ਮਜੀਠੀਆ ਦੀ ਗ੍ਰਿਫ਼ਤਾਰੀ ਪੰਜਾਬ ਦੇ ਲੋਕਤੰਤਰ ਲਈ ਕਾਲਾ ਦਿਨ; ‘ਆਪ’ ਸਰਕਾਰ ਨੇ ਬਦਲਾਖੋਰੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ – ਬ੍ਰਹਮਪੁਰਾ

ਅੱਜ ਇੱਥੇ ਇੱਕ ਸਖ਼ਤ ਬਿਆਨ ਜਾਰੀ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਸ੍ਰ. ਮਜੀਠੀਆ ‘ਤੇ ਲੱਗੇ ਸਾਰੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ, ਝੂਠੇ ਅਤੇ ਰਾਜਨੀਤੀ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ, “ਇਹ ਉਹੀ ਕੇਸ ਹੈ ਜਿਸਨੂੰ 2021 ਵਿੱਚ ਕਾਂਗਰਸ ਸਰਕਾਰ ਨੇ ਸਿਆਸੀ ਦੁਸ਼ਮਣੀ ਕੱਢਣ ਲਈ ਦਰਜ ਕੀਤਾ ਸੀ। ਜਦੋਂ ਸਾਲਾਂ ਤੱਕ ਦੁਨੀਆਂ ਭਰ ਦੀਆਂ ਏਜੰਸੀਆਂ ਇਸ ਕੇਸ ਵਿੱਚੋਂ ਕੁੱਝ ਵੀ ਸਾਬਤ ਨਹੀਂ ਕਰ ਸਕੀਆਂ, ਤਾਂ ਹੁਣ 2027 ਦੀਆਂ ਚੋਣਾਂ ਨੇੜੇ ਆਉਂਦੀਆਂ ਦੇਖ ਕੇ ‘ਆਪ’ ਸਰਕਾਰ ਮਜੀਠੀਆ ਦੀ ਵੱਧ ਰਹੀ ਲੋਕਪ੍ਰਿਅਤਾ ਤੋਂ ਘਬਰਾ ਗਈ ਹੈ ਅਤੇ ਇਸ ਮਰੇ ਹੋਏ ਕੇਸ ਵਿੱਚ ਗ੍ਰਿਫ਼ਤਾਰੀ ਪਾ ਕੇ ਪੰਜਾਬ ਦੀ ਸਭ ਤੋਂ ਮਜ਼ਬੂਤ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਇਸਤੋਂ ਇਲਾਵਾ, ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਆਮਦਨ ਤੋਂ ਵੱਧ ਸਰੋਤਾਂ ਦਾ ਹਵਾਲਾ ਦੇ ਕੇ ਮਜੀਠੀਆ ‘ਤੇ ਦਰਜ ਕੀਤੀ ਗਈ ਐਫ.ਆਈ.ਆਰ. ‘ਆਪ’ ਸਰਕਾਰ ਦਾ ਇੱਕ ਨਿਰਾ ਸਿਆਸੀ ਡਰਾਮਾ ਹੈ, ਜਿਸ ਰਾਹੀਂ ਉਹ ਪੰਜਾਬ ਵਿੱਚ ਨਸ਼ਾ, ਬੇਰੁਜ਼ਗਾਰੀ ਅਤੇ ਵਿਗੜੀ ਕਾਨੂੰਨ ਵਿਵਸਥਾ ਵਰਗੇ ਅਸਲ ਮੁਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ, ਜਿਨ੍ਹਾਂ ‘ਤੇ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਉਨ੍ਹਾਂ ‘ਆਪ’ ਬੁਲਾਰੇ ਨੀਲ ਗਰਗ ਦੇ ਉਸ ਬਿਆਨ ਨੂੰ ਹਾਸੋਹੀਣਾ ਕਰਾਰ ਦਿੱਤਾ ਜਿਸ ਵਿੱਚ ਇਸ ਕਾਰਵਾਈ ਨੂੰ ਨਿਰਪੱਖ ਜਾਂਚ ਦੱਸਿਆ ਗਿਆ ਹੈ। ਸ੍ਰ. ਬ੍ਰਹਮਪੁਰਾ ਨੇ ਸਵਾਲ ਕੀਤਾ, “ਜੇਕਰ ਜਾਂਚ ਨਿਰਪੱਖ ਹੈ ਤਾਂ 50-50 ਅਧਿਕਾਰੀਆਂ ਦੀਆਂ ਟੀਮਾਂ ਨਾਲ ਘਰਾਂ ‘ਤੇ ਧਾਵੇ ਕਿਉਂ ਬੋਲੇ ਜਾ ਰਹੇ ਹਨ? ਵਕੀਲਾਂ ਅਤੇ ਪ੍ਰੈਸ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਗਿਆ? ਸੱਚਾਈ ਇਹ ਹੈ ਕਿ ਸਰਕਾਰ ਕੋਲ ਕੋਈ ਸਬੂਤ ਨਹੀਂ ਹੈ, ਉਹ ਸਿਰਫ਼ ਝੂਠੇ ਟਰਾਇਲ ਰਾਹੀਂ ਇੱਕ ਇਮਾਨਦਾਰ ਆਗੂ ਦਾ ਅਕਸ ਖ਼ਰਾਬ ਕਰਨਾ ਚਾਹੁੰਦੀ ਹੈ।
ਉਨ੍ਹਾਂ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਅਸੀਂ ਇਸ ‘ਸਿਆਸੀ ਐਮਰਜੈਂਸੀ’ ਵਿਰੁੱਧ ਜਲਦ ਹੀ ‘ਆਪ’ ਸਰਕਾਰ ਦੇ ਉਨ੍ਹਾਂ ਵਿਧਾਇਕਾਂ ਦੇ ਤੱਥਾਂ ਸਮੇਤ ਪਰਦੇਫਾਸ਼ ਕਰੇਗਾ ਜੋ ਲੋਕਤੰਤਰ ਦੀਆਂ ਬੁਨਿਆਦਾਂ ਨੂੰ ਕਮਜ਼ੋਰ ਕਰਦਿਆਂ ਸੰਵਿਧਾਨਕ ਨਿਯਮਾਂ ਅਤੇ ਦੇਸ਼ ਨੂੰ ਕਮਜ਼ੋਰ ਕਰਨ ਲਈ ਸ਼ਰੇਆਮ ਉਲੰਘਣਾ ਕਰ ਰਹੇ ਹਨ, ਜਦੋਂ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੰਭੀਰ ਮਾਮਲੇ ‘ਤੇ ਅਜੀਬੋ-ਗਰੀਬ ਚੁੱਪ ਧਾਰੀ ਬੈਠੇ ਹਨ।
ਸ੍ਰ. ਬ੍ਰਹਮਪੁਰਾ ਨੇ ਚੁਣੌਤੀ ਦਿੰਦਿਆਂ ਕਿਹਾ, “ਆਪ” ਸਰਕਾਰ ਇਹ ਨਾ ਸਮਝੇ ਕਿ ਮਜੀਠੀਆ ਨੂੰ ਗ੍ਰਿਫ਼ਤਾਰ ਕਰਕੇ ਉਹ ਅਕਾਲੀ ਦਲ ਦੀ ਆਵਾਜ਼ ਦਬਾ ਲਵੇਗੀ। ਸਾਡਾ ਇੱਕ-ਇੱਕ ਵਰਕਰ ਹੁਣ ਬਿਕਰਮ ਸਿੰਘ ਮਜੀਠੀਆ ਬਣ ਕੇ ਸਰਕਾਰ ਦੀ ਇਸ ਧੱਕੇਸ਼ਾਹੀ ਅਤੇ ਤਾਨਾਸ਼ਾਹੀ ਵਿਰੁੱਧ ਸੜਕਾਂ ‘ਤੇ ਉਤਰੇਗਾ।