ਬੀ ਬੀ ਸੀ ਦੀ ਖੋਜ ਅਨੁਸਾਰ ਇੰਸਟਾਗ੍ਰਾਮ ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰ ਚਲਾ ਰਿਹਾ

ਅਨੁਵਾਦ: ਸੁਖਵੰਤ ਹੁੰਦਲ
ਬੀ ਬੀ ਸੀ ਆਈ ਦੀ ਇੱਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੰਸਟਾਗ੍ਰਾਮ ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ (ਚਾਇਲਡ ਸੈਕਸੁਅਲ ਅਬਿਊਜ਼ ਮਟੀਰੀਅਲ) ਨੂੰ ਉਤਸ਼ਾਹਿਤ ਕਰਨ ਵਾਲੇ ਪੇਡ ਇਸ਼ਤਿਹਾਰ ਚਲਾ ਰਿਹਾ ਹੈ।
ਬੀ ਬੀ ਸੀ ਵਰਲਡ ਸਰਵਿਸ ਵੱਲੋਂ ਦੇਖੇ ਗਏ ਇਹਨਾਂ ਇਸ਼ਤਿਹਾਰਾਂ ਵਿੱਚ “ਰੇਪ ਵੀਡੀਓ” (ਬਲਾਤਕਾਰ ਵੀਡੀਓ) ਅਤੇ “ਚਾਈਲਡ ਵੀਡੀਓ” (ਬੱਚੇ ਦੀ ਵੀਡੀਓ) ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਹ ਇਸ਼ਤਿਹਾਰ ਵਰਤੋਂਕਾਰਾਂ (ਯੂਜ਼ਰਜ਼) ਨੂੰ ਮੈਸੇਜਿੰਗ ਐਪ ‘ਟੈਲੀਗ੍ਰਾਮ’ ਦੇ ਅਜਿਹੇ ਚੈਨਲਾਂ ਨਾਲ ਜੋੜਦੇ ਹਨ, ਜਿੱਥੋਂ ਉਹ ਇਸ ਸਮੱਗਰੀ ਨੂੰ ਮਹਿਜ਼ 99 ਰੁਪਏ ਵਿੱਚ ਖਰੀਦ ਸਕਦੇ ਹਨ।
ਇਸ ਜਾਂਚ ਦੇ ਪ੍ਰਕਾਸ਼ਿਤ ਹੋਣ ਦੇ ਕੁਝ ਘੰਟਿਆਂ ਬਾਅਦ ਹੀ, ਭਾਰਤ ਸਰਕਾਰ ਨੇ ਕਿਹਾ ਕਿ ਉਸ ਨੇ ਇਹਨਾਂ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਇੰਸਟਾਗ੍ਰਾਮ ਦੀ ਮੂਲ ਕੰਪਨੀ, ਮੈਟਾ ਦੇ ਪ੍ਰਤੀਨਿਧੀਆਂ ਨੂੰ ਤਲਬ ਕੀਤਾ ਹੈ।
ਇੰਸਟਾਗ੍ਰਾਮ ‘ਤੇ ਇਸ਼ਤਿਹਾਰ ਸਿਰਫ਼ ਉਦੋਂ ਹੀ ਪ੍ਰਕਾਸ਼ਿਤ ਕੀਤੇ ਜਾਂਦੇ ਹਨ ਜਦੋਂ ਉਹਨਾਂ ਨੂੰ ਪਹਿਲਾਂ ਇਸ ਦੀ ਮਾਡਰੇਸ਼ਨ ਤਕਨਾਲੋਜੀ (ਨਾ-ਛਾਪਣਯੋਗ ਗਲਤ ਸਮੱਗਰੀ ਦਾ ਪਤਾ ਲਾਉਣ ਵਾਲੀ ਤਕਨਾਲੋਜੀ) ਵਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ।
ਜਦੋਂ ਬੀ ਬੀ ਸੀ ਨੇ ਇੰਸਟਾਗ੍ਰਾਮ ਕੋਲ ਇਹਨਾਂ ਵਿੱਚੋਂ ਇੱਕ ਇਸ਼ਤਿਹਾਰ ਦੀ ਰਿਪੋਰਟ ਕੀਤੀ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਨੇ 24 ਘੰਟਿਆਂ ਬਾਅਦ ਜਵਾਬ ਦਿੱਤਾ ਕਿ ਇਹ ਪੋਸਟ ਉਸ ਦੀਆਂ “ਕਮਿਊਨਿਟੀ ਦੀਆਂ ਸੇਧਾਂ (ਕਮਿਊਨਿਟੀ ਗਾਈਡਲਾਈਨਜ਼)” ਦੀ ਉਲੰਘਣਾ ਨਹੀਂ ਕਰਦੀ।
ਬਾਅਦ ਵਿੱਚ, ਜਦੋਂ ਬੀ ਬੀ ਸੀ ਨੇ ਮੈਟਾ ਤੋਂ ਇਸ ‘ਤੇ ਟਿੱਪਣੀ ਮੰਗੀ, ਤਾਂ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਕਈ ਇਸ਼ਤਿਹਾਰਾਂ ਨੂੰ ਬੰਦ ਕਰ ਚੁੱਕੇ ਹਨ ਅਤੇ ਉਹਨਾਂ ਨੂੰ ਪੋਸਟ ਕਰਨ ਵਾਲੇ ਅਕਾਊਂਟਾਂ ਨੂੰ ਮੁਅੱਤਲ ਕਰ ਚੁੱਕੇ ਹਨ। ਕੰਪਨੀ ਨੇ ਕਿਹਾ ਕਿ ਬੀ ਬੀ ਸੀ ਦੀ ਜਾਂਚ ਦੇ ਪ੍ਰਤੀਕਰਮ ਵਿੱਚ, ਉਸ ਨੇ ਹੋਰ ਇਸ਼ਤਿਹਾਰ ਹਟਾ ਦਿੱਤੇ ਹਨ, ਹੋਰ ਅਕਾਊਂਟ ਬੰਦ ਕਰ ਦਿੱਤੇ ਹਨ ਅਤੇ ਆਪਣੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੀ ਹੋਰ ਸਮੱਗਰੀ ਦੇ ਯੂ ਆਰ ਐੱਲਜ਼ (ਵੈੱਬ ਐਡਰੈਸਾਂ) ਨੂੰ ਬਲੌਕ ਕਰ ਦਿੱਤਾ ਹੈ।
