ਫਾਊਲਰ ਵਿਖੇ “26 ਵਾਂ ਉਸਤਾਦ ਲਾਲ ਚੰਦ ਯਮਲਾ ਜੱਟ ਯਾਦਗਾਰੀ ਮੇਲਾ” ਲੱਗਿਆ
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਉੱਭੀ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਸੱਭਿਆਚਾਰ ਅਤੇ ਗਾਇਕੀ ਦਾ ਮਾਣ, ਤੂੰਬੀ ਦੇ ਬਾਦਸ਼ਾਹ ਮਰਹੂਮ ਕਲਾਕਾਰ ਉਸਤਾਦ ਲਾਲ ਚੰਦ ਯਮਲਾ ਜੱਟ ਦਾ 26 ਵਾਂ ਯਾਦਗਾਰੀ ਮੇਲਾ ਕੈਲੇਫੋਰਨੀਆਂ ਦੇ ਸ਼ਹਿਰ ਫਾਊਲਰ ਵਿਖੇ ਲਾਇਆ ਗਿਆ। ਜਿਸ ਦੀ ਸੁਰੂਆਤ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਜਸਵੰਤ ਸਿੰਘ ਮਹਿੰਮੀ ਨੇ ਕੀਤੀ। ਇਸ ਉਪਰੰਤ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤਸਵੀਰ ਉੱਪਰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਹਾਰ ਪਾਉਣ ਦੀ ਰਸਮ ਕੀਤੀ ਗਈ।ਮੇਲੇ ਦੌਰਾਨ ਚਲੇ ਗਾਇਕੀ ਦੇ ਖੁੱਲ੍ਹੇ ਅਖਾੜੇ ਵਿੱਚ ਯਮਲਾ ਜੱਟ ਦੇ ਲਾਡਲੇ ਸ਼ਾਗਿਰਦ ਅਤੇ ਮੇਲਾ ਕਮੇਟੀ ਦੇ ਪ੍ਰੈਜ਼ੀਡੈਂਟ ਰਾਜਿੰਦਰ ਬਰਾੜ, ਉਰਫ ਰਾਜ ਬਰਾੜ ਯਮਲਾ ਨੇ ਸਭ ਨੂੰ ਜੀ ਆਇਆਂ ਕਹਿਣ ਉਪਰੰਤ ਆਪਣੀ ਗਾਇਕੀ ਰਾਹੀ ਖੂਬ ਰੰਗ ਬੰਨੇ। ਜਿਸ ਬਾਅਦ ਚੱਲੇ ਖੁੱਲੇ ਅਖਾੜੇ ਵਿੱਚ ਸਥਾਨਕ ਗਾਇਕ ਕਮਲਜੀਤ ਬੈਨੀਪਾਲ, ਗਾਇਕ ਗੌਗੀ ਸੰਧੂ ਅਤੇ ਹੋਰਨਾਂ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਗੀਤ ਗਾਏ। ਇਸੇ ਤਰਾਂ ਸਥਾਨਿਕ ਕੈਲੇਫੋਰਨੀਆਂ ਦੇ ਦਿਲਦਾਰ ਬ੍ਰਦਰਜ਼ ਗਰੁੱਪ ਦੇ ਗਾਇਕ ਅਵਤਾਰ ਗਰੇਵਾਲ, ਰਾਣੀ ਗਿੱਲ ਅਤੇ ਕਾਤਾਂ ਸਹੋਤਾ ਨੇ ਆਪਣੇ ਰਿਕਾਰਡ ਹੋਏ ਭੰਗੜੇ ਵਾਲੇ ਗੀਤਾਂ ਰਾਹੀ ਖੂਬ ਰੌਣਕਾਂ ਲਾਈਆਂ।
ਜਦ ਕਿ ਸਰੋਤਿਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਕੈਲੇਫੋਰਨੀਆ ਦੀ ਪ੍ਰਸਿੱਧ ਦੋਗਾਣਾ ਜੋੜੀ ਗਾਇਕ ਪੱਪੀ ਭਦੌੜ ਅਤੇ ਦਿਲਪ੍ਰੀਤ ਕੌਰ ਦਿਲ ਦੀ ਜੋੜੀ ਨੇ ਪੰਜਾਬੀ ਸੱਭਿਆਚਾਰ ਦੇ ਦੋਗਾਣਾ ਰੰਗ ਨੂੰ ਪੇਸ਼ ਕਰਦੇ ਹੋਏ ਆਪਣੀ ਨੋਕ-ਝੋਕ ਨਾਲ ਸਭ ਦਾ ਦਿਲ ਜਿੱਤਿਆ।
