ਟਾਪਪੰਜਾਬ

ਸ਼੍ਰੋਮਣੀ ਅਕਾਲੀ ਦਲ ਜਦੋਂ ਵੀ ਸੂਬੇ ਦੀ ਹੱਕੀ ਮੰਗਾਂ ਦੀ ਗੱਲ ਕਰਦਾ ਭਾਜਪਾ ਨੂੰ ਤਕਲੀਫ਼ ਕਿਉਂ ਹੁੰਦੀ – ਬ੍ਰਹਮਪੁਰਾ 

ਚੰਡੀਗੜ੍ਹ – ਅੱਜ ਖ਼ਾਲਸਾ ਦੇ ਸਥਾਪਨਾ ਦਿਵਸ ਅਤੇ ਵਿਸਾਖੀ ਦੇ ਮੌਕੇ ‘ਤੇ ਚੋਹਲਾ ਸਾਹਿਬ ਗੁਰਦੁਆਰਾ ਪਾਤਸ਼ਾਹੀ ਪੰਜਵੀ ਵਿਖੇ ਇੱਕ ਵੱਡੇ ਇੱਕਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵਿਸਾਖੀ ਅਤੇ ਖ਼ਾਲਸਾ ਸਥਾਪਨਾ ਦਿਵਸ ਮੌਕੇ ਸਮੁਚੇ ਸਿੱਖਾਂ ਨੂੰ ਵਧਾਈਆਂ ਦਿੱਤੀਆਂ ਅਤੇ ਗੁਰੂ ਸਾਹਿਬ ਦੀਆਂ ਸਿਖਿਆਵਾਂ ਬਾਰੇ ਚਾਨਣਾ ਪਾਇਆ।
ਇਸ ਤੋਂ ਇਲਾਵਾ, ਇਸ ਮੌਕੇ ‘ਤੇ ਵਿਰੋਧੀ ਪਾਰਟੀਆਂ ਦੀ ਰਾਜਨੀਤੀ ‘ਤੇ ਸੂਬੇ ਨੂੰ ਟੁਕੜਿਆਂ ਵਿੱਚ ਵੰਡਣ ਦੇ ਇਰਾਦੇ ਦੀ ਵੀ ਆਲੋਚਨਾ ਕੀਤੀ ਗਈ। ਸ੍ਰ. ਬ੍ਰਹਮਪੁਰਾ ਨੇ ਭਾਜਪਾ ਦੀ ‘ਪਾੜੋ ਅਤੇ ਰਾਜ ਕਰੋ’ ਦੀ ਰਣਨੀਤੀ ਦੇ ਖਿਲਾਫ ਸਟੈਂਡ ਲਿਆ। ਉਨ੍ਹਾਂ ਕਿਹਾ ਜੇਕਰ ਭਾਜਪਾ ਸੱਚਮੁੱਚ ਹੀ ਸਿੱਖਾਂ ਦੀ ਹਮਾਇਤੀ ਹੈ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿ ਕੇ ਸੰਵਿਧਾਨ ਦੀ ਧਾਰਾ 25 (ਬੀ) ਵਿਚ ਸੋਧ ਕਿਉਂ ਨਹੀਂ ਕਰਵਾਉਂਦੇ, ਜਿਸ ਨਾਲ ਸਿੱਖਾਂ ਦੀ ਵੱਖਰੀ ਪਛਾਣ ਨੂੰ ਮਾਨਤਾ ਮਿਲ ਸਕੇ। ਉਨ੍ਹਾਂ ਇਹ ਵੀ ਪੁੱਛਿਆ ਕਿ ਆਪਣੀ ਸਜ਼ਾ ਤੋਂ ਵੱਧ ਸਮਾਂ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ (ਬੰਦੀ ਸਿੰਘਾਂ) ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ? ਭਾਜਪਾ ਦੁਨੀਆਂ ਵਿੱਚ ਸਿੱਖਾਂ ਦੀ ਕੀ ਪਛਾਣ ਬਣਾਉਣਾ ਚਾਹੁੰਦੀ ਹੈ।
ਸਾਬਕਾ ਵਿਧਾਇਕ ਬ੍ਰਹਮਪੁਰਾ ਜਾਖੜ ਨੂੰ ਉਨ੍ਹਾਂ ਦੇ ਸੋਧਾ ਸਾਧ ਗੁਰਮੀਤ ਰਾਮ ਰਹੀਮ ਨਾਲ ਸਬੰਧਾਂ ਬਾਰੇ ਵੀ ਘੇਰਿਆ, ਜਿਸ ਨੂੰ ਭਾਜਪਾ ਸਰਕਾਰ ਵਾਰ-ਵਾਰ ਪੈਰੋਲ ਦੇ ਰਹੀ ਹੈ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੀ ਖ਼ੇਤਰੀ ਪਾਰਟੀ ਆਪਣੇ ਸੂਬੇ ਦੇ ਹੱਕਾਂ ਦੀ ਗੱਲ ਕਰਦੀ ਹੈ ਤਾਂ ਭਾਜਪਾ ਨੂੰ ਤਕਲੀਫ਼ ਕਿਉਂ ਹੁੰਦੀ ਹੈ? ਇਸਤੋਂ ਇਲਾਵਾ, ਬ੍ਰਹਮਪੁਰਾ ਨੇ ਸੂਬੇ ਦੀ ਅਗਵਾਈ ਕਰ ਰਹੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀ ਹਰ ਖੇਤਰ ਵਿੱਚ ਅਸਫ਼ਲ ਰਹਿਣ ਦੀ ਵੀ ਨਿੰਦਾ ਕੀਤੀ।
ਸ੍ਰ. ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਭਾਜਪਾ ਘੱਟ ਗਿਣਤੀਆਂ ਕੌਮਾਂ ਨੂੰ ਖ਼ਤਮ ਕਰਨ ਦੀ ਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਜਾਖੜ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਵਿਸ਼ਵ ਗੁਰੂ ਦੀ ਉਹ ਗੱਲ ਕਰਦੇ ਹਨ, ਉਸ ਨੇ ਵਿਦੇਸ਼ਾਂ ਵਿਚ ਭਾਰਤੀ ਰੁਪਏ ਦੀ ਕੀ ਕੀਮਤ ਰੱਖੀ ਹੈ। ਉਨ੍ਹਾਂ ਭਾਜਪਾ ਦੇ ਪੁਰਾਣੇ ਸਹਿਯੋਗੀ ਕਾਂਗਰਸ ‘ਤੇ ਵੀ ਨਿਸ਼ਾਨਾ ਸਾਧਿਆ, ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ ਅਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ।