ਟੈਲੀਗ੍ਰਾਮ ਨੇ ਕਿਹਾ ਕਿ ਉਸ ਨੇ 2026 ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਨਾਲ ਸਬੰਧਤ 2,74,000 ਤੋਂ ਵੱਧ ਗਰੁੱਪਾਂ ਅਤੇ ਚੈਨਲਾਂ ਨੂੰ ਹਟਾਇਆ ਹੈ।
ਜਦੋਂ ਬੀ ਬੀ ਸੀ ਨੇ ਦੇਖਿਆ ਕਿ ਇਹ ਪਲੇਟਫਾਰਮ ਖੁਦ ਕਾਮ-ਉਕਸਾਊ ਸਮੱਗਰੀ ਨੂੰ ਪੇਸ਼ ਕਰ ਰਿਹਾ ਹੈ, ਭਾਵੇਂ ਕਿ ਵਰਤੋਂਕਾਰ ਨੇ ਅਜਿਹੀ ਸਮੱਗਰੀ ਦੀ ਸਰਚ ਨਾ ਵੀ ਕੀਤੀ ਹੋਵੇ, ਤਾਂ ਅਸੀਂ ਇੰਸਟਾਗ੍ਰਾਮ `ਤੇ ਇਕ ਫਰਜ਼ੀ ਅਕਾਊਂਟ ਬਣਾਇਆ।
ਇਸ ਵਿੱਚ ਭਾਰਤ ਵਿੱਚ ਮੌਸਮ ਅਤੇ ਰੋਜ਼ਾਨਾ ਜਿੰਦਗੀ ਬਾਰੇ ਪੋਸਟਾਂ ਪਾਉਣ ਵਾਲੀਆਂ ਅਜਿਹੀਆਂ ਔਰਤਾਂ ਸ਼ਾਮਲ ਸਨ ਜਿਹਨਾਂ ਨੇ ਅੰਗ ਪ੍ਰਦਰਸ਼ਨ ਕਰਨ ਵਾਲੇ ਕੱਪੜੇ ਪਾਏ ਹੋਏ ਸਨ ਅਤੇ ਆਪਣੀਆਂ ਪੋਸਟਾਂ ਵਿੱਚ ਦੋ-ਅਰਥੀ ਕਾਮੁਕ ਇਸ਼ਾਰਿਆਂ ਦੀ ਵਰਤੋਂ ਕਰ ਰਹੀਆਂ ਸਨ।
ਪਲੇਟਫਾਰਮ `ਤੇ ਕਾਮੁਕ ਸਮੱਗਰੀ ਦੀ ਜਾਂਚ ਕਰਨ ਲਈ, ਭਾਰਤ ਵਿੱਚ ਬਣਾਏ ਗਏ ਇਸ ਨਵੇਂ ਫਰਜ਼ੀ ਅਕਾਊਂਟ ਤੋਂ ਇਹਨਾਂ ਔਰਤਾਂ ਅਤੇ ਉਸ ਤਰ੍ਹਾਂ ਦੇ ਹੋਰ ਲੋਕਾਂ ਨੂੰ -ਕੁੱਲ ਮਿਲਾ ਕੇ 10 ਨੂੰ – ਫਾਲੋ ਕਰਨਾ ਸ਼ੁਰੂ ਕੀਤਾ ਗਿਆ।
ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇੰਸਟਾਗ੍ਰਾਮ ਨੇ ਫੀਡ ‘ਤੇ ਉਹ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਵਿੱਚ ਔਰਤਾਂ ਵੀਡੀਓ ਕਾਲਾਂ ਦੀ ਪੇਸ਼ਕਸ਼ ਕਰ ਰਹੀਆਂ ਸਨ ਅਤੇ ਸਪੱਸ਼ਟ ਤੌਰ ‘ਤੇ ਨੰਗੇ ਜੋੜਿਆਂ ਨੂੰ ਸੈਕਸ ਕਰਦੇ ਦਿਖਾਇਆ ਗਿਆ ਸੀ। ਕੁਝ ਦਿਨਾਂ ਬਾਅਦ, ਇਸ ਨੇ ਬਾਲਗਾਂ ਨਾਲ ਕਾਮ-ਉਕਸਾਊ ਸਥਿਤੀਆਂ ਵਿੱਚ ਮੌਜੂਦ ਬੱਚਿਆਂ ਦੇ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ, ਜਿਹਨਾਂ ਨਾਲ ਟੈਲੀਗ੍ਰਾਮ ਉਤਲੀਆਂ ਚੈਨਲਾਂ ਦੇ ਲਿੰਕ ਵੀ ਸਨ। ਕੁੱਲ ਮਿਲਾ ਕੇ, ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਪ੍ਰਚਾਰ ਕਰਨ ਵਾਲੇ 30 ਦੇ ਕਰੀਬ ਵੱਖ-ਵੱਖ ਇਸ਼ਤਿਹਾਰ ਦਿਖਾਏ ਗਏ, ਭਾਵੇਂ ਕਿ ਇਨ੍ਹਾਂ ਵਿੱਚੋਂ ਕੁਝ ਨੂੰ ਕਈ ਅਕਾਊਂਟਾਂ ਦੁਆਰਾ ਸਾਂਝਾ ਕੀਤਾ ਗਿਆ ਸੀ। ਉਸ ਫਰਜ਼ੀ ਅਕਾਊਂਟ ਨੂੰ ਬਾਲਗ ਪੋਰਨੋਗ੍ਰਾਫੀ ਵਾਲੇ 20 ਦੇ ਕਰੀਬ ਇਸ਼ਤਿਹਾਰ ਵੀ ਦਿਖਾਏ ਗਏ।
ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਅਤੇ ਬਾਲਗ ਪੋਰਨੋਗ੍ਰਾਫੀ, ਦੋਵਾਂ ਨੂੰ ਵੰਡਣਾ ਇਕ ਫੌਜਦਾਰੀ ਅਪਰਾਧ ਹੈ ਅਤੇ ਮੈਟਾ ਦੀ ਨੀਤੀ ਕਹਿੰਦੀ ਹੈ ਕਿ ਇਸ਼ਤਿਹਾਰਾਂ ਵਿੱਚ ਬਾਲਗਾਂ ਦਾ ਨੰਗੇਜ਼, ਜਨਣ ਅੰਗਾਂ ਦਾ ਵਿਖਾਵਾ ਜਾਂ ਅਜਿਹੀ ਸਮੱਗਰੀ ਨਹੀਂ ਹੋਣੀ ਚਾਹੀਦੀ ਜਿਹੜੀ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਦੀ ਹੋਵੇ ਜਾਂ ਉਹਨਾਂ ਨੂੰ ਖਤਰੇ ਵਿੱਚ ਪਾਉਂਦੀ ਹੋਵੇ। ਬੀ ਬੀ ਸੀ ਨੇ ਇਹਨਾਂ ਸਾਰੇ ਇਸ਼ਤਿਹਾਰਾਂ ਅਤੇ ਟੈਲੀਗ੍ਰਾਮ ਉਤਲੀਆਂ ਚੈਨਲਾਂ ਬਾਰੇ ਭਾਰਤੀ ਅਧਿਕਾਰੀਆਂ ਕੋਲ ਰਿਪੋਰਟ ਕੀਤੀ ਹੈ।