ਇਸ ਸਮੇਂ ਹੋਰ ਬੁਲਾਰਿਆਂ ਵਿੱਚ ਨਾਜ਼ਰ ਸਿੰਘ ਕੂਨਰ, ਜਗਤਾਰ ਸਿੰਘ ਗਿੱਲ, ਰਾਜਿੰਦਰ ਬਰਾੜ, ਡਾ. ਹਰਮੇਸ ਕੁਮਾਰ ਅਤੇ ਚਰਨਜੀਤ ਸਹੋਤਾ, ਸਕੱਤਰ ਬੰਸੀ ਲਾਲ ਬੰਗੜ ਆਦਿਕ ਬਹੁਤ ਸਾਰੇ ਹਾਜ਼ਰੀਨ ਨੇ ਵਿਚਾਰਾ ਦੀ ਸਾਂਝ ਪਾਈ।
ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਜਸਵੰਤ ਸਿੰਘ ਮਹਿੰਮੀ ਨੇ ਯਮਲਾ ਜੀ ਦੇ ਜ਼ਿੰਦਗੀ ਦੇ ਪੱਖ ਸਾਂਝੇ ਕਰਦੇ ਹੋਏ ਬਾਖੂਬੀ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ। ਜਦ ਕਿ ਜਗਤਾਰ ਸਿੰਘ ਗਿੱਲ ਨੇ ਵੀ ਸਹਾਇਕ ਸਟੇਜ ਹੋਸਟ ਵਜੋਂ ਹਾਜ਼ਰੀ ਲਵਾਈ। ਹਾਜ਼ਰੀਨ ਲਈ ਚਾਹ-ਪਕੌੜੇ ਆਦਿਕ ਦੇ ਲੰਗਰ ਖੁੱਲ੍ਹੇ ਚੱਲੇ। ਸਮੁੱਚੇ ਪ੍ਰੋਗਰਾਮ ਦੌਰਾਨ ਸੰਗੀਤ ਨਰਿੰਦਰ ਬੱਗਾ, ਅਮਰੀਕ ਮੀਕਾ ਅਤੇ ਸੰਨੀ ਐਂਡ ਪਾਰਟੀ ਵੱਲੋਂ ਦਿੱਤਾ ਗਿਆ। ਪੰਜਾਬੀ ਸੱਭਿਆਚਾਰ ਵਿੱਚ ਬਨੇਰਿਆਂ ਪਏ ਸਪੀਕਰਾਂ ਦੀ ਗੂੰਜ ਨੂੰ ਦੂਰ ਤੱਕ ਪਹੁੰਚਾਉਣ ਲਈ ਸੇਵਾਵਾਂ ਡੀ.ਜੇ. ਫੌਜੀ ਦੁਆਰਾ ਨਿਭਾਈਆਂ ਗਈਆ।
ਇਸ ਯਾਦਗਾਰੀ ਮੇਲੇ ਵਿੱਚ ਹਾਜ਼ਰ ਸਮੂੰਹ ਕਲਾਕਾਰਾਂ ਅਤੇ ਪ੍ਰਮੁਖ ਸਖਸੀਅਤਾਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਮੇਲੇ ਦੀਆਂ ਯਾਦਾਂ ਨੂੰ ਕੈਮਰਾਬੰਧ ਕਰਨ ਲਈ ਵਿਸ਼ੇਸ਼ ਸੇਵਾਵਾਂ ਸ. ਸ਼ਿਆਰਾ ਸਿੰਘ ਢੀਂਡਸਾ “ਉਮਨੀ ਵੀਡੀਉ ਬੇਕਰਸਫੀਲਡ” ਨੇ ਨਿਭਾਈਆਂ। ਅੰਤ ਵਿੱਚ ਮੇਲੇ ਦੇ ਮੁੱਖ ਪ੍ਰਬੰਧਕ ਰਾਜਿੰਦਰ ਸਿੰਘ ਬਰਾੜ ਉਰਫ ਰਾਜ ਬਰਾੜ ਯਮਲੇ ਨੇ ਸਭ ਹਾਜ਼ਰੀਨ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਸਤਾਦ ਲਾਲ ਚੰਦ ਯਮਲਾ ਜੱਟ ਦੀ ਗਾਇਕੀ ਅਤੇ ਗੀਤਕਾਰੀ ਨੂੰ ਸਿੱਜਦਾ ਕਰਦੇ ਹੋਏ, ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਮੇਲਾ ਯਾਦਗਾਰੀ ਹੋ ਨਿਬੜਿਆ।