ਉਨ੍ਹਾਂ ਕਿਹਾ ਕਿ ਹੁਣ ਭਾਜਪਾ ਵੀ ਉਸੇ ਰਾਹ ‘ਤੇ ਚੱਲ ਰਹੀ ਹੈ ਅਤੇ ਸਿੱਖ ਸੰਸਥਾਵਾਂ ‘ਤੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕਰਨਾ ਚਾਹੁੰਦੀ ਹੈ, ਜਿਸ ਦੀਆਂ ਉਦਾਹਰਣਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਹਰਿਆਣਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਦੇਖਣ ਨੂੰ ਮਿਲੀਆਂ ਹਨ।
ਸ੍ਰ. ਬ੍ਰਹਮਪੁਰਾ ਨੇ ਚੇਤਾਵਨੀ ਦਿੱਤੀ ਕਿ ਭਾਜਪਾ ਜਿਸ ਵੀ ਖ਼ੇਤਰੀ ਪਾਰਟੀ ਨਾਲ ਗੱਠਜੋੜ ਕਰਕੇ ਸੱਤਾ ਹਾਸਲ ਕਰਦੀ ਹੈ, ਉਸ ਨੂੰ ਖ਼ਤਮ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਗੱਠਜੋੜ ਕਰਨਾ ਇਕ ਕਾਲੇ ਧੱਬੇ ਵਾਂਗ ਹੈ ਜੋ ਕਦੇ ਵੀ ਧੋਤਾ ਨਹੀਂ ਜਾ ਸਕਦਾ। ਭਾਜਪਾ ਸਿਰਫ਼ ਫ਼ਿਰਕੂ ਸੋਚ ਅਤੇ ਧਰਮਾਂ ਵਿਚ ਵੰਡੀਆਂ ਪਾ ਕੇ ਰਾਜਨੀਤੀ ਕਰਨ ਵਾਲਾ ਇਕ ਮਾੜਾ ਪਲੇਟਫਾਰਮ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪੰਥ , ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦਾ ਰਹੇਗਾ, ਭਾਵੇਂ ਇਸਦੇ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ। ਸ਼੍ਰੋਮਣੀ ਅਕਾਲੀ ਦਲ ਕਦੇ ਵੀ ਆਪਣੇ ਸਿਧਾਂਤਾਂ ਤੋਂ ਪਿੱਛੇ ਨਹੀਂ ਹਟੇਗਾ।
ਇਸ ਮੌਕੇ ਗੁਰਸੇਵਕ ਸਿੰਘ ਸ਼ੇਖ ਮੈਂਬਰ ਕੋਰ ਕਮੇਟੀ, ਸਤਨਾਮ ਸਿੰਘ ਕਰਮੂੰਵਾਲਾ, ਦਿਲਬਾਗ ਸਿੰਘ ਕਾਹਲਵਾਂ, ਸੁਖਜਿੰਦਰ ਸਿੰਘ ਬਿੱਟੂ ਸਰਪੰਚ ਪੱਖੋਪੁਰ, ਜਗਰੂਪ ਸਿੰਘ ਪੱਖੋਪੁਰ, ਰਘਬੀਰ ਸਿੰਘ ਰਿੰਕੂ ਬ੍ਰਹਮਪੁਰਾ, ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਅਵਤਾਰ ਸਿੰਘ ਮੈਂਬਰ ਪੰਚਾਇਤ, ਗੁਰਦੇਵ ਸਿੰਘ ਚੋਹਲਾ ਸਾਹਿਬ, ਬਲਬੀਰ ਸਿੰਘ ਬੱਲੀ, ਕੁਰਿੰਦਰ ਸਿੰਘ ਚੋਹਲਾ ਖੁਰਦ, ਦਿਲਬਰ ਸਿੰਘ ਚੋਹਲਾ ਸਾਹਿਬ, ਗੁਰਦਿਆਲ ਸਿੰਘ ਸੈਕਟਰੀ ਚੋਹਲਾ ਸਾਹਿਬ, ਬਲਵੰਤ ਸਿੰਘ ਸਾਬਕਾ ਸੈਨਿਕ, ਹਰਬੰਸ ਸਿੰਘ ਸਾਬਕਾ ਸੈਨਿਕ, ਡਾਕਟਰ ਜਤਿੰਦਰ ਸਿੰਘ, ਮਨਜਿੰਦਰ ਸਿੰਘ ਲਾਟੀ, ਬਾਵਾ ਸਿੰਘ ਸਾਬਕਾ ਸਰਪੰਚ ਰਤੋਕੇ, ਮਾਸਟਰ ਗੁਰਨਾਮ ਸਿੰਘ ਧੁੰਨ, ਮਾਸਟਰ ਦਲਬੀਰ ਸਿੰਘ ਚੰਬਾਂ, ਮਾਸਟਰ ਬਲਬੀਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *