ਟਾਪਦੇਸ਼-ਵਿਦੇਸ਼

ਹੰਝੂ-  ਖੁਸੀ ਅਤੇ ਗ਼ਮੀ ਦੇ ਸੁਨੇਹੇ- ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ

ਮਨੁੱਖੀ ਸਰੀਰ ਦੀ ਬਣਤਰ ਵਖ ਵਖ ਅੰਗਾਂ ਅਤੇ  ਕਿਰਿਆਵਾਂ ਉੱਤੇ ਖੜ੍ਹੀ ਹੈ।ਇਹਨਾਂ ਦੇ ਵੱਖ ਵੱਖ ਕੰਮ ਹਨ। ਅੱਖਾਂ ਵਿੱਚੋਂ ਨਿਕਲੇ ਹੰਝੂ ਖੁਸੀ ਅਤੇ ਗ਼ਮੀ ਨੂੰ ਪ੍ਰਗਟਾਉਂਦੇ ਸੁਨੇਹੇ ਦਿੰਦੇ ਹਨ। ਇਹ ਅਲੱਗ ਅਲੱਗ ਸਥਿੱਤੀਆਂ ਅਤੇ ਪ੍ਰਸਥਿੱਤੀਆਂ ਉੱਤੇ ਨਿਰਭਰ ਹੁੰਦਾ ਹੈ। ਦੇਖਣ ਨੂੰ ਤਾਂ ਭਾਂਵੇਂ ਬੂੰਦ ਪਾਣੀ ਦੀ ਹੁੰਦੀ ਹੈ ਪਰ ਇਸ ਬੂੰਦ ਵਿੱਚ ਮਨੁੱਖੀ ਮਨ ਚੋਂ ਨਿਕਲਿਆਂ ਰਸ ਅਤੇ ਕਸ ਹੁੰਦਾ ਹੈ। ਮਨੁੱਖੀ ਸਰੀਰ ਨਾਲ ਸੰਬੰਧਿਤ ਹੋਣ ਕਰਕੇ ਅੱਖਾਂ ਰਾਹੀ ਵੱਖ ਵੱਖ ਤਰ੍ਹਾ ਦੇ ਸਾਹਿਤ ਅਤੇ ਸੱਭਿਆਚਾਰ ਨੂੰ ਪੇਸ਼ ਵੀ ਕਰਦੇ ਹਨ।
          ਅੱਖਾਂ ਵਿੱਚੋਂ ਨਿਕਲਣ ਸਮੇਂ ਹੰਝੂ ਸੀਸੇ਼ ਵਾਂਗ ਚਮਕਦੇ ਹਨ। ਹੰਝੂਆਂ ਨੂੰ ਪਰਖਣ ਅਤੇ ਸਮਝਣ ਲਈ ਸਮਾਜਿਕ ਪ੍ਰਾਣੀਆਂ ਦੀ ਗੂੜ੍ਹੀ ਅਤੇ ਡੂੰਘੀ ਸੂਝ ਹੋਣੀ ਚਾਹੀਦੀ ਹੈ। ਇਸ ਤੋਂ ਬਿਨਾਂ ਮਹਿਜ਼ ਇਹ ਮੈਲਾ ਪਾਣੀ ਹੀ ਸਮਝਿਆ ਜਾਂਦਾ ਹੈ। ਹਾਂ ਇੱਕ ਗੱਲ ਹੋਰ ਵੀ ਹੈ ਕਿ ਪਿਆਰ ਦੀ ਹਾਰ ਵਿੱਚੋਂ ਨਿਕਲੇ ਹੰਝੂ ਹਟਕੋਰੇ ਨੂੰ ਉਤਸਾਹਿਤ ਜ਼ਰੂਰ ਕਰਦੇ ਹਨ। ਪਿਆਰ ਦੇ ਲਈ ਸ਼ਹਾਰਾ ਵੀ ਪੈਦਾ ਕਰਦੇ ਹਨ। ਹੰਝੂ ਪਿਆਰ ਦੀਆਂ ਗਿਣਤੀਆਂ ਮਿਣਤੀਆਂ ਵੀ ਨਿਰਧਾਰਤ ਕਰਦੇ ਹਨ। ਕਿਹਾ ਵੀ ਜਾਂਦਾ ਹੈ ਕਿ ਦੁਸ਼ਮਣ ਦੇ ਪੱਥਰ ਸਹਾਰੇ ਜਾ ਸਕਦੇ ਹਨ, ਪਰ ਸੱਜਣਾਂ ਦੇ ਫੁੱਲ ਮਾਰੇ ਵੀ ਹੰਝੂ ਵਹਾ ਦਿੰਦੇ ਹਨ। ਪ੍ਰੇਮੀ ਦੀ ਪ੍ਰੇਮਿਕਾ ਹੰਝੂਆਂ ਰਾਹੀਂ ਉਸ ਪ੍ਰਤੀ ਆਪਣੇ ਜ਼ਜ਼ਬਾਤ ਪ੍ਰਗਟ ਕਰਦੀ ਹੈ।
