ਟਾਪਦੇਸ਼-ਵਿਦੇਸ਼

ਸਰਮਾਏਦਾਰੀ ਪ੍ਰਬੰਧ ਵਿੱਚ ਕੁਪੋਸ਼ਣ ਦੀ ਮਾਰ ਝੱਲ ਰਹੀਆਂ ਗਰਭਵਤੀ ਔਰਤਾਂ ਅਤੇ ਬੱਚੇ ?? ਡਾ.ਦਵਿੰਦਰ ਖੁਸ਼ ਧਾਲੀਵਾਲ

12 ਅਕਤੂਬਰ ਨੂੰ ਹੀ ਆਈ ‘ਸੰਸਾਰ ਭੁੱਖ ਸੂਚਕ ਦੀ ਰਿਪੋਰਟ’ ਅਤੇ ਹਾਲ ਹੀ ਵਿੱਚ ਝਾਰਖੰਡ ਦੇ ਸਿਮਡਿਗਾ ਜਿਲੇ ਵਿੱਚ 11 ਸਾਲ ਦੀ ਬੱਚੀ ਦੀ ਭੁੱਖ ਕਾਰਨ ਹੋਈ ਮੌਤ ਤੋਂ ਬਾਅਦ ਕੁਪੋਸ਼ਣ ਅਤੇ ਭੁੱਖਮਰੀ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ‘ਗਲੋਬਲ ਹੰਗਰ ਇੰਡੈਕਸ’, ਜੋ ਨਾਪਦਾ ਹੈ ਕਿ ਕਿਸ ਦੇਸ਼ ਵਿੱਚ ਕਿੰਨੇ ਲੋਕਾਂ ਨੂੰ ਕਿਵੇਂ ਦਾ ਖਾਣਾ ਮਿਲ਼ ਰਿਹਾ ਹੈ, ਦੀ ਰਿਪੋਰਟ ਅਨੁਸਾਰ ਭੁੱਖਮਰੀ ਨਾਲ਼ ਗ੍ਰਸਤ 119 ਦੇਸ਼ਾ ਵਿੱਚ ਭਾਰਤ ਦਾ ਸਥਾਨ 100ਵਾਂ ਹੋ ਗਿਆ ਹੈ। ਨੇਪਾਲ ਅਤੇ ਬੰਗਲਾਦੇਸ਼ ਵੀ ਭਾਰਤ ਨਾਲੋਂ ਬਿਹਤਰ ਸਥਿਤੀ ‘ਚ ਹਨ।

ਇਸ ਰਿਪੋਰਟ ਅਨੁਸਾਰ ਭਾਰਤ ਵਿੱਚ 5 ਸਾਲ ਤੋਂ ਘੱਟ ਦੇ 21% ਬੱਚੇ ਕੁਪੋਸ਼ਿਤ ਹਨ। 5 ਸਾਲ ਤੋ ਘੱਟ ਦਾ ਭਾਰ ਉਨਾਂ ਦੇ ਕੱਦ ਦੇ ਹਿਸਾਬ ਨਾਲ਼ ਬਹੁਤ ਘੱਟ ਹੈ ਅਤੇ ਇੱਕ ਤਿਹਾਈ ਬੱਚਿਆਂ ਦਾ ਅਪਣੀ ਉਮਰ ਦੇ ਹਿਸਾਬ ਨਾਲ਼ ਕੱਦ ਘੱਟ ਹੈ। ਜੇ ਲੜਕੇ ਅਤੇ ਲੜਕੀਆਂ ਦੇ ਵੱਖਰੇ ਅੰਕੜਿਆਂ ਨੂੰ ਦੇਖਣਾ ਹੋਵੇ ਤਾਂ ਇਸ ਰਿਪੋਰਟ ਮੁਤਾਬਕ ਬਚਪਨ ਤੋਂ ਕਿਸ਼ੋਰ ਉਮਰ ਤੱਕ 30.7% ਲੜਕੇ ਅਤੇ 22.7% ਲੜਕੀਆਂ ਕੁਪੋਸ਼ਣ ਦੀਆਂ ਸ਼ਿਕਾਰ ਹਨ।

ਬੱਚਿਆਂ ਵਿੱਚ ਕੁਪੋਸ਼ਣ ਦੀ ਸਮੱਸਿਆ ਭਾਰਤ ਵਿੱਚ ਬਹੁਤ ਲੰਬੇ ਸਮੇਂ ਤੋਂ ਹੈ। ਪਰ ਹੁਣ ਪਿਛਲੇ ਕੁੱਝ ਸਾਲਾਂ ਤੋਂ ਗਰੀਬ ਤਬਕੇ ਦੇ ਪਰਿਵਾਰਾਂ ਵਿੱਚ ਬਿਮਾਰੀਆਂ ਦਾ ਇੱਕ ਵੱਖਰੇ ਹੀ ਤਰੀਕੇ ਦਾ ਰੁਝਾਨ ਦੇਖਣ ਨੂੰ ਮਿਲ਼ ਰਿਹਾ ਹੈ। ਪਰਿਵਾਰ ਵਿੱਚ ਇੱਕੋ ਜਿਹਾ ਖਾਣ-ਪਾਣ ਹੋਣ ਦੇ ਬਾਵਜੂਦ ਕੁੱਝ ਬੱਚਿਆਂ ਦਾ ਭਾਰ ਬਹੁਤ ਘੱਟ ਅਤੇ ਕੁੱਝ ਬੱਚਿਆਂ ਵਿੱਚ ਮੋਟਾਪਾ ਦੇਖਣ ਨੂੰ ਮਿਲ਼ ਰਿਹਾ ਹੈ।

‘ਲੰਡਨ ਦੇ ਇੰਪੀਰੀਅਲ ਕਾਲਜ’ ਅਤੇ ‘ਸੰਸਾਰ ਸਿਹਤ ਸੰਗਠਨ’ ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ 50 ਵਿੱਚੋ ਇੱਕ ਬੱਚਾ ਮੋਟਾਪੇ ਦਾ ਸ਼ਿਕਾਰ ਹੈ। 40 ਸਾਲ ਪਹਿਲਾਂ ਭਾਰਤ ਵਿੱਚ ਮੋਟਾਪੇ ਦੀ ਦਿੱਕਤ ਨਾਂਹ ਦੇ ਬਰਾਬਰ ਸੀ, ਉਸ ਹਿਸਾਬ ਨਾਲ਼ ਜੇ ਹੁਣ ਦੇ ਅੰਕੜੇ ਦੇਖੇ ਜਾਣ ਤਾਂ ਇਹ ਦਿੱਕਤ ਵੀ ਵਿਚਾਰ ਕਰਨ ਯੋਗ ਹੈ। ਮੋਟਾਪੇ ਦੇ ਕੁੱਝ ਕਾਰਨ ਲੋੜ ਤੋਂ ਵੱਧ ਵਿਹਲ ਅਤੇ ਜੰਕ ਫੂਡ ਵਗੈਰਾ ਜਰੂਰ ਹਨ ਜਿਨਾਂ ਤੋਂ ਅਸੀਂ ਸਭ ਪਹਿਲਾਂ ਹੀ ਜਾਣੂ ਹਾਂ। ਪਰ ਭਾਰਤ ਵਰਗੇ ਦੇਸ਼ ਵਿੱਚ ਜਿੱਥੇ 70% ਦੇ ਕਰੀਬ ਅਬਾਦੀ 20 ਰੁਪਏ ਤੋਂ ਘੱਟ ਆਮਦਨ ਵਿੱਚ ਗੁਜ਼ਾਰਾ ਕਰ ਰਹੀ ਹੈ ਅਤੇ ਜਿੱਥੇ ਭੁੱਖਮਰੀ ਦੇ ਇੰਨਾਂ ਅੰਕੜੇ ਦੇਖਣ ਨੂੰ ਮਿਲ਼ ਰਹੇ ਹਨ, ਉੱਥੇ ਮੋਟਾਪੇ ਨਾਲ਼ ਪੀੜਤ ਬੱਚਿਆਂ ਦੀ ਵਧ ਰਹੀ ਗਿਣਤੀ ਦੇ ਨਿਰੋਲ ਇਹੀ ਕਾਰਨ ਨਹੀਂ ਹੋ ਸਕਦੇ। ਸੋ ਇਸ ਦੇ ਪਿੱਛੇ ਠੋਸ ਕਾਰਨਾਂ ‘ਤੇ ਨਜ਼ਰ ਮਾਰਨੀ ਪਵੇਗੀ। ਵਿਗਿਆਨੀਆਂ ਦੁਆਰਾ ਵੀ ਇਸ ਵਿਸ਼ੇ ‘ਤੇ ਖੋਜ਼ ਜ਼ਾਰੀ ਹੈ |

ਡੇਵਿਡ ਬਾਰਕਰ ਨਾਮ ਦੇ ਇੱਕ ਵਿਗਿਆਨੀ ਦੀ ਮਨੌਤ ਅਨੁਸਾਰ ਗਰੀਬ ਪਰਿਵਾਰਾਂ ਦੇ ਬੱਚਿਆਂ ਵਿੱਚ ਮੋਟਾਪੇ ਦਾ ਕਾਰਨ ਗਰਭਵਤੀ ਔਰਤਾਂ ਵਿੱਚ ਕੁਪੋਸ਼ਣ ਹੈ।

ਗਰਭ-ਅਵਸਥਾ ਦੌਰਾਨ ਔਰਤ ਨੂੰ ਆਮ ਵਿਅਕਤੀ ਨਾਲੋਂ ਔਸਤ 300 ਕੈਲਰੀਜ਼ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ ਅਤੇ ਭਰੂਣ ਦੇ ਸਹੀ ਵਿਕਾਸ ਲਈ ਕੁੱਝ ਖਾਸ ਤੱਤਾਂ ਦੀ ਲੋੜ ਵਧੇਰੇ ਹੁੰਦੀ ਹੈ ਜੋ ਕਿ ਸਹੀ ਮਾਤਰਾ ਵਿੱਚ ਅਤੇ ਸਹੀ ਤਰੀਕੇ ਦਾ ਭੋਜ਼ਨ ਲੈ ਕੇ ਹੀ ਪੂਰੀ ਕੀਤੀ ਜਾ ਸਕਦੀ ਹੈ। ਪਰ ਭਾਰਤ ਵਿੱਚ ਤਾਂ ਔਰਤਾਂ ਦੀ ਸਥਿਤੀ ਦੋਮ ਦਰਜ਼ੇ ਦੀ ਹੋਣ ਕਰਕੇ ਬਹੁਤ ਸਾਰੀਆਂ ਗਰਭਵਤੀ ਔਰਤਾਂ ਨੂੰ ਆਮ ਵਿਅਕਤੀ ਨਾਲੋਂ ਵੀ ਘੱਟ ਭੋਜ਼ਨ ਮਿਲ਼ਦਾ ਹੈ । ਨੈਸ਼ਨਲ ਹੈਲਥ ਸਰਵੇ, 2014-15 ਮੁਤਾਬਕ ਭਾਰਤ ਵਿੱਚ 23% ਔਰਤਾਂ ਕੁਪੋਸ਼ਣ ਦੀਆਂ ਸ਼ਿਕਾਰ ਹਨ। 15 ਤੋਂ 49 ਸਾਲ ਦੇ ਉਮਰ ਵਰਗ ਵਿੱਚ ਆਉਣ ਵਾਲ਼ੀਆਂ ਗਰਭਵਤੀ ਔਰਤਾਂ ਵਿੱਚੋਂ 50% ਔਰਤਾਂ ਖੂਨ ਦੀ ਕਮੀ ਨਾਲ਼ ਜੂਝ ਰਹੀਆਂ ਹਨ। ਗਰਭਵਤੀ ਔਰਤਾਂ ਵਿੱਚ ਕੁਪੋਸ਼ਣ ਕਰਕੇ ਉਨਾਂ ਵਿੱਚ ਗਰਭ-ਅਵਸਥਾ ਅਤੇ ਜਣੇਪੇ ਦੌਰਾਨ ਮੌਤ ਦੀ ਦਰ ਅਤੇ ਗਰਭਪਾਤ ਦੀ ਦਰ ਵਧ ਜਾਂਦੀ ਹੈ। ਕੁਪੋਸ਼ਿਤ ਗਰਭਵਤੀ ਔਰਤਾਂ ਦੇ ਬੱਚਿਆਂ ਵਿੱਚ ਦੂਹਰੀ ਮਾਰ ਦੇਖਣ ਨੂੰ ਮਿਲ਼ਦੀ ਹੈ ਜਿਸਦਾ ਜ਼ਿਕਰ ਪਹਿਲਾਂ ਵੀ ਹੋ ਚੁੱਕਾ ਹੈ ਕਿ ਕੁੱਝ ਬੱਚੇ ਬਹੁਤ ਕਮਜ਼ੋਰ ਹੁੰਦੇ ਹਨ ਅਤੇ ਕੁੱਝ ਬੱਚੇ ਮੋਟਾਪੇ ਦੇ ਸ਼ਿਕਾਰ ਹੁੰਦੇ ਹਨ।