ਇੱਕ ਇਸ਼ਤਿਹਾਰ ਵਿੱਚ ਤਕਰੀਬਨ 12 ਸਾਲ ਦੀ ਉਮਰ ਦੇ ਦਿਖਾਈ ਦਿੰਦੇ ਇੱਕ ਮੁੰਡੇ ਅਤੇ ਇੱਕ ਕੁੜੀ ਨੂੰ ਸੈਕਸ ਕਰਦੇ ਦਿਖਾਇਆ ਗਿਆ ਸੀ। ਇੱਕ ਹੋਰ ਇਸ਼ਤਿਹਾਰ ਵਿੱਚ ਇਕ ਆਦਮੀ ਨੇ ਇਕ ਕੁੜੀ ਨੂੰ ਬਾਹਾਂ ਵਿੱਚ ਲਿਆ ਹੋਇਆ ਸੀ, ਅਤੇ ਇਸ ਬਾਰੇ ਲਿਖਿਆ ਸੀ ਕਿ ਮਰਦ ਦੀ ਉਮਰ 52 ਸਾਲ ਹੈ ਅਤੇ ਕੁੜੀ ਦੀ 12 ਸਾਲ। ਫਿਰ ਲਿਖਿਆ ਸੀ “ਹੋਰ ਦੇਖਣ ਲਈ ਕਲਿੱਕ ਕਰੋ” ਅਤੇ ਇਹ ਲਿੰਕ ਇਕ ਟੈਲੀਗ੍ਰਾਮ ਦੀ ਚੈਨਲ ਨਾਲ ਜੁੜਿਆ ਹੋਇਆ ਸੀ।
ਬੀ ਬੀ ਸੀ ਨੇ ਇੰਸਟਾਗ੍ਰਾਮ ਨੂੰ ਇੱਕ ਇਸ਼ਤਿਹਾਰ ਬਾਰੇ ਰਿਪੋਰਟ ਕੀਤੀ ਜਿਸ ਵਿੱਚ ਇੱਕ ਬਹੁਤ ਛੋਟੀ ਕੁੜੀ ਨੂੰ ਰੋਂਦੀ ਦਿਖਾਇਆ ਗਿਆ ਸੀ, ਅਤੇ ਲਿਖਿਆ ਹੋਇਆ ਸੀ ਕਿ ਉਸ `ਤੇ ਜਿਨਸੀ ਹਮਲਾ ਕੀਤਾ ਗਿਆ ਸੀ। 24 ਘੰਟਿਆਂ ਬਾਅਦ, ਇੰਸਟਾਗ੍ਰਾਮ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਇਸ਼ਤਿਹਾਰ ਨੂੰ ਨਹੀਂ ਹਟਾਇਆ ਕਿਉਂਕਿ “ਸਾਡੀ ਰਿਵੀਊ ਟੀਮ ਅਨੁਸਾਰ ਇਸ਼ਤਿਹਾਰ ਦੇਣ ਵਾਲੇ ਦਾ ਇਸ਼ਤਿਹਾਰ ਸਾਡੇ ਕਮਿਊਨਿਟੀ ਦੇ ਮਾਪਦੰਡਾਂ ਦੇ ਵਿਰੁੱਧ ਨਹੀਂ ਜਾਂਦਾ”।
ਬਾਅਦ ਵਿੱਚ ਮੈਟਾ ਨੇ ਬੀ ਬੀ ਸੀ ਨੂੰ ਦੱਸਿਆ ਕਿ “ਕੋਈ ਵੀ ਸਿਸਟਮ ਸੰਪੂਰਨ ਨਹੀਂ ਹੁੰਦਾ, ਅਤੇ ਸਾਡੀ ਰਿਵੀਊ ਦੇ ਅਮਲ ਦੀ ਨੀਤੀ ਸਾਰੀਆਂ ਉਲੰਘਣਾਵਾਂ ਦਾ ਪਤਾ ਨਹੀਂ ਲਗਾ ਸਕਦੀ। ਅਸੀਂ ਇਸ਼ਤਿਹਾਰਾਂ ਦੇ ਲਾਈਵ ਹੋਣ ਤੋਂ ਬਾਅਦ ਉਨ੍ਹਾਂ ‘ਤੇ ਡਿਟੈਕਸ਼ਨ ਤਕਨਾਲੋਜੀ (ਉਲੰਘਣਾਵਾਂ ਦਾ ਪਤਾ ਲਾਉਣ ਵਾਲੀ ਤਕਨੌਲੌਜੀ) ਵਰਤਦੇ ਰਹਿੰਦੇ ਹਾਂ, ਅਤੇ ਕੋਈ ਵੀ ਵਿਅਕਤੀ ਸਾਨੂੰ ਅਜਿਹੇ ਇਸ਼ਤਿਹਾਰ ਬਾਰੇ ਰਿਪੋਰਟ ਕਰ ਸਕਦਾ ਹੈ ਜਿਸ ਬਾਰੇ ਉਹ ਸੋਚਦਾ ਹੈ ਕਿ ਉਹ (ਇਸ਼ਤਿਹਾਰ) ਸਾਡੇ ਨਿਯਮਾਂ ਦੀ ਉਲੰਘਣਾ ਕਰਦਾ ਹੈ।”
ਇਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਇਸ ਨੂੰ ਬੱਚਿਆਂ ਦੇ ਸਪਸ਼ਟ ਸ਼ੋਸ਼ਣ ਦਾ ਪਤਾ ਲੱਗਦਾ ਹੈ, ਤਾਂ ਇਹ ਕਾਨੂੰਨ ਦੀ ਪਾਲਣਾ ਕਰਦਿਆਂ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਇਟਿਡ ਚਿਲਡਰਨ ਭਾਵ ਗੁਆਚੇ ਅਤੇ ਸ਼ੋਸ਼ਿਤ ਬੱਚਿਆਂ ਲਈ ਰਾਸ਼ਟਰੀ ਕੇਂਦਰ (ਐਨ ਸੀ ਐਮ ਈ ਸੀ) ਕੋਲ ਇਸ ਦੀ ਰਿਪੋਰਟ ਕਰਦਾ ਹੈ। ਐਨ ਸੀ ਐਮ ਈ ਸੀ ਬੱਚਿਆਂ ਦੇ ਔਨਲਾਈਨ ਜਿਨਸੀ ਸ਼ੋਸ਼ਣ ਬਾਰੇ ਰਿਪੋਰਟ ਕਰਨ ਲਈ ਵਿਸ਼ਵ ਪੱਧਰ ਦਾ ਇਕ ਕੇਂਦਰੀ ਪ੍ਰਬੰਧ ਹੈ।
ਅਸੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀਆਂ ਵੀਡੀਓਜ਼ ਵੇਚਣ ਵਾਲੀਆਂ ਦੋ ਚੈਨਲਾਂ ਦੀ ਟੈਲੀਗ੍ਰਾਮ ਕੋਲ ਰਿਪੋਰਟ ਕੀਤੀ। ਉਨ੍ਹਾਂ ਵਿੱਚੋਂ ਇੱਕ ਨੂੰ ਤੁਰੰਤ ਹਟਾ ਦਿੱਤਾ ਗਿਆ ਅਤੇ ਉਸ ਦੀ ਥਾਂ `ਤੇ ਇੱਕ ਸੁਨੇਹਾ ਆਉਣ ਲੱਗਾ ਜਿਸ ਵਿੱਚ ਕਿਹਾ ਗਿਆ ਸੀ: “ਇਸ ਗਰੁੱਪ ਨੂੰ ਦਿਖਾਇਆ ਨਹੀਂ ਜਾ ਸਕਦਾ ਕਿਉਂਕਿ ਇਸ ਨੇ ਟੈਲੀਗ੍ਰਾਮ ਦੀ ਸੇਵਾ ਦੀਆਂ ਸ਼ਰਤਾਂ (ਟਰਮਜ਼ ਆਾਫ ਸਰਵਿਸ) ਦੀ ਉਲੰਘਣਾ ਕੀਤੀ ਹੈ।” ਦੂਜਾ ਚੈਨਲ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਵੇਚਣ ਲਈ ਨਵੀਆਂ ਵੀਡੀਓਜ਼ ਪੋਸਟ ਕਰਦਾ ਰਿਹਾ, ਫਿਰ ਉਸ ਨੂੰ ਵੀ ਹਟਾ ਦਿੱਤਾ ਗਿਆ।
ਆਲੋਚਕਾਂ ਨੇ ਪਹਿਲਾਂ ਵੀ ਇਸ ਪਲੇਟਫਾਰਮ ‘ਤੇ ਦੋਸ਼ ਲਾਇਆ ਸੀ ਕਿ ਇਹ ਅਪਰਾਧਕ ਸਮੱਗਰੀ ਨੂੰ ਸਾਂਝੀ ਕੀਤੀ ਜਾਣ ਤੋਂ ਰੋਕਣ ਲਈ ਲੋੜੀਂਦੇ ਉਪਰਾਲੇ ਨਹੀਂ ਕਰਦਾ।
ਦੁਬਈ-ਸਥਿੱਤ ਇਹ ਕੰਪਨੀ ਐਨ ਸੀ ਐਮ ਈ ਸੀ ਦੀ ਮੈਂਬਰ ਨਹੀਂ ਹੈ। ਇਹ 2024 ਦੇ ਅਖੀਰ ਵਿੱਚ ਇੰਟਰਨੈੱਟ ਵਾਚ ਫਾਊਂਡੇਸ਼ਨ ਵਿੱਚ ਸ਼ਾਮਲ ਹੋਈ ਸੀ, ਜਿਹੜੀ ਅਜਿਹੀ ਸਮੱਗਰੀ ਨੂੰ ਲੱਭਣ, ਰਿਪੋਰਟ ਕਰਨ ਅਤੇ ਹਟਾਉਣ ਲਈ ਬਹੁਤੇ ਔਨਲਾਈਨ ਪਲੇਟਫਾਰਮਾਂ ਨਾਲ ਕੰਮ ਕਰਦੀ ਹੈ।
ਟੈਲੀਗ੍ਰਾਮ ਨੇ ਬੀ ਬੀ ਸੀ ਨੂੰ ਦੱਸਿਆ ਕਿ ਕੰਪਨੀ ਐਪ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਸਮੱਗਰੀ(ਚਾਇਲਡ ਸੈਕਸੁਅਲ ਅਬਿਊਜ਼ ਮਟੀਰੀਅਲ) ਨੂੰ ਖਤਮ ਕਰਨ ਲਈ ਆਟੋਮੇਟਿਡ (ਸਵੈਚਾਲਿਤ) ਅਤੇ ਮਨੁੱਖੀ, ਦੋਵੇਂ ਤਰ੍ਹਾਂ ਦੀ ਨਿਗਰਾਨੀ ਦੀ ਵਰਤੋਂ ਕਰਦੀ ਹੈ, ਅਤੇ ਇਸ ਦੇ ਨਤੀਜੇ ਵਜੋਂ ਉਸ ਨੇ “ਆਪਣੇ ਪਲੇਟਫਾਰਮ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਸਮੱਗਰੀ ਦੇ ਜਨਤਕ ਪ੍ਰਸਾਰ ਨੂੰ ਤਕਰੀਬਰ ਤਕਰੀਬਨ ਮੁਕੰਮਲ ਤੌਰ`ਤੇ ਖਤਮ ਕਰ ਦਿੱਤਾ ਹੈ”।
ਇਸ਼ਤਿਹਾਰ ਮੈਟਾ ਲਈ ਆਮਦਨੀ ਦਾ ਇੱਕ ਮਹੱਤਵਪੂਰਨ ਸ੍ਰੋਤ ਹਨ। ਇਸ ਨੇ ਜਨਵਰੀ ਵਿੱਚ ਰਿਪੋਰਟ ਕੀਤਾ ਸੀ ਕਿ 2025 ਵਿੱਚ ਖਤਮ ਹੋਣ ਵਾਲੇ ਵਿੱਤੀ ਸਾਲ ਲਈ ਇਸ ਦੀ 200 ਅਰਬ (ਬਿਲੀਅਨ) ਡਾਲਰ (152 ਅਰਬ ਬਿਲੀਅਨ ਪੌਂਡ) ਦੀ ਆਮਦਨ ਵਿੱਚੋਂ ਲਗਭਗ 98% ਆਮਦਨ ਇਸ਼ਤਿਹਾਰਾਂ ਤੋਂ ਆਈ ਸੀ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਇੰਸਟਾਗ੍ਰਾਮ ਦੀ ਆਮਦਨ ਦਾ 90% ਤੋਂ ਵੱਧ ਹਿੱਸਾ ਇਸ਼ਤਿਹਾਰਾਂ ਤੋਂ ਆਉਂਦਾ ਹੈ।
ਜਦੋਂ ਕਿ ਆਮ ਪੋਸਟਾਂ ਨੂੰ ਆਮ ਤੌਰ ‘ਤੇ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਮੈਟਾ ਦੀ ਤਕਨਾਲੋਜੀ ਵਲੋਂ ਚੈੱਕ ਨਹੀਂ ਕੀਤਾ ਜਾਂਦਾ, ਪਰ ਮੈਟਾ ਦਾ ਕਹਿਣਾ ਹੈ ਕਿ ਹਰੇਕ ਇਸ਼ਤਿਹਾਰ ਨੂੰ ਉਸ ਦੇ ਪਲੇਟਫਾਰਮਾਂ `ਤੇ ਪਾਏ ਜਾਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਰਿਵੀਊ ਕੀਤਾ ਜਾਂਦਾ ਹੈ। ਇਸ ਦਾ ਰਿਵੀਊ ਕਰਨ ਵਾਲਾ ਪ੍ਰਬੰਧ ਮੁੱਖ ਤੌਰ ‘ਤੇ ਆਟੋਮੇਟਿਡ (ਸਵੈਚਾਲਿਤ) ਤਕਨਾਲੋਜੀ ‘ਤੇ ਨਿਰਭਰ ਕਰਦਾ ਹੈ ਅਤੇ ਇਹ ਚਿੱਤਰਾਂ, ਵੀਡੀਓ, ਲਿਖਤ ਅਤੇ ਆਡੀਓ ਦੇ ਨਾਲ-ਨਾਲ ਇਹ ਵੀ ਚੈੱਕ ਕਰਨ ਲਈ ਤਿਆਰ ਕੀਤਾ ਗਿਆ ਹੈ ਕਿ ਇਸ਼ਤਿਹਾਰ ਕਿਸ ਵੱਲ ਸੇਧਿਤ ਹੈ ਅਤੇ ਲਿੰਕ ਵਰਤੋਂਕਾਰਾਂ ਨੂੰ ਕਿੱਥੇ ਭੇਜਦੇ ਹਨ। ਇਹ ਸੌਫਟਵੇਅਰ ਫਿਰ ਇਸ਼ਤਿਹਾਰਾਂ ਨੂੰ ਰੱਦ ਜਾਂ ਮਨਜ਼ੂਰ ਕਰਦਾ ਹੈ, ਅਤੇ ਜਦੋਂ ਇਹ ਸਪਸ਼ਟ ਨਹੀਂ ਹੁੰਦਾ ਤਾਂ ਮਾਮਲਿਆਂ ਨੂੰ ਮਨੁੱਖੀ ਰਿਵੀਊ ਲਈ ਅੱਗੇ ਭੇਜ ਦਿੰਦਾ ਹੈ।
ਮਾਰਚ ਵਿੱਚ, ਮੈਟਾ ਨੇ ਐਲਾਨ ਕੀਤਾ ਸੀ ਕਿ ਉਹ ਥਰਡ-ਪਾਰਟੀ (ਤੀਜੀ-ਧਿਰ) ਦੇ ਮਨੁੱਖੀ ਮਾਡਰੇਟਰਾਂ ‘ਤੇ ਆਪਣੀ ਨਿਰਭਰਤਾ ਨੂੰ ਘਟਾ ਰਿਹਾ ਹੈ ਅਤੇ ਆਰਟੀਫਿਸ਼ਲ ਇਨਟੈਲੀਜੈਂਸ (ਏ ਆਈ) ਦੀ ਵਰਤੋਂ ਵਧਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ “ਮਾਹਰ ਸਾਡੇ ਏ ਆਈ ਸਿਸਟਮਾਂ ਨੂੰ ਡਿਜ਼ਾਈਨ ਕਰਨਗੇ, ਸਿਖਲਾਈ ਦੇਣਗੇ, ਨਿਗਰਾਨੀ ਕਰਨਗੇ ਅਤੇ ਉਨ੍ਹਾਂ ਦਾ ਮੁਲਾਂਕਣ ਕਰਨਗੇ।”
ਬੀ ਬੀ ਸੀ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਇੱਕ ਸੇਵਾਮੁਕਤ ਜੱਜ, ਮਦਨ ਲੋਕੁਰ ਨੂੰ ਉਹਨਾਂ ਇਸ਼ਤਿਹਾਰਾਂ ਬਾਰੇ ਦੱਸਿਆ ਜੋ ਅਸੀਂ ਵੇਖੇ ਸਨ। ਉਹ ਇਸ ਬਾਰੇ ਚਿੰਤਤ ਸੀ ਕਿ ਇੰਸਟਾਗ੍ਰਾਮ “ਇੱਕ ਅਪਰਾਧਕ ਗਤੀਵਿਧੀ ਵਿੱਚ ਹਿੱਸਾ ਲੈ ਕੇ ਪੈਸਾ ਕਮਾ ਰਿਹਾ ਹੈ”।
ਉਸ ਦਾ ਕਹਿਣਾ ਹੈ, “ਇਹ ਭਾਰਤ ਦੀ ਸੁਪਰੀਮ ਕੋਰਟ ਲਈ ਸੁਓ ਮੋਟੋ (ਜਦੋਂ ਅਦਾਲਤ ਕਿਸੇ ਹੋਰ ਵੱਲੋਂ ਮੁਕੱਦਮਾ ਲਿਆਂਦੇ ਜਾਣ ਦੀ ਉਡੀਕ ਕੀਤੇ ਬਿਨਾਂ ਕਾਨੂੰਨੀ ਕਾਰਵਾਈ ਸ਼ੁਰੂ ਕਰਦੀ ਹੈ) ਨੋਟਿਸ ਲੈਣ ਅਤੇ ਸਰਕਾਰ ਨੂੰ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿਰੁੱਧ ਕਾਰਵਾਈ ਕਰਨ ਲਈ ਕਾਫ਼ੀ ਗੰਭੀਰ ਮੁੱਦਾ ਹੈ।” ਜੱਜ ਲੋਕੁਰ ਨੇ ਅੱਗੇ ਕਿਹਾ ਕਿ ਭਾਵੇਂ ਭਾਰਤੀ ਕਾਨੂੰਨ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਮੱਗਰੀ ਅਪਲੋਡ ਕਰਨ ਵਾਲਿਆਂ ਵਲੋਂ ਅਪਲੋਡ ਕੀਤੀ ਸਮੱਗਰੀ ਲਈ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਚਾਉਂਦਾ ਹੈ, ਫਿਰ ਵੀ “ਪਲੇਟਫਾਰਮ ਆਪਣੀ ਜ਼ਿੰਮੇਵਾਰੀ ਤੋਂ ਮੁੰਹ ਨਹੀਂ ਮੋੜ ਸਕਦਾ”।
ਫੇਸਬੁੱਕ (ਜਿਸ ਨਾਂ ਨਾਲ ਮੈਟਾ ਨੂੰ 2021 ਵਿੱਚ ਆਪਣਾ ਨਾਮ ਬਦਲਣ ਤੋਂ ਪਹਿਲਾਂ ਜਾਣਿਆ ਜਾਂਦਾ ਸੀ) ਦੇ ਇੱਕ ਸਾਬਕਾ ਵਾਈਸ-ਪ੍ਰੈਜ਼ੀਡੈਂਟ ਨੇ ਕਿਹਾ ਕਿ ਉਹ ਬੀ ਬੀ ਸੀ ਦੇ ਖੁਲਾਸਿਆਂ ਤੋਂ “ਬੇਹੱਦ ਪਰੇਸ਼ਾਨ ਹੈ, ਪਰ ਹੈਰਾਨ ਬਿਲਕੁਲ ਨਹੀਂ।”