       ਸਿਵ ਕੁਮਾਰ ਬਟਾਲਵੀ ਨੇ ਹੰਝੂਆਂ ਰਾਹੀਂ ਤਰ੍ਹਾਂ ਤਰ੍ਹਾਂ ਦਾ ਦਰਦ ਬਿਆਨ ਕੀਤਾ ਹੈ, ਲਣਾਂ ਵਿੱਚ ਹੰਝੂਆਂ ਦੀ ਪੇਸ਼ਕਾਰੀ:- “ਹੰਝੂ ਸਾਡੇ, ਸੋ ਮਿੱਤਰ ਜੋ, ਬੜੇ ਪਿਆਰੇ ਤੇ ਬੇਗਰਜੇ਼,
ਸਾਡੇ ਦੁੱਖ ਦੀ ਖਾਤਰ ਜਿਹੜੇ ਚੁੱਪ ਚੁਪੀਤੇ,
ਨੇ ਡਿੱਗ ਮਰਦੇ,
ਕਹਿੰਦੇ, ਹੰਝੂ ਸੋ ਵੱਟੇ ਜੋ ਪਿਆਰ ਨੂੰ ਤੋਲਣ,
ਤੱਕੜੀ ਚੜ੍ਹਦੇ, ਸੌ ਯਾਰਾਂ ਦੀ ਯਾਰੀ ਨਾਲੋਂ. ਇੱਕ ਹੰਝੂ ਦੀ ਯਾਰੀ ਚੰਗੀ,
ਪਿਆਰ ਦੀ ਬਾਜੀ਼ ਜਿੱਤਣ ਨਾਲੋਂ ਪਿਆਰ ਦੀ ਬਾਜੀ ਹਾਰੀ ਚੰਗੀ”
  ਸਿਵ ਦੀ ਹੰਝੂਆਂ ਨੂੰ ਤਰਜ਼ਮਾਨ ਕਰਦੀ ਇੱਕ ਹੋਰ ਜਿਸ ਵਿੱਚ ਦਾਣੇ ਭੁੰਨਣ ਵਾਲੀ ਭੱਠੀ ਦੀ ਮਾਲਕਣ ਰਾਂਹੀਂ ਸੁਨੇਹਾ ਦਿੱਤਾ ਹੈ:-
“ਤੈਨੂੰ ਦਿਆਂ ਹੰਝੂਆਂ ਦਾ ਭਾੜ੍ਹਾ, ਨੀ ਪੀੜ੍ਹਾਂ ਦਾ ਪਰਾਗਾ ਭੁੰਨ ਦੇ,
ਭੱਠੀ ਵਾਲੀਏ ਚੰਬੇ ਦੀਏ ਡਾਲੀਏ, ਨੀ ਪੀੜ੍ਹਾਂ ਦਾ ਪਰਾਗਾ ਭੁੰਨ ਦੇ,” ਇਸ ਵਿੱਚ ਹੰਝੂਆਂ ਦੀ ਬਾ ਕਮਾਲ ਪੇਸ਼ਕਾਰੀ ਕਰਕੇ ਕਵੀ ਨੇ ਹੰਝੂਆਂ ਨੂੰ ਪਿਆਰ ਦੀ ਤਰਜ਼ਮਾਨੀ ਸੌਂਪੀ ਹੈ।ਇਸ ਤੋਂ ਇਲਾਵਾ ਬਨਸਪਤੀ ਹੰਝੂ ਕੇਰਦੀ ਹੈ। ਸਿਆਲ ਦੀ ਰੁੱਤੇ ਪੈਂਦੀ ਧੁੰਦ ਵੀ ਹੰਝੂਆਂ ਦੀ ਤਿੱਪ ਤਿੱਪ ਕਰਵਾਉਂਦੀ ਹੈ।