ਬਾਰਕਰ ਦੀ ਮਨੌਤ ਨੂੰ ਜੇ ਹੋਰ ਵਿਸਥਾਰ ਨਾਲ਼ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਸ ਅਨੁਸਾਰ ਜੇ ਗਰਭਵਤੀ ਔਰਤ ਵਿੱਚ ਕੁਪੋਸ਼ਣ ਕਾਰਨ ਭਰੂਣ ਨੂੰ ਸਹੀ ਖੁਰਾਕ ਨਹੀਂ ਮਿਲ਼ਦੀ ਤਾਂ ਉਹ ਆਪਣੇ-ਆਪ ਨੂੰ ਘੱਟ ਭੋਜ਼ਨ ਦੀ ਖੁਰਾਕ ਅਨੁਸਾਰ ਢਾਲ਼ ਲੈਂਦਾ ਹੈ। ਭਰੂਣ ਦੇ ਅਤੀ ਜ਼ਰੂਰੀ ਅੰਗ ਜਿਵੇਂ ਕਿ ਦਿਲ, ਦਿਮਾਗ, ਫੇਫੜੇ, ਗੁਰਦੇ, ਆਦਿ ਘੱਟ ਊਰਜਾ ‘ਤੇ ਹੀ ਕੰਮ ਕਰਨ ਲੱਗਦੇ ਹਨ। ਫਿਰ ਬੱਚੇ ਦੇ ਜਨਮ ਤੋਂ ਬਾਅਦ ਉਸਦੇ ਇਹ ਅੰਗ ਜ਼ਿਆਦਾ ਊਰਜਾ ਨੂੰ ਨਹੀਂ ਵਰਤ ਸਕਦੇ ਅਤੇ ਭੋਜ਼ਨ ਚਰਬੀ ਦੇ ਰੂਪ ਵਿੱਚ ਬੱਚੇ ਦੇ ਸਰੀਰ ‘ਤੇ ਜਮਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਲੰਬੇ ਸਮੇਂ ਵਿੱਚ ਵੀ ਇਨਾਂ ਬੱਚਿਆਂ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ ਦੇ ਵਧਣ ਅਤੇ ਦਿਲ ਦੇ ਹੋਰ ਰੋਗਾਂ ਦਾ ਖ਼ਤਰਾ ਵੱਧ ਹੁੰਦਾ ਹੈ। ਸ਼ੂਗਰ, ਬਲੱਡ ਪ੍ਰੈਸ਼ਰ ਵਧਣ ਜਿਹੀਆਂ ‘ਲਾਈਫ਼-ਸਟਾਈਲ’ ਬਿਮਾਰੀਆਂ ਜੋ ਹੁਣ ਤੱਕ ਅਮੀਰਾਂ ਦੇ ਰਹਿਣ ਸਹਿਣ ਕਰਕੇ ਹੋਣ ਵਾਲ਼ੀਆਂ ਬਿਮਾਰੀਆਂ ਹੀ ਮੰਨੀਆਂ ਜਾਂਦੀਆਂ ਸਨ, ਜਿਸ ਕਰਕੇ ਇਨਾਂ ਨੂੰ ਇਹ ਨਾਮ ਵੀ ਦਿੱਤਾ ਗਿਆ, ਹੁਣ ਇਹ ਗਰੀਬ ਤਬਕੇ ਵਿੱਚ ਵੀ ਵੇਖਣ ਨੂੰ ਮਿਲ਼ ਰਹੀਆਂ ਹਨ। ਬਾਰਕਰ ਦੀ ਮਨੌਤ ਤੋਂ ਇਸ ਨੂੰ ਵੀ ਸਮਝਣ ਵਿੱਚ ਮਦਦ ਮਿਲ਼ ਸਕਦੀ ਹੈ।

