ਟਾਪਫ਼ੁਟਕਲ

ਬੁੱਧ ਬਾਣ …..ਵੇ ਤਸਵੀਰਾਂ ਬੋਲਦੀਆਂ ! ਬੁੱਧ ਸਿੰਘ ਨੀਲੋੰ

ਮਨੁੱਖ ਦੀ ਜ਼ਿੰਦਗੀ ਵਿੱਚ ਤਸਵੀਰ ਪਲ ਪਲ ਤੇ ਛਿਣ ਛਿਣ ਬਦਲਦੀ ਰਹਿੰਦੀ ਹੈ। ਬੱਚਾ ਪਹਿਲਾਂ ਜਨਮ ਲੈਂਦਾ ਹੈ ਫਿਰ ਰੁੜਦਾ ਹੈ, ਫਿਰ ਤੁਰਦਾ ਵੱਡਾ ਹੁੰਦਾ ਹੈ। ਉਸ ਦੀ ਤਸਵੀਰ ਹਰ ਛਿਣ ਬਦਲਦੀ ਰਹਿੰਦੀ ਹੈ। ਮਨੁੱਖ ਪਹਿਲਾਂ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਇੱਕ ਲੁੱਟਣ ਵਾਲੇ ਸਨ ਤੇ ਦੂਜੇ ਲੁੱਟੇ ਜਾਣ ਵਾਲੇ। ਇਹ ਪ੍ਰਥਾ ਸਦੀਆਂ ਤੋਂ ਚੱਲੀ ਆਉਂਦੀ ਹੈ। ਮਨੁੱਖੀ ਵਿਕਾਸ ਦੇ ਇਤਿਹਾਸ ਨੂੰ ਦੋ ਧਿਰਾਂ ਲਿਖਦੀਆਂ ਹਨ । ਇੱਕ ਸੱਤਾਧਾਰੀ ਧਿਰ ਹੁੰਦੀ ਹੈ, ਜਿਸਦੇ ਕੋਲ ਦਰਬਾਰੀ ਕਵੀ ਤੇ ਦਰਬਾਰੀ ਇਤਿਹਾਸਕਾਰ ਹੁੰਦੇ ਹਨ। ਜਿਹੜੇ ਰਾਜ ਸੱਤਾ ਦਾ ਗੁਣ ਗਾਨ ਕਰਦੇ ਹਨ। ਹਰ ਝੂਠ ਤੇ ਜ਼ਬਰ ਜ਼ੁਲਮ ਨੂੰ ਸੱਚ ਤੇ ਸਹੀ ਸਿੱਧ ਕਰਦੇ ਹਨ। ਦੂਜੀ ਧਿਰ ਲੋਕਾਂ ਦੀ ਹੁੰਦੀ ਹੈ ਜੋ ਸਮੇਂ ਦਾ ਸੱਚ ਲਿਖਦੇ ਹਨ। ਉਹ ਹਰ ਗੱਲ ਨੂੰ ਪੁਣਛਾਣ ਕੇ ਸਹੀ ਤੱਤ ਤੇ ਤੱਥ ਪੇਸ਼ ਕਰਦੇ ਹਨ। ਲੋਕਾਂ ਵੱਲੋਂ ਲਿਖਿਆ ਸੱਚ ਸੱਤਾਧਾਰੀਆਂ ਦੇ ਹਜ਼ਮ ਨਹੀਂ ਹੁੰਦਾ। ਉਹ ਫੇਰ ਇਹ ਸੱਚ ਲਿਖਣ ਵਾਲਿਆਂ ਨੂੰ ਬੰਦੀ ਬਣਾ ਕੇ ਜੇਲ੍ਹ ਵਿੱਚ ਸੜਨ ਲਈ ਡੱਕ ਦੇਦੇ ਹਨ । ਇਹ ਹਰ ਦੌਰ ਵਿੱਚ ਇਹੋ ਕੁੱਝ ਹੁੰਦਾ ਆਇਆ ਹੈ ਤੇ ਇਹ ਉਸ ਵੇਲੇ ਤੱਕ ਹੁੰਦਾ ਰਹੇਗਾ, ਜਦੋਂ ਤੱਕ ਲੋਕ ਨਹੀਂ ਜਾਗਦੇ। ਲੋਕਾਂ ਨੂੰ ਜਗਾਉਣਾ ਬਹੁਤ ਮੁਸ਼ਕਿਲ ਕਾਰਜ ਹੈ ਪਰ ਲੋਕਾਂ ਨੂੰ ਜਗਾਉਣ ਵਾਲੇ ਇਹ ਕਾਰਜ ਕਰੀ ਜਾ ਰਹੇ ਹਨ । ਗੰਜਿਆਂ ਨੂੰ ਕੰਘੇ ਤੇ ਅੰਨ੍ਹਿਆਂ ਨੂੰ ਚਸ਼ਮੇ ਉਹ ਵੇਚੀ ਜਾਂਦੇ ਹਨ । ਸੁਣਿਆ ਹੈ ਗੰਜੇ ਕੋਲ ਬਹੁਤ ਮਾਇਆ ਹੁੰਦੀ ਹੈ ਪਰ ਜੇ ਕਥਨ ਸੱਚ ਹੈ ਤਾਂ ਫੇਰ ਹਰ ਕਿਰਤੀ ਸਰਮਾਏਦਾਰ ਹੋਵੇਗਾ ਪਰ ਉਹ ਹੁੰਦਾ ਨਹੀਂ, ਉਸਦਾ ਸਿਰ ਗੰਜਾ ਜਰੂਰ ਹੁੰਦਾ ਹੈ ਪਰ ਇਹ ਕਥਨ ਝੂਠਾ ਹੈ ਕਿ ਗੰਜੇ ਕੋਲ ਮਾਇਆ ਬਹੁਤ ਹੁੰਦੀ ਹੈ। ਅੰਨ੍ਹਿਆਂ ਨੂੰ ਚਸ਼ਮੇ ਦੇਣ ਵਾਲੀ ਗੱਲ ਵੀ ਗਲਤ ਹੈ । ਅੰਨ੍ਹੇ ਵੀ ਦੋ ਕਿਸਮ ਦੇ ਹੁੰਦੇ ਹਨ । ਇੱਕ ਜਨਮ ਤੋਂ ਦੂਜੇ ਅਕਲ ਤੋਂ । ਹੁਣ ਸਮਾਜ ਵਿੱਚ ਦੂਜੀ ਕਿਸਮ ਦੇ ਅੰਨ੍ਹਿਆਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਇਸੇ ਕਰਕੇ ਚਾਰੇ ਪਾਸੇ ਹਨੇਰ ਹੈ। ਇਸ ਵੱਧ ਰਹੇ ਹਨੇਰ ਨੂੰ ਖਤਮ ਚਾਨਣ ਨੇ ਕਰਨਾ ਹੁੰਦਾ ਹੈ। ਉਝ ਚਾਨਣ ਵੰਡਣ ਵਾਲੇ ਵੀ ਬਹੁਤ ਹੁੰਦੇ ਹਨ ਪਰ ਇਹਨਾਂ ਬਹੁਤਿਆਂ ਦੇ ਵਿੱਚੋਂ ਕੁੱਝ ਕੁ ਹੀ ਪ੍ਰਤੀਵੱਧ ਹੁੰਦੇ ਹਨ ਤੇ ਬਾਕੀ ਤੋਰੀ ਫੁਲਕਾ ਤੇ ਪੇਟ ਨੂੰ ਝੁਲਕਾ ਦੇਣ ਵਾਲੇ ਹੀ ਹੁੰਦੇ ਹਨ । ਇਹਨਾਂ ਤੋਰੀ ਫੁਲਕਾ ਚਲਾਉਣ ਵਾਲਿਆਂ ਦੇ ਵਿੱਚ ਹਰ ਵਰਗ ਤੇ ਹਰ ਸਮਾਜ ਦੇ ਪ੍ਰਤੀਨਿਧ ਹੁੰਦੇ ਹਨ । ਜਿਹਨਾਂ ਦੇ ਮਨ ਹੋਰ ਤੇ ਮੁੱਖ ਹੋਰ ਹੁੰਦੇ ਹਨ। ਉਝ ਹਰ ਕੋਈ ਟਟੀਹਰੀ ਵਾਂਗੂੰ ਸਾਰਾ ਅਸਮਾਨ ਆਪਣੇ ਪੈਰਾਂ ਉਤੇ ਹੋਣ ਦੇ ਭਰਮ ਵਿੱਚ ਜਿਉਦੇ ਰਹਿੰਦੇ ਹਨ । ਇਹ ਚਾਨਣ ਵੰਡਣ ਵਾਲੇ ਖੁਦ ਹਨੇਰੇ ਦਾ ਸੰਤਾਪ ਹੰਡਾਉਦੇ ਹਨ। ਸਮਾਜ ਨੂੰ ਚਿੱਟੀ, ਹਰੀ, ਲਾਲ, ਸੁਰਮੇਰੰਗੀ ਤੇ ਭਗਵੀਂ ਸਿਉਕ ਲੱਗੀ ਹੈ । ਇਨ੍ਹਾਂ ਦੇ ਆਪੋ ਆਪਣੇ ਮੱਠ ਤੇ ਇਕੱਠ ਹਨ । ਇਹ ਮੁਕਤੀ ਦੇ ਗੁਰ ਦੱਸਣ ਦੇ ਬਹਾਨੇ ਖੁਦ ਬੇਮੁਕਤ ਹੁੰਦੇ ਹਨ । ਇਹ ਆਪਣੀ ਭੀੜ ਨੂੰ ਚੰਗੇ ਕਰਮ ਕਰਨ ਦਾ ਉਪਦੇਸ਼ ਦੇਦੇ ਹਨ ਖੁਦ ਹਰ ਤਰ੍ਹਾਂ ਦਾ ਕੁਕਰਮ ਕਰਦੇ ਹਨ । ਇਨ੍ਹਾਂ ਦੇ ਕੁਕਰਮਾਂ ਦਾ ਜਦ ਸਮਾਜ ਵਿੱਚ ਪਰਦਾ ਚੱਕਿਆ ਜਾਂਦਾ ਹੈ ਤਾਂ ਭੀੜ ਆਖਦੀ ਇਹ ਪਿਤਾ ਜੀ ਦੇ ਇਹ ਚੋਜ ਹਨ । ਸ਼ਰਧਾ ਵਿੱਚ ਫਸੀ ਭੀੜ ਦਿਨੋਂ ਦਿਨ ਵੱਧ ਰਹੀ ਹੈ । ਇਸ ਭੀੜ ਵਿੱਚ ਚਾਨਣ ਵੰਡਣ ਵਾਲੇ ਬਹੁਗਿਣਤੀ ਵਿੱਚ ਹੁੰਦੇ ਹਨ । ਜਿਹੜੇ ਪੁੰਨ ਦੇ ਨਾਲ ਫਲੀਆਂ ਛੱਕਦੇ ਹਨ । ਅੱਜਕੱਲ੍ਹ ਫਲੀਆਂ ਛਕਣ ਵਾਲੇ ਜੇਲ੍ਹ ਯਾਤਰੀ ਬਣ ਰਹੇ ਹਨ ਤੇ ਸਵਰਗ ਦੀ ਯਾਤਰਾ ਕਰਦੇ ਹਨ । ਨਰਕ ਤੇ ਸਵਰਗ ਦਾ ਭਰਮਜਾਲ ਵਿਛਾਉਣ ਵਾਲਿਆਂ ਵੱਲੋਂ ਹੁਣ ਸਭ ਨੂੰ ਇਕ ਰੱਸੇ ਬੰਨ੍ਹਣ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਉਹਨਾਂ ਦਾ ਇਹ ਕਾਰੋਬਾਰ ਦਿਨੋਂ ਦਿਨ ਰੂੜੀ ਦੇ ਢੇਰ ਵਾਂਗ ਵੱਧ ਦਾ ਹੀ ਜਾ ਰਿਹਾ ਹੈ। ਪੰਜਾਬ ਦੇ ਵਿੱਚ ਉਨੇ ਪਿੰਡ ਨੇ ਹੀ ਜਿੰਨੇ ਚਿੱਟੀ ਸਿਉਂਕ ਦੇ ਡੇਰੇ ਬਣ ਗਏ ਹਨ। ਇੱਕ ਗਿਣਤੀ ਮੁਤਾਬਕ ਇਕ ਲੱਖ 13 ਹਜ਼ਾਰ ਦੇ ਕਰੀਬ ਪੰਜਾਬ ਦੇ ਵਿੱਚ ਸਾਧਾਂ ਦੇ ਡੇਰੇ ਹਨ । ਹਰ ਡੇਰੇ ਦੀ ਆਪਣੇ ਅੰਧ ਭਗਤਾਂ ਦੀ ਫ਼ੌਜ ਹੈ। ਜਿਹੜੀ ਅਕਲ ਵਿਹੂਣੀ ਹੈ, ਜਿਸਨੂੰ ਭਰਮ ਹੈ ਕਿ ਉਹਨਾਂ ਦੀ ਸਾਧ ਮੁਕਤੀ ਕਰ ਦੇਵੇਗਾ। ਪਰ ਉਹਨਾਂ ਦਾ ਇਹ ਵਹਿਮ ਹੈ । ਅਕਲ ਗਿਆਨ ਹਾਸਲ ਕਰਨ ਲਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਪਣਾਉਣਾ ਪਵੇਗਾ । ਸਾਨੂੰ ਸੋਝੀ ਕਦੋਂ ਆਵੇਗੀ ਇਹ ਤਾਂ ਹੁਣ ਉੱਪਰ ਵਾਲਾ ਵੀ ਨਹੀਂ ਜਾਣਦਾ। ਕਿਉਂਕਿ ਅਸੀਂ ਦਿਮਾਗ ਤੋਂ ਘੱਟ ਪੈਰਾਂ ਤੋਂ ਵੱਧ ਕੰਮ ਲੈਂਦੇ ਆ। ਸਾਡੇ ਦਿਮਾਗ ਨੂੰ ਆਸਥਾ ਦੀ ਸਿਉਂਕ ਲੱਗ ਗਈ ਹੈ। ਸਿਉਂਕ ਲੱਗੀ ਚੀਜ਼ ਕੋਈ ਵੀ ਸਾਬਤ ਨਹੀਂ ਰਹਿੰਦੀ ਇਹੋ ਹਾਲ ਹੁਣ ਸਾਡਾ ਬਣ ਗਿਆ ਹੈ। ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਇਹ ਗੀਤ ਬੜਾ ਚਰਚਾ ਹੋਇਆ ਸੀ
ਮੈਨੂੰ ਟੈਲੀਵਿਜ਼ਨ ਲੈਦੇ ਵੇ ਤਸਵੀਰਾਂ ਬੋਲਦੀਆਂ।
ਪਰ ਹੁਣ ਘਰ ਦੀ ਆਖਦੀ ਏ ਮੈਨੂੰ ਆਈਫੋਨ ਲੈ ਦੇਵੇ, ਮੈਂ ਰੀਲਾਂ ਬਣਾਉਣੀਆਂ ਨੇ। ਰੀਲਾਂ ਬਣਾਉਣ ਵਾਲੀਆਂ ਮੁਟਿਆਰਾਂ ਨੇ ਸੰਗ ਸ਼ਰਮ ਲਾ ਕੇ ਸੰਦੂਕ ਵਿੱਚ ਰੱਖੀ ਹੋਈ ਹੈ। ਲਾਹਣਤ ਹੈ ਉਹਨਾਂ ਦੇ ਮਾਪਿਆਂ ਨੂੰ ਜਿਹੜੇ ਇਹ ਕੰਜਰ ਘਾਟ ਹੁੰਦਾ ਵੇਖ ਰਹੇ ਹਨ। ਲੋਕਾਂ ਨੇ ਇੱਜਤ ਨਾਲੋਂ ਪੈਸੇ ਨੂੰ ਵਧੇਰੇ ਆਪਣਾ ਸਮਝ ਲਿਆ ਹੈ।ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈ ਪਰ ਇਹ ਇੱਜਤ ਇੱਕ ਵਾਰੀ ਗਈ ਮੁੜ ਹੱਥ ਨਹੀਂ ਆਉਂਦੀ।
₹₹₹
ਬੁੱਧ ਸਿੰਘ ਨੀਲੋੰ
94643 70823

Leave a Reply

Your email address will not be published. Required fields are marked *