ਕੰਪਨੀ ਲਈ 2009 ਤੋਂ 2020 ਦਰਮਿਆਨ ਕੰਮ ਕਰਨ ਵਾਲੇ ਅਤੇ ਇਸ ਦੇ ਐਡਵਰਟਾਈਜ਼ਿੰਗ ਅਤੇ ਮਾਰਕੀਟਿੰਗ ਦੇ ਕਾਰੋਬਾਰ ਨੂੰ ਖੜ੍ਹਾ ਕਰਨ ਵਿੱਚ ਮਦਦ ਕਰਨ ਵਾਲੇ ਬ੍ਰਾਇਨ ਬੋਲੈਂਡ ਨੇ ਦੱਸਿਆ ਕਿ ਉਸ ਨੇ ਕੰਪਨੀ ਇਸ ਲਈ ਛੱਡੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ “ਉਹ (ਕੰਪਨੀ) ਕਿਤੇ ਵੀ ਆਪਣੇ ਵਰਤੋਂਕਾਰਾਂ ਦੀ ਪ੍ਰਵਾਹ ਨਹੀਂ ਕਰਦੀ ਸੀ।'”
ਉਸ ਨੇ ਕਿਹਾ ਕਿ ਇੰਸਟਾਗ੍ਰਾਮ ਦਾ ਐਲਗੋਰਿਦਮ ਵਰਤੋਂਕਾਰਾਂ ਨੂੰ “ਕੁੱਝ ਜ਼ਿਆਦਾ ਸਨਸਨੀਖੇਜ਼ ਅਤੇ ਲੁਭਾਊ ਦਿਖਾ ਕੇ” ਪਲੇਟਫਾਰਮ `ਤੇ ਟਿਕਾਏ ਰੱਖਣ ਲਈ ਤਿਆਰ ਕੀਤਾ ਗਿਆ ਸੀ। “ਇਹ ਇਸ ਤਰ੍ਹਾਂ ਨਹੀਂ ਕਿ ਐਲਗੋਰਿਦਮ ਕਹਿੰਦਾ ਹੈ ‘ਆਉ ਲੋਕਾਂ ਨੂੰ ਪੀਡੋਫਾਈਲ (ਬੱਚਿਆਂ ਨਾਲ ਲਿੰਗਕ ਸੰਬੰਧ ਬਣਾਉਣ ਦੇ ਇੱਛਕ) ਬਣਾਈਏ’ ਪਰ ਕਿਉਂਕਿ ਉਹ ਇਸ ਨੂੰ ਜ਼ਿੰਮੇਵਾਰੀ ਨਾਲ ਸੇਧ ਨਹੀਂ ਦੇ ਰਹੇ ਅਤੇ ਕੰਟਰੋਲ ਨਹੀਂ ਕਰ ਰਹੇ – ਅਤੇ ਸਿਰਫ਼ ਆਮਦਨ ਅਤੇ ਕਲਿੱਕਾਂ ਦੇ ਟੀਚਿਆਂ ਮਗਰ ਭੱਜ ਰਹੇ ਹਨ। ਜੇਕਰ ਲੋਕ ਇਹਨਾਂ ਸਿਸਟਮਾਂ ਦਾ ਸੱਚਮੁੱਚ, ਜ਼ੋਰਦਾਰ ਢੰਗ ਨਾਲ ਬਚਾਅ ਨਹੀਂ ਕਰ ਰਹੇ ਤਾਂ ਇਸ ਦੇ ਅਜਿਹੇ ਨਤੀਜੇ ਹੀ ਨਿਕਲਣਗੇ।”
ਬੋਲੈਂਡ ਨੇ ਕਿਹਾ ਕਿ 2009 ਅਤੇ 2010 ਦੇ ਵਿਚਕਾਰ ਉਸ ਨੇ ਅਜਿਹ ਇਸ਼ਤਿਾਰ ਹਟਾਉਣ ਲਈ ਇੱਕ ਪ੍ਰੋਜੈਕਟ ਦੀ ਅਗਵਾਈ ਕੀਤੀ ਸੀ ਜੋ ਵਰਤੋਂਕਾਰਾਂ ਨਾਲ ਧੋਖਾਧੜੀ ਕਰ ਰਹੇ ਸਨ, ਜਿਸ ਦਾ ਮਤਲਬ ਸੀ ਕਿ ਉਸ ਨੂੰ “ਉਸ ਸਮੇਂ, ਵਰਤੋਂਕਾਰਾਂ ਦੀ ਸੁਰੱਖਿਆ ਅਤੇ ਵਰਤੋਂਕਾਰਾਂ ਦੇ ਤਜਰਬੇ ਖਾਤਰ ਕੰਪਨੀ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਹਟਾਉਣ ਦੀ ਇਜਾਜ਼ਤ ਸੀ। ਮੇਰੇ ਖਿਆਲ ਵਿੱਚ ਦੁਖਦਾਈ ਅਤੇ ਤ੍ਰਾਸਦਿਕ ਗੱਲ ਇਹ ਹੈ ਕਿ ਸਮੇਂ ਦੇ ਨਾਲ, ਕਮਾਈ ਅਤੇ ਵਰਤੋਂਕਾਰ ਦੇ ਤਜਰਬੇ ਵਿਚਕਾਰ ਸਮਝੌਤਾ ਚਰਚਾ ਦਾ ਇਕ ਮੁੱਖ ਹਿੱਸਾ ਬਣ ਗਿਆ।”
ਉਸ ਦਾ ਕਹਿਣਾ ਹੈ ਕਿ ਉਸ ਨੇ 2025 ਵਿੱਚ ਆਪਣਾ ਇੰਸਟਾਗ੍ਰਾਮ ਦਾ ਖਾਤਾ ਬੰਦ ਕਰ ਦਿੱਤਾ ਸੀ। ਉਸ ਦੇ ਵਿਚਾਰ ਵਿੱਚ “ਜੇਕਰ ਲੋਕ ਵੱਡੀ ਗਿਣਤੀ ਵਿੱਚ ਕਹਿਣ ਲੱਗ ਪੈਣ, ‘ਮੈਂ ਬਾਹਰ ਹਾਂ, ਮੇਰਾ ਇਸ ਨਾਲ ਸੰਬੰਧ ਖਤਮ ਹੋ ਗਿਆ ਹੈ, ਇਸ ਨੂੰ ਭੁੱਲ ਜਾਓ,’ ਤਾਂ ਕੰਪਨੀ ਧਿਆਨ ਦੇਵੇਗੀ।”
ਬੀ ਬੀ ਸੀ ਨੂੰ ਭੇਜੇ ਇੱਕ ਬਿਆਨ ਵਿੱਚ, ਮੈਟਾ ਨੇ ਕਿਹਾ: “ਬੱਚਿਆਂ ਦਾ ਸ਼ੋਸ਼ਣ ਇੱਕ ਭਿਆਨਕ ਅਪਰਾਧ ਹੈ ਅਤੇ ਮੈਟਾ ਆਪਣੀਆਂ ਐਪਾਂ ‘ਤੇ ਇਸ ਨਾਲ ਲੜਨ ਲਈ ਜ਼ੋਰਦਾਰ ਢੰਗ ਨਾਲ ਕੰਮ ਕਰਦਾ ਹੈ।” ਉਹਨਾਂ ਅੱਗੇ ਕਿਹਾ ਕਿ ਇਹ ਸੁਝਾਅ ਦੇਣਾ “ਪੂਰੀ ਤਰ੍ਹਾਂ ਗਲਤ” ਹੈ ਕਿ ਮੈਟਾ ਨੇ ਜਾਣਬੁੱਝ ਕੇ ਅਤੇ ਮਿੱਥ ਕੇ ਅਜਿਹੀ ਸਮੱਗਰੀ ਵਿੱਚ ਅਣਉਚਿਤ ਦਿਲਚਸਪੀ ਰੱਖਣ ਵਾਲੇ ਵਰਤੋਂਕਾਰਾਂ ਵੱਲ ਬੱਚਿਆਂ ਵਾਲੇ ਇਸ਼ਤਿਹਾਰ ਭੇਜੇ ਸਨ।
