ਟਾਪਪੰਜਾਬ

ਬਲਬੀਰ ਸਿੱਧੂ ਵਲੋਂ ਮੋਹਾਲੀ ਦੇ ਬੀ.ਡੀ.ਪੀ.ਓ. ਧਨਵੰਤ ਸਿੰਘ ਰੰਧਾਵਾ ਨੂੰ ਮੁਅੱਤਲ ਕਰਕੇ ਜਾਂਚ ਦੀ ਮੰਗ

ਐਸ.ਏ.ਐਸ. ਨਗਰ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਮੋਹਾਲੀ ਵਿਚ ਤਾਇਨਾਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਧਨਵੰਤ ਸਿੰਘ ਰੰਧਾਵਾ ਨੂੰ ਤੁਰੰਤ ਮੁਅੱਤਲ ਕਰ ਕੇ ਉਸ ਵਲੋਂ ਇਸ ਹਲਕੇ ਦੇ ਪਿੰਡਾਂ ਵਿਚ ਕੀਤੇ ਗਏ ਕਰੋੜਾਂ ਰੁਪਏ ਘਪਲਿਆਂ ਦੀ ਜਾਂਚ ਕਰਾਉਣ।
 ਸ਼੍ਰੀ ਸਿੱਧੂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਬੀ.ਡੀ.ਪੀ.ਓ. ਧਨਵੰਤ ਸਿੰਘ ਰੰਧਾਵਾ ਨੇ ਮੈਟੀਕਿਊਲਸ ਐਂਟਰਪ੍ਰਾਈਜ਼ ਨੂੰ ਪਿੰਡ ਬਾਕਰਪੁਰ ਦੇ ਛੱਪੜ ਦੀ ਸਫ਼ਾਈ, ਸੁੰਦਰੀਕਰਨ ਤੇ ਨਵੀਨੀਕਰਨ ਕਰਨ ਬਦਲੇ 13 ਲੱਖ 32 ਹਜ਼ਾਰ ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਦੋਂ ਕਿ ਉਥੇ ਕੋਈ ਕੰਮ ਹੋਇਆ ਹੀ ਨਹੀਂ ਹੈ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਇਸੇ ਤਰਾਂ ਹੀ ਪਿੰਡ ਕੁਰੜਾ ਵਿਚ ਕੂੜੇ-ਕਰਕਟ ਦੇ ਨਿਪਟਾਰੇ ਦੇ ਪ੍ਰਬੰਧ ਲਈ ਸ਼ੈੱਡ ਉਸਾਰਨ ਲਈ ਪੰਚਾਇਤ ਦੇ ਖ਼ਾਤੇ ਵਿਚੋਂ 1,72,406 ਰੁਪਏ ਕਢਵਾਏ ਗਏ ਜਦੋਂ ਕਿ ਅੱਜ ਤੱਕ ਸ਼ੈੱਡ ਦਾ ਕਿਤੇ ਨਾਮ ਨਿਸ਼ਾਨ ਵੀ ਨਹੀਂ ਹੈ। ਉਹਨਾਂ ਹੋਰ ਕਿਹਾ ਕਿ ਇਹ ਦੋ ਕੇਸ ਤਾਂ ਮਹਿਜ਼ ਉਦਾਹਰਣਾਂ ਹਨ ਜੇ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਅਜਿਹੇ ਘਪਲਿਆਂ ਦੇ ਹੋਰ ਕੇਸ ਵੀ ਸਾਹਮਣੇ ਆਉਣਗੇ।
 ਸਾਬਕਾ ਮੰਤਰੀ ਨੇ ਕਿਹਾ ਕਿ ਬੀ.ਡੀ.ਪੀ.ਓ. ਧਨਵੰਤ ਸਿੰਘ ਰੰਧਾਵਾ ਦੇ ਖਿਲਾਫ਼ ਪਿੰਡ ਕੁਰੜਾ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਤੋਂ ਰਿਸ਼ਵਤ ਲੇਣ ਦੇ ਦੋਸ਼ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੋਹਾਲੀ ਦੇ ਵਿਜੀਲੈਂਸ ਥਾਣੇ ਵਿਚ 5 ਮਾਰਚ 2025 ਨੂੰ ਮੁਕੱਦਮਾ ਨੰਬਰ 4 ਦਰਜ ਹੋਇਆ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਬੀ.ਡੀ.ਪੀ.ਓ. ਨੇ ਬਦਲਾਲਊ ਭਾਵਨਾ ਅਧੀਨ ਸਾਬਕਾ ਸਰਪੰਚ ਦਵਿੰਦਰ ਸਿੰਘ ਉਤੇ ਮੋਹਾਲੀ ਦੇ ਆਈ.ਟੀ. ਥਾਣੇ ਵਿਚ ਲੰਘੀ 3 ਜੂਨ ਨੂੰ ਨਜ਼ਾਇਜ ਮਾਈਨਿੰਗ ਦਾ ਝੂਠਾ ਮੁਕੱਦਮਾ ਦਰਜ ਕਰਵਾ ਦਿਤਾ ਜਿਸ ਵਿਚ ਮੋਹਾਲੀ ਦੀ ਅਦਾਲਤ ਨੇ ਦਵਿੰਦਰ ਸਿੰਘ ਨੂੰ ਪੇਸ਼ਗੀ ਜਮਾਨਤ ਦੇ ਦਿੱਤੀ। ਉਹਨਾਂ ਅੱਗੇ ਹੋਰ ਦਸਦਿਆਂ ਕਿਹਾ ਕਿ ਅਗਲੀ ਪੇਸ਼ੀ ਤੋਂ ਪਹਿਲਾਂ ਥਾਣਾ ਮੁੱਖੀ ਨੇ ਮੁਕੱਦਮੇ ਵਿਚ ਧਾਰਾ 409 ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ 7 ਅਤੇ 13 ਧਾਰਾਵਾਂ ਵੀ ਜੋੜ ਦਿੱਤੀਆਂ, ਮਾਣਯੋਗ ਅਦਾਲਤ ਨੇ 24-6-2025 ਨੂੰ ਥਾਣਾ ਮੁੱਖੀ ਦੀ ਇਸ ਆਪਹੁੱਦਰੀ ਕਾਰਵਾਈ ਦਾ ਗੰਭੀਰ ਨੋਟਿਸ ਲੈਂਦਾਂ ਸਾਬਕਾ ਸਰਪੰਚ ਦਵਿੰਦਰ ਸਿੰਘ ਦੀ ਪੱਕੀ ਜ਼ਮਾਨਤ ਕਰ ਦਿੱਤੀ।
 ਸ਼੍ਰੀ ਸਿੱਧੂ ਨੇ ਕਿਹਾ ਕਿ ਬੀ.ਡੀ.ਪੀ.ਓ. ਧਨਵੰਤ ਸਿੰਘ ਰੰਧਾਵਾ ਭ੍ਰਿਸ਼ਟ ਅਤੇ ਮੁਜਰਮਾਨਾ ਬਿਰਤੀ ਦਾ ਅਧਿਕਾਰੀ ਹੈ ਜਿਸ ਵਿਰੁੱਧ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਉਹਨਾਂ ਦਸਿਆ ਕਿ ਖੰਨਾ ਦੇ ਸਦਰ ਥਾਣੇ ਵਿਚ ਉਸ ਵਿਰੁੱਧ ਜਾਅਲੀ ਦਸਤਾਵੇਜ਼ ਬਣਾਉਣ ਦੀ ਜਾਅਲਸਾਜ਼ੀ ਦੇ ਦੋਸ਼ ਅਧੀਨ ਧਾਰਾ 420, 465, 467, 468, 471, 120-ਬੀ ਅਤੇ 166-ਏ ਤਹਿਤ 15 ਸਤੰਬਰ 2023 ਨੂੰ ਮੁਕੱਦਮਾ ਨੰਬਰ 168 ਦਰਜ ਹੋਇਆ ਸੀ। ਉਹਨਾਂ ਦਸਿਆ ਕਿ ਇਹ ਕੇਸ ਅਜੇ ਚੱਲ ਰਿਹਾ ਹੈ।
 ਕਾਂਗਰਸੀ ਆਗੂ ਨੇ ਇਹ ਵੀ ਕਿਹਾ ਕਿ ਮੋਹਾਲੀ ਦੇ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀ.ਡੀ.ਪੀ.ਓ.) ਬਲਜਿੰਦਰ ਸਿੰਘ ਗਰੇਵਾਲ ਨੇ ਬੀ.ਡੀ.ਪੀ.ਓ. ਧਨਵੰਤ ਸਿੰਘ ਰੰਧਾਵਾ ਦੀ 19-5-2025 ਨੂੰ ਸ਼ਿਕਾਇਤ ਕਰਦਿਆਂ ਵਿਭਾਗ ਦੇ ਸਕੱਤਰ ਨੂੰ ਲਿਖਿਆ ਕਿ ਸਰਕਾਰ ਦੀਆਂ ਹਿਦਾਇਤਾਂ ਦਾ ਪਾਲਣ ਨਾ ਕਰਨ ਦੇ ਦੋਸ਼ ਵਿਚ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਦਸਿਆ ਕਿ ਵਿਭਾਗ ਨੇ ਬੀ.ਡੀ.ਪੀ.ਓ ਵਿਰੁੱਧ ਕੋਈ ਕਾਰਵਾਈ ਕਰਨ ਦੀ ਥਾਂ ਉਲਟਾ ਡੀ.ਡੀ.ਪੀ.ਓ. ਨੂੰ ਹੀ ਬਦਲ ਦਿੱਤਾ।
