ਟਾਪਭਾਰਤ

ਹੋਲਾ ਮਹੱਲਾ : ਸਰੂਪ, ਸੰਕਲਪ ਤੇ ਸਮਕਾਲ ਡਾ. ਨਿਸ਼ਾਨ ਸਿੰਘ ਰਾਠੌਰ

ਤਿਉਹਾਰਾਂ ਦਾ ਇਤਿਹਾਸ ਉੰਨਾ ਹੀ ਪੁਰਾਣਾ ਹੈ ਜਿੰਨਾ ਕਿ ਮਨੁੱਖੀ ਸੱਭਿਅਤਾ ਦਾ। ਮਨੁੱਖ ਦੇ ਸਮਾਜਿਕ ਹੋਣ ਤੋਂ ਲੈ ਕੇ ਸਮਕਾਲ ਤੀਕ ਤਿੱਥ- ਤਿਉਹਾਰ, ਰਹੁ- ਰੀਤਾਂ ਅਤੇ ਉਤਸਵ ਮਨੁੱਖ ਦੇ ਨਾਲ- ਨਾਲ ਚੱਲਦੇ ਆ ਰਹੇ ਹਨ। ਦੂਜੀ ਅਹਿਮ ਅਤੇ ਮਹਤੱਵਪੂਰਨ ਗੱਲ, ਆਦਿਕਾਲ ਤੋਂ ਲੈ ਕੇ ਸਮਕਾਲ ਤੀਕ ਤਿੱਥਾਂ- ਤਿਉਹਾਰਾਂ, ਰਹੁ- ਰੀਤਾਂ ਅਤੇ ਉਤਸਵਾਂ ਦੇ ਸਰੂਪ, ਸਿਧਾਂਤ ਅਤੇ ਸੰਕਲਪ ਬਦਲਦੇ ਰਹੇ ਹਨ। ਕਿਸੇ ਖ਼ਾਸ ਉਦੇਸ਼ ਜਾਂ ਮਨੌਤ ਕਰਕੇ ਆਰੰਭ ਹੋਇਆ ਕੋਈ ਤਿੱਥ- ਤਿਉਹਾਰ ਅਜੋਕੇ ਸੰਦਰਭ ’ਚ ਕਿਸੇ ਹੋਰ ਉਦੇਸ਼ ਦੀ ਪੂਰਤੀ ਹਿੱਤ ਮਨਾਇਆ ਜਾ ਰਿਹਾ ਹੈ। ਇਹ ਬਦਲਾਓ! ਲਾਜ਼ਮੀ ਅਤੇ ਕੁਦਰਤੀ ਹਨ। ਇਹਨਾਂ ’ਤੇ ਕਿਸੇ ਪ੍ਰਕਾਰ ਦੀ ਚਰਚਾ ਅਤੇ ਬਹਿਸ ਫ਼ਿਜੂਲ ਸਾਬਿਤ ਹੋਵੇਗੀ।

ਸਮਾਜਿਕ ਸਿਸਟਮ ਦੀ ਆਰੰਭਤਾ ਤੋਂ ਹੀ ਮਨੁੱਖ ਆਪਣੇ ਨਿੱਤ ਦੇ ਕਾਰ- ਵਿਹਾਰ, ਉਕੇਵੇਂ ਜਾਂ ਖ਼ਾਸ ਧਾਰਮਿਕ ਮਨੌਤਾਂ, ਪਰੰਪਰਾਵਾਂ ਦੇ ਅਧੀਨ ਤਿੱਥ- ਤਿਉਹਾਰ ਮਨਾਉਂਦਾ ਆ ਰਿਹਾ ਹੈ। ਇਹ ਤਿਉਹਾਰ ਕਦੇ ਰੁੱਤਾਂ ਦੇ ਬਦਲਣ ਮੌਕੇ ਮਨਾਏ ਜਾਂਦੇ ਹਨ, ਕਦੇ ਇਤਿਹਾਸਕ ਪਰਿਪੇਖ ਦੀ ਇਵਜ਼ ਵਿਚ ਅਤੇ ਕਦੇ ਸਮਾਜਿਕ ਸੰਦਰਭ ਵਿਚ ਮਨਾਏ ਜਾਂਦੇ ਹਨ। ਇਹਨਾਂ ਦਾ ਮੂਲ ਉਦੇਸ਼ ਮਨੁੱਖੀ ਜੀਵਨ ਦੇ ਅੰਦਰ ਖੜੌਤ ਨੂੰ ਰੋਕਨਾ ਅਤੇ ਨਵ- ਚੇਤਨਾ ਦਾ ਸੰਚਾਰ ਕਰਨਾ ਹੁੰਦਾ ਹੈ।

ਮਨੁੱਖ ਅਤੇ ਤਿਉਹਾਰ ਦਾ ਸੰਬੰਧ — ਮਨੁੱਖਤਾ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਜਦੋਂ ਤੋਂ ਸ੍ਰਿਸਟੀ ਦੀ ਰਚਨਾ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਮਨੁੱਖੀ ਜੀਵਨ ਵਿਚ ਬਦਲਾਓ! ਹੁੰਦੇ ਆ ਰਹੇ ਹਨ। ਉਂਝ ਇਹ ਬਦਲਾਓ! ਲਾਜ਼ਮੀ ਵੀ ਹਨ ਕਿਉਂਕਿ ਖੜੌਤ ਹਮੇਸ਼ਾ ਗਿਰਾਵਟ ਅਤੇ ਵਿਨਾਸ਼ ਦੀ ਨਿਸ਼ਾਨੀ ਹੁੰਦੀ ਹੈ। ਆਦਿਕਾਲ ਤੋਂ ਮਨੁੱਖੀ ਸੱਭਿਅਤਾ ਵਿਚ ਬਦਲਾਓ ਹੁੰਦੇ ਆਏ ਹਨ ਅਤੇ ਮਨੁੱਖਤਾ ਇਸ ਨੂੰ ਸਹਿਜਤਾ ਨਾਲ ਸਵੀਕਾਰ ਵੀ ਕਰਦੀ ਆਈ ਹੈ। ਸਮਾਜਕ ਬਣਤਰ ਨੂੰ ਦਰੁੱਸਤ ਢੰਗ ਨਾਲ ਚਲਾਉਣ ਵਾਸਤੇ ਧਰਮ ਨੇ ਜਨਮ ਲਿਆ। ਇਹ ਧਰਮ ਹੀ ਸੀ ਜਿਸਨੇ ਮਨੁੱਖ ਨੂੰ ਉਸਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ।

