ਫਤਹਿ ਦਿਵਸ ਕਿਲਾ ਲੋਹਗੜ੍ਹ ਸਾਹਿਬ ਅੰਮ੍ਰਿਤਸਰ ‘ਤੇ ਵਿਸ਼ੇਸ਼:ਡਾ. ਚਰਨਜੀਤ ਸਿੰਘ ਗੁਮਟਾਲਾ

ਪ੍ਰਸਿੱਧ ਲੇਖਕ ਸਤਿਬੀਰ ਸਿੰਘ ਸਿੱਖਾਂ ਤੇ ਮੁਗਲਾਂ ਵਿਚ ਹੋਇ ਇਸ ਪਹਿਲੇ ਯੁੱਧ ਬਾਰੇ ਲਿਖਦੇ ਹਨ ਕਿ 1629 ਈ. ਵਿੱਚ ਪਿੰਡ ਗੁਮਟਾਲੇ ਦੀ ਥਾਂ ੳੁੱਤੇ ਐਸੀ ਘਟਨਾ ਹੋ ਗਈ ਜਿਸ ਨੇ ਜੰਗ ਦਾ ਆਰੰਭ ਕਰ ਦਿੱਤਾ ਤਾਂ ਲਤੀਫ਼ ਅਨੁਸਾਰ, ‘ਮੁਗ਼ਲਾਂ ਅਤੇ ਸਿੱਖਾਂ ਵਿਚਕਾਰ ਪਹਿਲੀ ਲੜਾਈ ਹੋਈ ਜਿਸ ਉਪਰੰਤ ਇਤਿਹਾਸ ਵਿੱਚ ਹੋਰ ਕਈ ਲੜਾਈਆਂ ਦਾ ਮੁੱਢ ਬੱਝਿਆ’।
ਗੁਰੂ ਹਰਿਗੋਬਿੰਦ ਜੀ ਸ਼ਿਕਾਰ ਖੇਡਣ ਲਈ ਗੁਮਟਾਲੇ ਆਪਣੇ ਸਿੱਖਾਂ ਸਮੇਤ ਗਏ। ਦੇਵ ਨੇਤ ਨਾਲ ਸ਼ਾਹੀ ਫ਼ੌਜਾਂ ਵੀ ਲਾਗੇ ਹੀ ਸ਼ਿਕਾਰ ਖੇਡਣ ਲਈ ਉਤਰੀਆਂ ਹੋਈਆਂ ਸਨ। ਗੁਰੂ ਜੀ ਦੇ ਬਾਜ਼ ਨੇ ਸ਼ਾਹੀ ਬਾਜ਼ ਨੂੰ ਜਾ ਦਬਾਇਆ। ਸਿੱਖ ਰਵਾਇਤ ਅਨੁਸਾਰ ਸ਼ਾਹੀ ਬਾਜ਼ ਆਪਣੇ ਸ਼ਿਕਾਰ ਨੂੰ ਠੂੰਗੇ ਮਾਰ ਕੇ ਤਸੀਹੇ ਦੇਂਦਾ ਸੀ। ਸ਼ਿਕਾਰ ਨੂੰ ਘੜੀ-ਮੁੜੀ ਅਸਮਾਨ ਉਤੇ ਲੈ ਜਾ ਕੇ ਭੁੰਜੇ ਜ਼ਮੀਨ ਵੱਲ ਸੁੱਟਦਾ ਸੀ। ਸਿੱਖ ਸ਼ਿਕਾਰ ਨਾਲ ਇਸ ਤਰ੍ਹਾਂ ਵਰਤਾਉ ਕੀਤੇ ਜਾ ਰਹੇ ਨੂੰ ਸਹਾਰ ਨਾ ਸਕੇ। ਉਨ੍ਹਾਂ ਆਪਣਾ ਬਾਜ਼ ਉਡਾ ਕੇ ਤਸੀਹੇ ਦੇਂਦੇ ਬਾਜ ਨੂੰ ਪਕੜ ਲਿਆਂਦਾ। ਜਦ ਅਹਿਲਕਾਰਾਂ ਨੇ ਬਾਜ਼ ਵਾਪਸ ਮੰਗਿਆ ਤਾਂ ਸਿੱਖਾਂ ਨੇ ਇਨਕਾਰ ਕਰ ਦਿੱਤਾ। ਸ਼ਾਹੀ ਫ਼ੌਜਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਕਿ ਇਸ ਬਾਜ਼ ਦੇ ਨਾ ਵਾਪਸ ਕਰਨ ਦਾ ਸਿੱਟਾ ਜੰਗ ਹੋਵੇਗੀ। ਗੁਰੂ ਜੀ ਨੇ ਧਮਕੀਆਂ ਅੱਗੇ ਝੁਕਣਾ ਧਰਮ ਵਿਰੁੱਧ ਸਮਝਿਆ। ‘ਅਣਖ ਲਈ ਲੜਨਾ ਹੀ ਧਰਮ’ ਕਿਹਾ।
ਗ਼ੁਲਾਮ ਰਸੂਲ ਖ਼ਾਨ ਦੀ ਕਮਾਨ ਹੇਠਾਂ ਮੁਖਲਿਸ ਖ਼ਾਨ ਨੇ ਸ਼ਾਹ ਜਹਾਨ ਦੇ ਕਹਿਣ ਉਤੇ 7000 ਫ਼ੌਜ਼ ਭੇਜੀ। ਸ਼ਾਹਜਹਾਨ ਨੂੰ ਇਹ ਕਹਿ ਕੇ ਚੁੱਕਿਆ ਸੀ ਕਿ ਅੱਜ ਬਾਜ਼ ਨੂੰ ਹੱਥ ਪਾਇਆ ਨੇ, ਕੱਲ੍ਹ ਤਾਜ ਨੂੰ ਪਾਉਣਗੇ। ਗੁਰੂ ਜੀ ਜੰਗ ਲਈ ਤਿਆਰ ਨਹੀਂ ਸਨ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਅੰਮ੍ਰਿਤਸਰ ਵਿੱਚ ਬੀਬੀ ਵੀਰੋ ਜੀ ਦੇ ਅਨੰਦ ਕਾਰਜ ਦਾ ਪ੍ਰਬੰਧ ਕਰ ਰਹੇ ਸਨ ਅਤੇ ਵਿਆਹ ਨੂੰ ਕੁਝ ਦਿਨ ਹੀ ਬਾਕੀ ਸਨ ਪਰ ਜਦ ਫ਼ੌਜ ਦੀ ਚੜ੍ਹਾਈ ਦਾ ਪਤਾ ਲੱਗਾ ਤਾਂ ਗੁਰੂ ਜੀ ਨੇ ਆਪਣੇ ਸੇਵਕਾਂ ਦੀ ਫ਼ੌਜ਼ ਨਾਲ ਲੈ ਕੇ ਟਾਕਰਾ ਕਰਨ ਦਾ ਫ਼ੈਸਲਾ ਕੀਤਾ। ਪਹਿਲੀ ਹੀ ਝਪਟ ਵਿੱਚ ਗ਼ੁਲਾਮ ਰਸੂਲ ਭੱਜ ਗਿਆ ਅਤੇ ਸਿੱਖਾਂ ਨੂੰ ਪਹਿਲੀ ਜਿੱਤ ਪ੍ਰਾਪਤ ਹੋਈ। ਇਹ ਜੰਗ ਸੰਗਰਾਣਾ ਸਾਹਿਬ ਦੇ ਅਸਥਾਨ ‘ਤੇ ਹੋਈ।
ਮੁਖਲਿਸ ਖ਼ਾਨ ਚੜ੍ਹ ਕੇ ਆਇਆ :- ਜਿੱਥੇ ਅੱਜਕੱਲ੍ਹ ਖ਼ਾਲਸਾ ਕਾਲਜ ਹੈ ੳੁੱਥੇ ਤੇ ਇਸ ਦੇ ਆਸ ਪਾਸ ਇਹ ਜੰਗ ਹੋਈ ਸੀ। ਇਸ ਮੁੱਢਲੀ ਹਾਰ ਨੂੰ ਵੇਖ ਕੇ ਮੁਖਲਿਸ ਖ਼ਾਨ ਨੇ ਆਪ ਗੁਰੂ ਜੀ ਵਿਰੁੱਧ ਚੜ੍ਹਾਈ ਕੀਤੀ। ਗੁਰੂ ਜੀ ਵੀ ਜਾਣ ਗਏ ਸਨ ਕਿ ਇਹ ਗੱਲ ਇੱਥੇ ਨਹੀਂ ਮੁੱਕਣੀ। ਇਸ ਲਈ ਉਨ੍ਹਾਂ ਵੀ ਜਿੱਥੋਂ ਤੱਕ ਹੋ ਸਕਿਆ, ਤਿਆਰੀ ਕਰ ਲਈ। ਸਿੱਖਾਂ ਦੇ ਕੁਝ ਕਰਾਰੇ ਹੱਥ ਸਹਿ ਕੇ ਹੀ ਮੁਗ਼ਲਾਂ ਦੀ ਫ਼ੌਜ ਘਬਰਾ ਗਈ ਪਰ ਹੱਲਾ-ਸ਼ੇਰੀ ਦੇਣ ਨਾਲ ਫ਼ੌਜ਼ ਦੇ ਪੈਰ ਜੰਮ ਗਏ। ਸਿੱਖਾਂ ਦੀ ਫ਼ੌਜ਼ ਵਿੱਚ ਵੀ ਹਲਚਲ ਮੱਚੀ, ਪਰ ਗੁਰੂ ਜੀ ਨੇ ਜਦੋਂ ਕਮਾਨ ਸੰਭਾਲੀ ਤਾਂ ਡਿੱਗਦੇ ਹੌਂਸਲੇ ਵੀ ਖੜ੍ਹੇ ਹੋ ਗਏ। ਸ਼ਾਮ ਤੱਕ ਲੜਾਈ ਹੁੰਦੀ ਰਹੀ। ਕੋਈ ਫ਼ੈਸਲਾ ਨਾ ਹੋ ਸਕਿਆ। ਅੰਤ ਰਾਤ ਦਾ ਅਨ੍ਹੇਰਾ ਛਾ ਗਿਆ।

ਮੁਖਲਿਸ ਖ਼ਾਨ ਨੇ ਸੋਚਿਆ ਕਿ ਗੁਰੂ ਜੀ ਕੋਲੋਂ ਨਾ-ਮਾਤਰ ਈਨ ਮੰਨਵਾ ਲਈ ਜਾਵੇ। ਉਸ ਰਾਤੀਂ ਕਾਸਦ ਭੇਜਿਆ। ਗੁਰੂ ਜੀ ਨੇ ਜਵਾਬ ਦਿੱਤਾ : ‘ਇਹ ਠੀਕ ਹੈ, ਅਸਾਂ ਕੋਈ ਮੱਲ ਨਹੀਂ ਮਾਰਨੀ, ਮੁਲਕ ਕੋਈ ਨਹੀਂ ਮੱਲਣਾ, ਪਰ ਅਸਾਂ ਅਨਿਆਂ ਦਾ ਰਾਜ ਵੀ ਚੱਲਣ ਨਹੀਂ ਦੇਣਾ, ਗਰੀਬਾਂ ਉਤੇ ਧੱਕਾ ਨਹੀਂ ਹੋਣ ਦੇਣਾ, ਮਾਸੂਮਾਂ ਨੂੰ ਜਬਰ ਤੋਂ ਬਚਾਉਣਾ ਹੈ। ਹਕੂਮਤ ਜਬਰ ਦੇ ਬਲ ਉਤੇ ਚਲ ਰਹੀ ਹੈ। ਦੁਨੀਆਂ ਦੇ ਮਾਲਕ ਨੂੰ ਹੰਕਾਰ ਕਦੇ ਨਹੀਂ ਭਾਇਆ। ਉਹ ਸੱਚਿਆ ਦਾ ਸਾਥੀ ਹੈ ਤੇ ਧਰਮੀਆਂ ਦਾ ਰਾਖਾ ਹੈ। ਈਨ ਮੰਨਣ ਜਾਂ ਨਾ ਮੰਨਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ’।
ਇਹ ਉਤਰ ਪਾ ਕੇ ਮੁਖਲਿਸ ਖ਼ਾਨ ਨੇ ਫ਼ੈਸਲਾਕੁਨ ਲੜਾਈ ਕਰਨ ਦਾ ਫ਼ੈਸਲਾ ਕੀਤਾ। ਨਾਲ ਹੀ ਮੁਖਲਿਸ ਖ਼ਾਨ ਨੇ ਇਹ ਖਾਹਿਸ਼ ਪ੍ਰਗਟ ਕੀਤੀ ਕਿ ਫ਼ੌਜ਼ਾਂ ਨੂੰ ਮਰਵਾਉਣ ਦਾ ਕੀ ਲਾਭ? ਕੇਵਲ ਗੁਰੂ ਅਤੇ ਉਸ ਦੀ ਸਾਂਝੀ ਆਹਮੋ-ਸ੍ਹਾਵੀਂ ਦੁਵੱਲੀ ਲੜਾਈ ਹੋ ਜਾਏ। ਉਸ ਦੁਵੱਲੀ ਲੜਾਈ ਵਿੱਚ ਪਹਿਲਾ ਵਾਰ ਮੁਖਲਿਸ ਖ਼ਾਨ ਨੇ ਕੀਤਾ ਪਰ ਉਹ ਅੰਞਾਈਂ ਚਲਾ ਗਿਆ। ਫੇਰ ਗੁਰੂ ਹਰਿਗੋਬਿੰਦ ਜੀ ਨੇ ਆਪਣੇ ਖੰਡੇ ਨਾਲ ਅਜਿਹਾ ਵਾਰ ਕੀਤਾ ਕਿ ਮੁਖਲਿਸ ਖ਼ਾਨ ਦੀ ਢਾਲ ਚੀਰ ਕੇ ਉਸ ਦੇ ਸਿਰ ਵਿੱਚੋਂ ਪਾਰ ਕਰ ਗਿਆ। ਮੁਖਲਿਸ ਖ਼ਾਨ ਦੀਆਂ ਫ਼ੌਜ਼ਾਂ ਵਾਪਸ ਮੁੜ ਗਈਆਂ ਅਤੇ ਗੁਰੂ ਜੀ ਉਥੋਂ ਸਿੱਧੇ ਝੁਬਾਲ ਚਲੇ ਗਏ ਅਤੇ ਉਥੇ ਹੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਕੀਤਾ।
ਆਸਫ਼ ਖ਼ਾਨ ਪ੍ਰਧਾਨ ਮੰਤਰੀ ਨੂੰ ਜਦ ਸਾਰੀ ਗੱਲਬਾਤ ਤੇ ਲੜਾਈ ਦਾ ਪਤਾ ਲੱਗਾ ਤਾ ਉਸ ਨੇ ਗਵਰਨਰ ਕੁਲੀਜ਼ ਖ਼ਾਨ ਨੂੰ ਹਟਾ ਦਿੱਤਾ ਅਤੇ ਉਸ ਦੀ ਥਾਂ ਅਨਾਇਤ-ਉਲਾ ਏਜ਼ਦੀ ਨੂੰ ਪੰਜਾਬ ਦਾ ਗਵਰਨਰ ਥਾਪਿਆ। ਸ਼ਾਹਜਹਾਨ ਆਪ ਪੰਜਾਬ ਨਹੀਂ ਆ ਸਕਦਾ ਸੀ ਸੋ ਉਸ ਨੇ ਆਸਫ਼ ਖ਼ਾਨ ਦੇ ਪ੍ਰਬੰਧ ਦੀ ਹਮਾਇਤ ਕੀਤੀ।
ਡਾ. ਸੁਖਦਿਆਲ ਸਿੰਘ ਇਸ ਯੁੱਧ ਬਾਰੇ ਲਿਖਦੇ ਹਨ ਕਿ ਹੋਰ ਰਿਸ਼ਤੇਦਾਰਾਂ ਨੂੰ ਕਤਲ ਕਰਕੇ, ਸ਼ਾਹ ਜ਼ਹਾਨ ਨੇ ਆਪਣੇ ਸਹੁਰਾ ਆਸਿਫ਼ ਖ਼ਾਨ ਦੀ ਮਦਦ ਨਾਲ ਰਾਜ-ਭਾਗ ਸੰਭਾਲਿਆ । ਉਹ ਮੁਸਲਿਮ ਜਗਤ ਨੂੰ ਖੁਸ਼ ਕਰਨਾ ਚਾਹੁੰਦਾ ਸੀ। ਇਸ ਮਨੋਰਥ ਦੀ ਪੂਰਤੀ ਲਈ ਉਸ ਨੇ ਨਵੀਂ ਧਾਰਮਿਕ ਨੀਤੀ ਦਾ ਐਲਾਨ ਕੀਤਾ। ਇਸ ਤਹਿਤ ਮੁਸਲਮਾਨਾਂ ਵੱਲੋਂ ਧਰਮ ਬਦਲਣ ‘ਤੇ ਪਾਬੰਦੀ ਲਾਈ ਗਈ ਸੀ। ਹਿੰਦੂਆਂ ਦਾ ਕੋਈ ਨਵਾਂ ਮੰਦਰ ਨਹੀਂ ਬਣ ਸਕਦਾ ਸੀ। ਇਉਂ ਇਸ ਨੀਤੀ ਤੋਂ ਹੱਲਾਸ਼ੇਰੀ ਲੈ ਕੇ ਮੁਸਲਮਾਨ ਜਗਤ ਦੇ ਕੱਟੜ ਪੈਰੋਕਾਰ ਗੈਰ-ਮੁਸਲਮਾਨਾਂ ਪ੍ਰਤੀ ਹਮਲਾ ਕਰੂ ਨੀਤੀ ਅਪਣਾਉਣ ਲੱਗ ਪਏ ਸਨ। ਇਸ ਦਾ ਅਸਰ ਪੰਜਾਬ ਵਿੱਚ ਵੀ ਹੋਇਆ। ਸਿੱਖ ਧਰਮ ਦੀ ਵਿਰੋਧਤਾ ਕਰਨ ਵਾਲੇ ਮੁਸਲਿਮ ਕੱਟੜਪੰਥੀ ਮੌਲਾਣੇ ਅਤੇ ਅਧਿਕਾਰੀ ਗੁਰੂ ਹਰਿਗੋਬਿੰਦ ਸਾਹਿਬ ਪ੍ਰਤੀ ਅਤੇ ਸਿੱਖ ਗੁਰਦੁਆਰਿਆਂ ਪ੍ਰਤੀ ਹਮਲਾ ਕਰੂ ਰੁੱਖ ਅਖਤਿਆਰ ਕਰਨ ਲੱਗ ਪਏ ਸਨ। ਲਾਹੌਰ ਵਿੱਚ ਗੁਰੂ ਰਾਮਦਾਸ ਜੀ ਵੱਲੋਂ ਲਗਵਾਈ ਗਈ ਬਾਉਲੀ ਸਾਹਿਬ ਨੂੰ ਮਿੱਟੀ ਨਲ ਭਰ ਦਿੱਤਾ ਗਿਆ ਸੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਲੜਾਈਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਲੜਾਈਆਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਤੁਰੰਤ ਪਿੱਛੋਂ ਨਹੀਂ ਹੋਈਆਂ ਸਗੋਂ ਉਸ ਸਮੇਂ ਹੋਈਆਂ ਸਨ ਜਦੋਂ ਸਿੱਖ ਜਗਤ ਆਪਣੇ ਸ਼ਹੀਦ ਗੁਰੂ ਦੀ ਸ਼ਹਾਦਤ ਦੇ ਗ਼ਮ ਵਿੱਚੋਂ ਸੰਭਲ ਕੇ ਧਰਮ ਪ੍ਰਚਾਰ ਵਿੱਚ ਲੱਗਾ ਹੋਇਆ ਸੀ। ਬਾਦਸ਼ਾਹ ਜਹਾਂਗੀਰ ਦਾ ਪਿਛਲਾ ਸਾਰਾ ਸਮਾਂ ਗੁਰੂ-ਘਰ ਪ੍ਰਤੀ ਦੋਸਤਾਨਾ ਸੀ। ਪਰ ਉਸ ਦੀ ਮੌਤ ਬਾਅਦ ਜਦੋਂ ਉਸ ਦਾ ਪੁੱਤਰ ਸ਼ਾਹ ਜਹਾਨ ਬਾਦਸ਼ਾਹ ਦੇ ਮੁੱਢਲੇ ਸਮੇਂ ਵਿੱਚ ਹੋਈਆਂ ਸਨ। ਸ਼ਾਹ ਜਹਾਨ 1627 ਈ. ਵਿੱਚ ਗੱਦੀ ‘ਤੇ ਬੈਠਾ ਸੀ ਅਤੇ ਗੁਰੂ ਜੀ ਨੂੰ ਪਹਿਲੀ ਲੜਾਈ 1629 ਈ. ਵਿੱਚ ਕਰਨੀ ਪਈ ਸੀ। ਬਾਦਸ਼ਾਹ ਪੰਜਾਬ ਤੋਂ ਦੂਰ ਸੀ ਅਤੇ ਪੰਜਾਬ ਦੇ ਅਧਿਕਾਰੀ
ਲਾਹੌਰ ਦਾ ਗਵਰਨਰ ਕੁਲੀਜ਼ ਖ਼ਾਨ ਸੀ। ਉਸ ਨੇ ਆਪਣੇ ਇੱਕ ਫ਼ੌਜਦਾਰ ਮੁਖਲਿਸ ਖ਼ਾਨ ਨੂੰ ਅੰਮ੍ਰਿਤਸਰ ਗੁਰੂ ਜੀ ਉਪਰ ਹਮਲਾ ਕਰਨ ਲਈ ਭੇਜਿਆ ਤਾਂ ਕਿ ਗੁਰੂ ਜੀ ਨੂੰ ਅੰਮ੍ਰਿਤਸਰ ਤੋਂ ਕੱਢ ਦਿੱਤਾ ਜਾਵੇ। ਇਹ ਗੱਲ ਅਪ੍ਰੈਲ 1629 ਈ. ਦੀ ਹੈ। ਉਧਰ ਗੁਰੂ ਜੀ ਆਪਣੀ ਬੇਟੀ ਬੀਬੀ ਵੀਰੋ ਜੀ ਦੇ ਵਿਆਹ ਦੀਆਂ ਰਸਮਾਂ ਵਿੱਚ ਰੁੱਝੇ ਹੋਏ ਸਨ। ਅਚਨਚੇਤ ਗੁਰੂ ਜੀ ਉਪਰ ਹਮਲਾ ਕੀਤਾ ਗਿਆ। ਜਿੰਨੀਆਂ ਕੁ ਸਿੱਖ ਸੰਗਤਾਂ ਅੰਮ੍ਰਿਤਸਰ ਵਿਖੇ ਸਨ ਉਨ੍ਹਾਂ ਨੇ ਪੂਰੀ ਦ੍ਰਿੜਤਾ ਨਾਲ ਹਮਲਾਵਰ ਫ਼ੌਜ ਦਾ ਮੁਕਾਬਲਾ ਕੀਤਾ। ਇਸ ਝੜੱਪ ਵਿੱਚ ਗੁਰੂ ਜੀ ਦਾ ਘਰਬਾਰ ਲੁੱਟ ਲਿਆ ਗਿਆ ਸੀ। ਲੜਕੀ ਦੀ ਸ਼ਾਦੀ ਲਈ ਤਿਆਰ ਕੀਤਾ ਸਮਾਨ ਲੁੱਟ ਲਿਆ ਗਿਆ ਸੀ। ਬਰਾਤ ਲਈ ਤਿਆਰ ਕੀਤੀ ਮਠਿਆਈ ਲੁੱਟ ਲਈ ਗਈ ਸੀ। ਜੁਲਿਫ਼ਕਾਰ ਅਰਧਿਸਤਾਨੀ ਲਿਖਦਾ ਹੈ ਕਿ: “ਉਸ (ਗੁਰੂ ਜੀ) ਦਾ ਸ਼ਹਿਨਸ਼ਾਹੀ ਗਮਾਸ਼ਤਿਆਂ ਦੀ ਫ਼ੌਜ ਅਤੇ ਸ਼ਾਹਜਹਾਨ ਦੇ ਨੌਕਰਾਂ ਨਾਲ, ਜੋ ਬਾਦਸ਼ਾਹੀ ਫੁਰਮਾਨ ਅਨੁਸਾਰ ਉਸ ਦੇ ਉਪਰ ਚੜ੍ਹਕੇ ਗਏ ਸੀ, ਟਾਕਰਾ ਹੋ ਗਿਆ। ਗੁਰੂ ਦਾ ਘਰ-ਬਾਰ ਲੁੱਟਿਆ ਗਿਆ”। ਪਰ ਇਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਗੁਰੂ ਜੀ ਉਪਰ ਹਮਲਾ ਕਰਨ ਬਾਰੇ ਬਾਦਸ਼ਾਹ ਦਾ ਸ਼ਾਹੀ ਫੁਰਮਾਨ ਕੋਈ ਨਹੀਂ ਸੀ ਅਤੇ ਨਾ ਹੀ ਬਾਦਸ਼ਾਹ ਦੀ ਗੁਰੂ ਜੀ ਉਪਰ ਹਮਲਾ ਕਰਨ ਵਿੱਚ ਕੋਈ ਦਿਲਚਸਪੀ ਹੀ ਸੀ। ਇਹ ਹਮਲਾ ਨਿਰੋਲ ਸਥਾਨਕ ਅਧਿਕਾਰੀਆਂ ਵੱਲੋਂ ਸੀ ਅਤੇ ਇਹ ਵੀ ਸਿਰਫ਼ ਸੀਮਤ ਹੱਦ ਤੱਕ ਹੀ ਸੀ। ਪੰਜਾਬ ਦੀ ਸਮੁੱਚੀ ਹਕੂਮਤ ਦੀ ਵੀ ਇਸ ਵਿੱਚ ਕੋਈ ਦਿਲਚਸਪੀ ਨਹੀਂ ਸੀ।
ਗੁਰੂ ਜੀ ਦੇ ਸਿੱਖਾਂ ਵੱਲੋਂ ਜੋ ਸਿੱਖ ਸ਼ਹੀਦ ਹੋਏ ਸਨ ਉਨ੍ਹਾਂ ਦੀ ਗਿਣਤੀ ਤੇਰ੍ਹਾਂ ਦੱਸੀ ਗਈ ਹੈ ਅਤੇ ਇਨ੍ਹਾਂ ਦੇ ਨਾਂ ਇਉਂ ਹਨ : ਭਾਈ ਨੰਦ ਜੀ, ਭਾਈ ਜੈਤਾ ਜੀ, ਭਾਈ ਪਿਰਾਣਾ, ਭਾਈ ਤੋਤਾ, ਭਾਈ ਤਿਲੋਕਾ, ਭਾਈ ਸਾਂਈ ਦਾਸ, ਭਾਈ ਪੈੜਾ, ਭਾਈ ਭਗਤੂ, ਭਾਈ ਅਨੰਤਾ, ਭਾਈ ਨਿਹਾਲਾ, ਭਾਈ ਤਖ਼ਤੂ, ਭਾਈ ਮੋਹਨ ਅਤੇ ਭਾਈ ਗੋਪਾਲ ਜੀ।
