ਟਾਪਪੰਜਾਬ

ਭਾਜਪਾ ’ਤੇ ਬੇਬੁਨਿਆਦ ਇਲਜ਼ਾਮ ਲਾਉਣ ਦੀ ਥਾਂ ਆਪਣੇ ਅੰਦਰ ਝਾਤੀ ਮਾਰਨ ਸੁਖਬੀਰ ਬਾਦਲ –  ਪ੍ਰੋ. ਸਰਚਾਂਦ ਸਿੰਘ ਖਿਆਲਾ।

ਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ ਦੇ ਸੂਬਾਈ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅਕਾਲੀ ਦਲ ਬਾਦਲ ਦੇ ਮੁੜ ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ’ਤੇ ਲਗਾਏ ਗਏ ਬੇਬੁਨਿਆਦ ਇਲਜ਼ਾਮ ਨੂੰ ਪੂਰੀ ਤਰਾਂ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲ ਦਲ ਦਾ ਟਕਰਾਅ ਕੇਂਦਰ ਨਾਲ ਨਹੀਂ ਸਗੋਂ ਸਿੱਖੀ ਸਿਧਾਂਤ ਅਤੇ ਰਵਾਇਤਾਂ ਨਾਲ ਹੈ। ਪਹਿਲਾਂ ਤਾਂ ਸਿੱਖ ਸਿਆਸਤ ਦਾ ਟਕਰਾਅ ਮੁਗ਼ਲਾਂ ਦੀ ਸਤਾ ਮੀਰੀ ਨਾਲ ਸੀ ਅੱਜ ਸੁਖਬੀਰ ਬਾਦਲ ਦੀ ਅਗਵਾਈ ’ਚ ਮੀਰੀ ਭਾਵ ਅਕਾਲੀ ਸਿਆਸਤ ਖ਼ੁਦ ਗੁਰਮਤਿ ਸਿਧਾਂਤ, ਰਵਾਇਤਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਦੇ ਰਿਹਾ ਹੈ। ਜਦੋਂ ਕਿ ਸਿੱਖ ਸਿਆਸਤ ਨੇ ਹਮੇਸ਼ਾਂ ਪੀਰੀ ਦੇ ਅਧੀਨ ਰਹਿ ਕੇ ਕੰਮ ਕੀਤਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ  ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀਆਂ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਦਾ ਸਿਆਸੀਕਰਨ ਹੀ ਨਹੀਂ ਕੀਤਾ ਸਗੋਂ ਕਠਪੁਤਲੀ ਤਕ ਬਣਾ ਲੈਣ ’ਤੇ ਤੁਲਿਆ ਹੈ। ਭਾਵੇਂ ਕਿ ਸੰਗਤ ਦੀਆਂ ਅੱਖਾਂ ’ਚ ਘੱਟਾ ਪਾਉਣ ਲਈ ਅਕਾਲ ਤਖ਼ਤ ਤੋਂ ਸੇਧ ਲੈਣ ਦੀਆਂ ਫੋਕੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਸੰਸਾਰ ਭਰ ਦੇ ਸਿੱਖਾਂ ਦੀ ਆਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਹੈ, ਇਸ ਦੀ ਅਤੇ ਸਿੱਖੀ ਦੀ ਸਾਖ ਨੂੰ ਖੋਰਾ ਲਾਉਣ ’ਚ ਲੱਗੇ ਲੋਕਾਂ ਨੂੰ ਸੰਸਾਰ ਭਰ ਦੇ ਸਿੱਖ ਹੁਣ ਤਕ ਚੰਗੀ ਤਰਾਂ ਜਾਣ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾ ਇਹ ਕਹਿਣਾ ਬਹੁਤ ਹਾਸੋਹੀਣੀ ਹੈ ਕਿ ਵਿਰੋਧੀਆਂ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਆਪਣੇ ਪੱਖ ਵਿਚ ਕਰ ਲਿਆ ਸੀ, ਸਚਾਈ ਸਭ ਜਾਣਦੇ ਹਨ ਕਿ ਬਾਦਲ ਪਰਿਵਾਰ ਨੇ ਸੌਦਾ ਸਾਧ ਨੂੰ ਅਣ ਮੰਗੀ ਮੁਆਫ਼ੀ ਦੇਣ ਦਿਵਾਉਣ ਲਈ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਆਪਣੇ ਗ੍ਰਹਿ ਵਿਖੇ ਤਲਬ ਕਰਦਿਆਂ ਉਨ੍ਹਾਂ ਤੋਂ ਮਨ ਇੱਛਿਤ ਫ਼ੈਸਲੇ ਕਰਵਾਏ ਹਨ। ਜਿਸ ਬਾਰੇ ਸੁਖਬੀਰ ਬਾਦਲ ਖ਼ੁਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਕਬੂਲ ਕਰ ਚੁੱਕੇ ਹਨ।  ਅੱਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਜਿਸ ਤਰੀਕੇ ਨਾਲ ਹਟਾਏ ਗਏ ਹਨ ਅਤੇ ਪਰੰਪਰਾਵਾਂ ਨੂੰ ਅੱਖੋਂ ਪਰੋਖੇ ਕਰਕੇ ਜਿਵੇਂ ਨਵੇਂ ਨਿਯੁਕਤ ਕੀਤੇ ਜਾ ਰਹੇ ਹਨ ਉਨ੍ਹਾਂ ਪ੍ਰਤੀ ਕੌਮ ਵਿਚ ਭਾਰੀ ਰੋਸ ਹੈ। ਉਹ ਜਥੇਦਾਰ ਅੱਜ ਕੌਮ ਵਿਚ ਅਪਰਵਾਨ ਜਥੇਦਾਰ ਸਾਬਤ ਹੋਏ ਹਨ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ  ਕਿ ਅਕਾਲੀ ਦਲ ਬਾਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਤਾਂ 30 ਸਾਲਾਂ ਤੋਂ ਇੱਕੋ ਪਰਿਵਾਰ ਦਾ ਇਸ ’ਤੇ ਕਬਜ਼ਾ ਕਿਉਂ ਹੈ? ਹੁਣ ਮੌਜੂਦਾ ਲੀਡਰਸ਼ਿਪ ਨੇ ਆਪਣੇ ਘਰ ਭਰਨ ਤੋਂ ਇਲਾਵਾ ਕੌਮ ਦੇ ਸਰੋਕਾਰਾਂ ਲਈ ਕੀ ਕੀਤਾ? ਕੌਮੀ ਸਰੋਕਾਰਾਂ ਦੇ ਵਿਪਰੀਤ ਜਾਣ ਕਰਕੇ ਪੰਜ ਵਾਰ ਮੁੱਖਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਾਸਲ ਕੀਤਾ ਗਿਆ ਫਖਰੇ ਕੌਮ ਅਵਾਰਡ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨਸੂਖ਼ ਕਰਨ ਨਾਲ, ਇਨ੍ਹਾਂ ਦੀ ਕੌਮ ਪ੍ਰਤੀ ਦੇਣ ਕਿਸੇ ਤੋਂ ਲੁਕੀ ਛਿਪੀ ਨਹੀਂ ਰਹੀ ਹੈ। ਜੋ ਹੁਣ ਇਹ ਅਵਾਰਡ ਵਾਪਸ ਹਾਸਲ ਕਰਨ ਲਈ ਹੱਦੋਂ ਪਾਰ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਬਾਦਲ ਕੌਮ ਪ੍ਰਸਤੀ ਦੀ ਥਾਂ ਨਿਜ ਪ੍ਰਸਤੀ ਪਾਰਟੀ ਬਣ ਚੁੱਕੀ ਹੈ।

Leave a Reply

Your email address will not be published. Required fields are marked *