ਫੇਰ ਮਨੁੱਖ ਇਹਨਾਂ ਜ਼ਿੰਮੇਵਾਰੀਆਂ ਦੇ ਬੋਝ ਹੇਠਾਂ ਇੰਨਾ ਦੱਬ ਗਿਆ ਕਿ ਉਹ ਆਪਣੇ ਜੀਵਨ ’ਚ ਤਬਦੀਲੀਆਂ ਚਾਹੁਣ ਲੱਗਾ। ਇਸੇ ਤਬਦੀਲੀ ਦੀ ਚਾਹਤ, ਇੱਛਾ ਕਰਕੇ ਤਿੱਥਾਂ- ਤਿਉਹਾਰਾਂ ਨੇ ਜਨਮ ਲਿਆ। ਅਸਲ ਵਿਚ ਮਨੁੱਖ ਆਪਣੇ ਨਿੱਤ ਦੇ ਕਾਰ- ਵਿਹਾਰ ਤੋਂ ਕੁਝ ਸਮੇਂ ਲਈ ਨਿਜ਼ਾਤ ਚਾਹੁੰਦਾ ਸੀ ਇਸ ਲਈ ਉਸਨੇ ਮਨੋਰੰਜਨ (ਕੁਝ ਹੱਦ ਤੱਕ ਸ਼ਰਧਾ ਕਰਕੇ) ਲਈ ਕਈ ਤਰ੍ਹਾਂ ਦੇ ਮੇਲੇ- ਤਿਉਹਾਰ ਮਨਾਉਣੇ ਸ਼ੁਰੂ ਕਰ ਦਿੱਤੇ। ਇਹਨਾਂ ਮੇਲਿਆਂ- ਤਿਉਹਾਰਾਂ ਨੂੰ ਰੁੱਤਾਂ, ਮੌਸਮ ਦੇ ਬਦਲਾਓ ਜਾਂ ਇਤਿਹਾਸ, ਸਮਾਜਿਕ ਪਰਿਪੇਖ ਵਿਚ ਮਨਾਇਆ ਜਾਣ ਲੱਗਾ। ਕੁਝ ਤਿਉਹਾਰ ਦੇਵੀ- ਦੇਵਤਿਆਂ ਨੂੰ ਪ੍ਰਸੰਨ ਕਰਨ ਹਿੱਤ ਮਨਾਏ ਜਾਂਦੇ ਸਨ। ਸੰਖੇਪ ’ਚ ਕਿਹਾ ਜਾ ਸਕਦਾ ਹੈ ਕਿ ਲੋਕ ਇਹਨਾਂ ਤਿਉਹਾਰਾਂ ਨੂੰ ਸ਼ਰਧਾ ਅਤੇ ਮਨੋਰੰਜਨ ਹਿੱਤ ਹੀ ਮਨਾਉਂਦੇ ਸਨ।

ਖ਼ਾਲਸੇ ਦੀ ਆਮਦ ਅਤੇ ਤਿਉਹਾਰਾਂ ਦਾ ਬਦਲਦਾ ਸਰੂਪ —

ਸੰਸਾਰ ਦੇ ਨਕਸ਼ੇ ਤੇ ਖ਼ਾਲਸਾ ਪੰਥ ਦੀ ਆਮਦ ਨਾਲ ਜਿੱਥੇ ਰਾਜਨੀਤਕ, ਸਮਾਜਿਕ ਬਦਲਾਓ! ਆਇਆ ਉੱਥੇ ਹੀ ਮਨੁੱਖੀ ਜੀਵਨ ’ਚ ਕੇਵਲ ਮਨੋਰੰਜਨ ਅਤੇ ਸ਼ਰਧਾ ਹਿੱਤ ਮਨਾਏ ਜਾਂਦੇ ਤਿਉਹਾਰਾਂ ਦੀ ਰੂਪ- ਰੇਖਾ ਵੀ ਬਦਲ ਗਈ। ਇਹਨਾਂ ਤਿਉਹਾਰਾਂ ਵਿੱਚੋਂ ਇੱਕ ਹੈ ਹੋਲਾ- ਮਹੱਲਾ। ਹਾਲਾਂਕਿ ਹੋਲੇ ਮਹੱਲੇ ਦਾ ਹੋਲੀ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ ਪਰ, ਇਹ ਤਿਉਹਾਰ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ ਅਤੇ ਇਸਦਾ ਨਾਮ ਵੀ ਹੋਲਾ ਹੈ ਸੋ ਆਮ ਲੋਕਾਂ ਨੂੰ  ਭੁਲੇਖਾ ਪੈਂਦਾ ਹੈ ਕਿ ਖ਼ਬਰੇ! ਇਹ ਤਿਉਹਾਰ ਹੋਲੀ ਦਾ ਸੁਧਰਿਆ ਰੂਪ ਹੈ। ਹੋਲੀ ਜਿੱਥੇ ਰੰਗਾਂ ਦਾ ਤਿਉਹਾਰ ਹੈ ਉੱਥੇ ਹੋਲਾ ਮਹੱਲਾ ਸ਼ਸਤਰ ਵਿੱਦਿਆ ਅਤੇ ਚੜ੍ਹਦੀ ਕਲਾ ਦਾ ਤਿਉਹਾਰ ਹੈ। ਇਹ ਖ਼ਾਲਸੇ ਦਾ ਕੌਮੀ ਜੋੜ ਮੇਲਾ ਹੈ।