ਬਾਰਕਰ ਦੀ ਇਸ ਮਨੌਤ ਨਾਲ਼ ਸਾਨੂੰ ਇਸ ਸਮੱਸਿਆ ਦਾ ਇੱਕ ਪੱਖ ਸਮਝ ਆਉਂਦਾ ਹੈ, ਪਰ ਮਸਲੇ ਨੂੰ ਸਮਝਣ ਲਈ ਇਹ ਕਾਫ਼ੀ ਨਹੀਂ ਹੈ। ਇਸ ਮਸਲੇ ਨੂੰ ਤਹਿ ਤੱਕ ਸਮਝਣ ਲਈ ਸਾਨੂੰ ਭਾਰਤ ਦੇ ਆਰਥਿਕ, ਸਮਾਜਿਕ ਅਤੇ ਸਿਆਸੀ ਪ੍ਰਬੰਧ ਨੂੰ ਸਮਝਣਾ ਪਵੇਗਾ। ਅੱਜ ਵਿਗਿਆਨ ਅਤੇ ਤਕਨੀਕ ਇਸ ਮੁਕਾਮ ‘ਤੇ ਪਹੁੰਚ ਚੁੱਕੇ ਹਨ ਕਿ ਹਰ ਬੰਦੇ ਦੇ ਜੀਣ ਲਈ ਲੋੜੀਂਦੀਆਂ ਸ਼ਰਤਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ। ਫਿਰ ਵੀ ਸੰਸਾਰ ਦਾ ਹਰ ਤੀਸਰਾ ਭੁੱਖਾ ਬੰਦਾ ਭਾਰਤੀ ਹੈ। ਜਿੱਥੇ ਇੱਕ ਪਾਸੇ ਛੋਟੀ ਜਿਹੀ ਅਬਾਦੀ, ਜਿਸ ਦੀ ਪੈਦਾਵਾਰ ਦੇ ਸਾਧਨਾਂ ‘ਤੇ ਨਿੱਜੀ ਮਾਲਕੀ ਹੈ, ਉਸ ਨੂੰ ਸਹੂਲਤਾਂ ਦੀ ਬਹੁਤਾਤ ਹੈ, ਉੱਥੇ ਹੀ ਇੱਕ ਵੱਡੀ ਅਬਾਦੀ ਜੋ ਪੈਦਾਵਾਰ ਵਿੱਚ ਲੱਗੀ ਹੋਈ ਹੈ, ਉਹ ਕੁਪੋਸ਼ਣ ਦੀ ਇਸ ਮਾਰ ਨੂੰ ਝੱਲ ਰਹੀ ਹੈ, ਜਿਸਦਾ ਅਸਰ ਸਿਰਫ਼ ਵਰਤਮਾਨ ਪੀੜਾ ਤੇ ਹੀ ਨਹੀਂ ਸਗੋਂ ਅਗਲੀਆਂ ਨਸਲਾਂ ‘ਤੇ ਵੀ ਪੈ ਰਿਹਾ ਹੈ। ਕਿਹਾ ਜਾ ਸਕਦਾ ਹੈ ਕਿ ਇੱਕ ਪਾਸੇ ਵਿਰਲੇ ਟਾਟੇ ਅਯਾਸ਼ੀ ਦੇ ਟਾਪੂ ਹਨ ਅਤੇ ਦੂਜੇ ਪਾਸੇ ਕੰਗਾਲੀ ਦੇ ਮਹਾਂਸਾਗਰ ਹਨ।

