ਟਾਪਫ਼ੁਟਕਲ

ਬਿਮਾਰ ਦੁਨੀਆ ਦਾ ਸੋਗ ?? ਡਾ.ਦਵਿੰਦਰ ਖੁਸ਼ ਧਾਲੀਵਾਲ

ਜਿਸ ਸਮਾਜ ਵਿੱਚ ਆਪਾ ਜਿਓ ਰਹੇ ਹਾਂ ਅਲਾਮਤਾਂ ਨਾਲ਼ ਭਰਿਆ ਪਿਆ ਹੈ। ਇਨਸਾਨ ਜਿਣਸਾਂ ਨੂੰ ਖਰੀਦਦਾ-ਵੇਚਦਾ ਹੈ। ਪਰ ਇਸ ਬਿਮਾਰ ਦੁਨੀਆਂ ਵਿੱਚ ਇਨਸਾਨਾਂ ਦੀ ਖਰੀਦੋ ਫ਼ਰੋਖਤ ਵੀ ਵੱਡੇ ਪੱਧਰ ’ਤੇ ਹੁੰਦੀ ਹੈ, ਇਹ ਵੀ ਸੱਚ ਹੈ ਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਸਦੀਆ ਤੋਂ ਇਨਸਾਨਾਂ ਨੂੰ ਖਾਸ ਕਰ ਔਰਤਾਂ ਅਤੇ ਬੱਚਿਆ ਨੂੰ ਵੇਚਿਆ ਖਰੀਦਿਆ ਜਾਂਦਾ ਹੈ। ਅੱਜ ਦੇ ਢਾਂਚੇ ਵਿੱਚ ਇਹ ਕੰਮ ਜਥੇਬੰਦਕ ਤਰੀਕੇ ਨਾਲ਼, ਸਰਕਾਰੀ ਤੰਤਰ ਦੀ ਸ਼ੈਅ ’ਤੇ ਚੱਲਦਾ ਹੈ। ਬਾਕੀ ਗੱਲ ਕਰਨ ਤੋਂ ਪਹਿਲਾ ਗੋਰਕੀ ਦੀ ਕਹੀ ਗੱਲ ਆਪਾ ਜ਼ਿਹਨ ਵਿੱਚ ਬਿਠਾ ਕੇ ਅੱਗੇ ਤੁਰੀਏ ‘ਥੋੜ੍ਹੀ ਦੇਰ ਲਈ ਤਾਂ ਇਮਾਨਦਾਰ ਬਣੋ ਅਤੇ ਸੱਚਾਈ ਨੂੰ ਦੇਖੋ ।

ਅੱਜ ਸਮਾਜ ਵਿੱਚ ਵੱਡੇ ਪੱਧਰ ’ਤੇ ਅਜਿਹੀਆ ਗੱਲਾਂ ਪ੍ਰਚਾਰੀਆ ਜਾਂਦੀਆ ਹਨ, ਜੋ ਸਰਮਾਏਦਾਰੀ ਢਾਂਚੇ ਨੂੰ ਸਥਾਈ ਸਿੱਧ  ਕਰਨ ਤੇ ਲੱਗੀਆ ਹੋਈਆ ਹਨ ਅਤੇ ਅਣਮਨੁੱਖੀ ਵਰਤਾਰਿਆ ਤੋਂ (ਬਲਾਤਕਾਰ, ਦੇਹ ਵਪਾਰ, ਵੇਸਵਾਗਮਨੀ ਆਦਿ) ਇਹ ਕਹਿ ਕੇ ਟਾਲਾ ਵੱਟ ਲਿਆ ਜਾਂਦਾ ਹੈ ਕਿ ਸਦੀਆਂ ਤੋਂ ਇਹ ਸਭ ਕੁੱਝ ਹੁੰਦਾ ਆ ਰਿਹਾ ਹੈ। ਗੋਰਕੀ ਨੇ ਲਿਖਿਆ ਹੈ “ਜਿਸ ਨੂੰ ਕਨੂੰਨ ਦੀ ਰੂਹ ਅਤੇ ਪਰੰਪਰਾ ਕਹਿੰਦੇ ਹਨ ਉਹ ਸਾਰੇ ਜੜ੍ਹਬੁੱਧੀਆਂ ਦੇ ਦਿਮਾਗ ਵਿੱਚ ਘੜੀ ਦੀ ਤਰ੍ਹਾਂ ਇੱਕ ਇੰਝ ਦਾ ਸਾਦਾ ਯੰਤਰ ਪੈਦਾ ਕਰ ਦਿੰਦੀ ਹੈ, ਜਿਸ ਦੀ ਕਮਾਣੀ ਦੇ ਹਿੱਲਣ-ਜੁੱਲਣ ਨਾਲ਼ ਹੀ ਜੜ੍ਹਤਪੂਰਣ ਵਿਚਾਰਾ ਦੇ ਪਹੀਏ ਘੁੰਮਣ ਲੱਗਦੇ ਹਨ । ਹਰ ਇੱਕ ਜੜ੍ਹਬੁੱਧੀ ਦਾ ਨਾਹਰਾ ਹੁੰਦਾ ਹੈ-ਜਿਵੇਂ ਦਾ ਜੋ ਕੁੱਝ ਹੁਣ ਤੱਕ ਰਿਹਾ ਹੈ, ਉਵੇਂ ਦਾ ਹਮੇਸ਼ਾ ਬਣਿਆ ਰਹੇਗਾ। ਮਰੀ ਹੋਈ

ਮੱਛੀ ਦੀ ਤਰ੍ਹਾਂ ਜੜ੍ਹਬੁੱਧੀ ਵੀ ਦਿਮਾਗ ਵਾਲ਼ੇ ਪਾਸੇ ਤੋਂ ਹੇਠਾਂ ਨੂੰ ਸੜ੍ਹਨਾ ਸ਼ੁਰੂ ਕਰਦੇ ਹਨ”। ਭਾਰਤੀ ਸਰਕਾਰ ਦੇ ਸਿਆਸਤਦਾਨਾਂ ਦੇ ਬਿਆਨ ਵੀ ਜੜ੍ਹਬੁੱਧੀ ਵਾਲ਼ੇ ਹੁੰਦੇ ਹਨ। ਇੱਥੋਂ ਤੱਕ ਕਿ ਔਰਤਾਂ ਵੇਸਵਾਗਮਨੀ ਵਰਗੇ ਧੰਦੇ ਨੂੰ ਮਰਜ਼ੀ ਨਾਲ਼ ਅਪਣਾਉਦੀਆਂ ਹਨ, ਇਸ ’ਚ ਸਰਕਾਰ ਕੀ ਕਰੇ! ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਨ ਦਾ ਸ਼ੌਕ ਨਹੀ ਤਾਂ ਬਾਲ ਮਜ਼ਦੂਰੀ ਕਰਦੇ ਹਨ! ਅਜੇ 71 ਸਾਲ ਹੀ ਹੋਏ ਨੇ ‘ਅਜ਼ਾਦੀ’ ਮਿਲ਼ੇ ਨੂੰ ਹੌਲ਼ੀ-ਹੌਲ਼ੀ ਸਰਕਾਰ ਸਾਰੇ ਕੰਮ ਕਰੇਗੀ ਆਦਿ ਬਿਆਨ ਅਕਸਰ ਖਾਂਦੇ-ਪੀਦੇ ਘਰਾਣੇ ਦੇ ਲੋਕਾਂ ਤੋਂ ਸੁਣਨ ਨੂੰ ਮਿਲ਼ ਜਾਂਦੇ ਹਨ।