ਹੋਲਾ ਮਹੱਲਾ ਕੋਈ ਇਕੱਲਾ ਇਕ ਤਿਉਹਾਰ ਹੀ ਨਹੀਂ ਹੈ ਬਲਕਿ ਇਕ ਜਜ਼ਬਾ ਹੈ ਜਿਹੜਾ ਹਰ ਵਰ੍ਹੇ ਨਵੇਂ ਸੰਕਲਪ ਪੇਸ਼ ਕਰਦਾ ਹੈ। ਇਹਨਾਂ ਸੰਕਲਪਾਂ ’ਤੇ ਪੂਰਾ ਉਤਰ ਕੇ ਅੱਜ ਦਾ ਮਨੁੱਖ ਆਪਣੇ ਜੀਵਨ ਵਿਚ ਖੜੌਤ ਦਾ ਸ਼ਿਕਾਰ ਹੋਣ ਤੋਂ ਬਚ ਸਕਦਾ ਹੈ ਅਤੇ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰ ਸਕਦਾ ਹੈ। ਬਸ਼ਰਤੇ! ਉਹ ਸਹੀ ਅਰਥਾਂ ਵਿਚ ਹੋਲਾ ਮਹੱਲੇ ਦੇ ਸੰਕਲਪ ਨੂੰ ਸਮਝ ਸਕਣ ਦੀ ਸਮਰੱਥਾ ਰੱਖਦਾ ਹੋਵੇ।

ਹੋਲਾ ਮਹੱਲਾ —  ਇਤਿਹਾਸਕ ਪਰਿਪੇਖ

ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਧੀ ਇਕ ਸੰਮਤ 1757 ਬਿਕ੍ਰਮੀ ਵਾਲੇ ਦਿਨ, ਸ਼੍ਰੀ ਅਨੰਦਪੁਰ ਸਾਹਿਬ ਵਿਖੇ, ਕਿਲ੍ਹਾ ਲੋਹਗੜ੍ਹ ਦੇ ਅਸਥਾਨ ਤੇ ਹੋਲੇ ਮਹੱਲੇ ਦੀ ਆਰੰਭਤਾ ਕੀਤੀ।  ਕਵੀ ਸੁਮੇਰ ਸਿੰਘ “ਗੁਰ ਪਦ ਪ੍ਰੇਮ ਪ੍ਰਕਾਸ਼” ਵਿਚ ਲਿਖਦੇ ਹਨ;

“ਔਰਨ ਕੀ ਹੋਲੀ ਮਮ ਹੋਲਾ

ਕਹਯੋ ਕ੍ਰਿਪਾਨਿਧ ਬਚਨ ਅਮੋਲਾ।”

ਦਸਮ ਪਿਤਾ ਸਿੱਖਾਂ ਅੰਦਰ ਜਿੱਤ, ਜਜ਼ਬੇ ਅਤੇ ਜੰਗ ਦੇ ਭਾਵਨਾ ਨੂੰ ਪ੍ਰਚੰਡ ਕਰਨਾ ਚਾਹੁੰਦੇ ਸਨ। ਅਸਲ ਵਿਚ ਇਹ ਸਮੇਂ ਦੀ ਜਰੂਰਤ ਸੀ। ਆਮ ਲੋਕਾਂ ਦੇ ਮਨਾਂ ਅੰਦਰ ਹਕੂਮਤ ਦਾ ਡਰ ਇੰਨਾ ਜ਼ਿਆਦਾ ਘਰ ਚੁਕਿਆ ਸੀ ਕਿ ਲੋਕ ਡਰ- ਡਰ ਕੇ ਜਿਉਂਦੇ ਪਏ ਸਨ। ਗੁਰੂ ਸਾਹਿਬ ਆਮ ਲੋਕਾਂ ਦੇ ਮਨਾਂ ’ਚੋਂ ਇਸ ਡਰ ਨੂੰ ਮੂਲੋਂ ਹੀ ਖ਼ਤਮ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਜਿੱਥੇ ਖ਼ਾਲਸਾ ਪੰਥ ਸਾਜਿਆ। ਉੱਥੇ ਹੀ ਸਮਾਜ ’ਚ ਚੱਲ ਰਹੇ ਤਿੱਥਾਂ- ਤਿਉਹਾਰਾਂ ਨੂੰ ਨਵੇਂ ਰੂਪ ’ਚ ਮਨਾਉਣ ਦੀ ਆਰੰਭਤਾ ਕੀਤੀ। ਗੁਰੂ ਸਾਹਿਬ ਇਹਨਾਂ ਤਿਉਹਾਰਾਂ ਨੂੰ ਕੇਵਲ ਮਨੋਰੰਜਨ ਜਾਂ ਸ਼ਰਧਾ ਹਿੱਤ ਮਨਾਉਣ ਦੇ ਪੱਖ ਵਿਚ ਨਹੀਂ ਸਨ ਬਲਕਿ ਉਹ ਇਹਨਾਂ ਤਿਉਹਾਰਾਂ ਦੇ ਮਾਧਿਅਮ ਰਾਹੀਂ ਲੋਕ ਮਨਾਂ ’ਚ ਨਵ ਚੇਤਨਾ ਦਾ ਸੰਚਾਰ ਕਰਨਾ ਚਾਹੁੰਦੇ ਸਨ। ਖ਼ਾਲਸਈ ਜਾਲੋ- ਜਲਾਲ ਦਾ ਪ੍ਰਤੀਤ ਹੋਲਾ ਮਹੱਲਾ ਇਸੇ ਉਦੇਸ਼ ਦੀ ਪੂਰਤੀ ਹਿੱਤ ਨਵ- ਰੂਪ ਅਖ਼ਤਿਆਰ ਕਰ ਗਿਆ ਜਿਹੜਾ ਅੱਜ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਸ਼ਬਦੀ ਅਰਥ —  ਹੋਲਾ ‘ਅਰਬੀ’ ਭਾਸ਼ਾ ਦੇ ਸ਼ਬਦ ‘ਹੂਲ’ ਤੋਂ ਬਣਿਆ ਹੈ ਜਿਸਦਾ ਅਰਥ ਹੈ ਲੋਕਾਂ ਦੀ ਭਲਾਈ ਲਈ ਜੂਝਣਾ, ਸੀਸ ਤਲੀ ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ ਤੇ ਚੱਲਣਾ ਭਾਵ ਸਰਬੱਤ ਦੇ ਭਲੇ ਲਈ ਤੱਤਪਰ ਹੋਣਾ। ਇਹੋ ਉਦੇਸ਼ ਖ਼ਾਲਸੇ ਦਾ ਮੂਲ ਉਦੇਸ਼ ਹੈ। ਖ਼ਾਲਸਾ ਸਦਾ ਤੋਂ ਹੀ ਮਜ਼ਲੂਮਾਂ ਦੀ ਰੱਖਿਆ ਖ਼ਾਤਰ ਜੂਝਦਾ ਰਿਹਾ ਹੈ ਅਤੇ ਅੱਜ ਵੀ ਜੂਝ ਰਿਹਾ ਹੈ। ‘ਮਹੱਲਾ’ ਸ਼ਬਦ ਦਾ ਅਰਥ ਹੈ ਉਹ ਥਾਂ ਜਿਸ ਨੂੰ ਜਿੱਤ ਕੇ, ਫਤਿਹ ਕਰਕੇ ਉੱਥੇ ਟਿਕਾਣਾ ਕੀਤਾ ਜਾਵੇ, ਪੜਾਅ ਕੀਤਾ ਜਾਵੇ, ਰੁਕਿਆ ਜਾਵੇ।