ਇੱਕ ਰਿਪੋਰਟ ਮੁਤਾਬਕ ਪਿਛਲੇ 6 ਸਾਲਾਂ ਵਿੱਚ ਕਰੀਬ 62,000 ਟਨ ਅਨਾਜ਼, ਜਿਸ ਵਿੱਚ ਮੁੱਖ ਤੌਰ ਤੇ ਚਾਵਲ ਅਤੇ ਕਣਕ ਸੀ, ਐੱਫ.ਸੀ.ਆਈ. ਦੇ ਗੋਦਾਮਾਂ ਵਿੱਚ ਪਿਆ ਸੜ ਗਿਆ। ਜਿਸ ਮਾਤਰਾ ਵਿੱਚ ਅਨਾਜ਼ ਖਰਾਬ ਹੋਇਆ, ਉਸ ਨਾਲ਼ ਕਰੀਬ 8 ਲੱਖ ਲੋਕਾਂ ਨੂੰ ਪੂਰੇ ਇੱਕ ਸਾਲ ਲਈ ਭੋਜ਼ਨ ਮੁਹੱਈਆ ਕਰਵਾਇਆ ਜਾ ਸਕਦਾ ਸੀ। ਇਸ ਸਭ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕੁਪੋਸ਼ਣ ਅਤੇ ਭੁੱਖਮਰੀ ਵਰਗੀਆਂ ਸਮੱਸਿਆਵਾਂ ਦਾ ਕਾਰਨ ਪੈਦਾਵਾਰ ਦੀ ਕਮੀ ਨਹੀਂ ਹੈ। ਮੁਨਾਫ਼ੇ ਲਈ ਹੋ ਰਹੀ ਪੈਦਾਵਾਰ ਕਰਕੇ ਸਭ ਕੁੱਝ ਬਹੁਤਾਤ ਵਿੱਚ ਪੈਦਾ ਹੋ ਚੁੱਕਾ ਹੈ। ਪਰ ਸਰਮਾਏਦਾਰੀ ਪ੍ਰਬੰਧ ਵਿੱਚ ਭੁੱਖਮਰੀ ਵਰਗੀਆਂ ਸਮੱਸਿਆਵਾਂ ਦਾ ਫਿਰ ਵੀ ਕੋਈ ਹੱਲ ਨਹੀਂ ਹੈ।

ਹੁਣ ਸਮਾਂ ਆ ਗਿਆ ਹੈ ਕਿ ਸਰਮਾਏਦਾਰਾ ਸਮਾਜ ਦੀਆਂ ਇਨਾਂ ਗੁੰਝਲਾਂ ਨੂੰ ਸਮਝਦੇ ਹੋਏ ਬਰਾਬਰੀ ਦੇ ਸਮਾਜ ਨੂੰ ਸਿਰਜਣ ਦਾ ਸੰਕਲਪ ਲਿਆ ਜਾਵੇ।

Leave a Reply

Your email address will not be published. Required fields are marked *