ਆਓ ਇਮਾਨਦਾਰੀ ਨਾਲ਼ ਸੱਚਾਈ ਨੂੰ ਸਮਝਣ ਦੀ ਕੋਸ਼ਿਸ ਕਰੀਏ- ਸੰਸਾਰ ਪੱਧਰ ’ਤੇ ਤੀਜਾ ਜ਼ੁਰਮ ਜੋ ਜਥੇਬੰਦਕ ਤਰੀਕੇ ਨਾਲ਼ ਕੀਤਾ ਜਾਂਦਾ ਹੈ, ਉਹ ਹੈ ਇਨਸਾਨਾਂ ਦੀ ਖਰੀਦੋ ਫ਼ਰੋਖਤ। ਭਾਰਤ ਇੱਕ ਰਾਸ਼ਟਰ ਦੇ ਤੌਰ ’ਤੇ ਸੰਸਾਰ ਵਿੱਚ ਵਪਾਰੀਆ ਲਈ ਔਰਤਾਂ ਨੂੰ ਪ੍ਰਾਪਤ ਕਰਨਾ, ਭੇਜਣ ਦਾ ਆਵਾਜਾਈ ਦੇਸ਼ ਹੈ। ਸੰਸਾਰ ਭਰ ਵਿੱਚ ਕੁੱਲ ਇਨਸਾਨਾਂ ਦੀ ਖਰੀਦੋ ਫ਼ਰੋਖਤ ਵਪਾਰ ਦਾ 80% ਹਿੱਸਾ ਵੇਸਵਾਗਮਨੀ, ਜ਼ਬਰਦਸਤੀ ਵਿਆਹ ਵਿੱਚ ਧੱਕ ਦਿੱਤਾ ਜਾਂਦਾ ਹੈ। 12 ਲੱਖ ਬੱਚੇ ਖਰੀਦੇ ਤੇ ਵੇਚੇ ਜਾਂਦੇ ਹਨ। ਬੱਚਿਆਂ ਤੋਂ ਜ਼ਬਰਦਸਤੀ ਕੰਮ ਕਰਵਾਏ ਜਾਂਦੇ ਹਨ ਜਿਵੇਂ ਖੁਦਾਈ, ਘਰੇਲੂ ਕੰਮ ਆਦਿ ਬੱਚਿਆ ਦਾ ਵੱਡਾ ਹਿੱਸਾ ਸੈਕਸ ਗੁਲਾਮ ਦੀ ਤਰ੍ਹਾਂ ਵਰਤਿਆ ਜਾਂਦਾ ਹੈ।

ਭਾਰਤ ਦੀ ਗੱਲ ਕਰੀਏ ਤਾਂ ਮਨਿਸਟਰੀ ਆਫ ਵੋਮੇਨ ਐਂਡ ਚਾਇਲਡ ਡਿਵੈਲਪਮੈਂਟ ਦੇ ਅਨੁਸਾਰ ਇਸ ਵਿੱਚ 2015 ਦੇ ਮੁਕਾਬਲੇ 25% ਵਾਧਾ ਹੋਇਆ। ਭਾਰਤ ਵਿੱਚ ਕੁੱਲ 1 ਕਰੋੜ ਵੇਸਵਾਵਾਂ ਹਨ ਜਿੰਨ੍ਹਾਂ ਚੋਂ ਇੱਕ ਲੱਖ ਇਕੱਲੇ ਮੁੰਬਈ (ਏਸ਼ੀਆ ਦੀ ਵੱਡੀ ਵੇਸਵਾਗਮਨੀ ਸੱਨਅਤ) ਵਿੱਚ ਹਨ। ਇੰਨ੍ਹਾਂ ਵੇਸਵਾਵਾਂ ਨੂੰ ਸਿਗਰਟ ਦੇ ਟੋਟਿਆ ਨਾਲ਼ ਦਾਗਿਆ ਜਾਂਦਾ ਹੈ, ਰਾਡ ਨਾਲ਼ ਕੁੱਟਿਆ ਜਾਂਦਾ ਹੈ, ਹਰ ਰੋਜ਼ ਜਿਸਮਾਂ ਦੀਆਂ ਬੋਲੀਆ ਹੁੰਦੀਆਂ ਹਨ, ਬਦਕਾਰੀ ਦੇ ਅੱਡਿਆ ’ਤੇ ਫਸੀਆ ਔਰਤਾਂ ਹਰ ਪਲ ਜਿਉਣ ਮਰਨ ਵਿੱਚ ਕੱਢ ਦੀਆਂ ਹਨ, ਸਰੀਰਕ ਬਿਮਾਰੀਆਂ, ਐੱਚ.ਆਈ.ਵੀ ਏਡਜ਼, ਅਣਚਾਹਿਆ ਗਰਭ, ਬੱਚੇਦਾਨੀ ਦਾ ਕੈਂਸਰ, ਕੁੱਟ-ਮਾਰ, ਨਸ਼ੇ ਦੀ ਆਦਤ ਪੈ ਜਾਣਾ, ਮਾਨਸਿਕ ਪਰੇਸ਼ਾਨੀਆ ਆਦਿ। ਜੇ ਕੋਈ ਗਲਤੀ ਨਾਲ਼ ਇਸ ਦਲਦਲ ਵਿੱਚੋਂ ਨਿੱਕਲਣ ਬਾਰੇ ਸੋਚ ਵੀ ਲਵੇ ਤਾਂ ਦੇਹ ਦੇ ਵਪਾਰੀ ਉਨ੍ਹਾਂ ਦੀ ਬੁਰੀ ਹਾਲਤ ਕਰਦੇ ਹਨ। ਇਹ ਵਪਾਰੀ ਮੁਨਾਫੇ ਦੀ ਹਵਸ ਵਿੱਚ ਕਰੋੜਾਂ ਜ਼ਿੰਦਗੀਆ ਬਰਬਾਦ ਕਰ ਦਿੰਦੇ ਹਨ।

ਇੱਕ ਤਾਂ ਸਿੱਧਾ ਵੇਸਵਾਗਮਨੀ ਦੇ ਅੱਡੇ (ਲਾਲ ਬੱਤੀ ਦੇ ਇਲਾਕੇ) ਹਨ, ਦੂਜਾ ਐੱਨ.ਜੀ.ਓ (ਸਮਾਜ ਭਲਾਈ ਦਾ ਪਖੰਡ ਰਚਦੇ ਕਰੋੜਾਂ ਦੀ ਜਾਇਦਾਦ ਬਣਾਉਂਦੇ ਹਨ) ਪਿੱਛੇ ਜਿਹੇ ਮਜੁੱਫਰਪੁਰ ਦਾ ਬਾਲਿਕਾ ਗ੍ਰਹਿ ( 44 ਵਿੱਚੋਂ 29 ਬੱਚਿਆ ਨਾਲ਼ ਬਲਾਤਕਰ, 3 ਗਰਭਵਤੀ) ਵਿੱਚ ਚੱਲ ਰਹੇ ਤਸੀਹਿਆਂ ਦੀ ਕਹਾਣੀ ਸਰਕਾਰ ਕੋਲ ਕਸ਼ਿਸ ਨਿਊਜ਼ ਵੱਲੋਂ 15 ਮਾਰਚ 2018 ਤੱਕ ਪਹੁੰਚਾ ਦਿੱਤੀ ਗਈ ਸੀ ਪਰ 31 ਮਈ ਨੂੰ ਐਫ. ਆਈ.ਆਰ ਦਰਜ ਹੁੰਦੀ ਹੈ, ਜਦ ਕਿ ਇਸ ਦੌਰਾਨ ਇੱਕ ਹੋਰ ਪ੍ਰੋਜੈਕਟ ਸਮਾਜ ਕਲਿਆਣ ਵਿਭਾਗ ਦੀ ਇੱਕ ਸੁਸਾਇਟੀ ਵੱਲੋਂ ਮਨਜ਼ੂਰ ਕੀਤਾ ਜਾ ਚੁੱਕਾ ਸੀ। ਇਹ ਹੈ ਅਸ਼ਲੀਲ ਸਰਮਾਏ ਅਤੇ ਸੱਤ੍ਹਾ ਦਾ ਖੇਡ ਜਿਸ ’ਚ ਮੰਤਰੀ ਮੁਨਾਫੇ ਲਈ ਹੱਥ ਵਟਾਉਂਦੇ ਨੇ ਅਤੇ ਖੁਦ ਦਾ ‘ਇਮਾਨਦਾਰੀ’ ਨਾਲ਼ ਹਿੱਸਾ ਲੈਂਦੇ ਹਨ। ਉੱਤਰ ਪ੍ਰਦੇਸ਼ ਦੇ ਦੇਵਰਿਆ ਦੇ ‘ਨਾਰੀ ਸੰਰਕਸ਼ਣ ਗ੍ਰਹਿ’ ਵਿੱਚ ਦੇਹ ਵਪਾਰ ਕੀਤਾ ਜਾਂਦਾ ਸੀ 44 ਵਿੱਚੋਂ 18 ਕੁੜੀਆ ਗਾਇਬ ਮਿਲ਼ੀਆਂ ਇੱਕ ਨਹੀਂ ਅਨੇਕਾ ਘਟਨਾਵਾ ਚੀਕ ਕੇ ਕਹਿੰਦੀਆ ਹਨ ਕਿ ਆਪਾ ਜੁਲਮਾ ਦੇ ਆਦੀ ਨਾ ਹੋਈਏ, ਗੈਰ ਬਰਾਬਰੀ ਨੂੰ ਹੋਣੀ ਨਾ ਮੰਨੀਏ। ਬਿਮਾਰ ਦੁਨੀਆ ਦਾ ਸੋਗ ਮਨਾਉਣਾ ਚਾਹੀਦਾ ਹੈ ਪਰ ਸੋਗ ਮਨਾਉਣਾ ਕਾਫੀ ਨਹੀਂ ਅਗਲਾ ਕਦਮ ਘਟਨਾਵਾ ਦੇ ਕਾਰਨ ਜਾਨਣ ਅਤੇ ਜੜ੍ਹ ਨੂੰ ਖਤਮ ਕਰਨਾ ਹੈ।

ਇਹ ਗੱਲ ‘ਇੱਜ਼ਤਦਾਰ’ ਕੁੜੀਆ ਦੇ ਮੂੰਹੋ ਸੁਣਨ ਨੂੰ ਵੀ ਮਿਲ਼ ਜਾਂਦੀ ਹੈ ਕਿ ਵੇਸਵਾਵਾ ਮਰਜ਼ੀ ਨਾਲ਼ ਇਹ ਕੰਮ ਚੁਣਦੀਆ ਹਨ ਤਾਂ ਇਸ ਦਾ ਜਵਾਬ ਇਹੀ ਹੈ ਕਿ ਕਿਹੜਾ ਇਨਸਾਨ ਹੈ ਜਿਸ ਨੂੰ ਨਰਕ ਭਰੀ ਜ਼ਿੰਦਗੀ ਚੰਗੀ ਲੱਗਦੀ ਹੋਵੇਗੀ, ਇਸ ਦੀਆਂ ਜੜ੍ਹਾਂ ਕੰਗਾਲੀ ’ਚ ਪਈਆ ਹਨ। ਇਹ ਢਾਂਚਾ ਇਸ ਤਰ੍ਹਾਂ ਦਾ ਹੈ ਜੋ ਗਿਣਤੀ ਦੇ ਲੋਕਾਂ ਦੀ ਅੱਯਾਸ਼ੀ ਬਦਲੇ ਬਿਮਾਰੀਆਂ, ਗਰੀਬੀ, ਕੀੜੇ ਮਕੌੜਿਆਂ ਵਰਗੀ ਜ਼ਿੰਦਗੀ ਨੂੰ ਜਨਮ ਦਿੰਦਾ ਰਹਿੰਦਾ ਹੈ। ਸਰਮਾਏ ਦੀ ਹਵਸ ਦਾ ਦਾਨਵ ਇੰਨ੍ਹਾਂ ਫਟੇਹਾਲ ਝੁੱਗੀਆ ਝੌਪੜੀਆਂ ਵਿੱਚੋਂ ਆਪਣੇ ਸ਼ਿਕਾਰ ਲੱਭਦਾ ਰਹਿੰਦਾ ਹੈ, ਦਿਨ ਦਿਹਾੜੇ ਬੱਚਿਆਂ ਨੂੰ ਲਾਪਤਾ ਕਰ ਦੇਣਾ, ਕੁੜੀਆ ਦੀ ਖਰੀਦੋ ਫਰੋਖਤ, ਚੰਗੀ ਜ਼ਿੰਦਗੀ ਦਾ ਲਾਲਚ ਦੇ ਕੇ ਵਿਭਚਾਰ ਦੇ ਅੱਡਿਆ ’ਤੇ ਲਿਜਾ ਸੁੱਟਦਾ ਹੈ ਜੋ ਇਸ ਢਾਂਚੇ ਦੀ ਦਲਦਲ ਹੈ।