ਕੰਪਨੀ ਨੇ ਕਮਾਈ ਨੂੰ ਸੁਰੱਖਿਆ ਨਾਲੋਂ ਤਰਜੀਹ ਦੇਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ 2025 ਵਿੱਚ ਉਹਨਾ ਨੇ “ਸੰਭਾਵੀ ਤੌਰ ‘ਤੇ ਸ਼ੱਕੀ ਵਤੀਰੇ ਦੇ ਕਾਫ਼ੀ ਸੰਕੇਤ” ਦਿਖਾਉਣ ਵਾਲੇ ਚਾਲੀ ਲੱਖ (ਚਾਰ ਮਿਲੀਅਨ) ਤੋਂ ਵੱਧ ਅਕਾਊਂਟਾਂ ਨੂੰ ਆਪਣੇ ਆਪ ਅਯੋਗ ਬਣਾ ਦਿੱਤਾ ਸੀ।
ਮੈਟਾ ਨੇ ਅੱਗੇ ਕਿਹਾ, “ਜਦੋਂ ਕਿ ਦ੍ਰਿੜ ਅਪਰਾਧੀ ਫੜੇ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ, ਸਾਡੀਆਂ ਮਾਹਰ ਟੀਮਾਂ ਸਾਡੇ ਸੁਰੱਖਿਆ ਉਪਾਵਾਂ ਨੂੰ ਸੁਧਾਰਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ, ਸ਼ੋਸ਼ਣਕਾਰੀਆਂ ਨੂੰ ਪੂਰੀ ਤਰ੍ਹਾਂ ਬਾਹਰ ਕੱਢਣ ਲਈ ਨਵੀਂ ਤਕਨਾਲੋਜੀ ਵਿਕਸਿਤ ਕਰ ਰਹੀਆਂ ਹਨ, ਉਲੰਘਣਾ ਕਰਨ ਵਾਲੀਆਂ ਵੈੱਬਸਾਈਟਾਂ ਦੇ ਲਿੰਕਾਂ ਨੂੰ ਬਲਾਕ ਕਰ ਰਹੀਆਂ ਹਨ, ਅਤੇ ਹੋਰ ਕੰਪਨੀਆਂ ਨਾਲ ਖੁਫੀਆ ਜਾਣਕਾਰੀ ਸਾਂਝੀ ਕਰ ਰਹੀਆਂ ਹਨ ਤਾਂ ਜੋ ਉਹ ਵੀ ਕਾਰਵਾਈ ਕਰ ਸਕਣ।”
ਇਸ ਸਾਲ ਦੇ ਸ਼ੁਰੂ ਵਿੱਚ ਬੋਲੈਂਡ ਨੇ ਅਮਰੀਕਾ ਦੇ ਸੂਬੇ ਨਿਊ ਮੈਕਸੀਕੋ ਵਿੱਚ ਇੱਕ ਮੁਕੱਦਮੇ ਵਿੱਚ ਮੈਟਾ ਦੇ ਵਿਰੁੱਧ ਗਵਾਹੀ ਦਿੱਤੀ ਸੀ, ਜਿਸ ਵਿੱਚ ਮੈਟਾ ‘ਤੇ ਆਪਣੇ ਪਲੇਟਫਾਰਮਾਂ `ਤੇ ਬੱਚਿਆਂ ਦੀ ਸੁਰੱਖਿਆ ਬਾਰੇ ਵਰਤੋਂਕਾਰਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਅਦਾਲਤ ਨੇ ਮੈਟਾ ਨੂੰ ਨਿਊ ਮੈਕਸੀਕੋ ਨੂੰ 37 ਕ੍ਰੋੜ 50 ਲੱਖ (375 ਮਿਲੀਅਨ) ਡਾਲਰ ਭਾਵ 27 ਕ੍ਰੋੜ 90 ਲੱਖ (279 ਮਿਲੀਅਨ) ਪੋਂਡ ਅਦਾ ਕਰਨ ਦਾ ਹੁਕਮ ਦਿੱਤਾ ਸੀ। ਉਸ ਸਮੇਂ, ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਉਹ ਫੈਸਲੇ ਨਾਲ ਸਹਿਮਤ ਨਹੀਂ ਸਨ ਅਤੇ ਅਪੀਲ ਕਰਨ ਦਾ ਇਰਾਦੇ ਰੱਖਦੇ ਸਨ।
ਅਮਰੀਕਾ-ਅਧਾਰਤ ਸੋਸ਼ਲ ਮੀਡੀਆ ਕੰਪਨੀਆਂ ਲਈ ਆਪਣੇ ਪਲੇਟਫਾਰਮ ‘ਤੇ ਬੱਚਿਆਂ ਦੀ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਬਾਰੇ ਐਨ ਸੀ ਐਮ ਈ ਸੀ ( ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਇਟਿਡ ਚਿਲਡਰਨ) ਦੀ ਸਾਇਬਰ ਟਿੱਪ-ਲਾਈਨ `ਤੇ ਰਿਪੋਰਟ ਕਰਨਾ ਲਾਜ਼ਮੀ ਹੈ। ਫਿਰ ਟਿਪਲਾਈਨ ਰਿਪੋਰਟ ਨੂੰ ਉਸ ਦੇਸ਼ ਦੀ ਕਾਨੂੰਨ ਲਾਗੂ ਕਰਨ ਵਾਲੀ ਢੁਕਵੀਂ ਏਜੰਸੀ ਨੂੰ ਭੇਜ ਦਿੰਦੀ ਹੈ ਜਿੱਥੇ ਉਸ ਨੂੰ ਲੱਗਦਾ ਹੈ ਕਿ ਘਟਨਾ ਵਾਪਰੀ ਹੈ। 2025 ਵਿੱਚ ਭਾਰਤ ਨੂੰ 19 ਲੱਖ (1.9 ਮਿਲੀਅਨ) ਰਿਪੋਰਟਾਂ ਪ੍ਰਾਪਤ ਹੋਈਆਂ, ਜੋ ਕਿ 20 ਲੱਖ ਰਿਪੋਰਟਾਂ ਪ੍ਰਾਪਤ ਕਰਨ ਵਾਲੇ ਅਮਰੀਕਾ ਤੋਂ ਬਾਅਦ ਦੂਜੇ ਨੰਬਰ `ਤੇ ਆਉਂਦਾ ਹੈ।
