ਬ੍ਰਹਮਪੁਰਾ ਦਾ ਮਾਨ-ਕੇਜਰੀਵਾਲ ਨੂੰ ਸਵਾਲ: “ਬੇਅਦਬੀ ਲਈ ਹੁਣ ਕੌਣ ਜ਼ਿੰਮੇਵਾਰ?”

ਸ੍ਰ. ਬ੍ਰਹਮਪੁਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰਿਮੋ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਹੁਣ ਬੇਅਦਬੀ ਦੀਆਂ ਘਟਨਾਵਾਂ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਹੁੰਦੀ ਹੈ ਜਾਂ ਕਿਸੇ ਵੀ ਧਾਰਮਿਕ ਗ੍ਰੰਥਾਂ ਦੇ ਅੰਗ ਪਾੜ ਕੇ ਖੇਰੂੰ ਖੇਰੂੰ ਕਰ ਦਿੱਤੇ ਜਾਂਦੇ ਹਨ, ਤਾਂ ਸਰਕਾਰ ਅਸਲ ਦੋਸ਼ੀਆਂ ਨੂੰ ਫੜਨ ਦੀ ਬਜਾਏ ਅਣਪਛਾਤਿਆਂ ‘ਤੇ ਪਰਚਾ ਦਰਜ ਕਰਕੇ ਕੇਸ ਨੂੰ ਮਲੀਆਮੇਟ ਕਰ ਦਿੰਦੀ ਹੈ।
ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਝਬਾਲ ਖ਼ੁਰਦ ਵਿਖੇ ਵਾਪਰੀ ਤਾਜ਼ਾ ਬੇਅਦਬੀ ਦੀ ਘਟਨਾ ‘ਤੇ ਟਿੱਪਣੀ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਇਹ ‘ਆਪ’ ਸਰਕਾਰ ਦੀ ਨਾਕਾਮੀ ਦਾ ਸਪੱਸ਼ਟ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ, ਪਰ ਅਕਸਰ ਦੇਖਿਆ ਗਿਆ ਹੈ ਕਿ ਅਜਿਹੇ ਮਾਮਲਿਆਂ ਵਿੱਚ ਅਸਲ ਦੋਸ਼ੀ ਫੜੇ ਨਹੀਂ ਜਾਂਦੇ। ਉਨ੍ਹਾਂ ਸਵਾਲ ਕੀਤਾ ਕਿ ਪਿੰਡ ਵਾਸੀਆਂ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰਨ ਅਤੇ ਸ਼ਰਾਰਤੀ ਅਨਸਰਾਂ ਦੀ ਭਾਲ ਕਰਨ ਦੇ ਬਾਵਜੂਦ, ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਕਿਉਂ ਨਾਕਾਮ ਰਹੀ ਹੈ?
ਸ੍ਰ. ਬ੍ਰਹਮਪੁਰਾ ਨੇ ‘ਆਪ’ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਜਿਨ੍ਹਾਂ ਮੁੱਦਿਆਂ ‘ਤੇ ਉਹ ਪਹਿਲਾਂ ਸੱਤਾ ਵਿੱਚ ਆਏ ਸਨ, ਉਨ੍ਹਾਂ ਮੁੱਦਿਆਂ ‘ਤੇ ਹੁਣ ਉਹ ਖੁਦ ਫੇਲ੍ਹ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭੜਕਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਫੜਨ ਦੀ ਬਜਾਏ, ਸਰਕਾਰ ਸਿਰਫ ਬਿਆਨਬਾਜ਼ੀ ਤੱਕ ਸੀਮਤ ਹੈ।
ਸ਼੍ਰੋਮਣੀ ਅਕਾਲੀ ਦਲ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਾ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ ਉਹ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਭੰਗ ਕਰਨ ਦੀ ਕੋਸ਼ਿਸ਼ ਹਨ ਅਤੇ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