ਭਾਈ ਕਾਨ੍ਹ ਸਿੰਘ ਨਾਭਾ ਹੋਲਾ ਦੇ ਅਰਥ ਕਰਦੇ ਹਨ, “ਹਮਲਾ ਕਰਨਾ ਅਤੇ ਜਿੱਥੇ ਹਮਲਾ ਕਰਦੇ ਹਨ।” ਮਹੱਲਾ ਇਕ ਤਰ੍ਹਾਂ ਦੀ ਬਨਾਉਟੀ ਲੜਾਈ ਹੈ। ਇਸ ਲੜਾਈ ਦਾ ਮੁੱਖ ਮੰਤਵ ਸ਼ਸਤਰ- ਵਿੱਦਿਆ ਦਾ ਅਭਿਆਸ ਕਰਨਾ ਹੁੰਦਾ ਹੈ। ਮਹੱਲਾ ਇਕ ਪ੍ਰਕਾਰ ਦੀ ਮਸਨੂਈ ਭਾਵ ਬਨਾਉਟੀ ਲੜਾਈ ਹੁੰਦੀ ਹੈ। ਇਸ ਵਿਚ ਪੈਦਲ ਅਤੇ ਘੋੜ- ਸਵਾਰ ਸ਼ਸਤਰਧਾਰੀ ਸਿੰਘ (ਦੋ) ਦਲ ਬਣਾ ਕੇ ਨਕਲੀ ਲੜਾਈ ਰਾਹੀਂ ਕਈ ਪ੍ਰਕਾਰ ਦੀਆਂ ਜੰਗੀ ਕਰਤੱਬਾਂ ਦਾ ਅਭਿਆਸ ਕਰਦੇ ਸਨ। ਅਸਲ ਵਿਚ ਹੋਲਾ ਮਹੱਲਾ ਸਿੱਖਾਂ ਅੰਦਰ ਚੜ੍ਹਦੀ ਕਲਾ ਦੇ ਸੰਕਲਪ ਨੂੰ ਰੂਪਮਾਨ ਕਰਦਾ ਹੈ।

ਜਜ਼ਬੇ ਅਤੇ ਜੰਗਜੂ ਬਿਰਤੀ — ਗੁਰੂ ਸਾਹਿਬ ਦਾ ਮੂਲ ਮੰਤਵ ਸਿੱਖਾਂ ਅੰਦਰ ਜੰਗਜੂ ਬਿਰਤੀ ਦੀ ਪਿਰਤ ਪਾਉਣਾ ਸੀ। ਇਹ ਇਕੱਲੇ ਹੋਲਾ ਮਹੱਲੇ ਤੇ ਤਿਉਹਾਰ ਕਰਕੇ ਨਹੀਂ ਪੈ ਸਕਦੀ ਸੀ ਜਾਂ ਇਕੱਲੇ ਤਿੱਥਾ- ਤਿਉਹਾਰਾਂ ਦੇ ਨਵ-ਸਰੂਪਾਂ ਕਰਕੇ ਨਹੀਂ ਪੈ ਸਕਦੀ ਸੀ ਇਸ ਲਈ ਗੁਰੂ ਸਾਹਿਬ ਨੇ ਜਿੱਥੇ ਦਸਤਾਰ ਬਖਸ਼ੀ ਉੱਥੇ ਤਲਵਾਰ (ਕ੍ਰਿਪਾਨ) ਰੱਖਣ ਦੀ ਤਾਕੀਦ ਕੀਤੀ। ਅਸਲ ਵਿਚ ਦਸਤਾਰ ਮਨੁੱਖ ਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਦਸਤਾਰ (ਉਹ ਤਾਜ) ਹੈ ਜਿਹੜਾ ਰਾਜਿਆਂ- ਮਹਾਰਾਜਿਆਂ ਦੇ ਸਿਰ ਤੇ ਸੋਭਦਾ ਹੈ। ਤਲਵਾਰ ਰੱਖਣ ਦਾ ਹੌਸਲਾ ਉਸ ਮਨੁੱਖ ਕੋਲ ਹੁੰਦਾ ਹੈ ਜਿਹੜਾ ਜੰਗਜੂ (ਲੜਾਕੂ) ਬਿਰਤੀ ਦਾ ਮਾਲਕ ਹੋਵੇ ਅਤੇ ਜਿਹੜਾ ਸੂਰਬੀਰ ਦੂਜੇ ਲੋਕਾਂ ਦੀ ਮਦੱਦ ਹਿੱਤ ਜੂਝਣ (ਲੜਨ) ਦਾ ਹੌਸਲਾ ਰੱਖਦਾ ਹੋਵੇ। ਖ਼ਾਲਸੇ ਅੰਦਰ ਇਸੇ ਸਪਿਰਟ ਹੋਲਾ ਮਹੱਲੇ ਦੇ ਮੌਜੂਦਾ ਸਵਰੂਪ ਕਰਕੇ ਕਾਰਗਰ ਸਿੱਧ ਹੋਈ ਹੈ।

ਹੋਲਾ ਮਹੱਲਾ ਅਜੋਕੇ ਸੰਦਰਭ ’ਚ —  ਇਹ ਕੁਦਰਤੀ ਨਿਯਮ ਹੈ ਕਿ ਸਮਾਜਿਕ ਰਹੁ- ਰੀਤਾਂ ਵਿਚ ਤਬਦੀਲੀ ਅਤੇ ਗਿਰਾਵਟ ਆ ਜਾਂਦੀ ਹੈ। ਇਸਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਇਹ ਕੁਦਰਤੀ ਅਤੇ ਲਾਜ਼ਮੀ ਵਰਤਾਰਾ ਹੈ। ਹਾਂ, ਇਸ ਨੂੰ ਕੁਝ ਵਕਤ ਲਈ ਟਾਲਿਆ ਜਾ ਸਕਦਾ ਹੈ ਪਰ ਅਸਲੋਂ ਹੀ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਵਰਤਾਰਾ ਆਦਿਕਾਲ ਤੋਂ ਚੱਲਦਾ ਆ ਰਿਹਾ ਹੈ ਅਤੇ ਚੱਲਦਾ ਹੀ ਰਹੇਗਾ। ਚੀਜ਼ਾਂ ਬਣਦੀਆਂ ਹਨ, ਟੁੱਟਦੀਆਂ ਹਨ ਤੇ ਫਿਰ ਬਣਦੀਆਂ ਹਨ। ਇਰ ਪਰਕ੍ਰਿਤੀ ਦਾ ਨਿਯਮ ਹੈ।