ਅੰਮ੍ਰਿਤਸਰ ਦੇ ਨੇੜੇ ਹੀ ਝੁਬਾਲ ਪਿੰਡ ਹੈ। ਝਬਾਲ ਦਾ ਚੌਧਰੀ ਲੰਗਾਹ ਸੀ ਜੋ ਗੁਰੂ ਅਰਜਨ ਦੇਵ ਜੀ ਦੇ ਮੁੱਖੀ ਸਿੱਖਾਂ ਵਿੱਚੋਂ ਸੀ। ਇਸ ਲੜਾਈ ਵਿੱਚ ਚੌਧਰੀ ਲੰਗਾਹਾ ਵੀ ਗੁਰੂ ਜੀ ਦੀ ਮਦਦ ਕਰਨ ਲਈ ਆਇਆ ਸੀ। ਲੜਾਈ ਦਾ ਮੁਕਾਬਲਾ ਕਰਦੇ ਹੋਏ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਝੁਬਾਲ ਵਿਖੇ, ਚੌਧਰੀ ਲੰਗਾਹ ਦੀ ਨਿਗਰਾਨੀ ਹੇਠ ਤੋਰ ਦਿੱਤਾ ਸੀ। ਹਮਲਾ ਕਰਨ ਆਏ ਅਧਿਕਾਰੀ ਚੌਧਰੀ ਲੰਗਾਹ ਦੀ ਜਾਗੀਰ ਵਿੱਚ ਨਹੀਂ ਜਾ ਸਕਦੇ ਸਨ। ਝੱਟਪੱਟ ਦੇ ਹਮਲੇ ਵਿੱਚ ਦੁਸ਼ਮਣ ਜਿੰਨਾਂ ਕੁ ਨੁਕਸਾਨ ਗੁਰੂ ਜੀ ਦਾ ਕਰ ਸਕਦਾ ਸੀ ਉਤਨਾ ਕੁ ਕਰ ਦਿੱਤਾ। ਉਪਰੰਤ ਉਹ ਜਿਧਰੋਂ ਆਏ ਸਨ ਉਧਰ ਹੀ ਤੇਜ਼ੀ ਨਾਲ ਮੁੜ ਗਏ ਸਨ। ਗੁਰੂ ਜੀ ਝੁਬਾਲ ਵਿਖੇ ਪਹੁੰਚੇ ਅਤੇ ਉਥੇ ਜਾ ਕੇ ਆਪਣੀ ਪੁੱਤਰੀ ਬੀਬੀ ਵੀਰੋ ਜੀ ਦੀ ਸ਼ਾਦੀ ਕੀਤੀ। ਗੁਰੂ ਸਾਹਿਬ ਝੁਬਾਲ ਵਿਖੇ ਆਪਣੀ ਪੁੱਤਰੀ ਦੀ ਸ਼ਾਦੀ ਦਾ ਕੰਮ ਨਿਬੇੜ ਕੇ, ਸਿੱਖ ਸੰਗਤਾਂ ਸਮੇਤ ਕਰਤਾਰਪੁਰ (ਦੁਆਬੇ) ਵਿੱਚ ਆ ਗਏ ਸਨ। ਉਹ ਨਹੀਂ ਚਾਹੁੰਦੇ ਸਨ ਕਿ ਦੁਸ਼ਮਣਾਂ ਨੂੰ ਹੋਰ ਹਮਲਾ ਕਰਨ ਦਾ ਸਮਾਂ ਦਿੱਤਾ ਜਾਵੇ। ਕਰਤਾਰਪੁਰ ਦੇ ਨੇੜੇ ਹੀ ਦਰਿਆ ਬਿਆਸ ਦੇ ਇੱਕ ਕਿਨਾਰੇ ਉਪਰ ਗੁਰੂ ਅਰਜਨ ਦੇਵ ਜੀ ਦਾ ਵਸਾਇਆ ਹੋਇਆ ਨਗਰ ਸ੍ਰੀ ਹਰਿਗੋਬਿੰਦਪੁਰ ਸੀ। ਇਹ ਇੱਕ ਵਿਸ਼ਾਲ ਖਾਲੀ ਜਗਾਹ ਸੀ ਅਤੇ ਦਰਿਆ ਬਿਆਸ ਦੇ ਨੇੜੇ ਹੋਣ ਕਰਕੇ ਰਮਣੀਕ ਵੀ ਸੀ। ਗੁਰੂ ਜੀ ਨੇ ਇੱਥੇ ਹੀ ਆਪਣਾ ਠਹਿਰਾ ਕਰਨ ਦਾ ਫ਼ੈਸਲਾ ਕੀਤਾ।