 ਸ਼੍ਰੀ ਸਿੱਧੂ ਨੇ ਬੀ.ਡੀ.ਪੀ.ਓ. ਧਨਵੰਤ ਸਿੰਘ ਰੰਧਾਵਾ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਮੋਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਵਿਰੋਧੀ ਪਾਰਟੀਆਂ ਨਾਲ ਸਬੰਧਤ ਸਰਪੰਚਾਂ ਤੇ ਪੰਚਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਤੰਗ-ਪ੍ਰੇਸ਼ਾਨ ਕਰਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਵਿਰੋਧੀ ਸਰਪੰਚਾਂ ਦੀਆਂ ਪੰਚਾਇਤਾਂ ਦਾ ਰਿਕਾਰਡ ਆਪਣੇ ਕੋਲ ਮੰਗਵਾ ਕੇ ਰੱਖੀ ਰੱਖਣਾ ਅਤੇ ਕਰਵਾਏ ਗਏ ਕੰਮਾਂ ਦੇ ‘ਵਰਤੋਂ ਸਰਟੀਫ਼ੀਕੇਟ’ ਜਾਰੀ ਕਰਨ ਲਈ ਰਿਸ਼ਵਤ ਲੈਣੀ ਬੀ.ਡੀ.ਪੀ.ਓ. ਦਫ਼ਤਰ ਵਿਚ ਆਮ ਵਰਤਾਰਾ ਬਣਿਆ ਹੋਇਆ ਹੈ।
 ਸਾਬਕਾ ਮੰਤਰੀ ਨੇ ਕਿਹਾ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਸਿਫ਼ਾਰਸ਼ ਉਤੇ ਲੱਗੇ ਹੋਏ ਇਸ ਭ੍ਰਿਸ਼ਟ ਬੀ.ਡੀ.ਪੀ.ਓ. ਦੀ ਉਸ ਵਲੋਂ ਪੂਰੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਮੋਹਾਲੀ ਦੇ ਵਿਜੀਲੈਂਸ ਥਾਣੇ ਵਿਚ ਉਸ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਵਿਚ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਇਹ ਵੀ ਹੈਰਾਨੀਜਨਕ ਵਰਤਾਰਾ ਹੈ ਕਿ ਮੋਹਾਲੀ ਦੇ ਡੀ.ਡੀ.ਪੀ.ਓ.ਵਲੋਂ ਕੀਤੀ ਸ਼ਿਕਾਇਤ ਉਤੇ ਬੀ.ਡੀ.ਪੀ.ਓ. ਵਿਰੁੱਧ ਕਾਰਵਾਈ ਕਰਨ ਦੀ ਥਾਂ ਉਲਟਾ ਡੀ.ਡੀ.ਪੀ.ਓ. ਨੂੰ ਬਦਲੀ ਦੀ ਸਜ਼ਾ ਦੇ ਦਿੱਤੀ ਗਈ।
ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਚੈਅਰਮੈਨ ਮਾਰਕੀਟ ਕਮੇਟੀ ਖਰੜ ਹਰਕੇਸ਼ ਚੰਦ ਸ਼ਰਮਾਂ ਮੱਛਲੀ ਕਲਾਂ,ਦਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਕੁਰੜਾ, ਹਾਕਮ ਸਿੰਘ ਕੁਰੜਾ, ਗੁਲਜਾਰ ਸਿੰਘ ਕੁਰੜਾ, ਗਿਆਨ ਸਿੰਘ ਕੁਰੜਾ,
ਦਵਿੰਦਰ ਸਿੰਘ ਬਾਕਰਪੁਰ ਹਾਜ਼ਰ ਸਨ।

Leave a Reply

Your email address will not be published. Required fields are marked *