ਹੁਣ ਅਗਲੇ ਸਵਾਲ ਵੱਲ ਆਉਂਦੇ ਹਾਂ ਕਿ ਇਸ ਦਾ ਖਾਤਮਾ ਸੰਭਵ ਹਾਂ, ਬਿਨ੍ਹਾਂ ਸ਼ੱਕ ਇਸ ਦਾ ਜਵਾਬ ਹੈ, ਹਾਂ। ਇੱਕ ਕਹਾਵਤ ਹੈ ‘ਜਿਹੋ ਜੀਆਂ ਨੀਤਾਂ ਉਹ ਜੀਆਂ ਮੁਰਾਦਾ’ ਸਰਮਾਏਦਾਰੀ ਢਾਂਚੇ ਦੀ ਨੀਤ ਹੈ ਹਰ ਕੀਮਤ ’ਤੇ ਲੁੱਟਣਾ, ਨਤੀਜਾ ਕਿਰਤੀ ਅਬਾਦੀ ਦੀ ਕੰਗਾਲੀ, ਬਿਮਾਰ ਦੁਨੀਆਂ। 1917 ’ਚ ਰੂਸ ਵਿੱਚ ਇਨਕਲਾਬ ਆਇਆ। ਰੂਸੀ ਲੋਕਾਂ ਦੇ ਜੀਵਨ ਦੀ ਮੁੜ ਉਸਾਰੀ ਦਾ ਕੰਮ ਲੈਨਿਨ ਤੇ ਉਸਦੇ ਪੈਰੋਕਾਰਾ ਨੇ ਰੂਸੀ ਪੁਰਸ਼ਾ ਤੋਂ ਨਹੀ, ਰੂਸੀ ਔਰਤਾਂ ਦੇ ਜੀਵਨ ਤੋਂ ਸ਼ੁਰੂ ਕੀਤਾ। ਸੋਵੀਅਤ ਸਮਾਜਵਾਦੀ ਗਣਤੰਤਰ ਸੰਘ 15 ਸਾਲਾ ਵਿੱਚ ਇੱਕ ਅਜਿਹਾ ਦੇਸ਼ ਬਣਿਆ ਜਿੱਥੇ ਵੇਸਵਾਗਮਨੀ ਅਤੇ ਗੁਪਤ ਰੋਗਾਂ ਨੂੰ ਜੜੋ੍ ਖਤਮ ਕੀਤਾ ਗਿਆ। ਸਰਮਾਏਦਾਰੀ ਢਾਂਚੇ ਨੇ 350 ਸਾਲ ਬਾਅਦ ਵੀ ਇਸ ਅਲਾਮਤ ਨੂੰ ਖਤਮ ਕਰਨਾ ਤਾਂ ਇੱਕ ਪਾਸੇ ਸਗੋਂ ਲਗਾਤਾਰ ਵਧਾਇਆ ਹੀ ਹੈ। ਰੂਸ ਵਿੱਚ 1923 ਤੋਂ ਇਸ ਦੁਰਾਚਾਰ ਖਿਲਾਫ਼ ਹਮਲਾ ਕੀਤਾ, ਔਰਤਾਂ ਦੀ ਖਰੀਦੋ ਫਰੋਖਤ ਵਿਰੁੱਧ ਘੋਲ਼ ਚਲਾਇਆ ਗਿਆ, ਕਨੂੰਨ ਸਿਰਫ ਕਾਗਜ਼ਾ ’ਤੇ ਨਹੀ ਉਲੀਕੇ ਗਏ ਅਮਲੀ ਰੂਪ ਵਿੱਚ ਅਨੋਖੇ ਢੰਗਾਂ ਨਾਲ਼ ਔਰਤਾਂ ਦੇ ਆਤਮ ਸਨਮਾਨ ਨੂੰ ਬਰਕਰਾਰ ਰੱਖਦੇ ਲਾਗੂ ਕੀਤੇ ਗਏ, 1925 ਵਿੱਚ ‘ਵੇਸਵਾਗਮਨੀ ਵਿਰੁੱਧ ਘੋਲ ਦਾ ਪ੍ਰੋਗਰਾਮ’ ਨਾਮਕ ਕਨੂਨ ਬਣਾਇਆ ਗਿਆ। ਔਰਤਾਂ ਪ੍ਰਤੀ ਹਮਦਰਦੀ ਭਰਿਆ ਵਤੀਰਾ ਰੱਖਦੇ, ਉਨ੍ਹਾਂ ਦੀ ਆਰਥਿਕ ਦਸ਼ਾ ਸੁਧਾਰਨ ਲਈ ਕਦਮ ਚੁੱਕੇ। ਬੱਚਿਆਂ ਤੇ ਜਵਾਨ ਕੁੜੀਆਂ ਦੀ ਸੁਰੱਖਿਆ ਦੇ ਨਿਯਮ ਸਖਤ ਕੀਤੇ ਗਏ, ਹਸਪਤਾਲਾਂ ਵਿੱਚ ਮੁਫ਼ਤ ਦਵਾਈ ਦੇ ਨਾਲ਼ ਸਕੂਲ ਸ਼ੁਰੂ ਕੀਤੇ ਗਏ ਨਾਲ਼ ਹੀ ਕੰਮ-ਧੰਦੇ ਦਾ ਕੇਂਦਰ ਬਣੇ। ਇਸ ਨਾਲ਼ ਹੀ ਗਾਹਕਾਂ, ਵਪਾਰੀਆਂ ਨੂੰ ਤਕੜੇ ਹੱਥੀ ਲਿਆ ਗਿਆ, ਸਮਾਜਿਕ ਦਬਾਅ ਦਾ ਸਹਾਰਾ ਵੀ ਲਿਆ ਗਿਆ (‘ਔਰਤ ਦੇ ਸਰੀਰ ਨੂੰ ਖਰੀਦਣ ਵਾਲਾ’ ਲਿਖ ਕੇ ਗਾਹਕ ਜਾਂ ਵਪਾਰੀ ਦਾ ਨਾਮ ਪਤਾ ਜਨਤਕ ਕਰ ਦਿੱਤਾ ਜਾਂਦਾ ਸੀ (ਕਿਤਾਬ-ਪਾਪ ਅਤੇ ਵਿਗਿਆਨ, ਲੇਖਕ ਡਾਈਸਨ ਕਾਰਟਰ)। ਰੂਸ ਵਿੱਚ ਸਰਮਾਏਦਾਰੀ ਦੀ ਮੁੜ-ਬਹਾਲੀ ਦੇ ਨਾਲ਼ ਹੀ ਇਹ ਅਲਾਮਤ ਫਿਰ ਰੂਸੀ ਜ਼ਿੰਦਗੀ ਦਾ ਹਿੱਸਾ ਬਣ ਗਈ ਸੀ, ਕਿਉਂਕਿ ਇਹ ਇਸੇ ਢਾਂਚੇ ਦੀ ਦੇਣ ਹੈ, ਅੱਜ ਸਮੇਂ ਦੀ ਮੰਗ ਹੈ ਕਿ ਬਿਮਾਰ ਦੁਨੀਆ ਦਾ ਸੋਗ ਮਨਾਉਣ ਦੀ ਜਗ੍ਹਾਂ ਬਿਮਾਰ ਦੁਨੀਆ ਨੂੰ ਤੰਦਰੁਸਤੀ ਵੱਲ ਲੈ ਕੇ ਜਾਈਏ।

Leave a Reply

Your email address will not be published. Required fields are marked *