵਿੱਚ ਸ਼ਹਿਰਾਂ ਦੇ ਮੇਅਰ ਪੰਜਾਬੀ ਗਾਇਕਾਂ ਨੂੰ ਉਹਨਾਂ ਦੇ ਸ਼ਹਿਰਾਂ ਵਿੱਚ ਸ਼ੋਅ ਕਰਣ ਲਈ ਬੇਨਤੀਆਂ ਕਰਦੇ ਹਨ ਕਿਉ ਕਿ ਸ਼ੋਅ ਹੋਣ ਨਾਲ ਸ਼ਹਿਰ ਜਾਂ ਰਾਜ ਨੂੰ ਟੈਕਸ ਮਿਲਦਾ ਹੈ, ਉੱਥੇ ਦੇ ਕਾਮਿਆਂ ਨੂੰ ਕੰਮ ਮਿਲਦਾ ਹੈ ਤੇ ਸ਼ਹਿਰ ਦੇ ਹੋਟਲਾਂ, ਰੈਸਟੋਰੈਂਟਾ ਜਾਂ ਹੋਰ ਸ਼ਾਪਿੰਗ ਵਗੈਰਾ ਦਾ ਕਾਰੋਬਾਰ ਮਿਲਦਾ ਹੈ। ਉਦਾਹਰਨ ਲਈ ਇੱਕਲੇ ਦਿਲਜੀਤ ਦੁਸਾਂਝ ਦੇ ਸ਼ੋਅ ਦਾ ਚੰਡੀਗੜ੍ਹ ਨੂੰ 2 ਕਰੋੜ ਤੋਂ ਉੱਪਰ ਜੀ ਐਸ ਟੀ ਅਦਾ ਹੋਣ ਦੀ ਉਮੀਦ ਹੈ। ਬੁੱਕ ਮਾਈ ਸ਼ੋਅ ਦੇ ਹਵਾਲੇ ਨਾਲ ਸਤਿੰਦਰ ਸਰਤਾਜ ਵੱਲੋਂ ਪਿੱਛਲੇ ਸਾਲ 3 ਕਰੋੜ 80 ਲੱਖ ਰੁਪਏ ਜੀ ਐਸ ਟੀ ਭਰਿਆ ਗਿਆ ਹੈ। ਇਸ ਵਤੀਰੇ ਕਾਰਣ ਹੀ ਦਿਲਜੀਤ ਦੁਸਾਂਝ ਨੇ ਸਟੇਜ ਤੋਂ ਪ੍ਰਸ਼ਾਸਨ ਦੀ ਅਲੋਚਨਾ ਕੀਤੀ ਹੈ। ਪਰਮਿਟ ਦੇਣ ਲੱਗੇ ਅਫਸਰ ਇਸਤਰਾਂ ਮਹਿਸੂਸ ਕਰਾਉਂਦੇ ਹਨ ਜਿਵੇਂ ਉਹਨਾਂ ਨੇ ਪਰਮਿਟ ਦੇ ਕੇ ਗਾਇਕ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ। ਸਤਿੰਦਰ ਸਰਤਾਜ ਦੀ ਟੀਮ ਨੇ ਦੱਸਿਆ ਕਿ ਪੰਜਾਬ ਵਿੱਚ ਤਕਰੀਬਨ ਸਾਰੇ ਡੀਸੀ ਜਾਂ ਐਸ ਐਸ ਪੀ ਬਹੁਤ ਸਹਿਯੋਗ ਦਿੰਦੇ ਹਨ ਪਰ ਕਈ ਵਾਰੀ ਮੌਕੇ ਤੇ ਤਾਇਨਾਤ ਮੁਲਾਜ਼ਮਾਂ ਵਲੋਂ ਸਹਿਯੋਗ ਨਹੀਂ ਮਿਲਦਾ

 

ਸਤਿੰਦਰ ਸਰਤਾਜ ਨੇ ਪੰਜਾਬ ਸਰਕਾਰ ਖ਼ਾਸ ਕਰ ਚੀਫ ਮਨਿਸਟਰ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਤਰਾਂ ਦੇ ਵਤੀਰੇ ਨੂੰ ਰੋਕਿਆ ਜਾਵੇ। ਇਸਨੂੰ ਸੁਖਾਲਾ ਕਰਣ ਲਈ ‘ਇੱਕ ਖਿੜਕੀ’ ਦੀ ਵਿਵਸਥਾ ਬਣਾਈ ਜਾਵੇ ਜਿੱਥੇ ਆਰਟਿਸਟ ਵੱਲੋਂ ਸਿਰਫ ਇੱਕ ਅਰਜ਼ੀ ਦਿੱਤੀ ਜਾਵੇ ਅਤੇ ਸਰਕਾਰ ਆਪ ਹੀ ਸਾਰੇ ਪਰਮਿਟ ਲੈ ਕੇ ਦੇਵੇ। ਯਾਦ ਰਹੇ ਸਤਿੰਦਰ ਸਰਤਾਜ ਪੰਜਾਬ ਦਾ ਉਹ ਗਾਇਕ ਹੈ ਜਿਸਨੇ ਟਿੱਕਟ ਵਾਲੇ ਸ਼ੋਆਂ ਦਾ ਮਾਡਲ ਪੰਜਾਬ ਵਿੱਚ ਲਿਆਂਦਾ ਜਿਸ ਕਾਰਣ ਪਰਿਵਾਰ ਖਾਸ ਕਰ ਔਰਤਾਂ ਇਹਨਾਂ ਵਿੱਚ ਜਾ ਕੇ ਅਨੰਦ ਮਾਣ ਸਕਦੀਆਂ ਹਨ ਨਹੀਂ ਤਾਂ ਇਸਤੋਂ ਪਹਿਲਾਂ ਪੰਜਾਬੀ ਗਾਇਕੀ ਸਿਰਫ ਵਿਆਹਾਂ , ਮੇਲਿਆਂ ਜਾਂ ਕੱਬਡੀਆਂ ਵਿੱਚ ਹੀ ਸੁਣੀ ਜਾਂਦੀ ਸੀ ਜਿੱਥੇ ਮਹੌਲ ਸੰਜੀਦਾ ਨਹੀਂ ਸੀ ਹੁੰਦਾ।

Leave a Reply

Your email address will not be published. Required fields are marked *