ਅੱਜ ਹੋਲੇ ਮਹੱਲੇ ਦੇ ਸੰਦਰਭ ’ਚ ਗੱਲ ਕਰਦਿਆਂ ਬਹੁਤ ਹੈਰਾਨੀ ਅਤੇ ਚਿੰਤਾ ਹੁੰਦੀ ਹੈ ਕਿ ਅਜੋਕਾ ਨੋਜਵਾਨ ਤਬਕਾ ਸ਼ਸਤਰ ਵਿੱਦਿਆ ਨੂੰ ਕੇਵਲ ਨਿਹੰਗ ਸਿੰਘਾਂ ਜਾਂ ਫੌਜੀ ਦਸਤਿਆਂ ਦਾ ਕੰਮ ਸਮਝਦਾ ਹੈ। ਇਸ ਤਿਉਹਾਰ ਤੇ ਕਈ ਪ੍ਰਕਾਰ ਦੇ ਨਸ਼ੇ ਤੇ ਹੁਲੜਬਾਜ਼ੀ ਕੀਤੀ ਜਾਂਦੀ ਹੈ ਜਿਹੜੀ ਕਿ ਗੁਰੂ ਸਾਹਿਬ ਦੇ ਸਿਧਾਂਤ ਤੇ ਅਸਲੋਂ ਹੀ ਉਲਟ ਹੈ। ਪਹਿਲਾਂ ਲੋਕ ਹੋਲੀ ਦੇ ਤਿਉਹਾਰ ਤੇ ਭੰਗ, ਸ਼ਰਾਬ ਪੀ ਕੇ, ਨਸ਼ੇ ਕਰਕੇ; ਰੰਗ ਇਕ– ਦੂਜੇ ਉੱਪਰ ਸੁੱਟਦੇ ਸਨ ਪਰ! ਅਜੋਕੇ ਵਕਤ ਖ਼ਾਲਸਾਈ ਜਾਲੋ ਜਲਾਲ ਦੇ ਪ੍ਰਤੀਤ ਤਿਉਹਾਰ ਹੋਲੇ ਮਹੱਲੇ ਤੇ ਵੀ ਕੁਝ ਲੋਕ ਨਸ਼ੇ ਦਾ ਸੇਵਨ ਕਰਦੇ ਹਨ। ਹੁਲੜਬਾਜ਼ੀ ਕਰਦੇ ਹਨ। ਇਹ ਬਹੁਤ ਮੰਦਭਾਗੀ ਗੱਲ ਹੈ।

ਇਹ ਤਿਉਹਾਰ ਸਾਡੇ ਲੋਕਾਂ ਦੇ ਮਨਾਂ ’ਚ ਨਵ- ਚੇਤਨਾ ਦਾ ਸੰਚਾਰ ਕਰਦੇ ਹਨ। ਸਾਨੂੰ ਆਪਣੇ ਇਤਿਹਾਸ, ਵਿਰਸੇ ਅਤੇ ਸੱਭਿਆਚਾਰ ਨਾਲ ਜੋੜਦੇ ਹਨ। ਇਹਨਾਂ ਤਿਉਹਾਰਾਂ ਦੇ ਮੂਲ ਉਦੇਸ਼ਾਂ ਨੂੰ ਸਮਝਣਾ ਚਾਹੀਦਾ ਹੈ ਤਾਂ ਕਿ ਸਾਡੇ ਮਨਾਂ ਅੰਦਰ ਨਵ- ਜਾਗ੍ਰਤੀ ਦਾ ਸੰਚਾਰ ਹੋ ਸਕੇ ਅਤੇ ਅਸੀਂ ਗੁਰੂ ਸਾਹਿਬ ਦੇ ਅਸਲ ਉਦੇਸ਼ ਅਤੇ ਸਿੱਖਿਆ ਨੂੰ ਸਮਝ ਸਕੀਏ ਅਤੇ ਆਪਣਾ ਜੀਵਨ ਵਧੀਆ ਢੰਗ ਨਾਲ ਬਤੀਤ ਕਰ ਸਕੀਏ। ਪਰ ਇਹ ਹੁੰਦਾ ਕਦੋਂ ਹੈ?, ਇਹ ਅਜੇ ਭਵਿੱਖ ਦੀ ਕੁੱਖ਼ ਵਿਚ ਹੈ।

•••

# 1054/1, ਵਾਰਡ ਨੰ- 15ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਜ਼ਿਲ੍ਹਾ ਕੁਰੂਕਸ਼ੇਤਰ।

ਸੰਪਰਕ – 90414-98009.

Leave a Reply

Your email address will not be published. Required fields are marked *