   ਕਿਸੇ ਦੁੱਖ ਵਿੱਚ ਆਏ ਹੰਝੂ ਹੜ੍ਹ ਵਲ ਚਲੇ ਜਾਂਦੇ ਹਨ। ਗਮ ਦੇ ਹੰਝੂ ਮਾਨਸਿਕ ਪੀੜਾ ਦਿੰਦੇ ਹੋਏ ਅੱਖਾਂ ਤੇ ਦੁਰਪੑਭਾਵ ਪਾਉਂਦੇ ਹਨ। ਆਮ ਤੌਰ ਇਸ ਸਥਿੱਤੀ ਵਿੱਚ ਹੰਝੂ ਦਰਦ ਨਿਵਾਲਕ ਦਾ ਕੰਮ ਕਰਦੇ ਹਨ। ਬਿਰਧ ਅਵਸਥਾ ਵਿੱਚ ਆਏ ਹੰਝੂ ਵੱਖਰੇ ਅੰਦਾਜ਼ ਦੇ ਹੁੰਦੇ ਹਨ। ਹੰਝੂ ਤੋਂ ਹੰਝੂ ਗੈਸ ਦੀ ਖੋਜ ਹੋਈ ਜੋ ਕਿ ਇੱਕ ਰਸਾਇਣ ਤੋਂ ਤਿਆਰ ਕਰਕੇ ਭੀੜ ਨੂੰ ਖਿਡਾਉਣ ਲਈ ਛੱਡਿਆ ਜਾਂਦਾ ਹੈ। ਹੰਝੂ ਗੈਸ ਮਨੁੱਖੀ ਸ਼ਰੀਰ ਦੀਆਂ ਰੋਣ ਵਾਲੀਆਂ ਗਲੈਂਡ ਨਾੜੀਆਂ ਨੂੰ ਅਵਾਜ਼ ਪੈਦਾ ਕਰਨ ਲਈ ਉਕਸਾਉਂਦੀ ਹੈ।
 ਹੰਝੂ ਅੱਖਾਂ ਦੀ ਸਿਹਤ ਨਾਲ ਵੀ ਜੁੜ੍ਹੇ ਹੋਏ ਹਨ। ਹੰਝੂ ਕਿਰਨ ਤੋਂ ਬਾਅਦ ਜਲਣ ਖ਼ਤਮ,ਅੱਖਾਂ ਤਰੋਤਾਜਾ਼ ਹੋ ਜਾਦੀਆਂ ਹਨ। ਇਹ ਅੱਖਾਂ ਅਤੇ ਮਨ ਨੂੰ ਹੋਲਾ ਕਰਦੇ ਹਨ। ਕਈ ਵਾਰ ਇੱਕ ਹੰਝੂ ਨਾਲ ਹੀ ਜੀਵਨ ਦਾ ਨਕਸਾ਼ ਚਿੱਤਰਿਆ ਜਾਂਦਾ ਹੈ। ਹੰਝੂਆਂ ਦੀ ਪਾਈ ਬਾਤ ਜਿਸ ਨੂੰ ਸਮਝ ਆ ਗਈ ਉਹ ਸਮਾਜ ਦਾ ਗਿਆਨੀ ਬਣ ਜਾਂਦਾ ਹੈ।ਹੰਝੂਆਂ ਨੂੰ ਸੁੱਖ ਦੁੱਖ ਦੀ ਰਿਫਾਈਨਰੀ ਕਹਿ ਲਈਏ ਤਾਂ ਅਤਿ ਕਥਨੀ ਨਹੀਂ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਕੁਦਰਤ ਨੇ ਹੰਝੂ ਨੂੰ ਮਨੁੱਖੀ ਵਿਵਹਾਰ ਅਤੇ ਚੇਤਨਾ ਵਿੱਚੋਂ ਉਪਜੇ ਸੁੱਖ ਦੁੱਖ ਦੇ ਅੱਖਾਂ ਰਾਹੀਂ ਸੁਨੇਹੇ ਦੇਣ ਦਾ ਕੰਮ ਸੌਪਿਆ ਹੋਇਆ ਹੈ, ਜਿਸ ਦਾ ਬਦਲ ਕੋਈ ਹੋਰ ਨਹੀਂ ਬਣ ਸਕਦਾ।
 ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
 9878111445

Leave a Reply

Your email address will not be published. Required fields are marked *