ਭਾਰਤ ਦੇ ਸੂਬੇ ਤੇਲੰਗਨਾ ਵਿੱਚ ਸਾਈਬਰ ਸੁਰੱਖਿਆ ਬਿਊਰੋ ਦੀ ਡਾਇਰੈਕਟਰ, ਭਾਰਤ ਦੇ ਚੋਟੀ ਦੇ ਸਾਈਬਰ ਪੁਲੀਸ ਅਧਿਕਾਰੀਆਂ ਵਿੱਚੋਂ ਇਕ, ਸਿ਼ਖਾ ਗੋਇਲ ਨੇ ਕਿਹਾ ਕਿ ਸਭ ਤੋਂ ਵੱਧ ਟਿੱਪਾਂ ਇੰਸਟਾਗ੍ਰਾਮ ਅਤੇ ਫੇਸਬੁੱਕ ਤੋਂ ਆਉਂਦੀਆਂ ਹਨ, ਜਿਹੜੀਆਂ ਦੋਵੇਂ ਮੈਟਾ ਦੀ ਮਲਕੀਅਤ ਹਨ। ਉਸ ਨੇ ਅਗਾਂਹ ਕਿਹਾ “ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਭ ਤੋਂ ਵੱਡੇ ਹਨ। ਜੇਕਰ ਉਨ੍ਹਾਂ ਕੋਲ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਟਰੈਕ ਕਰਨ ਲਈ ਇੱਕ ਚੰਗੀ ਐਲਗੋਰਿਦਮ ਹੈ, ਤਾਂ ਸਪੱਸ਼ਟ ਤੌਰ ‘ਤੇ ਉਹਨਾਂ ਵਲੋਂ ਵਧੇਰੇ ਚੇਤਾਵਨੀਆਂ ਆਉਣਗੀਆਂ।”
ਔਨਲਾਈਨ ਨੁਕਸਾਨ ਦਾ ਸਾਹਮਣਾ ਕਰ ਰਹੇ ਬੱਚਿਆਂ ਲਈ ਹੈਲਪਲਾਈਨ ਦੀ ਸੇਵਾ ਚਲਾਉਣ ਵਾਲੀ ਇਕ ਮੁੰਬਈ-ਅਧਾਰਤ ਐੱਨ ਜੀ ਓ, ਰਾਤੀ ਫਾਊਂਡੇਸ਼ਨ ਨੇ ਵੀ ਦੱਸਿਆ ਕਿ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਬਾਰੇ ਉਸ ਨੂੰ ਪ੍ਰਾਪਤ ਹੋਣ ਵਾਲੀਆਂ ਰਿਪੋਰਟਾਂ ਦਾ ਵੱਡਾ ਹਿੱਸਾ ਮੈਟਾ ਦੇ ਪਲੇਟਫਾਰਮਾਂ ਤੋਂ ਆਉਂਦਾ ਹੈ। ਇਹ ਐੱਨ ਜੀ ਓ ਨੁਕਸਾਨਦਾਇਕ ਸਮੱਗਰੀ ਨੂੰ ਹਟਾਉਣ ਵਿੱਚ ਮਦਦ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਸਹਿਯੋਗ ਕਰਦਾੀ ਹੈ, ਪਰ ਇਸ ਦੇ ਸਹਿ-ਸੰਸਥਾਪਕ ਅਤੇ ਡਾਇਰੈਕਟਰ ਸਿਧਾਰਥ ਪਿਲਾਈ ਨੇ ਕਿਹਾ ਕਿ “ਅਪਰਾਧੀ ਸਾਡੇ ਨਿਗਰਾਨੀ ਦੇ ਯਤਨਾਂ ਤੋਂ ਬਚਣ ਲਈ ਇੰਸਟਾਗ੍ਰਾਮ ਤੋਂ ਟੈਲੀਗ੍ਰਾਮ ਤੱਕ ਨਿਰਵਿਘਨ ਸਫਰ ਕਰਦੇ ਹਨ, ਅਤੇ ਅਸੀਂ ਜਿਸ ਸਮੱਗਰੀ ਨੂੰ ਹਟਾਉਣ ਵਿੱਚ ਮਦਦ ਕਰਦੇ ਹਾਂ ਉਹ ਉਸ ਨੂੰ ਮੁੜ ਅਪਲੋਡ ਕਰਦੇ ਰਹਿੰਦੇ ਹਨ।”
ਮਾਹਰਾਂ ਨੇ ਦੱਸਿਆ ਕਿ ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਆਮ ਤੌਰ ‘ਤੇ ਅਪਰਾਧਕ ਗਰੁੱਪਾਂ ਵਲੋਂ ਬਣਾਈ ਜਾਂਦੀ ਹੈ, ਜਿਵੇਂ ਕਿ ਮਨੁੱਖੀ ਤਸਕਰੀ ਕਰਨ ਵਾਲਿਆਂ ਵਲੋਂ, ਭਾਵੇਂ ਕਿ ਕਈ ਵਾਰੀ ਇਸ ਲਈ ਪਰਿਵਾਰ ਅਤੇ ਕਮਿਊਨਿਟੀ ਦੇ ਮੈਂਬਰ ਵੀ ਜ਼ਿੰਮੇਵਾਰ ਹੁੰਦੇ ਹਨ।
ਭਾਰਤ ਵਿੱਚ ਬੱਚਿਆਂ ਦੇ ਵਿਰੁੱਧ ਹਿੰਸਾ ਨੂੰ ਰੋਕਣ ਲਈ ਕੰਮ ਕਰਨ ਵਾਲੀਆਂ 250 ਤੋਂ ਵੱਧ ਸੰਸਥਾਵਾਂ ਦੇ ਇੱਕ ਨੈੱਟਵਰਕ, ਜਸਟ ਰਾਈਟਸ ਫਾਰ ਚਿਲਡਰਨ ਦੇ ਸੰਸਥਾਪਕ ਭੁਵਨ ਰਿਭੂ ਨੇ ਕਿਹਾ ਕਿ ਇਸ ਅਪਰਾਧ ਦੀ ਕਾਫ਼ੀ ਰਿਪੋਰਟ ਨਹੀਂ ਹੁੰਦੀ ਅਤੇ ਪੁਲੀਸ ਅਜੇ ਇਸ ਨਾਲ ਨਜਿੱਠਣ ਲਈ ਤਕਨੀਕੀ ਹੁਨਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਤੇ ਇਸ ਨੂੰ ਸਫਲਤਾਪੂਰਵਕ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਸਰਹੱਦਾਂ ਤੋਂ ਪਾਰ ਖੁਫੀਆ ਜਾਣਕਾਰੀ ਸਾਂਝੀ ਕਰਨਾ ਬਹੁਤ ਜ਼ਰੂਰੀ ਹੈ। “ਜਥੇਬੰਦਕ ਅਪਰਾਧ ਦੇ ਜਾਲ ਨੂੰ ਲੱਭਣ ਲਈ, ਮੰਗ ਅਤੇ ਸਪਲਾਈ ਦੀ ਪੂਰੀ ਲੜੀ ਨੂੰ ਟ੍ਰੈਕ ਕੀਤਾ ਜਾਣਾ ਚਾਹੀਦਾ ਹੈ।” *****
